For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਟ੍ਰਿਬਿਊਨ: ਤਵਾਰੀਖ਼ ਤੇ ਤਹਿਜ਼ੀਬ

05:48 AM Aug 15, 2023 IST
ਪੰਜਾਬੀ ਟ੍ਰਿਬਿਊਨ  ਤਵਾਰੀਖ਼ ਤੇ ਤਹਿਜ਼ੀਬ
ਇੱਕੀਵੀਂ ਸਦੀ ਦਾ ਪਹਿਲਾ ਅੰਕ।
Advertisement

ਸੁਰਿੰਦਰ ਸਿੰਘ ਤੇਜ

ਪੰਦਰਾਂ ਅਗਸਤ 1978 ਨੂੰ ‘ਪੰਜਾਬੀ ਟ੍ਰਿਬਿਊਨ’ ਦਾ ਜਨਮ ਪੰਜਾਬੀ ਪੱਤਰਕਾਰੀ ਦੇ ਇਤਿਹਾਸ ’ਚ ਯਾਦਗਾਰੀ ਘਟਨਾ ਸੀ। ਇਸ ਜਨਮ ਦੀ ਉਡੀਕ ਦੋ ਮਹੀਨਿਆਂ ਤੋਂ ਬੇਸਬਰੀ ਨਾਲ ਹੋ ਰਹੀ ਸੀ। ਦਰਅਸਲ, ਟ੍ਰਿਬਿਊਨ ਟਰੱਸਟ ਨੇ ਪੰਜਾਬੀ ਤੇ ਹਿੰਦੀ ਅਖ਼ਬਾਰ ਸ਼ੁਰੂ ਕਰਨ ਦਾ ਸੰਕੇਤ ਦੋ ਮਹੀਨੇ ਪਹਿਲਾਂ ਦੇ ਦਿੱਤਾ ਸੀ। ਸਿੱਧੇ ਨਹੀਂ, ਅਸਿੱਧੇ ਰੂਪ ’ਚ: ਨਵੇਂ ਅਖ਼ਬਾਰਾਂ ਵਾਸਤੇ ਸਟਾਫ਼ ਦੀਆਂ ਨਿਯੁਕਤੀਆਂ ਲਈ ਇਸ਼ਤਿਹਾਰ ‘ਦਿ ਟ੍ਰਿਬਿਊਨ’ ’ਚ ਛਾਪ ਕੇ। ਉਹ ਸਮਾਂ ਕੁਝ ਵੱਖਰਾ ਸੀ। ਜ਼ਿੰਦਗੀ ਦੀ ਰਫ਼ਤਾਰ ਅਜੇ ਤਹੱਮਲ ਵਾਲੀ ਸੀ। ‘ਬ੍ਰੇਕਿੰਗ ਨਿਊਜ਼’ ਵਾਲੀ ਦੌੜ ਤੇ ਹੋੜ, ਪੱਤਰਕਾਰੀ ਸੁਹਜ ਦਾ ਹਿੱਸਾ ਨਹੀਂ ਸੀ ਬਣੀ। ਟੈਲੀਵਿਜ਼ਨ ਆ ਗਿਆ ਸੀ ਪਰ ਉਸ ਦੀ ਪਹੁੰਚ ਤੇ ਪਾਸਾਰ ਸੀਮਤ ਸਨ। ਪ੍ਰਿੰਟ ਮੀਡੀਆ ਵੀ ਹੁਣ ਵਾਂਗ ਨਹੀਂ ਸੀ ਫੈਲਿਆ ਹੋਇਆ। ਪੰਜਾਬੀ ਪ੍ਰੈੱਸ ਮੁੱਖ ਤੌਰ ’ਤੇ ਜਲੰਧਰ ਕੇਂਦਰਿਤ ਸੀ। ‘ਅਜੀਤ’ ਤੇ ‘ਅਕਾਲੀ ਪੱਤ੍ਰਿਕਾ’ ਦੇ ਪਾਠਕਾਂ ਦਾ ਦਾਇਰਾ ਕਾਫ਼ੀ ਵਸੀਹ ਸੀ। ‘ਨਵਾਂ ਜ਼ਮਾਨਾ’ ਖੱਬੇ-ਪੱਖੀ ਪੱਤਰਕਾਰੀ ਦੀ ਅਲੰਬਰਦਾਰੀ ਤੋਂ ਇਲਾਵਾ ਪੰਜਾਬੀ ਪੱਤਰਕਾਰੀ ਦੇ ਸਕੂਲ ਵਾਲੀ ਮਾਨਤਾ ਹਾਸਲ ਕਰ ਚੁੱਕਾ ਸੀ। ਮੰਨਿਆ ਜਾਂਦਾ ਸੀ ਕਿ (ਨਿਊਜ਼ ਐਡੀਟਰ) ਸੁਰਜਨ ਜ਼ੀਰਵੀ ਦੇ ਤਰਾਸ਼ੇ ਪੱਤਰਕਾਰ, ਮੀਡੀਆ ਦੇ ਕਿਸੇ ਵੀ ਅੰਗ ’ਚ ਮੁਕਾਮ ਬਣਾ ਸਕਦੇ ਹਨ। ‘ਲੋਕ ਲਹਿਰ’ ਦੇ ਆਪਣੇ ਵਫ਼ਾਦਾਰ ਪਾਠਕ ਸਨ। ਟ੍ਰਿਬਿਊਨ ਟਰੱਸਟ ਵੱਲੋਂ ਚੰਡੀਗੜ੍ਹ ਤੋਂ ਪੰਜਾਬੀ ਤੇ ਹਿੰਦੀ ਅਖ਼ਬਾਰ ਸ਼ੁਰੂ ਕਰਨ ਦੇ ਸੰਕੇਤ ਨੇ ਜਿੱਥੇ ਪੱਤਰਕਾਰੀ ਦੇ ਹਲਕਿਆਂ ’ਚ ਹਲਚਲ ਪੈਦਾ ਕੀਤੀ, ਉੱਥੇ ਇਸ ਖੇਤਰ ਦਾ ਮੁਹਾਂਦਰਾ ਬਦਲਣ ਦੀਆਂ ਸੰਭਾਵਨਾਵਾਂ ਵੀ ਜਗਾਈਆਂ।
‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕੀ ਮੰਡਲ ਵਿੱਚ ਕੰਮ ਕਰਨ ਦੇ ਚਾਹਵਾਨਾਂ ਤੇ ਦਾਅਵੇਦਾਰਾਂ ਦੀ ਤਾਦਾਦ ਬਹੁਤ ਵੱਡੀ ਸੀ। ਅਰਜ਼ੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਆਈਆਂ। ਸੰਪਾਦਕ ਵਜੋਂ ਸ੍ਰੀ ਬਰਜਿੰਦਰ ਸਿੰਘ ਹੁਰਾਂ ਦੀ ਚੋਣ ਪਹਿਲਾਂ ਹੀ ਹੋ ਗਈ ਸੀ। ਰਵਾਇਤੀ ਸੰਪਾਦਕਾਂ ਦੇ ਮੁਕਾਬਲੇ ਉਹ ਕਾਫ਼ੀ ਛੋਟੀ ਉਮਰ ਦੇ ਸਨ ਪਰ ਪੱਤਰਕਾਰੀ ਤੇ ਅਖ਼ਬਾਰੀ ਪ੍ਰਬੰਧਨ ਉਨ੍ਹਾਂ ਨੂੰ ਗੁੜ੍ਹਤੀ ਵਿੱਚ ਮਿਲੇ ਹੋਏ ਸਨ। ਇਨ੍ਹਾਂ ਤੱਤਾਂ ਦੀ ਕਦਰ ਪਈ। ਟਰੱਸਟ ਵੱਲੋਂ ਹਦਾਇਤ ਇੱਕੋ ਹੋਈ ਕਿ ਪੰਜਾਬੀ ਪੱਤਰਕਾਰੀ ਨੂੰ ਨਵੇਂ ਸਾਂਚੇ ਵਿੱਚ ਢਾਲਿਆ ਜਾਵੇ। ਇਸੇ ਮਿਸ਼ਨ ਦੀ ਪੂਰਤੀ ਹਿੱਤ ਜਲੰਧਰ ਤੋਂ ਘੱਟ ਸੱਜਣ ਚੁਣੇ ਗਏ, ਬਹੁਤਾ ਅਮਲਾ ਉਹ ਆਇਆ ਜੋ ਤਜਰਬੇ ਤੋਂ ਕੋਰਾ ਸੀ ਪਰ ਜਿਸ ਅੰਦਰ ਸਾਹਿਤਕ ਮੱਸ ਅਤੇ ਪੱਤਰਕਾਰੀ ਨੂੰ ਤਾਜ਼ਗੀ ਬਖ਼ਸ਼ਣ ਦੀ ਚਿਣਗ ਮੌਜੂਦ ਸੀ। ਇਸ ਚੋਣ ਨੇ ਮੌਲਿਕਤਾ ਦੀ ਨੀਂਹ ਰੱਖੀ ਜੋ ਹੁਣ ਵੀ ਬਰਕਰਾਰ ਹੈ। ਉਦਾਰਵਾਦ, ਧਰਮ-ਨਿਰਪੇਖਤਾ ਤੇ ਰਾਜਸੀ ਨਿਰਪੱਖਤਾ ਟ੍ਰਿਬਿਊਨ ਟਰੱਸਟ ਦੇ ਅਕੀਦੇ ਇੱਕ ਸਦੀ ਤੋਂ ਵੱਧ ਸਮੇਂ ਤੋਂ ਰਹੇ ਹਨ। ‘ਪੰਜਾਬੀ ਟ੍ਰਿਬਿਊਨ’ ਨੇ ਇਨ੍ਹਾਂ ਅਕੀਦਿਆਂ ਦੀ ਪਾਲਣਾ ਤਨਦੇਹੀ ਨਾਲ ਕੀਤੀ। ਸਟਾਫ ਨੂੰ ਆਪਣੀ ਸੋਚ-ਸੁਹਜ ਮੁਤਾਬਿਕ ਲਿਖਣ ਦੀ ਖੁੱਲ੍ਹ ਵੀ ਮੁੱਢ ਤੋਂ ਮਿਲੀ। ਇਸ ਖੁੱਲ੍ਹ ਨੇ ਰਚਨਾਤਮਿਕ ਬਿਰਤੀਆਂ ਉਗਮਣ ਤੇ ਮੌਲਣ ਦੇ ਅਵਸਰ ਪੈਦਾ ਕੀਤੇ। ‘ਪੰਜਾਬੀ ਟ੍ਰਿਬਿਊਨ’ ਨੇ ਪੱਤਰਕਾਰੀ ਦੇ ਖੇਤਰ ’ਚ ਵੱਖਰੀ ਪਛਾਣ ਬਣਾਈ, ਵੱਖਰਾ ਅਕਸ ਸਥਾਪਿਤ ਕੀਤਾ ਜੋ ਹੁਣ ਤੱਕ ਕਾਇਮ ਹੈ। ਇਸ ਤੋਂ ਵੀ ਵੱਡੀ ਪ੍ਰਾਪਤੀ ਇਹ ਰਹੀ ਕਿ ਇਹ ਅਖ਼ਬਾਰ, ਪੰਜਾਬੀ ਬੌਧਿਕ ਵਰਗ ਲਈ ਵਿਚਾਰਾਂ ਦੇ ਪ੍ਰਗਟਾਵੇ ਤੇ ਆਦਾਨ-ਪ੍ਰਦਾਨ ਦਾ ਸਥਾਈ ਮੰਚ ਬਣ ਗਿਆ। ਕੋਈ ਵੀ ਪ੍ਰਬੁੱਧ ਲੇਖਕ ਅਜਿਹਾ ਨਹੀਂ ਰਿਹਾ ਜੋ ਇਸ ਅਖ਼ਬਾਰ ਵਿੱਚ ਨਾ ਛਪਿਆ ਹੋਵੇ।
* * *
ਮੇਰੀ ਖੁਸ਼ਕਿਸਮਤੀ ਹੈ ਕਿ ਮੈਂ ਇਸ ਅਖ਼ਬਾਰ ਦੇ ਸੰਪਾਦਕੀ ਮੰਡਲ ਦਾ ਪੂਰੇ 40 ਵਰ੍ਹਿਆਂ ਤੱਕ ਹਿੱਸਾ ਬਣਿਆ ਰਿਹਾ। ਇਸ ਭਾਗੀਦਾਰੀ ਸਦਕਾ ਮੈਂ ਇਸ ਦੇ ਉਤਰਾਵਾਂ-ਚੜ੍ਹਾਵਾਂ ਤੇ ਤਵਾਰੀਖ਼ ਦਾ ਚਸ਼ਮਦੀਦ ਵੀ ਰਿਹਾ। ਇਸ ਦੀ ਮੁੱਢਲੀ ਸੰਪਾਦਕੀ ਟੀਮ ’ਚ ਮੈਂ ਸ਼ਾਮਲ ਨਹੀਂ ਸਾਂ; ਮੇਰੀ ਆਮਦ ਕੁਝ ਮਹੀਨੇ ਬਾਅਦ ਹੋਈ। ਉਦੋਂ ਪੱਤਰਕਾਰੀ ਦੇ ਦਾਅ-ਪੇਚਾਂ ਤੇ ਬਾਰੀਕੀਆਂ ਤੋਂ ਕੋਰਾ ਸਾਂ। ਇਸੇ ਲਈ ਅਖ਼ਬਾਰ ਦਾ ਨਿਊਜ਼ ਡੈਸਕ ਮੇਰੇ ਲਈ ਨਵਾਂ ਸਕੂਲ ਸੀ। ਇਸ ਸਕੂਲ ਵਿੱਚ (ਸਵਰਗੀ) ਦਲਬੀਰ ਸਿੰਘ ਵੀ ਮੇਰੇ ਮਾਸਟਰ ਰਹੇ ਅਤੇ ਕਰਮਜੀਤ ਸਿੰਘ ਵੀ। ਦਲਬੀਰ ਹੁਰਾਂ ਨੇ ਤਰਜਮੇ ਦੇ ਗੁਰ ਤੇ ਭਾਸ਼ਾਈ ਲੋਚ ਸਿਖਾਈ ਅਤੇ ਕਰਮਜੀਤ ਹੁਰਾਂ ਨੇ ਸ਼ਬਦਾਂ ਨਾਲ ਖੇਡਣ ਦੀ ਕਲਾ। (ਸਵਰਗੀ) ਹਰਭਜਨ ਹਲਵਾਰਵੀ (ਉਦੋਂ ਸਹਾਇਕ ਸੰਪਾਦਕ, ਬਾਅਦ ’ਚ ਸੰਪਾਦਕ) ਲਫ਼ਜ਼ਾਂ ਦੇ ਪਰਛਾਵੇਂ ਫੜਨ ਪੱਖੋਂ ਮੇਰੇ ਰਾਹ-ਦਸੇਰਾ ਬਣੇ ਰਹੇ। ਸ੍ਰੀ ਬਰਜਿੰਦਰ ਸਿੰਘ ਤੋਂ ਬਾਅਦ ਸੰਪਾਦਕ ਬਣੇ ਗੁਲਜ਼ਾਰ ਸਿੰਘ ਸੰਧੂ ਹੁਰਾਂ ਤੋਂ ਮੈਂ ਛੋਟੇ ਫ਼ਿਕਰਿਆਂ ਦੀ ਅਹਿਮੀਅਤ ਸਿੱਖੀ। ਇਹ ਸਾਰੇ ਗੁਰ, ਪੇਸ਼ੇਵਾਰਾਨਾ ਪ੍ਰਗਤੀ ਲਈ ਮੇਰੇ ਖ਼ੂਬ ਕੰਮ ਆਏ; ਹੁਣ ਵੀ ਆ ਰਹੇ ਹਨ। ਇੱਕ ਚੰਗੀ ਰੀਤ ਉਦੋਂ ਇਹ ਵੀ ਸੀ ਕਿ ਕੋਈ ਵੀ ਆਪਣੇ ਆਪ ਨੂੰ ‘ਸਰਬ ਗੁਣ ਸੰਪੰਨ’ ਨਹੀਂ ਸੀ ਸਮਝਦਾ। ਹਰ ਕੋਈ ਆਪਣੀ ਲਿਖਤ ਜਾਂ ਨਿਊਜ਼ ਕਾਪੀ ਕਿਸੇ ਦੂਜੇ ਸਾਥੀ ਨੂੰ ਸੁਧਾਈ ਲਈ ਜ਼ਰੂਰ ਸੌਂਪਦਾ ਸੀ। ਇਸ ਮਾਮਲੇ ਵਿੱਚ ਜੂਨੀਅਰ-ਸੀਨੀਅਰ ਵਾਲੀ ਕੋਈ ਗੱਲ ਨਹੀਂ ਸੀ ਹੁੰਦੀ। ਦਲਬੀਰ ਹੁਰਾਂ ਦਾ ‘ਜਗਤ ਤਮਾਸ਼ਾ’, ਛਾਪੇਖਾਨੇ ਤੱਕ ਜਾਣ ਤੋਂ ਪਹਿਲਾਂ ਅਕਸਰ ਹੀ ਮੇਰੀਆਂ ਨਜ਼ਰਾਂ ’ਚੋਂ ਲੰਘਦਾ ਸੀ; ਇਸ ਹਦਾਇਤ ਨਾਲ ਕਿ ‘ਜੇ ਕੁਝ ਫਾਲਤੂ ਜਾਪੇ ਤਾਂ ਕੱਟ ਮਾਰੀਂ’। ਕਰਮਜੀਤ ਹੁਰਾਂ ਦਾ ‘ਅੱਠਵਾਂ ਕਾਲਮ’ ਕਈ ਵਾਰ ਮੇਰੀ ਸੁਧਾਈ ਕਾਰਨ ਕੱਟ-ਵੱਢ ਦਾ ਸ਼ਿਕਾਰ ਬਣਿਆ। ਇਸ ਰੀਤ ਨੇ ਜਿੱਥੇ ