ਪੰਜਾਬੀ ਯੂਨੀਵਰਸਿਟੀ ਦੇ ਗੈਰ-ਅਧਿਆਪਨ ਕਰਮਚਾਰੀ ਸੰਘ ਦੀਆਂ ਚੋਣਾਂ ਦਾ ਐਲਾਨ
ਖੇਤਰੀ ਪ੍ਰਤੀਨਿਧ
ਪਟਿਆਲਾ, 6 ਫਰਵਰੀ
ਪੰਜਾਬੀ ਯੂਨੀਵਰਸਿਟੀ ਦੇ ਗੈਰ ਅਧਿਆਪਨ ਕਰਮਚਾਰੀ ਸੰਘ ਦੀਆਂ ਸਾਲਾਨਾ ਚੋਣਾਂ ਦਾ ਬਿਗੁਲ ਵੱਜ ਗਿਆ ਹੈ। ਮੌਜੂਦਾ ਕਾਰਜਕਾਲ ਪੂਰਾ ਹੋਣ ’ਤੇ ਕਰਮਚਾਰੀ ਸੰਘ ਵੱਲੋਂ ਅੱਜ ਸੰਘ ਦੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਦੀ ਅਗਵਾਈ ਹੇਠਾਂ ਜਨਰਲ ਹਾਊਸ ਦੀ ਮੀਟਿੰਗ ਕਰਕੇ ਸਾਲਾਨਾ ਚੋਣ ਦਾ ਐਲਾਨ ਕੀਤਾ ਗਿਆ। ਇਸ ਦੌਰਾਨ ਹੀ ਰਾਜ ਕੁਮਾਰ ਨੂੰ ਚੋਣ ਕਮਿਸ਼ਨਰ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤਰ੍ਹਾਂ ਅਗਲੇ ਦਿਨਾਂ ’ਚ ਕਰਮਚਾਰੀਆਂ ਸੰਘ ਦੀਆਂ ਚੋਣਾਂ ਕਰਵਾਉਣ ਲਈ ਤਰੀਕਾਂ ਦਾ ਐਲਾਨ ਕੀਤਾ ਜਾਵੇਗਾ। ਇਸੇ ਦੌਰਾਨ ਜਨਰਲ ਹਾਊਸ ਦੀ ਮੀਟਿੰਗ ਦੌਰਾਨ ਜਰਨਲ ਸਕੱਤਰ ਅਮਰਜੀਤ ਕੌਰ ਨੇ ਸੰਘ ਵੱਲੋਂ ਕੀਤੇ ਗਏ ਕਾਰਜਾਂ ਸਬੰਧੀ ਜਾਣਕਾਰੀ ਦਿੱਤੀ। ਵੱਖ ਵੱਖ ਸੰਗਠਨਾਂ ਦੇ ਮੁਲਾਜ਼ਮ ਆਗੂਆਂ ਨੇ ਵਿਚਾਰ ਪੇਸ਼ ਕੀਤੇ ਤੇ ਰਹਿੰਦੇ ਕੰਮਾਂ ਸਬੰਧੀ ਵੀ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਹੀ ਸੰਘ ਵਲੋਂ ਪੰਜਾਬੀ ਯੂਨੀਵਰਸਿਟੀ ਵਿੱਚ ਰੈਗੂਲਰ ਵੀਸੀ ਦੀ ਤਾਇਨਾਤੀ ਦੀ ਵੀ ਸਰਕਾਰ ਤੋਂ ਮੰਗ ਕੀਤੀ ਗਈ। ਆਪਣੇ ਸੰਬੋਧਨ ’ਚ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ ਦਾ ਕਹਿਣਾ ਸੀ ਕਿ ਕੱਚੇ ਕਰਮਚਾਰੀਆਂ ਨੂੰ ਪੱਕਾ ਕਰਵਾਉਣ ਦੀ ਤਰ੍ਹਾਂ ਹੀ ਕਰਮਚਾਰੀਆਂ ਦੇ ਰਹਿੰਦੇ ਕੰਮਾਂ ਦਾ ਹੱਲ ਵੀ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਰਾਜਿੰਦਰ ਸਿੰਘ ਬਾਗੜੀਆਂ, ਜਨਰਲ ਸਕੱਤਰ ਅਮਰਜੀਤ ਕੌਰ ਸਮੇਤ ਪ੍ਰਕਾਸ਼ ਧਾਲੀਵਾਲ, ਗੁਰਜੀਤ ਗੋਪਾਲਪੁਰੀ, ਗਗਨਦੀਪ ਸ਼ਰਮਾ, ਤੇਜਿੰਦਰ ਸਿੰਘ ਸੰਤ ਰਾਮ ਤਲਵੰਡੀ ਸਾਬੋ, ਗੁਰਪ੍ਰੀਤ ਸਿੰਘ ਜੌਨੀ, ਉਂਕਾਰ ਸਿੰਘ, ਗੁਰਪਿਆਰ ਸਿੰਘ ਤੇ ਸੰਦੀਪ ਆਦਿ ਨੇ ਵੀ ਸ਼ਿਰਕਤ ਕੀਤੀ।