ਬਨੂੜ ਮੰਡੀ ਵਿੱਚ ਦੋ ਦਿਨਾਂ ਤੋਂ ਝੋਨੇ ਦੀ ਖ਼ਰੀਦ ਠੱਪ
ਕਰਮਜੀਤ ਸਿੰਘ ਚਿੱਲਾ
ਬਨੂੜ, 26 ਅਕਤੂਬਰ
ਸਥਾਨਕ ਮੰਡੀ ਵਿੱਚ ਪਿਛਲੇ ਦੋ ਦਿਨਾਂ ਤੋਂ ਝੋਨੇ ਦੀ ਸਰਕਾਰੀ ਖ਼ਰੀਦ ਠੱਪ ਹੈ। ਇਸ ਪ੍ਰੇਸ਼ਾਨੀ ਵਿੱਚ ਕਿਸਾਨ ਆਲੇ-ਦੁਆਲੇ ਦੀਆਂ ਮੰਡੀਆਂ ਦੇ ਚੱਕਰ ਕੱਟ ਰਹੇ ਹਨ। ਕਿਸਾਨਾਂ ਦਾ ਖੇਤਾਂ ਵਿੱਚ ਕਟਾਈ ਕਰਾਉਣ ਲਈ ਖੜ੍ਹਾ ਝੋਨਾ ਪੱਕ ਕੇ ਡਿੱਗਣਾ ਸ਼ੁਰੂ ਹੋ ਗਿਆ ਹੈ। ਕਈ ਕਿਸਾਨਾਂ ਦਾ ਝੋਨਾ ਟਰਾਲੀਆਂ ਵਿੱਚ ਹੀ ਲੱਦਿਆ ਖੜ੍ਹਾ ਹੈ ਜਦੋਂਕਿ ਕੁਝ ਨੇ ਆਪਣੇ ਘਰਾਂ ਵਿੱਚ ਫ਼ਸਲ ਰੱਖ ਲਈ ਹੈ।
ਬਨੂੜ ਮੰਡੀ ਵਿੱਚ ਹਰ ਪਾਸੇ ਝੋਨੇ ਦੀਆਂ ਬੋਰੀਆਂ ਨਜ਼ਰ ਆ ਰਹੀਆਂ ਹਨ। ਮੰਡੀ ਵਿੱਚ ਝੋਨਾ ਸੁੱਟਣ ਲਈ ਕੋਈ ਥਾਂ ਨਹੀਂ ਬਚੀ ਹੈ। ਚੁਕਾਈ ਨਾ ਹੋਣ ਕਾਰਨ ਆੜ੍ਹਤੀ ਵੀ ਔਖੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਖ਼ਰੀਦੇ ਝੋਨੇ ਦੀਆਂ ਬੋਰੀਆਂ ਦੀ ਸੰਭਾਲ ਕਰਨਾ ਮੁਸ਼ਕਲ ਹੋ ਗਿਆ ਹੈ। ਸ਼ੈੱਲਰਾਂ ਵੱਲੋਂ ਬਹੁਤ ਘੱਟ ਚੁਕਾਈ ਕੀਤੀ ਜਾ ਰਹੀ ਹੈ। ਸ਼ੈੱਲਰਾਂ ਵਾਲੇ ਮਾਪਦੰਡਾਂ ਵਿੱਚ ਛੋਟ ਅਤੇ ਚੌਲ ਚੁੱਕਣ ਦੀ ਗਾਰੰਟੀ ਦੀ ਮੰਗ ਕਰਦੇ ਆ ਰਹੇ ਹਨ। ਪਿਛਲੇ ਵਰ੍ਹੇ ਦੇ ਮੁਕਾਬਲੇ ਬਨੂੜ ਵਿੱਚ ਹਾਲੇ ਕਰੀਬ ਅੱਧਾ ਝੋਨਾ ਵਿਕਰੀ ਲਈ ਆਇਆ ਹੈ। ਹੁਣ ਤੱਕ ਸਿਰਫ਼ 14,922 ਕੁਵਿੰਟਲ ਦੀ ਹੀ ਚੁਕਾਈ ਹੋ ਸਕੀ ਹੈ ਤੇ 1,52,639 ਕੁਵਿੰਟਲ ਬਾਕੀ ਹੈ।
ਝੋਨੇ ਦੀ ਖ਼ਰੀਦ ਵਿੱਚ ਸਰਕਾਰ ਨਾਕਾਮਯਾਬ: ਕੰਬੋਜ
ਰਾਜਪੁਰਾ ਹਲਕੇ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਮੰਡੀਆਂ ਵਿੱਚ ਝੋਨੇ ਦੀ ਖ਼ਰੀਦ ਠੱਪ ਹੋਣ ’ਤੇ ਪੰਜਾਬ ਸਰਕਾਰ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਤੇ ਕਿਸਾਨ ਮੰਡੀਆਂ ’ਚ ਰੁਲ ਰਹੇ ਹਨ।