ਆੜ੍ਹਤੀਆਂ ਦੀ ਹੜਤਾਲ ਖ਼ਤਮ ਹੋਣ ਮਗਰੋਂ ਝੋਨੇ ਦੀ ਖਰੀਦ ਸ਼ੁਰੂ
ਜੋਗਿੰਦਰ ਸਿੰਘ ਮਾਨ
ਮਾਨਸਾ, 8 ਅਕਤੂਬਰ
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹੜਤਾਲੀ ਆੜ੍ਹਤੀਆਂ ਨੂੰ ਰਜ਼ਾਮੰਦ ਕਰਨ ਤੋਂ ਬਾਅਦ ਅੱਜ ਮਾਲਵਾ ਖੇਤਰ ਦੀਆਂ ਅਨਾਜ ਮੰਡੀਆਂ ਅਤੇ ਪੇਂਡੂ ਖਰੀਦ ਕੇਂਦਰਾਂ ਵਿੱਚ ਝੋਨੇ ਬਕਾਇਦਾ ਖਰੀਦ ਸ਼ੁਰੂ ਹੋ ਗਈ ਹੈ। ਇਸ ਖੇਤਰ ਵਿਚਲੇ ਸਾਰੇ ਜ਼ਿਲ੍ਹਿਆਂ ਦੀਆਂ ਅਨਾਜ ਮੰਡੀਆਂ ਸਮੇਤ ਖਰੀਦ ਕੇਂਦਰਾਂ ਵਿਚ ਆੜ੍ਹਤੀ ਬਕਾਇਦਾ ਝੋਨੇ ਦੀ ਬੋਲੀ ਲਾਉਣ ਲਈ ਪੁੱਜ ਗਏ।
ਇਸ ਤੋਂ ਪਹਿਲਾਂ ਪੰਜਾਬ ਸਰਕਾਰ ਮਜ਼ਦੂਰ ਜਥੇਬੰਦੀਆਂ ਅਤੇ ਸ਼ੈੱਲਰ ਮਾਲਕਾਂ ਦੀਆਂ ਐਸੋਸੀਏਸ਼ਨ ਤੋਂ ਹੜਤਾਲ ਖੁੱਲ੍ਹਵਾਉਣ ਵਿੱਚ ਕਾਮਯਾਬ ਹੋ ਗਈ ਸੀ ਅਤੇ ਮਾਲਵਾ ਖੇਤਰ ਵਿੱਚ ਨਰਮੇ ਅਤੇ ਬਾਸਮਤੀ ਦੀ ਖਰੀਦ ਕਈ ਦਿਨਾਂ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਆੜ੍ਹਤੀਆਂ ਦੀ ਹੜਤਾਲ ਕਾਰਨ ਝੋਨੇ ਦਾ ਵੱਡਾ ਕਲੇਸ਼ ਪਿਆ ਹੋਇਆ ਸੀ ਜੋ ਅੱਜ ਝੋਨੇ ਦੀ ਖਰੀਦ ਸ਼ੁਰੂ ਹੋਣ ਨਾਲ ਮੁੱਕ ਗਿਆ ਹੈ।
ਉਧਰ ਜ਼ਿਲ੍ਹਾ ਉਪ ਮੰਡੀ ਅਫ਼ਸਰ ਅਤੇ ਮਾਰਕੀਟ ਕਮੇਟੀ ਮਾਨਸਾ ਦੇ ਸਕੱਤਰ ਜੈ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਹਰ ਤਰ੍ਹਾਂ ਦੇ ਬੰਦੋਬਸ਼ਤ ਪੂਰੇ ਕੀਤੇ ਹੋਏ ਹਨ ਅਤੇ ਹੁਣ ਆੜ੍ਹਤੀਆਂ ਦੀ ਹੜਤਾਲ ਖੁੱਲਣ ਤੋਂ ਬਾਅਦ ਝੋਨੇ ਦੀ ਖਰੀਦ ਦਾ ਕਾਰਜ ਆਰੰਭ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ’ਚ ਮੁੱਖ ਯਾਰਡ ਬਰੇਟਾ ਵਿੱਚ ਖਰੀਦ ਏਜੰਸੀ ਪਨਗਰੇਨ ਵੱਲੋਂ 350 ਕੁਇੰਟਲ ਅਤੇ ਖਰੀਦ ਕੇਂਦਰ ਕਾਹਨਗੜ੍ਹ ਵਿੱਚ 200 ਕੁਇੰਟਲ ਝੋਨੇ ਦੀ ਖਰੀਦ ਕੀਤੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ 17 ਫੀਸਦੀ ਨਮੀਂ ਵਾਲੇ ਝੋਨੇ ਨੂੰ ਵੇਚਣ ਲਈ ਲਿਆਂਦਾ ਜਾਵੇ ਤਾਂ ਕੋਈ ਵੀ ਤਕਲੀਫ਼ ਪੈਦਾ ਨਾ ਹੋ ਸਕੇ।
ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਕੁੱਲ 117 ਮੰਡੀਆਂ ਅਤੇ 7 ਸਬ-ਯਾਰਡ ਅਤੇ 19 ਅਸਥਾਈ ਖਰੀਦ ਕੇਂਦਰ ਹਨ ਜਿਨ੍ਹਾਂ ’ਚੋਂ ਹੁਣ ਤੱਕ ਸਿਰਫ਼ 13 ਮੰਡੀਆਂ ’ਚ ਹੀ 300 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਦੀ ਅਨਾਜ ਮੰਡੀ ਵਿੱਚ 65 ਮੀਟਰਕ ਟਨ ਝੋਨੇ ਦੀ ਆਮਦ ਹੋਈ ਹੈ, ਜਿੱਥੋਂ ਮਾਰਕਫੈਡ ਏਜੰਸੀ ਵੱਲੋਂ ਝੋਨੇ ਦੀ ਖ਼ਰੀਦ ਸ਼ੁਰੂ ਕੀਤੀ ਗਈ ਹੈ।
ਬਰਨਾਲਾ (ਖੇਤਰੀ ਪ੍ਰਤੀਨਿਧ): ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਆਈਏਐੱਸ ਨੇ ਸਥਾਨਕ ਮੁੱਖ ਅਨਾਜ ਮੰਡੀ ਦਾ ਦੌਰਾ ਕੀਤਾ ਅਤੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ। ਇਸ ਮੌਕੇ ਉਨ੍ਹਾਂ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਖਰੀਦ ਪ੍ਰਬੰਧਾਂ ਵਿਚ ਕੋਈ ਅਣਗਿਹਲੀ ਨਾ ਵਰਤੀ ਜਾਵੇ। ਉਨ੍ਹਾਂ ਦੱਸਿਆ ਕਿ ਕੱਲ੍ਹ 7 ਅਕਤੂਬਰ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕੁੱਲ 165 ਮੀਟ੍ਰਿਕ ਟਨ ਫ਼ਸਲ ਦੀ ਆਮਦ ਹੋਈ ਹੈ, ਜਿਸ ’ਚੋਂ 15 ਮੀਟ੍ਰਿਕ ਟਨ ਦੀ ਕੱਲ੍ਹ ਖਰੀਦੀ ਗਈ।
ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ 413 ਮੀਟ੍ਰਿਕ ਝੋਨੇ ਦੀ ਆਮਦ
ਗੋਨਿਆਣਾ (ਪੱਤਰ ਪ੍ਰੇਰਕ): ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਅੱਜ ਗੋਨਿਆਣਾ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਕਰਵਾਈ ਗਈ। ਉਨ੍ਹਾਂ ਆੜ੍ਹਤੀਆਂ ਅਤੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖ਼ਰੀਦ ਦੌਰਾਨ ਉਨ੍ਹਾਂ ਨੂੰ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਜ਼ਿਲ੍ਹਾ ਮੰਡੀ ਅਫ਼ਸਰ ਸ੍ਰੀ ਗੌਰਵ ਗਰਗ ਨੇ ਦੱਸਿਆ ਕਿ ਜ਼ਿਲ੍ਹੇ ਅਧੀਨ ਝੋਨੇ ਦੀ ਫ਼ਸਲ ਦੀ ਖ਼ਰੀਦ ਲਈ ਕੁੱਲ 182 ਮੁੱਖ ਯਾਰਡ, ਸਬ ਯਾਰਡ ਅਤੇ ਖਰੀਦ ਕੇਂਦਰ ਹਨ, ਜਿਨ੍ਹਾਂ ਚੋਂ ਹੁਣ ਤੱਕ ਸਿਰਫ਼ 7 ਮੁੱਖ ਮੰਡੀਆਂ ’ਚ ਹੀ 413 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ।