ਵਾਈਪਰਾਂ ਨਾਲ ਡਾਲਰ ਹੁੂੰਝਦੇ ਪੰਜਾਬੀ
ਕੁਲਵੰਤ ਸਿੰਘ ਔਜਲਾ
ਸਾਡੇ ਮਾਪਿਆਂ ਦਾ ਯੁੱਗ ਸਾਊ, ਸਾਦਾ, ਸੁਪਨਸਾਜ਼ ਤੇ ਸਿਰੜੀ ਮਨੁੱਖਾਂ ਦਾ ਯੁੱਗ ਸੀ। ਸਾਡੇ ਮਾਪੇ ਕਿਰਸਾਂ ਕਰ ਕਰਕੇ ਗ਼ਰਜ਼ਾਂ ਪੂਰੀਆਂ ਕਰਦੇ ਰਹੇ ਅਤੇ ਤੀਲ੍ਹਾ ਤੀਲ੍ਹਾ ਜੋੜ ਕੇ ਆਲ੍ਹਣੇ ਬਣਾਉਂਦੇ ਰਹੇ। ਇਹ ਮਹਾਂਕਾਵਿਕ ਸਾਧਨਾ ਤੇ ਸੰਘਰਸ਼ ਦਾ ਜ਼ਮਾਨਾ ਸੀ। ਬੇਅੰਤ ਤੰਗੀਆਂ ਤੁਰਸ਼ੀਆਂ ਸਨ, ਪਰ ਅਲਾਮਤਾਂ ਥੋੜ੍ਹੀਆਂ ਸਨ। ਵਿਰਲਾ ਵਿਰਲਾ ਵੈਲੀ ਸੀ, ਵਿਰਲਾ ਵਿਰਲਾ ਨਸ਼ਈ ਸੀ ਤੇ ਕੋਈ ਕੋਈ ਬੇਈਮਾਨ ਸੀ। ਯੁੱਗ ਦੇ ਲੋਕਾਂ ਦਾ ਮੁਹਾਂਦਰਾ ਮੌਲਿਕ, ਮੋਹਖੋਰੇ ਤੇ ਮਾਨਵੀ ਸੁਭਾਅ ਵਾਲਾ ਸੀ। ਕਠੋਰ, ਕਾਵਿਕ ਤੇ ਕਰਮਸ਼ੀਲ ਇਸ ਯੁੱਗ ਨੇ ਸਦੀਵੀ ਮੁੱਲਾਂ ਵਾਲੀ ਤਹਿਰੀਕ ਸਿਰਜੀ। ਸੂਫ਼ੀ, ਜੋਗੀ, ਸਾਧੂ, ਸੰਤ, ਲੇਖਕ ਤੇ ਫ਼ਕੀਰ ਸੁਭਾਅ ਵਾਲੇ ਲੋਕ ਇਸ ਜ਼ਰਖੇਜ਼ ਯੁੱਗ ਦੀ ਇਤਿਹਾਸਕ ਪੈਦਾਇਸ਼ ਹਨ। ਇਹ ਲੋਕ ਤਹਿਰੀਕਾਂ ਤੇ ਤਕਦੀਰਾਂ ਦੇ ਘਾੜੇ ਸਨ। ਇਹ ਲੋਕ ਸੁਪਨਿਆਂ ਦੇ ਸਿਰਜਣਹਾਰੇ ਸਨ। ਮੈਨੂੰ ਤੇ ਮੇਰੇ ਜਿਹੇ ਅਨੇਕਾਂ ਲੋਕਾਂ ਨੂੰ ਅਜਿਹੇ ਸੰਘਰਸ਼ ਪੂਰਵਕ ਤੇ ਸਖ਼ਤ ਯੁੱਗ ਦੀ ਉਪਜ ਹੋਣ ਦਾ ਮਾਣ ਹੈ। ਮੇਰੀ ਕਵਿਤਾ ਵਿੱਚ ਅਜਿਹੇ ਸਦ-ਸ਼ੁਕਰ ਅਹਿਸਾਸ ਬਾਰ-ਬਾਰ ਆਉਂਦੇ ਹਨ:
ਮੈਂ ਉਨ੍ਹਾਂ ਹਲ਼ ਵਾਹਕਾਂ ਦੀ ਕਠੋਰ ਤੇ ਕਾਵਿਕ ਉਪਜ ਹਾਂ
ਜਿਨ੍ਹਾਂ ਪੂਰੀ ਉਮਰ ਨਿੱਕੀਆਂ ਨਿੱਕੀਆਂ ਗ਼ਰਜ਼ਾਂ ਦੇ ਵੱਡੇ ਜੋਗ ਕਮਾਏ।
ਅਜੋਕਾ ਯੁੱਗ ਅਜਿਹਾ ਨਹੀਂ ਹੈ। ਇਹ ਮਿਲਾਵਟਾਂ, ਮਸ਼ਹੂਰੀਆਂ, ਮੰਡੀਆਂ ਤੇ ਮਹਾਮਾਰੀਆਂ ਦਾ ਯੁੱਗ ਹੈ। ਬਹੁਤ ਕੁਝ ਹੁੰਦਿਆਂ ਵੀ ਨਿੱਕੇ ਨਿੱਕੇ ਤਰਲਿਆਂ ਲਈ ਰੋਈ ਜਾਣ ਵਾਲਾ ਯੁੱਗ। ਹਰ ਬੰਦੇ ਦੇ ਮਸਤਕ ਵਿੱਚ ਮੰਡੀ ਦਾ ਮੰਤਰ ਹੈ। ਹਰ ਬੰਦੇ ਦੇ ਮਨ ਵਿੱਚ ਡਿਜੀਟਲ ਸ਼ਨਾਖ਼ਤ ਦਾ ਸ਼ੈਦਾਅ ਹੈ। ਅਜੋਕਾ ਬੰਦਾ ਦੀਨ, ਧਰਮ ਤੇ ਈਮਾਨ ਲਈ ਬੰਦ-ਬੰਦ ਕਟਵਾਉਣ ਤੋਂ ਡਰਦਾ ਹੈ, ਪਰ ਕਾਰਪੋਰੇਟ ਕਰਤੂਤਾਂ ਤੇ ਕਰਮਾਤਾਂ ਲਈ ਜਿਸਮ ਤੇ ਜ਼ਮੀਰ ਅਰਪਿਤ ਕਰਨ ਲਈ ਖ਼ੂਬ ਤੜਪਦਾ ਤੇ ਤਰਸਦਾ ਰਹਿੰਦਾ ਹੈ। ਇਹ ਸਜੀਵ, ਸੁਰੀਲੇ ਤੇ ਸਿਹਤਮੰਦ ਸੁਪਨਿਆਂ ਦਾ ਵਕਤ ਨਹੀਂ। ਅੰਬਾਨੀ ਤੇ ਅਡਾਨੀ ਬਣਨ ਦੇ ਵਣਜ ਨੇ ਮਨ, ਮਸਤਕ ਮੁਹਾਵਰੇ ਤੇ ਮੁਹਾਂਦਰੇ ਬੁਰੀ ਤਰ੍ਹਾਂ ਝੁਲਸ ਦਿੱਤੇ ਹਨ। ਸੁਧਾਰ ਦੀ ਗੁੰਜਾਇਸ਼ ਹੀ ਨਹੀਂ ਬਚੀ। ਆਪਣੀ ਆਪਣੀ ਸਿਆਸਤ ਅਨਕੂਲ ਬਹੁਤ ਸਾਰੇ ਲੋਕ ਸੁਧਾਰ ਲਈ ਸ਼ੋਰ ਸਿਰਜ ਰਹੇ ਹਨ। ਸਿਰਜਣਾ ਵੀ ਚਾਹੀਦਾ। ਸ਼ਾਇਦ ਕੁਝ ਵਾਪਰ ਜਾਵੇ। ਜ਼ਿਲ੍ਹੇ ਦੇ ਪੁਲੀਸ ਮੁਖੀ ਨੂੰ ਕਿਸੇ ਫ਼ਿਕਰਮੰਦ ਨੇ ਪ੍ਰਸ਼ਨ ਕੀਤਾ। ਕੀ ਕੋਈ ਸੁਧਾਰ ਆਏਗਾ? ਕਹਿੰਦਾ ਨਹੀਂ। ਸਾਰਾ ਜਿਸਮ ਹੀ ਬਿਮਾਰ ਹੋ ਗਿਆ ਹੈ। ਕਿਹੜੇ ਕਿਹੜੇ ਅੰਗ ਦਾ ਆਪਰੇਸ਼ਨ ਕਰੋਗੇ? ਕਿਹੜੇ ਕਿਹੜੇ ਜ਼ਖ਼ਮ ’ਤੇ ਮੱਲ੍ਹਮ ਲਾਵੋਗੇ? ਸਟੇਟ ਦੀਆਂ ਕਾਰਪੋਰੇਟ ਚਲਾਕੀਆਂ ਤੇ ਚਾਲਾਂ ਨੇ ਅਜੋਕੇ ਬੰਦੇ ਨੂੰ ਸ਼ੁਹਰਤ, ਸਿਆਸਤ, ਸਜਾਵਟ ਤੇ ਸਵੈ ਦੀਆਂ ਨੀਹਾਂ ਵਿੱਚ ਚਿਣ ਦਿੱਤਾ ਹੈ। ਹਰ ਕੋਈ ਆਪਣੇ ਦ੍ਰਿਸ਼ਟੀਕੋਣ ਤੇ ਦਰਸ਼ਨ ਅਨੁਸਾਰ ਧੜਕਦਾ ਤੇ ਬੋਲਦਾ ਹੈ। ਦਿਲ ਵਿੱਚੋਂ ਬੋਲਣ ਵਾਲਿਆਂ ਦੀ ਜਮਾਤ ਖ਼ਤਮ ਹੋ ਗਈ ਹੈ। ਸਨਸਨੀਖੇਜ਼, ਸੁਆਦਲੇ ਤੇ ਸੌਦੇਬਾਜ਼ ਬਿਰਤਾਂਤ ਸਿਰਜਣ ਲਈ ਭਾਂਤ-ਭਾਂਤ ਦੀਆਂ ਦੁਕਾਨਦਾਰੀਆਂ ਚੱਲ ਰਹੀਆਂ ਹਨ। ਵਕਤ ਦੇ ਅਨੁਕੂਲ ਢਲ ਢਲ ਕੇ ਰੀੜ੍ਹ ਦੀਆਂ ਹੱਡੀਆਂ ਸਾਹ ਸਤਹੀਣ ਹੋ ਜਾਂਦੀਆਂ ਹਨ। ਸੰਭਾਵਨਾ ਨੂੰ ਬਚਾਉਣ ਲਈ ਸ਼ਬਦਾਂ ਨੂੰ ਤੇ ਆਵਾਜ਼ਾਂ ਨੂੰ ਸੁਚੇਤ ਹੋਣਾ ਚਾਹੀਦਾ।
ਵਕਤ ਨੂੰ ਬੋਲਣਾ ਤੇ ਧੜਕਣਾ ਸਿਖਾਉਂਦੇ ਨੇ ਅੱਖਰ
ਕਦੇ ਬਾਬਰਵਾਣੀ ਕਦੇ ਜ਼ਫ਼ਰਨਾਮਾ ਬਣ ਕੇ ਆਉਂਦੇ ਨੇ ਅੱਖਰ
ਪਰ ਕਰੇ ਤੇ ਕੀ ਕਰੇ ਬੰਦਾ? ਸ਼ਬਦ ਬੋਲਣ ਨਾਲੋਂ ਛਪਣ ਨੂੰ ਕਾਹਲੇ ਹੋ ਗਏ ਹਨ ਅਤੇ ਆਵਾਜ਼ਾਂ ਸਿਰਫ਼ ਤੇ ਸਿਰਫ਼ ਉਪਦੇਸ਼ਕ ਹੋ ਗਈਆਂ ਹਨ। ਅਜੋਕੇ ਮਨੁੱਖ ਲਈ ਸ਼ਬਦ ਨਾਲੋਂ ਟਰੈਕਟਰ, ਟਰਾਲੇ, ਟੈਂਕ ਤੇ ਟਾਇਰ ਵਧੇਰੇ ਮੁੱਲਵਾਨ ਹੋ ਗਏ ਹਨ। ਤਮਾਮ ਫ਼ਿਕਰਾਂ ਦੇ ਬਾਵਜੂਦ ਟੌਹਰ ਤੇ ਟੁਣਕਾਰ ਵਕਤ ਦੀ ਸਭ ਤੋਂ ਪਸੰਦੀਦਾ ਖ਼ੁਰਾਕ ਹੈ। ਟੌਹਰ ਤੇ ਟੁਣਕਾਰ ਦੇ ਜ਼ਸਨਮਈ ਬਿਰਤਾਂਤ ਸਿਰਜੇ ਜਾ ਰਹੇ ਹਨ। ਨਾਜਾਇਜ਼ ਕਮਾਏ ਪੈਸਿਆਂ ਨੇ ਅਜਿਹੀ ਦੇਹ ਵਰਧਕ ਸਿਰਜਣਾ ਨੂੰ ਵੱਡਾ ਹੁਲਾਰਾ ਦਿੱਤਾ ਹੈ। ਪਰਵਾਸ ਨੇ ਵੀ ਬਹੁਤ ਸਾਰੀਆਂ ਬੇਅਦਬ ਅਲਾਮਤਾਂ ਨੂੰ ਸਥਾਪਿਤ ਕਰਨ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ। ਉਨ੍ਹਾਂ ਦੇ ਪੈਸੇ ਪੰਜਾਬ ਵਿੱਚ ਆ ਕੇ ਕਈ ਗੁਣਾ ਹੋ ਜਾਂਦੇ ਹਨ। ਸਿੱਟੇ ਵਜੋਂ ਉਹ ਧੜਾਧੜ ਖ਼ਰਚ ਕਰਦੇ ਹਨ। ਉਨ੍ਹਾਂ ਦੀਆਂ ਫੈਲਸੂਫੀਆਂ ਦੇਖ-ਦੇਖ ਕੇ ਪੰਜਾਬ ਵਿਚਲਿਤ ਹੋ ਰਿਹਾ ਹੈ। ਪਰਵਾਸੀਆਂ ਦੀ ਵਕਤੀ ਟੌਹਰ ਦੇ ਚਮਤਕਾਰ ਨੇ ਪੰਜਾਬ ਨੂੰ ਉਖੇੜਨ ਦਾ ਕਾਰਜ ਕੀਤਾ ਹੈ। ਪੰਜਾਬ ਦਾ ਹੁਣ ਇੱਥੇ ਜੀਅ ਨਹੀਂ ਲੱਗਦਾ। ਪਰਵਾਸੀਆਂ ਦਾ ਖਾਣ-ਪੀਣ, ਰਹਿਣ-ਸਹਿਣ ਤੇ ਪਹਿਰਾਵਾ ਇੱਧਰ ਲਿਆਂ ਨੂੰ ਟੁੰਬਦਾ ਹੈ। ਜ਼ਮੀਨੀ ਹਕੀਕਤ ਕੁਝ ਵੀ ਹੋਵੇ। ਪਰਵਾਸੀਆਂ ਦੀ ਸ਼ਾਨੋ-ਸ਼ੌਕਤ ਤੇ ਸਜਾਵਟ ਨੇ ਪੰਜਾਬ ਨੂੰ ਉਧੇੜ ਦਿੱਤਾ ਹੈ। ਲਬਿਾਸ ਦੇ ਤੌਰ ’ਤੇ ਪੰਜਾਬੀ ਬਹੁਤ ਅਮੀਰ ਹੋ ਗਏ ਹਨ, ਪਰ ਲਬਿਾਸ ਹੀ ਸਭ ਕੁਝ ਨਹੀਂ ਹੁੰਦਾ। ਰੂਹਾਂ, ਰਮਜ਼ਾਂ, ਰਵਾਇਤਾਂ ਤੇ ਰਾਗਦਾਰੀਆਂ ਲਬਿਾਸ ਨਹੀਂ ਹੁੰਦੀਆਂ। ਕੁੜੀਆਂ ਦੇ ਨੰਗੇਜ਼ ਤੇ ਮੁੰਡਿਆਂ ਦੇ ਗੈਂਗਸਟਰੀ ਅੰਦਾਜ਼ ਨੇ ਪੰਜਾਬ ਦੇ ਫ਼ਲਸਫ਼ੇ ਤੇ ਫ਼ਕੀਰੀ ਦੀਆਂ ਮੁੱਲਵਾਨ ਰਵਾਇਤਾਂ ਨੂੰ ਨਿਗਲ ਲਿਆ ਹੈ। ਸਾਡੇ ਧਾਰਮਿਕ ਲਬਿਾਸ ਤੇ ਵਰਤ ਵਰਤਾਰੇ ਵਿੱਚੋਂ ਵੀ ਗੁਰੂਆਂ ਤੇ ਪੈਗੰਬਰਾਂ ਦੀ ਮਹਾਨ ਪਰੰਪਰਾਂ ਦੇ ਅੰਦਰੂਨੀ ਤੇ ਆਸਤਕ ਦੀਦਾਰ ਨਹੀਂ ਹੁੰਦੇ। ਅਸੀਂ ਧਰਮ, ਮਰਿਆਦਾ ਕਥਾ, ਬਿਰਤਾਂਤ ਤੇ ਨੈਤਿਕਤਾ ਨੂੰ ਆਪਣੇ ਅਨੁਕੂਲ ਢਾਲਣ ਤੇ ਘੜਨ ਦੇ ਆਦੀ ਹੋ ਗਏ ਹਾਂ। ਸਾਡੇ ਬੋਲਾਂ ਅਮਲਾਂ ਤੇ ਉਪਦੇਸ਼ਾਂ ਵਿੱਚੋਂ ਬਾਬਾ ਨਾਨਕ ਨਹੀਂ ਬੋਲਦਾ ਸਗੋਂ ਅਸੀਂ ਖ਼ੁਦ ਬੋਲਦੇ ਹਾਂ। ਅਜਿਹੇ ਵਿਗਾੜ ਭਾਵੁਕ ਤੇ ਮਾਨਸਿਕ ਰੋਗਾਂ ਨੂੰ ਜਨਮ ਦਿੰਦੇ ਹਨ ਅਤੇ ਸ਼ਨਾਖ਼ਤ ਦੇ ਖੇਰੂੰ-ਖੇਰੂੰ ਹੋਣ ਦੀ ਆਹਟ ਆਉਣ ਲੱਗਦੀ ਹੈ।
ਅਮਰੀਕਾ ਰਹਿੰਦੇ ਸਾਡੇ ਰਿਸ਼ਤੇਦਾਰ ਦੇ ਬੇਟੇ ਦਾ ਵਿਆਹ ਸੀ। ਸਾਨੂੰ ਦੋਵਾਂ ਜੀਆਂ ਨੂੰ ਸੱਦਾ ਪੱਤਰ ਆਇਆ। ਉਮਰ ਤੇ ਤਹਿਜ਼ੀਬ ਦੇ ਹਿਸਾਬ ਨਾਲ ਸਾਡੇ ਕੋਲੋਂ ਫਿਲਮੀ ਅੰਦਾਜ਼ ਵਿੱਚ ਹੋ ਰਹੇ ਅਜੋਕੇ ਵਿਆਹ ਹੁਣ ਦੇਖੇ ਨਹੀਂ ਜਾਂਦੇ। ਪਕਵਾਨਾਂ, ਪਹਿਰਾਵਿਆਂ, ਸਜਾਵਟਾਂ, ਗੱਡੀਆਂ ਤੇ ਨਖਰਿਆਂ ਦੇ ਜਸ਼ਨ ਰੂਹ ਅੰਦਰ ਨਹੀਂ ਉਤਰਦੇ। ਹਰ ਸਮਾਗਮ ਵਿੱਚ ਵੱਖਰਾ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਖਾਣ ਲਈ ਪਰੋਸੇ ਗਏ ਪਕਵਾਨਾਂ ਵਿੱਚੋਂ ਆਪਣੇ ਅਨੁਕੂਲ ਚੋਣ ਕਰਨੀ ਔਖੀ ਹੋ ਜਾਂਦੀ ਹੈ। ਜਸ਼ਨ ਦੀ ਵਿਕਸਿਤ ਹੋਈ ਉੱਤਰ ਆਧੁਨਿਕ ਸ਼ੈਲੀ ਸ਼ਬਦਾਵਲੀ ਤੇ ਤਹਿਜ਼ੀਬ ਸਿੱਖਣੀ ਸਾਡੇ ਵਰਗੇ ਸਾਦਾ ਲੋਕਾਂ ਲਈ ਔਖੀ ਹੋ ਗਈ ਹੈ। ਅਮਰੀਕਾ ਵਾਲੇ ਵਿਆਹ ਅਸੀਂ ਭਾਵੇਂ ਗਏ ਨਹੀਂ, ਪਰ ਉਸ ਸੈਵਨ ਸਟਾਰ ਵਿਆਹ ਦੀਆਂ ਵੀਡੀਓ’ਜ਼ ਸਾਡੇ ਕੋਲ ਆਈਆਂ। ਵਿਆਹ ਦਾ ਹਰ ਦ੍ਰਿਸ਼ ਸਵਰਗ ਦਾ ਭੁਲੇਖਾ ਪਾਉਂਦਾ ਹੈ। ਜਿਸ ਚੀਜ਼ ਨੇ ਮੈਨੂੰ ਬਹੁਤ ਜ਼ਿਆਦਾ ਹੈਰਾਨ ਕੀਤਾ ਉਹ ਸੀ ਜਸ਼ਨਾਂ ਵੇਲੇ ਸੁੱਟੇ ਜਾ ਰਹੇ ਡਾਲਰਾਂ ਦੇ ਢੇਰ ਦਾ ਫਿਲਮਾਂਕਣ ਅਤੇ ਉਸ ਢੇਰ ਨੂੰ ਵਾਈਪਰ ਨਾਲ ਇਕੱਠੇ ਕਰਨ ਦਾ ਸ਼ਾਨਾਮੱਤਾ ਅੰਦਾਜ਼। ਪੰਜਾਬੀਆਂ ਨੇ ਬਹੁਤ ਤਰੱਕੀ ਕੀਤੀ ਹੈ। ਪੰਜਾਬੀ ਪੂਰੀ ਦੁਨੀਆ ਵਿੱਚ ਫੈਲ ਗਏ ਹਨ। ਕੋਈ ਮੇਵਿਆਂ ਦਾ ਰਾਜਾ ਹੈ। ਕੋਈ ਸਮੋਸਿਆਂ ਦਾ ਬਾਦਸ਼ਾਹ ਹੈ। ਕੋਈ ਗੋਰਿਆਂ ਨੂੰ ਸਿੱਖ ਬਣਾ ਰਿਹਾ ਹੈ। ਪੰਜਾਬੀਆਂ ਕੋਲ ਹਜ਼ਾਰਾਂ ਏਕੜ ਖੇਤ ਹਨ। ਪੰਜਾਬੀਆਂ ਕੋਲ ਕਈ-ਕਈ ਟਰਾਲੇ ਹਨ। ਨਿਰਸੰਦੇਹ ਪੰਜਾਬੀ ਹੁਣ ਵਾਈਪਰਾਂ ਨਾਲ ਡਾਲਰ ਇਕੱਠੇ ਕਰਨਗੇ। ਅਸੀਂ ਆਪਣੇ ਬਾਪ ਨੂੰ ਤੰਗਲੀ ਨਾਲ ਕਣਕ ਦਾ ਨਾੜ ਜਾਂ ਤੂੜੀ ਇਕੱਠੀ ਕਰਦੇ ਵੇਖਿਆ ਹੈ। ਇਸ ਲਈ ਸਾਡੇ ਵਰਗੇ ਅਲਪ ਬੁੱਧੀ ਵਾਲੇ ਲੋਕਾਂ ਲਈ ਵਾਈਪਰਾਂ ਨਾਲ ਨੋਟ ਹੁੂੰਝਣਾ ਖ਼ਤਰਨਾਕ ਵਰਤਾਰਾ ਹੈ। ਅਜਿਹੇ ਖ਼ਤਰਨਾਕ ਵਰਤਾਰੇ ਇੱਧਰ ਵੀ ਹੋ ਰਹੇ ਹਨ। ਕਿੱਧਰ ਨੂੰ ਜਾ ਰਹੇ ਹਾਂ ਅਸੀਂ?
