ਪੰਜਾਬ ਦੀ ਵੇਟਲਿਫਟਰ ਮਹਿਕ ਨੇ ਤਿੰਨ ਕੌਮੀ ਰਿਕਾਰਡ ਤੋੜੇ
ਦੇਹਰਾਦੂਨ, 3 ਫਰਵਰੀ
ਪੰਜਾਬ ਦੀ ਵੇਟਲਿਫਟਰ ਮਹਿਕ ਸ਼ਰਮਾ ਨੇ ਅੱਜ ਇੱਥੇ 38ਵੀਆਂ ਕੌਮੀ ਖੇਡਾਂ ਵਿੱਚ ਤਿੰਨ ਕੌਮੀ ਰਿਕਾਰਡ ਤੋੜਦਿਆਂ ਸੋਨ ਤਗ਼ਮਾ ਜਿੱਤਿਆ। ਮਹਿਲਾ 87+ ਕਿਲੋ ਵਰਗ ਦੇ ਮੁਕਾਬਲੇ ਵਿੱਚ ਮਹਿਕ ਨੇ ਸਨੈਚ ’ਚ 106 ਕਿਲੋ ਭਾਰ ਚੁੱਕਦਿਆਂ ਆਪਣਾ ਹੀ 105 ਕਿਲੋ ਦਾ ਪਿਛਲਾ ਰਿਕਾਰਡ ਤੋੜ ਦਿੱਤਾ। ਇਸੇ ਤਰ੍ਹਾਂ ਉਸ ਨੇ ਆਪਣੀ ਆਖਰੀ ਕਲੀਨ-ਐਂਡ-ਜਰਕ ਕੋਸ਼ਿਸ਼ ਵਿੱਚ 141 ਕਿਲੋ ਭਾਰ ਚੁੱਕ ਕੇ ਆਪਣੇ 140 ਕਿਲੋ ਦੇ ਕੌਮੀ ਰਿਕਾਰਡ ਨੂੰ ਬਿਹਤਰ ਕੀਤਾ। ਉਸ ਨੇ ਕੁੱਲ 247 ਕਿਲੋ ਭਾਰ ਚੁੱਕਿਆ ਅਤੇ ਇਹ ਵੀ ਕੌਮੀ ਰਿਕਾਰਡ ਹੈ। ਪਿਛਲਾ 244 ਕਿਲੋ ਦਾ ਰਿਕਾਰਡ ਵੀ ਉਸੇ ਦੇ ਨਾਮ ਸੀ। ਇਸ ਤੋਂ ਇਲਾਵਾ ਪੁਰਸ਼ 109+ ਕਿਲੋ ਵਰਗ ਦੇ ਸਨੈਚ ਵਿੱਚ ਤਾਮਿਲ ਨਾਡੂ ਦੇ ਐੱਸ ਰੁਦਰਮਾਇਣ ਨੇ ਵੀ 175 ਕਿਲੋ ਭਾਰ ਚੁੱਕ ਕੇ ਕੌਮੀ ਰਿਕਾਰਡ ਤੋੜਿਆ। ਪਿਛਲਾ 172 ਕਿਲੋ ਦਾ ਰਿਕਾਰਡ ਰੇਲਵੇਜ਼ ਦੇ ਗੁਰਦੀਪ ਸਿੰਘ ਦੇ ਨਾਮ ਸੀ। ਹਾਲਾਂਕਿ ਰੁਦਰਮਾਇਣ ਕਲੀਨ ਐਂਡ ਜਰਕ ਵਿੱਚ ਲੈਅ ਬਰਕਰਾਰ ਨਹੀਂ ਰੱਖ ਸਕਿਆ ਅਤੇ ਕੁੱਲ 355 ਕਿਲੋ ਭਾਰ ਚੁੱਕ ਕੇ ਉਸ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਸਰਵਿਸਿਜ਼ ਦੇ ਲਵਪ੍ਰੀਤ ਸਿੰਘ ਨੇ 367 ਕਿਲੋ ਨਾਲ ਸੋਨ ਤਗ਼ਮਾ ਆਪਣੇ ਨਾਮ ਕੀਤਾ। -ਪੀਟੀਆਈ