ਕਾਲਜਾਂ ’ਚ ਬੇਨਿਯਮੀਆਂ ਵਿਰੁੱਧ ਸਖ਼ਤ ਹੋਈ ਪੰਜਾਬੀ ਯੂਨੀਵਰਸਿਟੀ
ਸੁਰਿੰਦਰ ਸਿੰਘ ਚੌਹਾਨ
ਦੇਵੀਗੜ੍ਹ, 29 ਜੂਨ
ਪੰਜਾਬੀ ਯੂਨੀਵਰਸਿਟੀ ਨੇ ਆਪਣੇ ਮਾਨਤਾ ਪ੍ਰਾਪਤ ਐਜੂਕੇਸ਼ਨਲ ਅਤੇ ਲਾਅ ਕਾਲਜਾਂ ਦੇ ਅੰਦਰ ਹੋ ਰਹੀਆਂ ਬੇਨਿਯਮੀਆਂ ਵਿਰੁੱਧ ਸਖਤ ਕਦਮ ਚੁੱਕੇ ਹਨ। ਕਾਲਜ ਵਿਕਾਸ ਕੌਂਸਲ ਦੇ ਡੀਨ ਡਾ. ਗੁਰਪ੍ਰੀਤ ਸਿੰਘ ਲਹਿਲ ਅਨੁਸਾਰ ਐੱਸਐੱਸ ਗਰਲਜ਼ ਕਾਲਜ ਫਾਰ ਐਜੂਕੇਸ਼ਨ ਭੀਖੀ ਵਿੱਚ ਪ੍ਰਵਾਨਿਤ ਫੈਕਲਟੀ ਨਾ ਹੋਣ ਅਤੇ ਹੋਰ ਬੇਨਿਯਮੀਆਂ ਕਾਰਨ ਐਂਟਰੀ ਲੈਵਲ ਦੀਆਂ ਸਾਰੀਆਂ ਕਲਾਸਾਂ ਵਿੱਚ ਵਿਦਿਆਰਥੀਆਂ ਦੇ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ। ਛੇ ਹੋਰ ਅਜਿਹੇ ਕਾਲਜ ਹਨ, ਜਿਨ੍ਹਾਂ ਵਿੱਚ ਫੈਕਲਟੀ ਮੈਂਬਰਾਂ ਤੇ ਵਿਦਿਆਰਥੀਆਂ ਦੀ ਗਿਣਤੀ ਕਾਫ਼ੀ ਘੱਟ ਹੈ।
ਇਨ੍ਹਾਂ ਵਿਚ ਆਸਰਾ ਕਾਲਜ ਆਫ ਐਜੂਕੇਸ਼ਨ ਭਵਾਨੀਗੜ੍ਹ, ਗੁਰੂ ਨਾਨਕ ਕਾਲਜ ਆਫ ਐਜੂਕੇਸ਼ਨ ਸਮਾਓਂ, ਸਵਾਮੀ ਵਿਵੇਕਾਨੰਦ ਕਾਲਜ ਆਫ ਐਜੂਕੇਸ਼ਨ ਮੂਨਕ, ਮਾਤਾ ਗੁਰਦੇਵ ਕੌਰ ਮੈਮੋਰੀਅਲ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ, ਮਿਲਖਾ ਸਿੰਘ ਐਜੂਕੇਸ਼ਨਲ ਇੰਸਟੀਚਿਊਟ ਬਰੇਟਾ ਅਤੇ ਮਾਲਵਾ ਕਾਲਜ ਆਫ ਟਰੇਨਿੰਗ ਐਂਡ ਐਜੂਕੇਸ਼ਨ ਮਲਕਪੁਰ ਖਿਆਲਾ ਸ਼ਾਮਲ ਹਨ। ਇਨ੍ਹਾਂ ਕਾਲਜਾਂ ਨੂੰ ਸਖ਼ਤ ਚਿਤਾਵਨੀਆਂ ਜਾਰੀ ਕਰਨ ਸਮੇਤ ਵਿਦਿਆਰਥੀਆਂ ਦੀਆਂ ਸੀਟਾਂ ਦੀ ਗਿਣਤੀ ਨੂੰ 200 ਜਾਂ 100 ਤੋਂ ਘਟਾ ਕੇ 50 ਸੀਟਾਂ ਕਰ ਦਿੱਤੀਆਂ ਹਨ। ਇਸੇ ਤਰ੍ਹਾਂ ਬਿਨਾਂ ਕਿਸੇ ਪ੍ਰਵਾਨਿਤ ਫੈਕਲਟੀ ਮੈਂਬਰਾਂ ਦੇ ਕੰਮ ਕਰ ਰਹੇ ਸਮਾਣਾ ਵਿੱਚ ਨੈਨਸੀ ਕਾਲਜ ਆਫ਼ ਲਾਅ ਅਤੇ ਰਾਜਪੁਰਾ ਵਿੱਚ ਆਰੀਅਨਜ਼ ਲਾਅ ਕਾਲਜ ‘ਚ ਅਗਲਾ ਅਕਾਦਮਿਕ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਨੂੰ ਸੁਧਾਰਨ ਦੀ ਚਿਤਾਵਨੀ ਦਿੱਤੀ ਅਤੇ ਨਾਲ ਹੀ ਦਾਖਲਾ ਸੀਟਾਂ ਵੀ ਅੱਧੀਆਂ ਕਰ ਦਿੱਤੀਆਂ।
ਡਾ. ਲਹਿਲ ਨੇ ਕਿਹਾ ਕਿ ਦੋ ਸਾਲਾਂ ਦੌਰਾਨ ਕੀਤੀਆਂ ਗਈਆਂ ਕਾਰਵਾਈਆਂ ਨਾਲ ਬੀਐੱਡ ਕਾਲਜਾਂ ਵਿੱਚ ਗ਼ੈਰਹਾਜ਼ਰ ਵਿਦਿਆਰਥੀਆਂ ਅਤੇ ਕਾਗ਼ਜ਼ੀ ਫ਼ੈਕਲਟੀ ਦੇ ਰੁਝਾਨ ਨੂੰ ਕਾਫੀ ਹੱਦ ਤੱਕ ਠੱਲ੍ਹ ਪਈ ਹੈ। ਇਸ ਦੌਰਾਨ ਪੰਜਾਬੀ ਯੂਨੀਵਰਸਿਟੀ ਨਾਲ ਸਬੰਧਤ ਸਿੱਖਿਆ ਕਾਲਜਾਂ ਦੀ ਐਸੋਸੀਏਸ਼ਨ ਦੀ ਉਨ੍ਹਾਂ ਨੇ ਸ਼ਲਾਘਾ ਕੀਤੀ, ਜਿਨ੍ਹਾਂ ਨੇ ਆਪਣੇ ਸਾਥੀ ਕਾਲਜਾਂ ਨੂੰ ਅਟੈਂਡਿੰਗ ਮੋਡ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਮੰਨਿਆ ਕੀਤਾ ਕਿ ਨਿੱਜੀ ਪੱਧਰ ‘ਤੇ ਇਹ ਕਾਰਜ ਚੁਣੌਤੀਆਂ ਤੋਂ ਘੱਟ ਨਹੀਂ ਹਨ। ਕਿਉਂਕਿ ਉਨ੍ਹਾਂ ਨੂੰ ਸਿੱਖਿਆ ਮਾਫ਼ੀਆ ਦੇ ਭਾਰੀ ਦਬਾਅ ਦਾ ਸਾਹਮਣਾ ਕਰਨਾ ਪਿਆ, ਜਿਸ ਨੇ ਉਨ੍ਹਾਂ ਵਿਰੁੱਧ ਕਈ ਝੂਠੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਅਤੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਅਤੇ ਤੰਗ ਕਰਨ ਦੀ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ।