ਹੋਂਦ ਭੁੱਲ ਰਹੇ ਪੰਜਾਬੀ
ਡਾ. ਅੰਤਰਪ੍ਰੀਤ ਸਿੰਘ ਬੈਨੀਪਾਲ
‘ਪੰਜਾਬੀ’ ਇੱਕ ਭਾਸ਼ਾ ਹੀ ਨਹੀਂ ਸਗੋਂ ਇੱਕ ਸੱਭਿਆਚਾਰ ਹੈ, ਇੱਕ ਵਿਰਾਸਤ ਹੈ। ਇਸ ਸੱਭਿਆਚਾਰ ਵਿੱਚ ਆਮ ਤੌਰ ’ਤੇ ਬੋਲੀ ਅਤੇ ਲਿਖੀ ਜਾਣ ਵਾਲੀ ਭਾਸ਼ਾ ਨੂੰ ਪੰਜਾਬੀ ਭਾਸ਼ਾ ਦਾ ਨਾਂ ਮਿਲਿਆ ਅਤੇ ਇਸ ਵਿਰਾਸਤੀ ਸੱਭਿਆਚਾਰ ਨਾਲ ਸਬੰਧਿਤ ਹਰੇਕ ਵਿਅਕਤੀ, ਵਸਤੂ, ਭੋਜਨ, ਕਿੱਤਾ ਅਤੇ ਵਿਰਸੇ ਨੂੰ ‘ਪੰਜਾਬੀ’ ਅਖਵਾਉਣ ਦਾ ਮਾਣ ਮਿਲਦਾ ਹੈ। ਬੇਸ਼ੱਕ ਹਿੰਦੋਸਤਾਨ ਦੇ ਪੁਰਾਤਨ ਇਤਿਹਾਸ ਤੋਂ ਲੈ ਕੇ ਅੱਜ ਤੱਕ ਵਿਅਕਤੀਆਂ ਦੀ ਪਛਾਣ ਧਰਮ, ਜਾਤ, ਕਿੱਤੇ ਜਾਂ ਕਬੀਲੇੇ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ ਪਰ ਪੰਜਾਬੀ ਵਿਰਾਸਤ ਜਾਂ ਸੱਭਿਆਚਾਰ ਨਾਲ ਕਿਸੇ ਤਰ੍ਹਾਂ ਦਾ ਵੀ ਸਬੰਧ ਰੱਖਣ ਵਾਲਾ ਵਿਅਕਤੀ ਭਾਵੇਂ ਕਿਸੇ ਵੀ ਧਰਮ, ਜਾਤ, ਕਿੱਤੇ, ਕਬੀਲੇ ਦਾ ਹੋਵੇ ਤੇ ਪੂਰੀ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ- ਉਹ ‘ਪੰਜਾਬੀ’ ਹੀ ਅਖਵਾਉਂਦਾ ਹੈ। ਇਹ ਇੱਕ ਅਹਿਮ ਵਿਸ਼ੇਸ਼ਤਾ ਹੈ ਕਿ ਪੰਜਾਬੀ ਦੀ ਹੋਂਦ ਸਰਵੋਤਮ ਹੈ ਜਦੋਂਕਿ ਧਰਮ, ਜਾਤ, ਕਿੱਤੇ, ਕਬੀਲੇ ਇਸ ਦੇ ਅੱਗੇ ਅਣਗੌਲੇ ਹੋ ਜਾਂਦੇ ਹਨ। ਇਸ ਦੇ ਪਿੱਛੇ ਮੁੱਖ ਕਾਰਨ ਇੱਥੋਂ ਦਾ ਇਤਿਹਾਸ ਹੈ। ਬਹੁਤ ਸਾਰੇ ਪੰਜਾਬੀ ਅਤੇ ਗ਼ੈਰ-ਪੰਜਾਬੀ ਵਿਦਵਾਨਾਂ ਨੇ ਇਸ ਇਤਿਹਾਸ ਨੂੰ ਬਹੁਤ ਹੀ ਸੁਚੱਜੇ ਤਰੀਕੇ ਨਾਲ ਵੱਖ ਵੱਖ ਰਚਨਾਵਾਂ ਰਾਹੀਂ ਪੇਸ਼ ਕੀਤਾ ਹੈ ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਪੁਰਾਤਨ ਸਮੇਂ ਤੋਂ ਹੀ ਵੱਖ ਵੱਖ ਹਮਲਾਵਰਾਂ ਜਾਂ ਸ਼ਾਸਕਾਂ ਨੇ ਵੱਖ ਵੱਖ ਪੱਧਰ ’ਤੇ ਹਮਲੇ ਕੀਤੇ ਅਤੇ ਵੱਖ ਵੱਖ ਨੀਤੀਆਂ ਤਹਿਤ ਰਾਜ ਕੀਤੇ। ਇਨ੍ਹਾਂ ਦੌਰਾਨ ਕੁਝ ਨੀਤੀਆਂ ਪੰਜਾਬੀ ਵਿਰੋਧੀ ਵੀ ਸਨ ਜਿਨ੍ਹਾਂ ਤਹਿਤ ਪੁਰਾਤਨ ਸਮੇਂ ਤੋਂ ਚਲਦੇ ਆ ਰਹੇ ਭੂਗੋਲਿਕ ਖਿੱਤੇ ‘ਪੰਜਾਬ’ ਨੂੰ ਵੱਖ ਵੱਖ ਭਾਗਾਂ ਵਿੱਚ ਵੰਡਿਆ ਵੀ ਗਿਆ। ਇਨ੍ਹਾਂ ਸਾਜ਼ਿਸ਼ਾਂ ਕਾਰਨ ਇਸ ਖੇਤਰ ਦੇ ਵਸਨੀਕਾਂ, ਅਰਥ-ਵਿਵਸਥਾ ਆਦਿ ਦਾ ਨਾ ਪੂਰਨਯੋਗ ਨੁਕਸਾਨ ਹੋਇਆ, ਪਰ ਪੰਜਾਬੀ ਦੀ ਖ਼ੂਬਸੂਰਤੀ ਵਿੱਚ ਕੋਈ ਕਮੀ ਨਹੀਂ ਆਈ ਸਗੋਂ ਸਮਾਂ ਬੀਤਣ ਨਾਲ ਇਸ ਦਾ ਫੈਲਾਅ ਇੱਕ ਮੁਲਕ ਤੱਕ ਹੀ ਸੀਮਤ ਨਾ ਰਿਹਾ। ਅੱਜ ਪੰਜਾਬੀ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਵੇਖਿਆ ਅਤੇ ਜਾਣਿਆ ਜਾਂਦਾ ਹੈ ਜਿਸ ਦਾ ਮਾਣ ਇੱਕ ਪੰਜਾਬੀ ਪੰਜਾਬ ਤੋਂ ਬਾਹਰ ਜਾ ਕੇ ਬਾਖ਼ੂਬੀ ਮਹਿਸੂਸ ਕਰ ਸਕਦਾ ਹੈ। ਇਸ ਦਾ ਮੁੱਖ ਪਛਾਣ ਸਰੋਤ ਪੰਜਾਬੀ ਭਾਸ਼ਾ ਹੈ। ਜਿਉਂ ਜਿਉਂ ਪੰਜਾਬੀ ਭਾਸ਼ਾ ਦੇ ਸ਼ਬਦਾਂ ਦੀ ਗਹਿਰਾਈ ਵੱਲ ਜਾਵਾਂਗੇ, ਤਿਉਂ ਤਿਉਂ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਵੱਲ ਵਧਦੇ ਜਾਵਾਂਗੇ ਅਤੇ ਪੰਜਾਬੀ ਦੀ ਹੋਂਦ ਨੂੰ ਕਾਇਮ ਰੱਖ ਸਕਾਂਗੇ। ਕਹਿਣ ਤੋਂ ਭਾਵ ਹੈ ਕਿ ਆਧੁਨਿਕ ਯੁੱਗ ਵਿੱਚ ਜਿੱਥੇ ਮਸਨੂਈ ਬੁੱਧੀ ਨੇ ਸਾਇੰਸ ਅਤੇ ਤਕਨਾਲੋਜੀ ਦੇ ਯੁੱਗ ਨੂੰ ਵੀ ਪਿੱਛੇ ਛੱਡਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਕੇਵਲ ਭਾਸ਼ਾ ਹੀ ਇੱਕ ਅਜਿਹਾ ਮਾਧਿਅਮ ਰਹਿ ਗਿਆ ਜਿਸ ਨਾਲ ਪੰਜਾਬੀ ਦੀ ਹੋਂਦ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਕੌਮਾਂਤਰੀ ਪੱਧਰ ’ਤੇ ਵਿਦੇਸ਼ੀ ਭਾਸ਼ਾਵਾਂ ਖ਼ਾਸਕਰ ਅੰਗਰੇਜ਼ੀ ਭਾਸ਼ਾ ਜੋ ਕਿ ਹਰੇਕ ਖੇਤਰੀ ਭਾਸ਼ਾ ਦੇ ਸ਼ਬਦ ਸ਼ਾਮਲ ਕਰ ਕੇ ਆਪਣਾ ਵਿਕਾਸ ਕਰਦੇ ਹੋਏ ਖੇਤਰੀ ਲੋਕਾਂ, ਖ਼ਾਸਕਰ ਨੌਜਵਾਨਾਂ ਅਤੇ ਬੱਚਿਆਂ, ਨੂੰ ਆਪਣੇ ਦਾਇਰੇ ਵਿੱਚ ਲੈ ਰਹੀ ਹੈ ਉੱਥੇ ਹੀ ਉਨ੍ਹਾਂ ਨੂੰ ਖੇਤਰੀ ਭਾਸ਼ਾਵਾਂ ਤੋਂ ਦੂਰ ਵੀ ਕਰ ਰਹੀ ਹੈ। ਇਸ ਵਿੱਚ ਅੰਗਰੇਜ਼ੀ ਭਾਸ਼ਾ ਨੂੰ ਕੋਈ ਦੋਸ਼ ਨਹੀਂ ਦਿੱਤਾ ਜਾ ਸਕਦਾ। ਭਾਸ਼ਾ ਦੇ ਮਾਧਿਅਮ ਰਾਹੀਂ ਹੋਂਦ ਹਰੇਕ ਵਿਅਕਤੀ ਦੀ ਹੈ ਤੇ ਇਸ ਹੋਂਦ ਨੂੰ ਬਰਕਰਾਰ ਰੱਖਣਾ ਜਾਂ ਨਾ ਰੱਖਣਾ ਹਰੇਕ ਦਾ ਆਪਣਾ ਵਿਅਕਤੀਗਤ ਫ਼ੈਸਲਾ ਹੈ। ਅਜਿਹਾ ਹੀ ਕੁਝ ਪੰਜਾਬੀ ਬੋਲੀ ਬੋਲਣ ਵਾਲਿਆਂ ਨਾਲ ਵੀ ਹੋਣ ਜਾ ਰਿਹਾ ਹੈ ਅਤੇ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ। ਵਿਕਾਸ ਦੇ ਨਾਂ ’ਤੇ ਖੇਤਰੀ ਭਾਸ਼ਾਵਾਂ ਨੂੰ ਅੱਖੋਂ ਪਰੋਖੇ ਕਰਨ ਦਾ ਦੌਰ ਚੱਲ ਪਿਆ ਹੈ। ਇਸ ਦੀ ਸਭ ਤੋਂ ਵੱਡੀ ਮਿਸਾਲ ਮਸ਼ਹੂਰ ਅੰਗਰੇਜ਼ੀ ਮਾਧਿਅਮ ਸਕੂਲ ਹਨ ਜੋ ਕਿ ਕਿਸੇ ਸਮੇਂ ਆਪਣੀ ਪ੍ਰਸਿੱਧੀ ਕਰਕੇ ਹੋਣਹਾਰ ਵਿਦਿਆਰਥੀਆਂ ਨੂੰ ਦਾਖਲ ਕਰ ਗਏ ਅਤੇ ਹੌਲੀ ਹੌਲੀ ਤਰਾਸ਼ੇ ਹੋਏ ਵਿਦਿਆਰਥੀਆਂ ਦੇ ਨਾਂ ਵਰਤ ਕੇ ਹੋਰ ਮਸ਼ਹੂਰ ਹੋ ਗਏ। ਅੱਜ ਇਨ੍ਹਾਂ ਸਕੂਲਾਂ ਨੂੰ ਕਿਸੇ ਮਸ਼ਹੂਰੀ ਦੀ ਲੋੜ ਨਹੀਂ। ਅਜਿਹਾ ਨਹੀਂ ਹੈ ਕਿ ਸਕੂਲ ਕੁਝ ਗ਼ਲਤ ਸਿਖਾ ਰਹੇ ਹਨ, ਪਰ ਅਜਿਹੇ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਦੀ ਹੋਂਦ ਦੇ ਮੁਤਾਬਿਕ ਉਸ ਪੱਧਰ ਤੱਕ ਪਹੁੰਚ ਨਹੀਂ ਕੀਤੀ ਜਾ ਰਹੀ ਕਿਉਂਕਿ ਅੱਜ ਦੇ ਯੁੱੱਗ ਵਿੱਚ ਖੇਤਰੀ ਭਾਸ਼ਾ ਨੂੰ ਸਿਰਫ਼ ਸੰਚਾਰ ਦਾ ਮਾਧਿਅਮ ਮੰਨਿਆ ਜਾ ਰਿਹਾ ਹੈ ਜਦੋਂਕਿ ਸਕੂਲ ਦਾਖਲ ਹੁੰਦੇ ਸਾਰ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਜਾਂਦੀ ਅੰਗਰੇਜ਼ੀ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾ ਰਿਹਾ ਹੈ। ਇਸ ਵਿੱਚ ਨਵੀਂ ਆ ਰਹੀ ਪੀੜ੍ਹੀ ਦਾ ਕੋਈ ਦੋਸ਼ ਨਹੀਂ ਕਿਉਂਕਿ ਉਹ ਸਭ ਇਸ ਤੋਂ ਅਣਜਾਣ ਅਤੇ ਕੋਰੇ ਕਾਗਜ਼ ਵਾਂਗ ਹਨ ਜਿਸ ’ਤੇ ਜੋ ਲਿਖ ਦਿੱਤਾ ਜਾਵੇਗਾ ਉਹੀ ਮੰਨ ਲਿਆ ਜਾਵੇਗਾ। ਇਸ ਵਿੱਚ ਕਸੂਰ ਹੁਣ ਚੱਲ ਰਹੀ ਪੀੜ੍ਹੀ ਦਾ ਕੁਝ ਹੱਦ ਤੱਕ ਹੀ ਸਾਹਮਣੇ ਆਉਂਦਾ ਹੈ ਕਿਉਂਕਿ ਇਸ ਪੀੜ੍ਹੀ ਨੇ ਆਰਥਿਕ ਤੌਰ ’ਤੇ ਸਾਇੰਸ ਅਤੇ ਤਕਨਾਲੋਜੀ ਦੇ ਮਾਧਿਅਮ ਰਾਹੀਂ ਤਰੱਕੀ ਹੁੰਦੀ ਵੇਖੀ ਹੈ ਜਿਸ ਕਰਕੇ ਇਸ ਦਾ ਸਾਇੰਸ ਅਤੇ ਤਕਨਾਲੋਜੀ ’ਤੇ ਭਰਪੂਰ ਵਿਸ਼ਵਾਸ ਹੈ। ਸਾਇੰਸ ਅਤੇ ਤਕਨਾਲੋਜੀ ਦੀ ਗੱਲ ਕਰਦੇ ਹੀ ਖੇਤਰੀ ਭਾਸ਼ਾਵਾਂ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ ਕਿਉਂਕਿ ਇੱਕ ਮਾਨਸਿਕਤਾ ਪੈਦਾ ਹੋ ਚੁੱਕੀ ਹੈ ਕਿ ਇਸ ਦੇ ਗਿਆਨ ਦਾ ਮਾਧਿਅਮ ਸਿਰਫ਼ ਅੰਗਰੇਜ਼ੀ ਭਾਸ਼ਾ ਹੈ। ਇਸ ਕਰਕੇ ਉਨ੍ਹਾਂ ਨੇ ਆਪਣੇ ਜਾਇਆਂ ਨੂੰ ਅੰਗਰੇਜ਼ੀ ਨੂੰ ਤਰਜੀਹ ਦੇਣ ਵਾਲੇ ਸਕੂਲਾਂ ਵਿੱਚ ਦਾਖਲ ਹੀ ਨਹੀਂ ਕਰਵਾਇਆ ਸਗੋਂ ਘਰ ਵਿੱਚ ਵੀ ਪੰਜਾਬੀ ਤੋਂ ਇਲਾਵਾ ਹੋਰ ਭਾਸ਼ਾਵਾਂ ਬੋਲਣਾ ਤੇ ਉਨ੍ਹਾਂ ਨੂੰ ਆਮ ਨਾਲੋਂ ਵੱਧ ਗੁਣਕਾਰੀ ਮੰਨਣਾ ਸ਼ੁਰੂ ਕਰ ਦਿੱਤਾ। ਅਜਿਹੀ ਮਾਨਸਿਕਤਾ ਪੈਦਾ ਹੋਣ ਦਾ ਕਾਰਨ ਮੁੱਖ ਤੌਰ ’ਤੇ ਇਹ ਰਿਹਾ ਕਿ ਸਾਇੰਸ ਅਤੇ ਤਕਨਾਲੋਜੀ ਦੇ ਵਿਕਾਸ ਸਮੇਂ ਪੰਜਾਬੀ ਅਤੇ ਹੋਰ ਖੇਤਰੀ ਭਾਸ਼ਾਵਾਂ ਵਿੱਚ ਅੰਗਰੇਜ਼ੀ ਭਾਸ਼ਾ ਵਾਂਗ ਸ਼ਬਦਾਂ ਦਾ ਸੰਗ੍ਰਹਿ ਹੋਂਦ ਵਿੱਚ ਨਹੀਂ ਆਇਆ। ਪੰਜਾਬੀ ਭਾਸ਼ਾ ਦੇ ਵਿਦਵਾਨਾਂ ਅਤੇ ਮਾਹਿਰਾਂ ਨੇ ਵੀ ਅਜਿਹੇ ਉਪਰਾਲੇ ਨਹੀਂ ਕੀਤੇ ਕਿ ਲੋੜੀਂਦੇ ਸ਼ਬਦ ਪੰਜਾਬੀ ਭਾਸ਼ਾ ਵਿੱਚ ਸ਼ਾਮਲ ਕੀਤੇ ਜਾਣ। ਸਿਰਫ਼ ਮੌਜੂਦਾ ਸ਼ਬਦਾਂ ਦੀ ਵਰਤੋਂ ਕਰਨ ਨੂੰ ਹੀ ਤਵੱਜੋਂ ਦਿੱਤੀ ਗਈ ਜੋ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਖੜੋਤ ਦਾ ਪ੍ਰਤੀਕ ਸੀ। ਇਸ ਦਾ ਨਤੀਜਾ ਅੱਜ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਇੱਕ ਪੰਜਾਬੀ ਘਰ ਵਿੱਚ ਮਾਪੇ ਅਤੇ ਦਾਦੇ ਵੀ ਬੱਚਿਆਂ ਨਾਲ ਪੰਜਾਬੀ ਤਾਂ ਦੂਰ ਦੀ ਗੱਲ ਸਗੋਂ ਆਪਣੀ ਬੋਲੀ ਛੱਡ ਕੇ ਘਿਸੇ ਪਿਟੇ ਰੂਪ ਵਿੱਚ ਉਨ੍ਹਾਂ ਦੀ ਬੋਲੀ ਬੋਲਣ ਦੀ ਕੋਸ਼ਿਸ਼ ਕਰ ਰਹੇ ਹਨ। ਅਜਿਹਾ ਹੀ ਵਰਤਾਰਾ ਸਰਕਾਰੀ ਦਫ਼ਤਰਾਂ ਵਿੱਚ ਵੀ ਅੱਜਕੱਲ੍ਹ ਆਮ ਵੇਖਣ ਵਿੱਚ ਆ ਰਿਹਾ ਹੈ। ਜ਼ਿਆਦਾਤਰ ਉੱਚ ਅਧਿਕਾਰੀ ਖ਼ਾਸਕਰ ਆਈ.ਏ.ਐੱਸ., ਆਈ.ਐਫ.ਐੱਸ. ਅਤੇ ਆਈ.ਪੀ.ਐੱਸ. ਦੂਜੇ ਰਾਜਾਂ ਤੋਂ ਹੋਣ ਕਾਰਨ ਪੰਜਾਬੀ ਤੋਂ ਚੰਗੀ ਤਰ੍ਹਾਂ ਜਾਣੂੰ ਨਹੀਂ ਹੁੰਦੇ। ਭਾਵੇਂ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਤਾਇਨਾਤ ਹੋਣ ਲਈ ਪੰਜਾਬੀ ਦਾ ਪਰਚਾ ਪਾਸ ਕਰਨਾ ਪੈਂਦਾ ਹੈ ਪਰ ਉਨ੍ਹਾਂ ਦੀ ਪੰਜਾਬੀ ’ਚ ਮੁਹਾਰਤ ਮੁੱਢਲੇ ਪੱਧਰ ਤੱਕ ਹੀ ਸੀਮਿਤ ਹੁੰਦੀ ਹੈ।
ਪੰਜਾਬੀ ਦਾ ਸਬੰਧ ਕੇਵਲ ਭਾਸ਼ਾ ਤੱਕ ਸੀਮਿਤ ਨਹੀਂ ਹੈ। ਇੱਕ ਮਾਮੂਲੀ ਪਰਚਾ ਪਾਸ ਕਰਕੇ ਇਹ ਮੰਨਣਾ ਵਾਜਬ ਨਹੀਂ ਕਿ ਉਸ ਨਾਲ ਕਿਸੇ ਵਿਸ਼ੇਸ਼ ਨੂੰ ਪੰਜਾਬੀ ਦਾ ਗਿਆਨ ਪ੍ਰਾਪਤ ਹੋ ਗਿਆ। ਇਸ ਦਾ ਸਿੱਧਾ ਅਸਰ ਉਨ੍ਹਾਂ ਦੇ ਅਧੀਨ ਤਾਇਨਾਤ ਪੰਜਾਬੀ ਅਮਲੇ ’ਤੇ ਪੈਂਦਾ ਨਜ਼ਰ ਆ ਰਿਹਾ ਹੈ। ਬੇਸ਼ੱਕ ਪੰਜਾਬੀ ਨੂੰ ਲਾਜ਼ਮੀ ਤੌਰ ’ਤੇ ਸਰਕਾਰੀ ਦਫ਼ਤਰੀ ਭਾਸ਼ਾ ਦਾ ਦਰਜਾ ਪ੍ਰਾਪਤ ਹੈ ਪਰ ਉਹ ਸਿਰਫ਼ ਲਿਖਤੀ ਤੌਰ ’ਤੇ ਹੈ, ਉੱਚ ਅਧਿਕਾਰੀ ਨਾਲ ਬੋਲਣ ਵੇਲੇ ਇਸ ਦਾ ਖ਼ਿਆਲ ਨਹੀਂ ਰੱਖਿਆ ਜਾਂਦਾ। ਭਾਵੇਂ ਅਧੀਨ ਪੰਜਾਬੀ ਅਮਲੇ ਨੂੰ ਸਾਹਮਣੇ ਵਾਲੇ ਦੀ ਭਾਸ਼ਾ ਨਾ ਆਉਂਦੀ ਹੋਵੇ, ਫਿਰ ਵੀ ਪੰਜਾਬੀ ਬੋਲੀ ਛੱਡ ਕੇ ਟੁੱਟੀ ਭੱਜੀ ਅੰਗਰੇਜ਼ੀ ਜਾਂ ਹਿੰਦੀ ਦਾ ਸਹਾਰਾ ਲੈਂਦੇ ਨਜ਼ਰ ਆਉਂਦੇ ਹਨ। ਇਸ ਨੂੰ ਗ਼ੁਲਾਮ ਮਾਨਸਿਕਤਾ ਕਹਿਣਾ ਵਾਜਬ ਹੋਵੇਗਾ। ਸਾਹਮਣੇ ਖੜ੍ਹੇ ਗ਼ੈਰ-ਪੰਜਾਬੀ ਲਈ ਸਪਸ਼ਟ ਤੌਰ ’ਤੇ ਇਹ ਇੱਕ ਇਸ਼ਾਰਾ ਹੈ ਕਿ ਮੈਂ ਆਪਣੀ ਹੋਂਦ ਭੁੱਲਣ ਲਈ ਤਿਆਰ ਹਾਂ। ਇਸੇ ਤਰ੍ਹਾਂ ਪੰਜਾਬੀ ਦੀ ਲਿੱਪੀ ਗੁਰਮੁਖੀ ਨਾ ਪੜ੍ਹਨੀ ਆਉਣ ਦਾ ਇੱਕ ਨਮੂਨਾ ਪੰਜਾਬੀ ਪਰਿਵਾਰਾਂ ਤੋਂ ਉਦੋਂ ਸਾਹਮਣੇ ਆਉਂਦਾ ਹੈ ਜਦੋਂ ਇਨ੍ਹਾਂ ਪਰਿਵਾਰਾਂ ਦੇ ਜਾਏ ਧਾਰਮਿਕ ਗ੍ਰੰਥ ਪੜ੍ਹਣ ਤੋਂ ਅਸਮਰੱਥ ਹੁੰਦੇ ਹਨ। ਜੇਕਰ ਪੰਜਾਬੀ ਖੇਤਰ ਵਿੱਚ ਵੀ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਅਜਿਹੇ ਰੁਝਾਨ ਪੰਜਾਬੀ ਧਰਤੀ ਤੋਂ ਆਉਣੇ ਵੀ ਸੁਭਾਵਿਕ ਹਨ। ਅੱਜ ਪੂਰੇ ਵਿਸ਼ਵ ਵਿੱਚ ਸਵਾ ਗਿਆਰਾਂ ਕਰੋੜ ਤੋਂ ਵੀ ਵੱਧ ਲੋਕਾਂ ਦੀ ਬੋਲੀ ਪੰਜਾਬੀ ਹੈ ਅਤੇ ਇਹ ਵਿਸ਼ਵ ਵਿੱਚ ਦਸਵੀਂ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਬੋਲੀ ਹੈ ਜੋ ਕਿ ਹਰੇਕ ਪੰਜਾਬੀ ਲਈ ਮਾਣ ਵਾਲੀ ਗੱਲ ਹੈ। ਫਿਰ ਵੀ ਜੇਕਰ ਮੌਜੂਦਾ ਤਿੰਨ ਪੀੜ੍ਹੀਆਂ ਪੰਜਾਬੀ ਭਾਸ਼ਾ ਨੂੰ ਅੱਖੋਂ ਪਰੋਖੇ ਕਰਦੀਆਂ ਰਹੀਆਂ ਤਾਂ ਪੰਜਾਬੀ ਦੀ ਹੋਂਦ ਸੱਚਮੁੱਚ ਲੋਕ ਭੁੱਲ ਜਾਣਗੇ। ਘਰਾਂ ਵਿੱਚ ਪੰਜਾਬੀ ਬੋਲਣ ਨਾਲ ਕੋਈ ਵਿਕਾਸ ਨੂੰ ਘਾਟਾ ਨਹੀਂ ਪੈਣ ਵਾਲਾ ਸਗੋਂ ਮਗਰਲੀਆਂ ਦੋ ਪੀੜ੍ਹੀਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਜਾਇਆਂ ਨੂੰ ਉਨ੍ਹਾਂ ਦੀ ਹੋਂਦ ਬਾਰੇ ਜਾਣੂੰ ਕਰਵਾਉਣ ਕਿਉਂਕਿ ਮਸਨੂਈ ਬੁੱਧੀ ਦੇ ਦੌਰ ਵਿੱਚ ਅਜਿਹਾ ਹੋਰ ਕਿਸੇ ਨੇ ਨਹੀਂ ਦੱਸਣਾ ਅਤੇ ਆਉਂਦੇ ਯੁੱਗ ਵਿੱਚ ਇਹ ਬੱਚੇ ਮਸ਼ੀਨਾਂ ਬਣ ਕੇ ਰਹਿ ਜਾਣਗੇ ਅਤੇ ਪੰਜਾਬੀ ਕੇਵਲ ਇੱਕ ਭਾਸ਼ਾ। ਇਸੇ ਤਰ੍ਹਾਂ ਸਰਕਾਰੀ ਜਾਂ ਹੋਰ ਦਫ਼ਤਰਾਂ ਵਿੱਚ ਕੰਮ ਕਰਦੇ ਅਮਲੇ ਨੂੰ ਆਪਣੀ ਹੋਂਦ ਕਾਇਮ ਰੱਖ ਕੇ ਅਦਬ ਸਲੀਕੇ ਨਾਲ ਪੇਸ਼ ਆਉਣ ਦਾ ਫ਼ਰਜ਼ ਨਿਭਾਉਣਾ ਲਾਜ਼ਮੀ ਹੈ ਤਾਂ ਜੋ ਗ਼ੈਰ-ਪੰਜਾਬੀਆਂ ਦੇ ਗਿਆਨ ਵਿੱਚ ਇਜ਼ਾਫਾ ਹੋਵੇ ਅਤੇ ਪੰਜਾਬੀ ਦੇ ਵਿਕਾਸ ਲਈ ਹੋਰ ਰਸਤੇ ਖੁੱਲ੍ਹਣ ਦੀਆਂ ਸੰਭਾਵਨਾਵਾਂ ਪੈਦਾ ਹੋਣ।
ਸੰਪਰਕ: 98889-21290