ਪੰਜਾਬੀ ਯੁਨੀਵਰਸਿਟੀ ਪਟਿਆਲਾ ਨੇ ਪੰਜਾਬੀ ਦੀ ਲਾਜ਼ਮੀ ਪੜ੍ਹਾਈ ਤੋਂ ਫਿਰ ਪਾਸਾ ਵੱਟਿਆ
ਪਰਸ਼ੋਤਮ ਬੱਲੀ
ਬਰਨਾਲਾ,30ਜੁਲਾਈ
ਲੋਕ ਮੰਚ ਪੰਜਾਬ ਦੇ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਉਚੇਰੀ ਸਿੱਖਿਆ ਦੇ ਮੁੱਖ ਸਕੱਤਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਕਮਲ ਕਿਸ਼ੋਰ ਯਾਦਵ ਨੂੰ ਇਕ ਭੇਜਿਆ ਹੈ, ਜਿਸ ਵਿਚ ਕੰਪਿਊਟਰ ਵਿਭਾਗ ਅਤੇ ਯੂਨੀਵਰਸਿਟੀ ਨਾਲ ਸੰਬੰਧਤ ਕੁਝ ਕਾਲਜਾਂ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਕਾਦਮਿਕ ਕੌਂਸਿਲ ਦੇ ਪੰਜਾਬੀ ਦੀ ਲਾਜ਼ਮੀ ਪੜ੍ਹਾਈ ਸੰਬੰਧੀ ਕੀਤੇ ਗਏ ਫ਼ੈਸਲਿਆਂ ਦੀ ਉਲੰਘਣਾ ਕੀਤੇ ਜਾਣ ਬਾਰੇ ਜਾਂਚ ਦੀ ਕਰਵਾਉਣ ਬਾਰੇ ਕਿਹਾ ਗਿਆ ਹੈ। ਉਨ੍ਹਾਂ ਇੱਕ ਪੱਤਰ ਡਾਇਰੈਕਟਰ , ਭਾਸ਼ਾ ਵਿਭਾਗ ਪੰਜਾਬ,ਪ੍ਰਧਾਨ, ਕੇਂਦਰੀ ਪੰਜਾਬੀ ਲੇਖਕ ਸਭਾ(ਰਜਿ),ਪ੍ਰਧਾਨ, ਕੇੰਦਰੀ ਪੰਜਾਬੀ ਲੇਖਕ ਸਭਾ (ਸੇਖੋ) ਨੂੰ ਵੀ ਭੇਜਿਆ ਹੈ।
ਇਥੇ ਇਹ ਵਰਨਣਯੋਗ ਹੈ ਕਿ ਪੰਜਾਬੀ ਭਾਸ਼ਾ ਦੇ ਨਾਮ ਉਤੇ ਬਣੀ ਇਸ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਕਰਵਾਏ ਜਾਣ ਲਈ ਪੰਜਾਬ ਦੇ ਲੋਕਾਂ ਨੂੰ ਵਾਰ ਵਾਰ ਸੰਘਰਸ਼ ਕਰਨਾ ਪੈਂਦਾ ਹੈ। ਬੀਸੀਏ ਦੇ ਛੇ ਸਮੈਸਟਰਾਂ ਵਿੱਚ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਏ ਜਾਣ ਬਾਰੇ ਪਿਛਲੇ ਵਰ੍ਹੇ ਇਹ ਫੈਸਲੇ ਕਰਾਉਣ ਲਈ ਵੀ ਲੰਮੀ ਲੜਾਈ ਲੜਣੀ ਪਈ ਸੀ, ਜਿਨ੍ਹਾਂ ਨੂੰ ਹੁਣ ਸਾਬੋਤਾਜ ਕੀਤਾ ਜਾ ਰਿਹਾ ਹੈ।