ਕੈਨੇਡਾ ਤੇ ਅਮਰੀਕਾ ’ਚ ਮਹਿਕਣਗੀਆਂ ਪੰਜਾਬ ਦੀਆਂ ਸਬਜ਼ੀਆਂ
ਮਹਿੰਦਰ ਸਿੰਘ ਰੱਤੀਆਂ
ਮੋਗਾ, 10 ਅਗਸਤ
ਪੰਜਾਬ ਖੁਰਾਕ ਕਮਿਸ਼ਨ ਨੇ ਪੰਜਾਬ ਦੇ ਟਿੰਡੇ, ਕਰੇਲਾ, ਭਿੰਡੀ ਆਦਿ ਹਰੀਆਂ ਸਬਜ਼ੀਆਂ, ਆਲੂ, ਬਾਸਮਤੀ ਤੋਂ ਇਲਾਵਾ ਸਮੋਸਾ ਫ਼ਿਰੋਜ਼ਨ ਕਰਕੇ ਦੂਜੇ ਮੁਲਕਾਂ ਨੂੰ ਦਰਾਮਦ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਉਂੱਘੇ ਕਾਮੇਡੀਅਨ ਤੇ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਦੀ ਫ਼ਸਲ ਖਾਸ ਕਰਕੇ ਸਰਦੀ ਦੇ ਮੌਸਮ ਵਿਚ ਸਬਜ਼ੀਆਂ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਆਸਟਰੇਲੀਆ ਵਰਗੇ ਦੇਸ਼ਾਂ ਨੂੰ ਦਰਾਮਦ ਹੋਣ ਨਾਲ ਜਿਥੇ ਖੇਤੀ ਸੈਕਟਰ ਵਿਚ ਨਵੀਂ ਕ੍ਰਾਂਤੀ ਆਵੇਗੀ ਉਥੇ ਕਿਸਾਨਾਂ ਦੀ ਆਰਥਿਕਤਾ ਨੂੰ ਵੀ ਲੀਹ ’ਤੇ ਲਿਆਂਦਾ ਜਾ ਸਕੇਗਾ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਦਰਾਮਦ ਕੀਤੀ ਜਾਣ ਵਾਲੀ ਬਾਸਮਤੀ ਦੀ ਥੈਲੀ ਉੱਤੇ ਲੱਗੇ ਸਟਿੱਕਰ ਤੋਂ ਇਹ ਵੀ ਪਤਾ ਲੱਗ ਜਾਵੇਗਾ ਕਿ ਪੰਜਾਬ ਵਿੱਚ ਕਿਸ ਪਿੰਡ ਅਤੇ ਕਿਸ ਕਿਸਾਨ ਨੇ ਇਸ ਦੀ ਕਾਸ਼ਤ ਕੀਤੀ ਹੈ। ਕੁਝ ਸਾਲ ਪਹਿਲਾਂ ਅਮਰੀਕਾ ਤੇ ਯੂਰੋਪੀ ਯੂਨੀਅਨ ਨੇ ਭਾਰਤ ਦੀ ਬਾਸਮਤੀ ਵਿੱਚ ਕੀਟਨਾਸ਼ਕਾਂ ਦੀ ਮਿਕਦਾਰ ਜ਼ਿਆਦਾ ਪਾਏ ਜਾਣ ਤੋਂ ਬਾਅਦ ਚੌਲ ਖਰੀਦਣ ਤੋਂ ਹੱਥ ਪਿੱਛੇ ਖਿੱਚ ਲਏ ਸਨ ਅਤੇ ਹੁਣ ਦਰਾਮਦ ਸ਼ੁਰੂ ਹੋਣ ਨਾਲ ਬਾਸਮਤੀ ਚੌਲ ਦੇ ਭਾਅ ਵਿੱਚ ਤੇਜ਼ੀ ਆਉਣ ਨਾਲ ਕਿਸਾਨਾਂ ਨੂੰ ਚੰਗਾ ਮੁੱਲ ਮਿਲਣ ਦੀ ਉਮੀਦ ਬਣ ਗਈ ਹੈ। ਕੈਨੇਡਾ ਤੇ ਅਮਰੀਕਾ ਵਿਚ ਅਕਤੂਬਰ ਤੋਂ ਮਾਰਚ ਤੱਕ ਬਰਫ਼ਬਾਰੀ ਕਾਰਨ ਉਥੇ ਹਰੀਆਂ ਸਬਜ਼ੀਆਂ ਦੀ ਕਿੱਲਤ ਹੁੰਦੀ ਹੈ ਜਿਸ ਕਰਕੇ ਹਰੀਆਂ ਸਬਜ਼ੀਆਂ ਤੇ ਸਮੋਸਾ ਫ਼ਿਰੋਜ਼ਨ ਕਰਕੇ ਦਰਾਮਦ ਕੀਤੇ ਜਾਣ ਦੀ ਯੋਜਨਾ ਤਿਆਰ ਕੀਤੀ ਗਈ ਹੈ। ਫ਼ਿਲਪੀਨਜ਼ ਨੂੰ 10 ਕਰੋੜ ਕੀਮਤ ਦੀ ਸਵੀਟ ਕੌਰਨ (ਮੱਕੀ) ਐਕਸਪੋਰਟ ਕੀਤੀ ਗਈ ਹੈ। ਪਿੰਡਾਂ ਵਿਚ ਬਣੇ ਸੈਲਫ਼ ਹੈਲਪ ਗਰੁੱਪਾਂ ’ਚ ਔਰਤਾਂ ਨੂੰ ਮੱਕੀ ਦੀ ਛੱਲੀ ਤੋਂ ਦਾਣੇ ਹੱਥ ਨਾਲ ਗੇਰਨ ਲਈ ਦਿੱਤੇ ਜਾਂਦੇ ਹਨ। ਇਹ ਔਰਤਾਂ 10 ਤੋਂ 15 ਹਜ਼ਾਰ ਮਹੀਨਾਂ ਕਮਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਇਸ ਪਾਇਲਟ ਪ੍ਰਾਜੈਕਟ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੂਰੀ ਮਦਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿਦੇਸ਼ਾਂ ’ਚ ਪੰਜਾਬੀ ਗਰੌਸਰੀ ਸਟੋਰਾਂ ਦੇ ਸਹਿਯੋਗ ਨਾਲ ਹੋਵੇਗੀ। ਮੁੱਖ ਖੇਤੀ ਅਫ਼ਸਰ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਕੀੜੇਮਾਰ ਜ਼ਾਹਿਰਾਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਦੇਸ਼ ਨਹੀਂ ਬਲਕਿ ਦੂਜੇ ਮੁਲਕਾਂ ਦੀ ਖੁਰਾਕ ਦੀ ਲੋੜ ਪੂਰੀ ਕਰਨ ਲਈ ਮੋਹਰੀ ਰੋਲ ਅਦਾ ਕਰਦਾ ਰਿਹਾ ਹੈ।