ਬੀਏ, ਬੀਐੱਸਸੀ ਤੇ ਬੀਕਾਮ ’ਚ ਛੇ ਸਮੈਸਟਰਾਂ ਦੌਰਾਨ ਲਾਜ਼ਮੀ ਵਿਸ਼ਾ ਹੋਵੇਗੀ ਪੰਜਾਬੀ
ਖੇਤਰੀ ਪ੍ਰਤੀਨਿਧ
ਪਟਿਆਲਾ, 7 ਜੁਲਾਈ
ਪੰਜਾਬੀ ਯੂਨੀਵਰਸਿਟੀ ਦੀ ਅਕਾਦਮਿਕ ਕੌਂਸਲ ਦੀ ਮੀਟਿੰਗ ਦੌਰਾਨ ਅੱਜ ਕਈ ਪੰਜਾਬੀ ਹਿਤਾਇਸ਼ੀ ਫ਼ੈਸਲੇ ਲਏ ਗਏ। ਤਾਜ਼ਾ ਫ਼ੈਸਲੇ ਅਨੁਸਾਰ ਹੁਣ ਬੀ. ਏ, ਬੀਐੱਸਸੀ ਤੇ ਬੀਕਾਮ ਵਿੱਚ ਛੇ ਸਮੈਸਟਰਾਂ ਦੌਰਾਨ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਇਆ ਜਾਵੇਗਾ। ਜਿਸ ਮੁਤਾਬਿਕ ਬੀਬੀਏ ਤੇ ਬੀਸੀਏ ਦੇ ਦੋ ਸਮੈਸਟਰਾਂ ਵਿੱਚ ਵੀ ਪੰਜਾਬੀ ਨੂੰ ਲਾਜ਼ਮੀ ਤੇ ਅਗਲੇ ਦੋ ਸਮੈਸਟਰਾਂ ਵਿੱਚ ਵਿਸ਼ੇ ਨਾਲ਼ ਜੋੜ ਕੇ ਪੜ੍ਹਾਏ ਜਾਣ ਬਾਰੇ ਫ਼ੈਸਲਾ ਕੀਤਾ ਗਿਆ। ਕਾਨੂੰਨ ਵਿਸ਼ੇ ਵਿੱਚ ਪੰਜ ਸਾਲਾ ਕੋਰਸ ਦੌਰਾਨ ਹੁਣ ਪਹਿਲਾਂ ਤੋਂ ਵਧਾ ਕੇ ਤਿੰਨ ਸਮੈਸਟਰਾਂ ਵਿੱਚ ਪੰਜਾਬੀ ਲਾਜ਼ਮੀ ਵਿਸ਼ਾ ਹੋਵੇਗਾ। ਬੀ. ਫਾਰਮੇਸੀ ਦੌਰਾਨ ਪਹਿਲੇ ਸਮੈਸਟਰ ’ਚ ਲਾਜ਼ਮੀ ਪੰਜਾਬੀ ਤੇ ਦੂਜੇ ਸਮੈਸਟਰ ’ਚ ਪੰਜਾਬੀ ਕੰਪਿਊਟਿੰਗ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਦਾ ਫ਼ੈਸਲਾ ਵੀ ਕਾਇਮ ਰੱਖਿਆ ਗਿਆ।
ਇਸ ਮੌਕੇ ਬੋਲਦਿਆਂ ਸ਼ਾਇਰ ਸੁਰਜੀਤ ਪਾਤਰ ਨੇ ਕਿਹਾ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਉਭਾਰ ਨਾਲ ਇਸ ਗੱਲ ਦੀ ਉਮੀਦ ਬੱਝੀ ਹੈ ਕਿ ਆਉਣ ਵਾਲੇ ਦੌਰ ਵਿੱਚ ਮਸ਼ੀਨ ਅਨੁਵਾਦ ਹੋਰ ਵਧੇਰੇ ਸਮਰੱਥ ਹੋ ਜਾਵੇਗਾ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਤੀਨਿਧੀ ਪਵਨ ਹਰਚੰਦਪੁਰੀ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਅਜਿਹੇ ਉਪਰਾਲੇ ਦੀ ਸ਼ਲਾਘਾ ਕੀਤੀ। ਪੰਜਾਬ ਕਲਾ ਪਰਿਸ਼ਦ ਪ੍ਰਤੀਨਿਧੀ ਲਖਵਿੰਦਰ ਜੌਹਲ ਨੇ ਇਸ ਮਾਮਲੇ ਵਿੱਚ ਪੰਜਾਬੀ ਨੂੰ ਵਿਸ਼ੇ ਵਜੋਂ ਤਰਜ਼ੀਹ ਮਿਲਣ ’ਤੇ ਜ਼ੋਰ ਦਿੱਤਾ।
ਪ੍ਰਗਤੀਸ਼ੀਲ ਲੇਖਕ ਸੰਘ ਤੋਂ ਪ੍ਰੋ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਬਹੁ-ਭਾਸ਼ਾਈ ਮਾਧਿਅਮ ਹੋਣਾ ਚੰਗੀ ਗੱਲ ਹੈ ਪਰ ਇਸ ਸਬੰਧੀ ਪੰਜਾਬੀ ਨੂੰ ਮਾਤ-ਭਾਸ਼ਾ ਵਜੋਂ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ। ਪੰਜਾਬੀ ਵਿਭਾਗ ਤੋਂ ਮੁਖੀ ਡਾ. ਗੁਰਮੁਖ ਸਿੰਘ ਨੇ ਕਿਹਾ ਕਿ ਪ੍ਰੋਫੈਸ਼ਨਲ ਕੋਰਸਾਂ ਵਿੱਚ ਸੰਬੰਧਤ ਵਿਸ਼ਾ ਪੰਜਾਬੀ ਮਾਧਿਅਮ ਰਾਹੀਂ ਪੜ੍ਹਾਏ ਜਾਣਾ ਹੋਰ ਗੱਲ ਹੈ ਪਰ ਇਸ ਲਈ ਪੰਜਾਬੀ ਵਿਸ਼ੇ ਨੂੰ ਦਾਅ ਉੱਤੇ ਨਹੀਂ ਲਗਾਇਆ ਜਾ ਸਕਦਾ।
ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਕਿਹਾ ਕਿ ਪੰਜਾਬੀ ਦਾ ਵਿਕਾਸ ਹੋਰਨਾਂ ਵਿਸ਼ਿਆਂ ਨਾਲ ਜੋੜ ਕੇ ਹੀ ਬਿਹਤਰ ਤਰੀਕੇ ਨਾਲ ਹੋ ਸਕਦਾ ਹੈ।