ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ’ਚੋਂ ਕੱਢਣ ਦਾ ਹੁਕਮ, ਬੱਸ ਨਾਲ ਟੱਕਰ ’ਚ 16 ਖ਼ਿਡਾਰੀਆਂ ਦੀ ਗਈ ਸੀ ਜਾਨ
ਓਟਵਾ, 25 ਮਈ
ਕੈਨੇਡਾ 'ਚ ਹਮਬੋਲਟ ਬ੍ਰੋਂਕੋਸ ਹਾਦਸੇ ਦੇ ਦੋਸ਼ੀ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਭਾਰਤ ਵਾਪਸ ਭੇਜਣ ਦੇ ਹੁਕਮ ਦਿੱਤੇ ਗਏ ਹਨ। ਇਹ ਫੈਸਲਾ ਅੱਜ ਕੈਲਗਰੀ ਵਿੱਚ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਦੀ ਸੁਣਵਾਈ ਦੌਰਾਨ ਲਿਆ ਗਿਆ। ਟਰੱਕ-ਬੱਸ ਹਾਦਸੇ 'ਚ 16 ਜਾਨਾਂ ਗਈਆਂ ਸਨ ਤੇ 13 ਜ਼ਖ਼ਮੀ ਹੋਏ ਸਨ। ਕੈਨੇਡੀਅਨ ਮੀਡੀਆ ਮੁਤਾਬਕ ਕੈਲਗਰੀ ਦੇ ਪੱਕੇ ਵਸਨੀਕ ਸਿੱਧੂ ਨੇ ਹਾਕੀ ਕਲੱਬ ਦੇ ਖਿਡਾਰੀਆਂ ਨੂੰ ਲਿਜਾ ਰਹੀ ਬੱਸ ਨੂੰ ਟਰੱਕ ਨਾਲ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ 16 ਖਿਡਾਰੀਆਂ ਦੀ ਮੌਤ ਹੋ ਗਈ ਸੀ। ਸਿੱਧੂ ਨੂੰ ਪਿਛਲੇ ਸਾਲ ਦੇ ਸ਼ੁਰੂ ਵਿੱਚ ਪੈਰੋਲ ਦਿੱਤੀ ਗਈ ਸੀ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਉਸ ਨੂੰ ਦੇਸ਼ ਨਿਕਾਲਾ ਦੇਣ ਦੀ ਸਿਫਾਰਸ਼ ਕੀਤੀ ਸੀ। ਜਸਕੀਰਤ ਸਿੰਘ ਸਿੱਧੂ ਨੂੰ ਖਤਰਨਾਕ ਡਰਾਈਵਿੰਗ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਸਿੱਧੂ ਨੂੰ ਅੱਠ ਸਾਲ ਦੀ ਸਜ਼ਾ ਹੋਈ ਸੀ। ਉਸ ਨੇ ਹਾਦਸੇ ਤੋਂ ਮਹੀਨਾ ਪਹਿਲਾਂ ਨੌਕਰੀ 'ਤੇ ਜੁਆਇਨ ਕੀਤਾ ਸੀ। ਇਹ ਹਾਦਸਾ 6 ਅਪਰੈਲ 2018 ਨੂੰ ਸਸਕੈਚਵਨ ਹਾਈਵੇਅ 335 ਦੇ ਚੌਰਾਹੇ 'ਤੇ ਹੋਇਆ ਸੀ।