ਹੋਰ ਸੂਬਿਆਂ ’ਚ ਵਰਤਿਆ ਜਾ ਰਿਹੈ ਪੰਜਾਬ ਦਾ ਹੈਲੀਕਾਪਟਰ: ਮਜੀਠੀਆ
ਪੱਤਰ ਪ੍ਰੇਰਕ
ਮੁਕੇਰੀਆਂ, 27 ਸਤੰਬਰ
ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਦਸਤਾਰਧਾਰੀ ਸਿੱਖਾਂ ਨੂੰ ਫਿਰਕਾਪ੍ਰਸਤਾਂ ਵਲੋਂ ਨਿਸ਼ਾਨੇ ’ਤੇ ਲਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਗਾਇਕਾਂ ਨੂੰ ਅਤਵਿਾਦੀ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ, ਪਰ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਇਸ ਮੁੱਦੇ ’ਤੇ ਚੁੱਪ ਵੱਟੀ ਹੋਈ ਹੈ। ਉਹ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦੀ ਅਗਵਾਈ ਵਿੱਚ ਯੂਥ ਵਰਕਰ ਮਿਲਣੀ ਤਹਿਤ ਕਰਵਾਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਹੈਲੀਕਾਪਟਰ ਵੱਖ-ਵੱਖ ਸੂਬਿਆਂ ’ਚ ਹੁੰਦੀਆਂ ਸਿਆਸੀ ਰੈਲੀਆਂ ਲਈ ਵਰਤਿਆ ਜਾ ਰਿਹਾ ਹੈ ਅਤੇ ‘ਆਪ’ ਪੰਜਾਬ ਦਾ ਖਜ਼ਾਨਾ ਸੂਬੇ ਦੇ ਵਿਕਾਸ ਦੀ ਥਾਂ ਇਸ਼ਤਿਹਾਰਬਾਜ਼ੀ ’ਤੇ ਲੁਟਾਇਆ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਪੰਜਾਬ ਸਿਰ 50 ਹਜ਼ਾਰ ਕਰੋੜ ਦਾ ਕਰਜ਼ਾ ‘ਆਪ’ ਸਰਕਾਰ ਦੀਆਂ ਫਜ਼ੂਲ ਖਰਚੀਆਂ ਕਾਰਨ ਹੀ ਚੜ੍ਹਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋਈ ਹੈ।
ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ’ਆਪ’ ਸਰਕਾਰ ਵਿੱਚ ਅਮਨ ਕਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਕਾਰਜਕਾਰੀ ਮੈਂਬਰ ਜਥੇਦਾਰ ਰਵਿੰਦਰ ਸਿੰਘ ਚੱਕ, ਸਾਬਕਾ ਰਾਜ ਸਭਾ ਮੈਂਬਰ ਵਰਿੰਦਰ ਬਾਜਵਾ, ਸਾਬਕਾ ਮੰਤਰੀ ਬਲਵੀਰ ਸਿੰਘ ਮਿਆਣੀ, ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ, ਜਤਿੰਦਰ ਸਿੰਘ ਲਾਲੀ ਬਾਜਵਾ, ਸੀਨੀਅਰ ਆਗੂ ਗੁਰਜਿੰਦਰ ਸਿੰਘ ਚੱਕ, ਚੇਅਰਮੈਨ ਸਤਨਾਮ ਸਿੰਘ ਧਨੋਆ, ਸ਼ੁਸੀਲ ਕੁਮਾਰ ਪਿੰਕੀ, ਈਸ਼ਰ ਸਿੰਘ ਮੰਝਪੁਰ, ਯੂਥ ਆਗੂ ਬਿਕਰਮਜੀਤ ਸਿੰਘ ਚੱਕ ਅੱਲਾ ਬਖ਼ਸ, ਹਰਮਨਜੀਤ ਸਿੰਘ ਚੱਕ ਅੱਲਾ ਬਖ਼ਸ, ਲਖਵਿੰਦਰ ਸਿੰਘ ਟਿੰਮੀ, ਜਸਵਿੰਦਰ ਮਿੰਟੂ, ਯੂਥ ਆਗੂ ਰਜੇਸ਼ ਰੱਤੂ, ਲਖਵੀਰ ਸਿੰਘ ਰੰਧਾਵਾ, ਦਿਲਾਵਰ ਸਿੰਘ ਧਨੋਆ ਆਦਿ ਹਾਜ਼ਰ ਸਨ।