ਪੈਸੇ ਦੀ ਹਸਰਤ ਨੇ ਬੰਦੇ ਖਾ ਲਿਆ
ਵੇਂਹਦੇ-ਵੇਂਹਦੇ ਨਗਰ ਨੇ ਭਾਈ ਲਾਲੋ ਭੁਲਾ ਲਿਆ।
ਅਜੋਕੇ ਰੱਜਿਆਂ-ਪੁੱਜਿਆਂ ਦੀਆਂ ਕਹਾਣੀਆਂ ਮੁੱਕਣ ਵਾਲੀਆਂ ਨਹੀਂ। ਨਿਮਾਣਿਆਂ-ਨਿਤਾਣਿਆਂ ਨੂੰ ਤਾਂ ਧਰਮ, ਸਿਆਸਤ ਤੇ ਸੰਸਥਾਵਾਂ ਵੀ ਆਸਰਾ ਨਹੀਂ ਦਿੰਦੀਆਂ। ਬਾਬਿਆਂ ਦੀ ਅਰਦਾਸ ਰੂਟੀਨ ਵਰਕ ਬਣ ਕੇ ਰਹਿ ਗਈ ਹੈ। ਦੋ ਘਟਨਾਵਾਂ ਸੁਣਾ ਕੇ ਆਪਣੀ ਗੱਲ ਨਬਿੇੜਨੀ ਚਾਹੁੰਦਾ ਹਾਂ। ਇੱਕ ਘਟਨਾ ਮੈਨੂੰ ਮੇਰੇ 88 ਸਾਲਾ ਅਨਪੜ੍ਹ ਚਾਚੇ ਮੂਰਤੀ ਨੇ ਸੁਣਾਈ ਹੈ। ਜਿਸ ਦੀ ਕਰਮਯੋਗੀ ਤੇ ਕਾਵਿਕ ਸ਼ਖ਼ਸੀਅਤ ਨੂੰ ਮੈਂ ਆਪਣੀ ਕਾਵਿ-ਪੁਸਤਕ ‘ਜਾਗ ਪੰਜਾਬ ਤੂੰ ਜਾਗ’ ਸਮਰਪਿਤ ਕੀਤੀ ਹੈ। ਸਾਡੇ ਪਿੰਡ ਦੇ ਨਿਮਨ ਕਿਸਾਨ ਨੇ ਜ਼ਮੀਨ ਵੇਚ ਕੇ 35 ਲੱਖ ਰੁਪਏ ਇਕੱਠੇ ਕੀਤੇ ਅਤੇ ਆਪਣੇ ਇਕਲੌਤੇ ਪੁੱਤਰ ਨੂੰ ਕੈਨੇਡਾ ਭੇਜਣ ਲਈ ਏਜੰਟ ਨੂੰ ਦੇ ਦਿੱਤੇ। ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਨਾ ਹੋਇਆ ਅਤੇ ਇਕੱਠੇ ਕੀਤੇ ਰੁਪਏ ਵੀ ਮਰ ਗਏ। ਹੁਣ ਉਸ ਦਾ ਮੁੰਡਾ ਰੋਜ਼ ਨਸ਼ਾ ਕਰਕੇ ਸੁੱਤਾ ਰਹਿੰਦਾ ਹੈ। ਪੀੜਤ ਕਿਸਾਨ ਮੇਰੇ ਚਾਚੇ ਕੋਲ ਢਿੱਡ ਦਾ ਦਰਦ ਹੌਲਾ ਕਰਨ ਆਇਆ। ਚਾਚੇ ਨੇ ਆਪਣੀ ਸਮਝ ਮੁਤਾਬਕ ਉਸ ਨੂੰ ਹੌਸਲਾ ਦਿੱਤਾ ਅਤੇ ਮੈਨੂੰ ਇਹ ਦੁਖਾਂਤ ਪੂਰੇ ਦਰਦ ਵਿੱਚ ਭਿੱਜ ਕੇ ਸੁਣਾਇਆ। ਸਮਝ ਨਹੀਂ ਆਉਂਦਾ ਸ਼ਬਦਾਂ ਦੇ ਕਿਸ ਵਾਈਪਰ ਨਾਲ ਉਸ ਪੀੜਤ ਕਿਰਸਾਨ ਦਾ ਦਰਦ ਇਕੱਠਾ ਕਰਕੇ ਇਸ ਦਰਦ ਨੂੰ ਕੋਈ ਜ਼ੁਬਾਨ ਦੇਵਾ ਤਾਂ ਕਿ ਇਹ ਦਰਦ ਬੋਲੇ:
ਸਹਿਜੇ-ਸਹਿਜੇ ਜੀਰਨਾ ਤੇ ਜੀਰ ਜੀਰ ਕੇ ਮਹੀਨ ਕਰਨਾ
ਬਹੁਤ ਔਖਾ ਹੁੰਦਾ ਦੁੱਖਾਂ ਨੂੰ ਸੁਰਜ਼ਮੀਨ ਕਰਨਾ।
