For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਲੇਖਕ ਡਾ. ਗੁਰਦਿਆਲ ਸਿੰਘ ਰਾਏ ਦਾ ਸਨਮਾਨ

08:46 AM Aug 02, 2023 IST
ਪੰਜਾਬੀ ਲੇਖਕ ਡਾ  ਗੁਰਦਿਆਲ ਸਿੰਘ ਰਾਏ ਦਾ ਸਨਮਾਨ
Advertisement

ਰਵਿੰਦਰ ਸਿੰਘ ਸੋਢੀ

ਇੰਗਲੈਂਡ: ਪੰਜਾਬੀ ਕਵੀ, ਕਹਾਣੀਕਾਰ, ਨਬਿੰਧਕਾਰ, ਆਲੋਚਕ ਡਾ. ਗੁਰਦਿਆਲ ਸਿੰਘ ਰਾਏ ਨੂੰ ਸਿੱਖ ਐਜੂਕੇਸ਼ਨ ਕੌਂਸਲ ਯੂ. ਕੇ. ਵੱਲੋਂ ਲੈਸਟਰ ਵਿਖੇ ਕਰਵਾਈ ਗਈ ਤੀਸਰੀ ਪੰਜਾਬੀ ਕਾਨਫਰੰਸ ਵਿੱਚ ‘ਸਾਹਿਤ ਅਤੇ ਅਲੋਚਨਾ’ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਵਿਸ਼ੇਸ਼ ਸਨਮਾਨ ਦਿੱਤਾ ਗਿਆ।
ਉਸ ਦੀਆਂ ਰਚਨਾਵਾਂ ਭਾਰਤ ਅਤੇ ਵਿਦੇਸ਼ਾਂ ਦੇ ਨਾਮਵਰ ਪਰਚਿਆਂ, ਮੈਗਜ਼ੀਨਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦਆਂ ਹਨ। ਡਾ. ਗੁਰਦਿਆਲ ਸਿੰਘ ਰਾਏ ਨੂੰ ਬਚਪਨ ਤੋਂ ਹੀ ਡਾਇਰੀ ਲਿਖਣ ਦਾ ਸ਼ੌਕ ਪੈ ਗਿਆ, ਵਿਦਿਆਰਥੀ ਜੀਵਨ ਸਮੇਂ ਕਵਿਤਾ ਲਿਖਣ ਲੱਗਿਆ, ਪੜ੍ਹਨ ਦਾ ਸ਼ੌਕ ਸੀ, ਪਰ ਘਰੇਲੂ ਹਾਲਾਤ ਕਰਕੇ ਦਸਵੀਂ ਤੋਂ ਬਾਅਦ ਕਾਲਜ ਨਾ ਜਾ ਸਕਿਆ। ਇਸ ਲਈ ਪਹਿਲਾਂ ਗਿਆਨੀ ਕੀਤੀ, ਫੇਰ ਐੱਫ.ਏ. ਅਤੇ ਬੀ.ਏ. (ਅੰਗਰੇਜੀ/ਰਾਜਨੀਤੀ ਸਾਸ਼ਤਰ) ਕੀਤੀ ਅਤੇ ਕਈ ਪ੍ਰਾਈਵੇਟ ਸਕੂਲਾਂ ਵਿੱਚ ਅਧਿਆਪਕ ਰਿਹਾ। ‘ਪੱਤਣ’ ਨਾਂ ਦਾ ਸਾਹਿਤਕ ਮੈਗਜ਼ੀਨ ਸ਼ੁਰੂ ਕੀਤਾ, ਪਰ ਉਹ ਵੀ ਮਾਇਕ ਦੁਸ਼ਵਾਰੀਆਂ ਦੀ ਭੇਟ ਚੜ੍ਹ ਗਿਆ। ‘ਅਕਾਲੀ ਪਤ੍ਰਿਕਾ’ ਵਿੱਚ ਸਬ ਐਡੀਟਰ ਦੀ ਨੌਕਰੀ ਕੀਤੀ ਅਤੇ ਵਾਧੂ ਪੈਸੇ ਕਮਾਉਣ ਲਈ ਪਰੂਫ ਰੀਡਿੰਗ ਦਾ ਕੰਮ ਵੀ ਕੀਤਾ ਅਤੇ ਪੰਜਾਬੀ ਦੀ ਐੱਮ. ਏ. ਕੀਤੀ। ਅਖੀਰ ਚੰਗੇ ਭਵਿੱਖ ਦੀ ਆਸ ਲੈ ਕੇ 1963 ਵਿੱਚ ਇੰਗਲੈਂਡ ਦੀ ਉਡਾਰੀ ਮਾਰੀ।
ਇੰਗਲੈਂਡ ਪਹੁੰਚਣ ਤੋਂ ਪਹਿਲਾਂ ਜੋ ਸੁਪਨੇ ਲਏ ਸੀ, ਉਹ ਜਲਦੀ ਹੀ ਖੇਰੂੰ ਖੇਰੂੰ ਹੋਣ ਲੱਗੇ। ਗੋਰੇ ਰੰਗ ਵਾਲਿਆਂ ਦੇ ਮੁਲਕ ਵਿੱਚ ਕਾਲਖਾਂ ਹੀ ਹਿੱਸੇ ਆਈਆਂ। ਫੈਕਟਰੀਆਂ ਵਿੱਚ ਢੋਅ-ਢੁਆਈ ਦਾ ਭਾਰਾ ਕੰਮ ਨਾ ਹੋਇਆ। ਜਾਲੀ ਲਾ ਕੇ ਬੰਨ੍ਹੀ ਦਾੜ੍ਹੀ ਅਤੇ ਸਿਰ ’ਤੇ ਫਬ ਰਹੀ ਦਸਤਾਰ ਗੋਰਿਆਂ ਦੇ ਨੱਕ ਥੱਲੇ ਨਹੀਂ ਸੀ ਆਉਂਦੀ। ਦਿਲ ’ਤੇ ਪੱਥਰ ਰੱਖ ਕੇ ਸਿੱਖੀ ਸਰੂਪ ਤਿਆਗਣਾ ਪਿਆ। ਡਾਕੀਏ ਦਾ ਕੰਮ ਵੀ ਕੀਤਾ, ਲੰਡਨ ਯੂਨੀਵਰਸਿਟੀ ਤੋਂ ਤਿੰਨ ਸਾਲ ਦਾ ਐਜੂਕੇਸ਼ਨ ਦਾ ਡਿਪਲੋਮਾ ਕਰਕੇ ਅਧਿਆਪਕ ਦੇ ਤੌਰ ’ਤੇ ਵਿਚਰਨ ਲੱਗਿਆ ਅਤੇ ਇਸੇ ਖੇਤਰ ਵਿੱਚ ਮੁਹਾਰਤ ਹਾਸਲ ਕਰਨ ਲਈ ਕਈ ਹੋਰ ਡਿਪਲੋਮੇ ਵੀ ਕੀਤੇ। 2001 ਤੋਂ ਉਹ ‘ਲਿਖਾਰੀ ਨੈੱਟ’ ਸਾਹਿਤਕ ਵੈੱਬਸਾਈਟ ਰਾਹੀਂ ਪੰਜਾਬੀ ਸਾਹਿਤ ਦੇ ਪੁਰਾਣੇ ਅਤੇ ਨਵੇਂ ਲੇਖਕਾਂ ਨੂੰ ਪਾਠਕਾਂ ਨਾਲ ਜੋੜ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਿਹਾ ਹੈ। ਕਮਾਲ ਦੀ ਗੱਲ ਹੈ ਕਿ ਉਸ ਨੇ ਬਚਪਨ ਦੇ ਮੁੱਢਲੇ ਸਾਲਾਂ ਵਿੱਚ ਅਸਾਮੀ ਅਤੇ ਬੰਗਾਲੀ ਭਾਸ਼ਾਵਾਂ ਦੀ ਸਿੱਖਿਆ ਪ੍ਰਾਪਤ ਕੀਤੀ ਸੀ ਅਤੇ ਬਾਅਦ ਵਿੱਚ ਪੰਜਾਬੀ ਸਿੱਖੀ।
ਡਾ. ਗੁਰਦਿਆਲ ਸਿੰਘ ਰਾਏ ਅਸਾਮ ਵਿੱਚ ਪੈਦਾ ਹੋਇਆ ਅਤੇ ਜ਼ਿੰਦਗੀ ਦੇ ਪਹਿਲੇ ਕੁਝ ਸਾਲ ਉੱਥੇ ਬਿਤਾ ਕੇ ਪੰਜਾਬ ਆ ਗਿਆ ਅਤੇ 1963 ਵਿੱਚ ਇੰਗਲੈਂਡ ਪਹੁੰਚ ਗਿਆ, ਜਿੱਥੇ ਉਹ ਆਪਣੀ ਜੀਵਨ ਸਾਥਣ ਕਹਾਣੀਕਾਰ ਸੁਰਜੀਤ ਕਲਪਨਾ, ਦੋ ਬੇਟਿਆਂ ਅਤੇ ਇੱਕ ਬੇਟੀ ਨਾਲ ਬਰਮਿੰਘਮ ਰਹਿ ਰਿਹਾ ਹੈ। ਉਮਰ ਦੇ ਇਸ ਪੜਾਅ ’ਤੇ ਭਾਵੇਂ ਸਿਹਤ ਠੀਕ ਨਹੀਂ ਰਹਿੰਦੀ, ਪਰ ਆਪਣੀ ਸਮਰੱਥਾ ਤੋਂ ਵੀ ਵੱਧ ਕੰਮ ਕਰਦੇ ਹੋਏ ‘ਲਿਖਾਰੀ ਨੈੱਟ ਵੈੱਬਸਾਈਟ’ ਦੁਆਰਾ ਪੰਜਾਬੀ ਸਾਹਿਤ ਦੀ ਪ੍ਰਫੁੱਲਤਾ ਲਈ ਕਾਰਜਸ਼ੀਲ ਹੈ।
ਉਹ ਅਜੇ 18 ਸਾਲ ਦਾ ਹੀ ਸੀ ਕਿ ਉਸ ਦਾ ਪਲੇਠਾ ਕਾਵਿ ਸੰਗ੍ਰਿਹ ‘ਅੱਗ’ ਪ੍ਰਕਾਸ਼ਿਤ ਹੋਇਆ। ਪਹਿਲੀ ਪੁਸਤਕ ਨਾਲ ਹੀ ਉਸ ਨੇ ਸਾਹਿਤਕ ਹਲਕਿਆਂ ਵਿੱਚ ਆਪਣੀ ਥਾਂ ਬਣਾ ਲਈ। ਇਸ ਤੋਂ ਬਾਅਦ ‘ਮੋਏ ਪੱਤਰ’, ‘ਗੋਰਾ ਰੰਗ ਕਾਲੀ ਸੋਚ’ (ਦੋਵੇਂ ਕਹਾਣੀ ਸੰਗ੍ਰਹਿ), ‘ਲੇਖਕ ਦਾ ਚਿੰਤਨ’ (ਨਬਿੰਧ-ਆਲੋਚਨਾ), ‘ਗੁਆਚੇ ਪਲਾਂ ਦੀ ਤਲਾਸ਼’ (ਨਬਿੰਧ ਸੰਗ੍ਰਹਿ), ‘ਅੱਖੀਆਂ ਕੂੜ ਮਾਰਦੀਆਂ’ (ਸੰਪਾਦਨਾ ਉਰਦੂ ਕਹਾਣੀਆਂ) ਪ੍ਰਕਾਸ਼ਿਤ ਹੋਏ। ਉਸ ਨੇ ਅਨੁਵਾਦ ਦੇ ਖੇਤਰ ਵਿੱਚ ਵੀ ਜ਼ਿਕਰਯੋਗ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਸ ਦੀਆਂ ‘ਬਰਤਾਨਵੀ ਇਸਤਰੀ ਲੇਖਕਾਂ ਦੀਆਂ ਉਰਦੂ ਕਹਾਣੀਆਂ’ ਅਤੇ ‘ਬਰਤਾਨਵੀ ਪੰਜਾਬੀ ਕਲਮਾਂ’ (ਸਮੀਖਿਆ) ਪੁਸਤਕਾਂ ਛਪੀਆਂ।
