ਬੀ.ਸੀ. ਦੀ ਸੂਬਾਈ ਰੈਸਲਿੰਗ ਟੀਮ ਵਿੱਚ ਪੰਜਾਬੀ ਪਹਿਲਵਾਨਾਂ ਦੀ ਬੱਲੇ ਬੱਲੇ
ਹਰਦਮ ਮਾਨ
ਸਰੀ: ਬੀ.ਸੀ. ਸੂਬੇ ਦੇ 19 ਸਾਲ ਤੋਂ ਘੱਟ ਉਮਰ ਦੇ ਪਹਿਲਵਾਨਾਂ ਨੇ ਸੂਬਾਈ ਟੀਮ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਸੂਬਾਈ ਟੀਮ ਦੇ ਕੁੱਲ 24 ਪਹਿਲਵਾਨਾਂ ਵਿੱਚੋਂ 15 ਪਹਿਲਵਾਨ ਪੰਜਾਬੀ ਮੂਲ ਦੇ ਹਨ। ਇਹ ਸੂਬਾਈ ਟੀਮ 3 ਤੋਂ 5 ਜਨਵਰੀ 2025 ਤੱਕ ਕੈਲਗਰੀ (ਅਲਬਰਟਾ) ਵਿਖੇ ਹੋ ਰਹੇ ਅੰਡਰ-19 ‘ਡੀਨੋਸ ਕੱਪ ਐਂਡ ਕਲਾਸਿਕ ਰੈਸਲਿੰਗ ਟੂਰਨਾਮੈਂਟ’ ਵਿੱਚ ਭਾਗ ਲੈ ਰਹੀ ਹੈ।
ਸੂਬਾਈ ਟੀਮ ਲਈ ਚੁਣੇ ਗਏ ਇਨ੍ਹਾਂ 24 ਪਹਿਲਵਾਨਾਂ ਵਿੱਚ 12 ਲੜਕੇ ਅਤੇ 12 ਲੜਕੀਆਂ ਸ਼ਾਮਲ ਹਨ ਜਿਨ੍ਹਾਂ ਵਿੱਚੋਂ 7 ਲੜਕੀਆਂ ਅਤੇ 8 ਲੜਕੇ ਪੰਜਾਬੀ ਮੂਲ ਦੇ ਹਨ। ਇਹ ਸਾਰੇ ਪਹਿਲਵਾਨ ਸੂਬੇ ਦੇ 10 ਵੱਖ ਵੱਖ ਕਲੱਬਾਂ ਨਾਲ ਸਬੰਧਿਤ ਹਨ ਜਿਨ੍ਹਾਂ ਵਿੱਚ 6 ਪੰਜਾਬੀ ਕਲੱਬ ਸ਼ਾਮਲ ਹਨ।
ਪੰਜਾਬੀ ਪਹਿਲਵਾਨਾਂ ਦੀ ਝੰਡੀ ਗੱਡਣ ਵਾਲੇ ਪਹਿਲਵਾਨਾਂ ਵਿੱਚ ਇਰਾਬੀਰ ਸੂਚ, ਗੁਰਲੀਨ ਢਿੱਲੋਂ, ਤਰਨਪ੍ਰੀਤ ਢਿੱਲੋਂ, ਜੈਰੀਤ ਬਾਹੀ, ਖੁਸ਼ਲੀਨ ਝੱਲੀ, ਤਮਨ ਮੁੰਡੀ, ਅੰਬਿਕਾ ਸ਼ੇਰਾਵਤ, ਗੌਰਵ ਬਾਹੀ, ਕਰਨਜੋਤ ਢਿੱਲੋਂ, ਗੁਰਸ਼ੇਰ ਜੌਹਲ, ਰੀਲੇ ਝੂਟੀ, ਜੋਬਨਪ੍ਰੀਤ ਜੌਹਲ, ਹਰਜੋਤ ਸ਼ੇਰਗਿੱਲ, ਗੁਰਕਰਨ ਗਿੱਲ ਅਤੇ ਉਦੇਪ੍ਰਤਾਪ ਬਿਲਨ ਸ਼ਾਮਲ ਹਨ।
ਸੰਪਰਕ: 1 604 308 6663
ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ ਨੇ ਕਰਵਾਇਆ ਕਵੀ ਦਰਬਾਰ
ਸਰੀ: ਇੰਡੋ ਕੈਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਵੱਲੋਂ ਮਹੀਨਾਵਾਰ ਕਵੀ ਦਰਬਾਰ ਕਰਵਾਇਆ ਗਿਆ। ਇਸ ਦੀ ਪ੍ਰਧਾਨਗੀ ਸੈਂਟਰ ਦੇ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਕੀਤੀ।
