ਝੋਨੇ ਦੀ ਖਰੀਦ: ਕਿਸਾਨਾਂ ਦੇ ਰੋਹ ਡਰੋਂ ਮੰਡੀਆਂ ਤੋਂ ਪਾਸਾ ਵੱਟਣ ਲੱਗੇ ਵਜ਼ੀਰ!
ਚਰਨਜੀਤ ਭੁੱਲਰ
ਚੰਡੀਗੜ੍ਹ, 22 ਅਕਤੂਬਰ
ਜਦੋਂ ਪੰਜਾਬ ਦਾ ਕਿਸਾਨ ਮੰਡੀਆਂ ’ਚ ਰੁਲ ਰਿਹਾ ਹੈ ਤਾਂ ਠੀਕ ਉਸ ਵੇਲੇ ਸਿਆਸੀ ਆਗੂ ਆਪਸੀ ਸਿਆਸਤ ’ਚ ਉਲਝ ਗਏ ਹਨ। ਕਿਸਾਨ ਇੰਨੇ ਅੱਕੇ ਹੋਏ ਅਤੇ ਪ੍ਰੇਸ਼ਾਨੀ ’ਚ ਹਨ ਕਿ ਉਹ ਸਾਰੀਆਂ ਸਿਆਸੀ ਧਿਰਾਂ ਨੂੰ ਇੱਕੋ ਤੱਕੜੀ ਤੋਲ ਰਹੇ ਹਨ। ਦੇਖਣ ’ਚ ਆਇਆ ਹੈ ਕਿ ‘ਆਪ’ ਦੇ ਵਿਧਾਇਕ ਅਤੇ ਵਜ਼ੀਰ ਇਸ ਤੱਤੇ ਮਾਹੌਲ ਵਿਚ ਮੰਡੀਆਂ ’ਚ ਜਾਣ ਤੋਂ ਪਾਸਾ ਵੱਟਣ ਲੱਗੇ ਹਨ ਜਦੋਂ ਕਿ ਕਾਂਗਰਸੀ ਆਗੂ ਮੰਡੀਆਂ ’ਚ ਸਿਆਸੀ ਲਾਹਾ ਲੈਣ ’ਚ ਜੁਟੇ ਹੋਏ ਹਨ। ਸੂਬੇ ਭਰ ਵਿਚ ਕਿਸਾਨ ਸੰਘਰਸ਼ ’ਤੇ ਉਤਰੇ ਹੋਏ ਹਨ। ਬੀਕੇਯੂ ਉਗਰਾਹਾਂ ਵੱਲੋਂ 51 ਥਾਵਾਂ ’ਤੇ ਛੇ ਦਿਨਾਂ ਤੋਂ ਪ੍ਰਦਰਸ਼ਨ ਸ਼ੁਰੂ ਕੀਤੇ ਹੋਏ ਹਨ। ਕਿਸਾਨਾਂ ਨੂੰ ਫ਼ਸਲ ਵੇਚਣ ਲਈ ਰਾਤਾਂ ਮੰਡੀਆਂ ਵਿਚ ਕੱਟਣੀਆਂ ਪੈ ਰਹੀਆਂ ਹਨ। ਜ਼ਿਮਨੀ ਚੋਣਾਂ ਸਿਰ ’ਤੇ ਹੋਣ ਕਰਕੇ ਵਿਰੋਧੀ ਆਗੂ ਕੋਈ ਮੌਕਾ ਹੱਥੋਂ ਨਹੀਂ ਜਾਣ ਦੇ ਰਹੇ। ਅੱਜ ‘ਆਪ’ ਆਗੂਆਂ ਨੇ ਝੋਨੇ ਦੇ ਖ਼ਰੀਦ ਪ੍ਰਬੰਧਾਂ ਦੀ ਨਾਕਾਮੀ ਦਾ ਠੀਕਰਾ ਕੇਂਦਰ ਸਿਰ ਭੰਨ੍ਹ ਦਿੱਤਾ ਹੈ ਜਦੋਂ ਕਿ ਭਾਜਪਾ ਆਗੂ ‘ਆਪ’ ਸਰਕਾਰ ਨੂੰ ਕਟਹਿਰੇ ’ਚ ਖੜ੍ਹਾ ਕਰ ਰਹੇ ਹਨ।
ਕੈਬਨਿਟ ਮੰਤਰੀ ਅਮਨ ਅਰੋੜਾ ਆਖਦੇ ਹਨ ਕਿ ਦਿੱਲੀ ਵਿਚ ਹੋਏ ਕਿਸਾਨ ਅੰਦੋਲਨ ਦਾ ਬਦਲਾ ਕੇਂਦਰ ਸਰਕਾਰ ਹੁਣ ਪੰਜਾਬ ਦੇ ਕਿਸਾਨਾਂ ਤੋਂ ਲੈ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਆਖ ਰਹੇ ਹਨ ਕਿ ਪੰਜਾਬ ਦੇ ਕਿਸਾਨਾਂ ਨੂੰ ਪ੍ਰੇਸ਼ਾਨ ਕਰਨ ਵਾਸਤੇ ਭਾਜਪਾ ਖ਼ਤਰਨਾਕ ਚਾਲ ਖੇਡ ਰਹੀ ਹੈ। ਦੂਸਰੇ ਪਾਸੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਆਖ ਰਹੇ ਹਨ ਕਿ ਸੂਬਾ ਸਰਕਾਰ ਖ਼ਰੀਦ ਪ੍ਰਬੰਧ ਕਰਨ ਵਿਚ ਨਾਕਾਮ ਰਹੀ ਹੈ ਅਤੇ ਆਪਣੀ ਨਾਕਾਮੀ ਹੁਣ ਭਾਜਪਾ ਦੀ ਝੋਲੀ ਪਾਉਣਾ ਚਾਹੁੰਦੀ ਹੈ। ਪੰਜਾਬ ਦੀਆਂ ਮੰਡੀਆਂ ਵਿਚ ਝੋਨੇ ਦੀ ਫ਼ਸਲ ਦੀ ਆਮਦ ਕਾਫ਼ੀ ਤੇਜ਼ ਹੋ ਗਈ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਦੀਆਂ ਹਲਕੇ ਦੀਆਂ ਮੰਡੀਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ। ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਗਿੱਦੜਬਾਹਾ ਦੀ ਮੰਡੀ ਦਾ ਦੌਰਾ ਕੀਤਾ। ਦੂਸਰੇ ਕਾਂਗਰਸੀ ਆਗੂ ਵੀ ਮੰਡੀਆਂ ਦੇ ਗੇੜੇ ਲਾ ਰਹੇ ਹਨ। ਕਿਸਾਨਾਂ ਦਾ ਰੋਹ ਸੱਤਾ ਤੋਂ ਬਾਹਰ ਹੋਣ ਕਰ ਕੇ ਕਾਂਗਰਸ ’ਤੇ ਨਹੀਂ ਹੈ। ਬੀਕੇਯੂ ਉਗਰਾਹਾਂ ਦੇ ਸੀਨੀਅਰ ਆਗੂ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਸਰਕਾਰ ਖਰੀਦ ਪ੍ਰਬੰਧ ਕਰਨ ’ਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ ਅਤੇ ਹੁਣ ਵੀ ਸਿਆਸਤਦਾਨ ਮਸਲੇ ਦਾ ਹੱਲ ਕਰਨ ਦੀ ਥਾਂ ਆਪਸੀ ਸਿਆਸਤ ’ਚ ਉਲਝੇ ਹੋਏ ਹਨ। ਕੱਲ੍ਹ ਮੁੱਖ ਮੰਤਰੀ ਨੇ ਰਾਜਪੁਰਾ ਮੰਡੀ ’ਚ ਜਾਣਾ ਸੀ ਪਰ ਉਨ੍ਹਾਂ ਦਾ ਐਨ ਮੌਕੇ ’ਤੇ ਪ੍ਰੋਗਰਾਮ ਰੱਦ ਹੋ ਗਿਆ। ਰਾਜਪੁਰਾ ਮੰਡੀ ਵਿਚ ਕਾਫ਼ੀ ਪੁਲੀਸ ਪਹੁੰਚੀ ਹੋਈ ਸੀ ਅਤੇ ਉੱਥੇ ਘਨੌਰ ਤੋਂ ਵਿਧਾਇਕ ਗੁਰਲਾਲ ਸਿੰਘ ਜ਼ਰੂਰ ਨਜ਼ਰ ਆਏ ਸਨ।
ਪੰਜਾਬ ਦੇ ਵਜ਼ੀਰ ਮੰਡੀਆਂ ਵੱਲ ਮੂੰਹ ਨਹੀਂ ਕਰ ਰਹੇ: ਸਾਹਨੀ
ਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੇ ਸੀਨੀਅਰ ਆਗੂ ਸਤਨਾਮ ਸਿੰਘ ਸਾਹਨੀ ਦਾ ਕਹਿਣਾ ਹੈ ਕਿ ਅੱਜ ਕਿਸਾਨ ਬਿਪਤਾ ’ਚ ਹੈ ਅਤੇ ਇਨ੍ਹਾਂ ਵਜ਼ੀਰਾਂ ਨੂੰ ਮੰਡੀਆਂ ਵਿਚ ਕਿਸਾਨਾਂ ਦੇ ਦੁੱਖ ਦਰਦ ਸੁਣਨ ਵਾਸਤੇ ਆਉਣਾ ਚਾਹੀਦਾ ਸੀ ਪਰ ਵਜ਼ੀਰ ਲੋਕ ਰੋਹ ਦੇ ਡਰੋਂ ਮੰਡੀਆਂ ਵੱਲ ਹੁਣ ਮੂੰਹ ਨਹੀਂ ਕਰ ਰਹੇ।