ਪ੍ਰਸਿੱਧ ਪੰਜਾਬੀ ਵਿਦਵਾਨ ਨਿਰੰਜਣ ਸਿੰਘ ਨੂਰ ਅਨੁਸਾਰ, ‘‘ਰਾਏ ਦਾ ਮੁੱਖ ਉਦੇਸ਼ ਸੁਧਾਰਵਾਦੀ ਤੇ ਸਮਾਜ-ਉਸਾਰੀ ਹੈ।’’ ਪੰਜਾਬੀ ਦੇ ਪ੍ਰਬੁੱਧ ਕਹਾਣੀਕਾਰ ਗੁਰਮੇਲ ਮਰਾਹੜ ਦਾ ਵਿਚਾਰ ਸੀ ਕਿ ‘‘ਡਾਕਟਰ ਰਾਏ ਇੱਕ ਉਹ ਵਿਦਵਾਨ ਸਿਰਜਕ ਹੈ ਜਿਸ ਪਾਸ ਵਿਸ਼ਾਲ ਦ੍ਰਿਸ਼ਟੀ ਵੀ ਹੈ ਅਤੇ ਦ੍ਰਿਸ਼ਟੀਕੋਣ ਵੀ।’
ਉਸ ਦੀਆਂ ਸਾਹਿਤਕ ਪ੍ਰਾਪਤੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਕਈ ਸਾਹਿਤਕ ਸੰਸਥਾਵਾਂ ਵੱਲੋਂ ਉਸ ਨੂੰ ਸਮੇਂ ਸਮੇਂ ਸਨਮਾਨਿਤ ਕੀਤਾ ਜਾਂਦਾ ਰਿਹਾ ਹੈ। ਉਸ ਨੂੰ ਮਿਲੇ ਕੁਝ ਸਨਮਾਨਾਂ ਵਿੱਚੋਂ ਆਲ ਇੰਡੀਆ ਲਿਟਰੇਰੀ ਕੌਂਸਲ (ਸ਼ਿਮਲਾ), ਪੰਜਾਬੀ ਯੂਨੀਵਰਸਿਟੀ ਵੱਲੋਂ ਕਰਵਾਏ ਗਏ ‘ਵਿਸ਼ਵ ਅੰਤਰ ਰਾਸ਼ਟਰੀ ਸੈਮੀਨਾਰ ਸਮੇਂ ਵਿਦੇਸ਼ੀ ਪੰਜਾਬਿ ਸਾਹਿਤਕਾਰ ਵਜੋਂ, ਈਸਟ ਮਿਡਲੈਂਡਜ਼ ਆਰਟਸ ਕੌਂਸਲ (ਸਰਵਉੱਤਮ ਕਹਾਣੀ), ਪੰਜਾਬੀ ਰਾਇਟਰਜ਼ ਫੋਰਮ ਸਾਊਥੈਂਪਟਨ, ਪੰਜਾਬੀ ਕਵੀ ਦਰਬਾਰ ਵਾਲਥਮਸਟੋ, ਆਲਮੀ ਪੰਜਾਬੀ ਕਾਨਫਰੰਸ ਲੰਡਨ ਵੱਲੋਂ ਵਾਰਿਸ ਸ਼ਾਹ ਐਵਾਰਡ ਪ੍ਰਦਾਨ ਕੀਤਾ ਗਿਆ।
ਸੰਪਰਕ: 001-604-369-2371

Advertisement

Advertisement
Advertisement
Author Image

joginder kumar

View all posts

Advertisement