ਪੰਜਾਬੀ ’ਵਰਸਿਟੀ ਕੈਂਪਸ ਤਲਵੰਡੀ ਸਾਬੋ ਵੱਲੋਂ ਨਵਾਂ ਕੋਰਸ ਸ਼ੁਰੂ
ਪਟਿਆਲਾ: ਬੀਟੈੱਕ ਇੰਜਨੀਅਰਿੰਗ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰੂ ਕਾਸ਼ੀ ਕੈਂਪਸ ਵਿੱਚ ਸਥਿਤ ਯਾਦਵਿੰਦਰਾ ਇੰਜਨੀਅਰਿੰਗ ਵਿਭਾਗ ਵੱਲੋਂ ਬੀਟੈੱਕ ਦਾ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਬੀਟੈੱਕ ਮਕੈਨੀਕਲ ਇੰਜਨੀਅਰਿੰਗ ਦੀ ਡਿਗਰੀ ਦੇ ਨਾਲ- ਨਾਲ ਬੀਟੈੱਕ ਮਾਈਨਰ ਇਨ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਦਾ ਮੌਕਾ ਵੀ ਦਿੱਤਾ ਜਾਵੇਗਾ। ਬੀਟੈੱਕ ਮਕੈਨੀਕਲ ਇੰਜਨੀਅਰਿੰਗ ਦੀ ਪਹਿਲੇ ਸਾਲ ਦੀ ਪੜ੍ਹਾਈ ਪੂਰੀ ਹੋਣ ’ਤੇ ਇਸ ਆਪਸ਼ਨਲ ਡਿਗਰੀ ਲਈ ਸਹਿਮਤੀ ਵਿਦਿਆਰਥੀਆਂ ਨੂੰ ਡਿਗਰੀ ਦੇ ਬਾਕੀ ਦੇ ਤਿੰਨ ਸਾਲਾਂ ਵਿੱਚ ਕੰਪਿਊਟਰ ਇੰਜਨੀਅਰਿੰਗ ਨਾਲ ਨਿਰਧਾਰਿਤ ਕੀਤੇ ਹੋਏ ਕੁਝ ਹੋਰ ਵਿਸ਼ੇ ਵੀ ਪੜ੍ਹਾਏ ਜਾਣਗੇ। ਇਹ ਆਪਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਕੋਰਸ ਪੂਰਾ ਹੋਣ ’ਤੇ ਬੀਟੈੱਕ ਮਕੈਨੀਕਲ ਇੰਜਨੀਅਰਿੰਗ ਦੀ ਡਿਗਰੀ ਦੇ ਨਾਲ ਬੀਟੈੱਕ ਮਾਈਨਰ ਡਿਗਰੀ ਇਨ ਕੰਪਿਊਟਰ ਸਾਇੰਸ ਅਤੇ ਇੰਜਨੀਅਰਿੰਗ ਪ੍ਰਦਾਨ ਕੀਤੀ ਜਾਵੇਗੀ। ’ਵਰਸਿਟੀ ਦੇ ਬੁਲਾਰੇ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਆਟੋਮੋਬਾਈਲ ਅਤੇ ਹੋਰ ਸਬੰਧਤ ਖੇਤਰਾਂ ਵਿੱਚ ਹੋਣ ਵਾਲੀ ਤਰੱਕੀ ਵਿੱਚ ਮਕੈਨੀਕਲ ਇੰਜਨੀਅਰਿੰਗ ਦੀ ਲੋੜ ਦੇ ਨਾਲ ਨਾਲ ਕੰਪਿਊਟਰ ਦੀ ਜਾਣਕਾਰੀ ਦੀ ਵੀ ਜ਼ਰੂਰਤ ਪੈਂਦੀ ਹੈ। ਕੋਰਸ ਪੂਰਾ ਹੋਣ ’ਤੇ ਵਿਦਿਆਰਥੀ ਇੰਜੀਨੀਅਰਿੰਗ ਦੀਆਂ ਦੋਨੋ ਹੀ ਸ਼੍ਰੇਣੀਆਂ (ਕੰਪਿਊਟਰ ਅਤੇ ਮਕੈਨੀਕਲ) ਨਾਲ ਸਬੰਧਤ ਨੌਕਰੀਆਂ ਲੈਣ ਲਈ ਕਾਬਲ ਹੋ ਜਾਣਗੇ। -ਖੇਤਰੀ ਪ੍ਰਤੀਨਿਧ