ਮਾਛੀਵਾੜਾ ਅਨਾਜ ਮੰਡੀ ’ਚ 13 ਲੱਖ 70 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ
ਪੱਤਰ ਪ੍ਰੇਰਕ
ਮਾਛੀਵਾੜਾ, 27 ਨਵੰਬਰ
ਝੋਨੇ ਦਾ ਸੀਜ਼ਨ ਇਸ ਵਾਰ ਕਿਸਾਨਾਂ ਤੇ ਆੜ੍ਹਤੀਆਂ ਲਈ ਮੁਸ਼ਕਿਲਾਂ ਭਰਿਆ ਰਿਹਾ ਹੈ। ਇਸ ਸਾਲ ਫ਼ਸਲ ਦੀ ਖਰੀਦ ਤੇ ਲਿਫਟਿੰਗ ਦੀ ਸਮੱਸਿਆ ਅਖੀਰ ਤੱਕ ਕਿਸਾਨਾਂ ਨੂੰ ਤੱਗ ਕਰਦੀ ਰਹੀ ਹੈ। ਹੁਣ ਝੋਨੇ ਦੀ ਖਰੀਦ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ। ਮਾਛੀਵਾੜਾ ਮੰਡੀ ਤੇ ਇਸ ਦੇ ਉੱਪ ਖਰੀਦ ਕੇਂਦਰ ਸ਼ੇਰਪੁਰ ਬੇਟ, ਹੇਡੋਂ ਬੇਟ, ਬੁਰਜ ਪਵਾਤ, ਲੱਖੋਵਾਲ ਕਲਾਂ ਦੀ ਗੱਲ ਕਰੀਏ ਤਾਂ ਇੱਥੇ 13 ਲੱਖ 70 ਹਜ਼ਾਰ 223 ਕੁਟਿੰਟਲ ਝੋਨਾ ਸਰਕਾਰੀ ਏਜੰਸੀਆਂ ਨੇ ਖਰੀਦਿਆ ਹੈ। ਪਿਛਲੇ ਸਾਲ ਇਨ੍ਹਾਂ ਮੰਡੀਆਂ ਵਿੱਚ 14 ਲੱਖ 49 ਹਜ਼ਾਰ ਕੁਇੰਟਲ ਝੋਨੇ ਦੀ ਖਰੀਦ ਹੋਈ ਸੀ ਜਿਸ ਲਿਹਾਜ਼ ਨਾਲ ਇਸ ਵਾਰ 80 ਹਜ਼ਾਰ ਕੁਇੰਟਲ ਝੋਨਾ ਘੱਟ ਆਇਆ ਹੈ। 80 ਹਜ਼ਾਰ ਕੁਇੰਟਲ ਝੋਨਾ ਘਟਣ ਦਾ ਮੁੱਖ ਕਾਰਨ ਫਸਲ ਦਾ ਘੱਟ ਝਾੜ ਵੀ ਹੈ ਤੇ ਇਹ ਵੀ ਕਿ ਇਸ ਸਾਲ ਸਿਰਫ਼ 17 ਫ਼ੀਸਦ ਨਮੀ ਵਾਲਾ ਝੋਨਾ ਹੀ ਤੋਲਿਆ ਗਿਆ ਹੈ। ਮਾਛੀਵਾੜਾ ਮੰਡੀ ਤੇ ਇਸ ਦੇ ਉਪ ਖਰੀਦ ਕੇਂਦਰਾਂ ਵਿੱਚ ਹਾਲੇ ਵੀ 26,560 ਕੁਇੰਟਲ ਝੋਨਾ ਲਿਫਟਿੰਗ ਦੀ ਉਡੀਕ ਕਰ ਰਿਹਾ ਹੈ ਤੇ ਪਹਿਲੀ ਵਾਰ ਹੋਇਆ ਕਿ ਝੋਨੇ ਦਾ ਸੀਜ਼ਨ ਜੋ ਕਿ ਹਰ ਸਾਲ 10 ਤੋਂ 12 ਨਵੰਬਰ ਤੱਕ ਖਤਮ ਹੋ ਜਾਂਦਾ ਸੀ, ਇਸ ਵਾਰ 30 ਨਵੰਬਰ ਨੂੰ ਮੁਕੰਮਲ ਹੋਵੇਗਾ। ਬਾਸਮਤੀ ਦੀ ਗੱਲ ਕਰੀਏ ਤਾਂ ਮਾਛੀਵਾੜਾ ਮੰਡੀ ਵਿਚ ਇਸ ਵਾਰ ਪ੍ਰਾਈਵੇਟ ਵਪਾਰੀਆਂ ਵੱਲੋਂ 1 ਲੱਖ 60 ਹਜ਼ਾਰ ਕੁਇੰਟਲ ਬਾਸਮਤੀ ਦੀ ਖਰੀਦ ਕੀਤੀ ਗਈ ਹੈ। ਪਿਛਲੇ ਸਾਲ ਮਾਛੀਵਾੜਾ ਮੰਡੀ ਵਿੱਚ 1 ਲੱਖ 73 ਹਜ਼ਾਰ ਕੁਇੰਟਲ ਬਾਸਮਤੀ ਦੀ ਆਮਦ ਹੋਈ ਸੀ।
ਇਸ ਸਾਲ ਪਹਿਲਾਂ ਫਸਲ ਵੇਚਣ ਲਈ ਕਿਸਾਨ ਖੱਜਲ ਹੋਏ, ਫਿਰ ਸ਼ੈਲਰ ਮਾਲਕ ਹਰੇਕ ਸੌ ਬੋਰੀਆਂ ਪਿੱਛੇ ਦੋ ਜਾਂ ਤਿੰਨ ਬੋਰੀਆਂ ਵਾਧੂ ਲੈ ਰਹੇ ਹਨ।