ਪੰਜਾਬੀਆਂ ਦਾ ਰੱਬ ਰਾਖਾ। ਇਹ ਜਦੋਂ ਰੱਜ ਜਾਂਦੇ ਨੇ ਤਾਂ ਇਹ ਆਫਰ ਜਾਂਦੇ ਨੇ। ਸਭ ਤੋਂ ਪਹਿਲਾਂ ਜੜ੍ਹਾਂ ਨੂੰ ਭੁੱਲਦੇ ਨੇ। ਪੰਜਾਬੀ ਲੋਕ ਉੱਤਰ ਆਧੁਨਿਕ ਰੈਸਟੋਰੈਂਟ ਸ਼ੈਲੀ ਦੇ ਸ਼ੌਕੀਨ ਤੇ ਸ਼ੈਦਾਈ ਹੋਣ ਨੂੰ ਫਿਰਦੇ ਨੇ। ਦਾਲ-ਫੁਲਕੇ ਵਾਲੀਆਂ ਗੱਲਾਂ ਸਿਰਫ਼ ਗੱਲਾਂ ਰਹਿ ਗਈਆਂ ਹਨ। ਇਹ ਲੋਕ ਘਰਾਂ ਨੂੰ ਰੈਸਟੋਰੈਂਟ ਬਣਾਉਣਾ ਚਾਹੁੰਦੇ ਹਨ। ਇਸੇ ਕਰਕੇ ਬਹੁਤੇ ਪਰਵਾਸੀ ਬੱਚੇ ਵਿਆਹ ਕਰਵਾਉਣ ਤੋਂ ਮੁਨਕਰ ਹੋ ਰਹੇ ਹਨ। ਨਿਊਯਾਰਕ ਰਹਿੰਦੇ ਸਾਡੇ ਰਿਸ਼ਤੇਦਾਰ ਦੇ ਡਾਕਟਰ ਬੇਟੇ ਦੀ ਦਾਦੀ ਆਪਣੇ ਪੋਤਰੇ ਦੇ ਵਿਆਹ ਦਾ ਵਿਰਲਾਪ ਕਰਦੀ-ਕਰਦੀ ਯਾਤਰਾ ਸੰਪੰਨ ਕਰ ਗਈ। ਹੁਣ ਉਸ ਦੇ ਵਿਆਹ ਦਾ ਲੰਬੀ ਕਹਾਣੀ ਵਰਗਾ ਕਾਰਡ ਆਇਆ ਹੈ। ਐਕਟਰਾਂ ਦੇ ਵਿਆਹਾਂ ਵਾਂਗੂ ਕਈ ਕਈ ਦਿਨ ਚੱਲਣ ਵਾਲੇ ਜਸ਼ਨਾਂ ਦਾ ਮਨਮੋਹਕ ਵਰਣਨ ਟੁੰਬਦਾ ਹੈ। ਇਸ ਪ੍ਰਕਾਰ ਦੇ ਮਹਿੰਗੇ ਤੇ ਮਕਬੂਲ ਵਿਆਹ ਅਜੋਕੇ ਯੁੱਗ ਦੀ ਫਿਲਮੀ ਜੀਵਨਸ਼ੈਲੀ ਦੇ ਪ੍ਰਮਾਣ ਤੇ ਪ੍ਰਤੀਕ ਹਨ। ਕਾਰਡ ਵਿੱਚ ਡਾਕਟਰ ਲਾੜੇ ਨੇ ਡਾਕਟਰ ਲਾੜੀ ਦੇ ਮੇਲ-ਮਿਲਾਪ ਦੀ ਫਿਲਮੀ ਕਥਾ ਚਸਕੇ ਲੈ ਲੈ ਬਿਆਨ ਕੀਤੀ ਹੈ। ਕਈ ਨਾਟਕੀ ਦ੍ਰਿਸ਼ਾਂ ਤੋਂ ਬਾਅਦ ਵਿਆਹ ਲਈ ਦੋਵਾਂ ਦੀ ਰਜ਼ਾਮੰਦੀ ਹੁੰਦੀ ਹੈ। ਜੇ ਤੁਸੀਂ ਮੈਨੂੰ ਥੋੜ੍ਹੀ ਜਿਹੀ ਖੁੱਲ੍ਹ ਦਿਓ ਤਾਂ ਕਹਾਂਗਾ ਕਿ ਜੱਟਾਂ ਦੇ ਮੁੰਡੇ ਦੀ ਗੈਰਜਾਤ ਦੀ ਕੁੜੀ ਨੂੰ ਫਸਾਉਣ ਦੀ ਕਥਾ ਕਿਸੇ ਰੁਮਾਂਟਿਕ ਫਿਲਮ ਦੇ ਨਾਟਕੀ ਅੰਦਾਜ਼ ਵਰਗੀ ਹੈ। ਫਿਲਮਸਤਾਨੀ ਦੁਨੀਆ ਦੇ ਅਜਿਹੇ ਜਸ਼ਨ ਤੇ ਜਲਵੇ ਪੰਜਾਬੀ ਬੰਦੇ ਦੀ ਵਿਰਾਸਤੀ ਸੋਚ ਤੇ ਸੰਵੇਦਨਾ ਨੂੰ ਚੂਸਣ ਲਈ ਕਾਹਲੇ ਹਨ। ਕਵੀ ਸੁਖਵਿੰਦਰ ਕੰਬੋਜ ਕਹਿੰਦਾ ਕਿ ਅਸੀਂ ਕਾਰਾਂ-ਕੋਠੀਆਂ ਵਾਲੇ ਦਿਹਾੜੀਦਾਰ ਹਾਂ। ਕਵੀਆਂ ਲੇਖਕਾਂ ਨੂੰ ਕੌਣ ਪੁੱਛਦਾ। ਵੱਡੇ-ਵੱਡੇ ਫਾਰਮਾਂ ਦੇ ਮਾਲਕਾਂ ਨੂੰ ਸ਼ਬਦਾਂ ਦੀ ਲੋੜ ਨਹੀਂ। ਜਾਇਦਾਦਾਂ ਨਾਲ ਭਰੇ ਹੋਏ ਢਿੱਡ ਸ਼ਬਦਾਂ ਨਾਲ ਨਹੀਂ ਭਰਦੇ।