ਇਸ ਕਵੀ ਦਰਬਾਰ ਵਿੱਚ ਰਣਜੀਤ ਸਿੰਘ ਨਿੱਝਰ, ਪਲਵਿੰਦਰ ਸਿੰਘ ਰੰਧਾਵਾ, ਪ੍ਰਿਤਪਾਲ ਸਿੰਘ ਗਿੱਲ, ਦਰਸ਼ਨ ਸਿੰਘ ਸੰਘਾ, ਸੁਰਜੀਤ ਸਿੰਘ ਮਾਧੋਪੁਰੀ, ਪਵਿੱਤਰ ਕੌਰ ਬਰਾੜ, ਇੰਦਰਜੀਤ ਕੌਰ ਸਿੱਧੂ, ਜਗਜੀਤ ਸਿੰਘ ਸੇਖੋਂ, ਗੁਰਮੀਤ ਸਿੰਘ ਕਾਲਕਟ, ਗੁਰਚਰਨ ਸਿੰਘ ਬਰਾੜ, ਮਨਜੀਤ ਸਿੰਘ ਮੱਲ੍ਹਾ, ਦਵਿੰਦਰ ਕੌਰ ਜੌਹਲ, ਮਲੂਕ ਚੰਦ ਕਲੇਰ, ਬੇਅੰਤ ਸਿੰਘ ਢਿੱਲੋਂ, ਗੁਰਦਰਸ਼ਨ ਸਿੰਘ ਤਤਲਾ, ਸਵਰਨ ਸਿੰਘ ਚਾਹਲ, ਦਰਸ਼ਨ ਸਿੰਘ ਅਟਵਾਲ, ਠਾਣਾ ਸਿੰਘ ਖੋਸਾ, ਦਵਿੰਦਰ ਕੌਰ ਬਛਰਾ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਖੂਬ ਰੰਗ ਬੰਨ੍ਹਿਆ।
ਕਵੀਆਂ ਨੇ ਇਸ ਦੌਰਾਨ ਨਵੇਂ ਵਰ੍ਹੇ ਦੀ ਆਮਦ ਅਤੇ ਜ਼ਿੰਦਗੀ ਦੇ ਵੱਖ ਵੱਖ ਰੰਗਾਂ ਨੂੰ ਬਿਆਨ ਕਰਦੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ। ਕਵੀਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਵੀ ਆਪਣੀਆਂ ਰਚਨਾਵਾਂ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਦਰਸਾਇਆ ਕਿ ਕਿਵੇਂ ਉਨ੍ਹਾਂ ਦੇ ਛੋਟੇ-ਛੋਟੇ ਬੱਚਿਆਂ ਨੇ ਵੀ ਆਪਣਾ ਧਰਮ ਨਹੀਂ ਛੱਡਿਆ ਬਲਕਿ ਧਰਮ ਦੇ ਲੇਖੇ ਆਪਣਾ ਜੀਵਨ ਹੀ ਕੁਰਬਾਨ ਕਰ ਦਿੱਤਾ। ਉਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਹਰ ਸਿੱਖ ਬੱਚੇ ਨੂੰ ਜਾਣੂ ਕਰਾਉਣ ਲਈ ਕਿਹਾ ਤਾਂ ਕਿ ਉਹ ਉਨ੍ਹਾਂ ਦੇ ਜੀਵਨ ਤੋਂ ਅਗਵਾਈ ਲੈ ਸਕਣ।
ਕਵੀ ਦਰਬਾਰ ਦਾ ਸੰਚਾਲਨ ਹਰਚੰਦ ਸਿੰਘ ਗਿੱਲ ਨੇ ਬਾਖ਼ੂਬੀ ਕੀਤਾ। ਅੰਤ ਵਿੱਚ ਪ੍ਰਧਾਨ ਹਰਪਾਲ ਸਿੰਘ ਬਰਾੜ ਨੇ ਸਾਰੇ ਕਵੀਆਂ, ਸਰੋਤਿਆਂ ਅਤੇ ਵਿਸ਼ੇਸ਼ ਤੌਰ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਰੇ ਅਹੁਦੇਦਾਰਾਂ ਦਾ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਭਵਿੱਖ ਵਿੱਚ ਵੀ ਸਭਨਾਂ ਦਾ ਸਹਿਯੋਗ ਇਸੇ ਤਰ੍ਹਾਂ ਮਿਲਦਾ ਰਹੇਗਾ ਅਤੇ ਉਹ ਪੰਜਾਬੀ ਮਾਂ ਬੋਲੀ ਦੀ ਸੇਵਾ ਇਸ ਤਰ੍ਹਾਂ ਹੀ ਕਰਦੇ ਰਹਿਣਗੇ। ਇਸ ਮੌਕੇ ਕੁਲਦੀਪ ਸਿੰਘ ਮਸਰਾ ਨੇ ਵੀ ਆਪਣੀਆਂ ਉਚੇਚੀਆਂ ਸੇਵਾਵਾਂ ਨਾਲ ਹਾਜ਼ਰੀ ਲਗਵਾਈ।