ਵੱਡੇ-ਵੱਡੇ ਲੋਕਾਂ ਨੇ ਧਰਮ ਨੂੰ ਵਕਤ ਤੇ ਵਣਜ ਅਨੁਸਾਰ ਵਰਤਣਾ ਸਿੱਖ ਲਿਆ ਹੈ। ਕਮਿਊਨਿਟੀ ਵਿੱਚ ਸ਼ਨਾਖਤ ਵਧਾਉਣ ਲਈ ਧਰਮ ਦੇ ਨਾਮ ਉੱਤੇ ਚੈਰਿਟੀ ਕਰਨੀ ਪੁੰਨ ਨਹੀਂ ਵਪਾਰ ਹੈ। ਨਾਮ ਚਮਕਾਉਣ ਦਾ ਝੱਸ ਬੰਦੇ ਨੂੰ ਟਿਕਣ ਨਹੀਂ ਦਿੰਦਾ। ਇਸ ਕਾਰਜ ਲਈ ਅਖ਼ਬਾਰਾਂ, ਚੈਨਲਾਂ ਤੇ ਡਿਜ਼ੀਟਲ ਯੰਤਰਾਂ ਦਾ ਇਸਤੇਮਾਲ ਕਰਨਾ ਧਨੀ ਬੰਦਿਆਂ ਦੀ ਲੋੜ ਹੈ, ਪਰ ਇਹ ਸਾਰਿਆਂ ਦੀ ਹਕੀਕਤ ਨਹੀਂ। ਜੱਦੋ ਜਹਿਦ ਕਰ ਰਹੇ ਲੋਕ ਵੀ ਹੋਣਗੇ। ਦਿਹਾੜੀਆਂ ਨਾਲ ਪਿਸ ਰਹੀ ਲੋਕਾਈ ਵੀ ਹੋਏਗੀ। ਮੈਂ ਸਿਰਫ਼ ਪ੍ਰਚੱਲਿਤ ਹੋ ਰਹੇ ਕੁਝ ਭਾਰੂ ਵਰਤਾਿਰਆਂ ਦੀ ਨਬਜ਼ ਫੜੀ ਹੈ ਜਿਨ੍ਹਾਂ ਪ੍ਰਤੀ ਸਾਨੂੰ ਸੁਚੇਤ ਤੇ ਸੰਵੇਦਨਸ਼ੀਲ ਹੋਣ ਦੀ ਲੋੜ ਹੈ। ਅਜਿਹੇ ਦਹਿਸ਼ਤੀ ਵਰਤਾਰੇ ਪੂਰਾ ਜਹਾਜ਼ ਡੋਬ ਦੇਣਗੇ। ਕੌਮਾਂ, ਜਾਤਾਂ ਜਾਂ ਜੀਵਨਸ਼ੈਲੀਆਂ ਬਾਰੇ ਦਹਿਸ਼ਤੀ ਗੀਤ ਗਾਉਣ ਵਾਲਿਆਂ ਅਤੇ ਫਿਲਮਾਂ ਬਣਾਉਣ ਵਾਲਿਆਂ ਨੂੰ ਆਪਣੇ ਆਪਣੇ ਢਿੱਡ ਭਰੂ ਅੰਦਾਜ਼ ਨੂੰ ਛੱਡਣਾ ਪਵੇਗਾ। ਚੰਗੀਆਂ ਕਿਤਾਬਾਂ ਪੜ੍ਹਨ ਨਾਲ, ਚੰਗੇ ਗੀਤ ਸੁਣਨ ਨਾਲ, ਚੰਗੀਆਂ ਫਿਲਮਾਂ ਦੇਖਣ ਨਾਲ ਅਤੇ ਚੰਗੀ ਸੰਗਤ ਨਾਲ ਤਨ ਮਨ ਧੋਤਾ ਜਾਂਦਾ ਹੈ। ਜ਼ਿੰਦਗੀ ਨੂੰ ਮਾਣਨ, ਸਮਝਣ ਤੇ ਬਦਲਣ ਦੀ ਸੋਝੀ ਜਾਗਦੀ ਹੈ। ਹਾਲਾਤ ਕਿਵੇਂ ਦੇ ਵੀ ਹੋਣ ਜਿਊਣ ਦੇ ਖ਼ਾਬ ਮੁੱਕਣੇ ਨਹੀਂ ਚਾਹੀਦੇ। ਚੰਗੇ, ਖ਼ਾਬ ਬੀਜਦੇ ਰਹਿਣਾ ਚਾਹੀਦਾ ਹੈ।
ਫਿਰ ਵੀ ਜਿਊਣ ਦੇ ਖ਼ਾਬ ਬੀਜੀ ਜਾਈਏ।
ਐਸਾ ਬੀਜਣਾ ਬੇਸ਼ੱਕ ਮੁਹਾਲ ਹੋ ਗਿਆ।
ਸੰਪਰਕ : 84377-88856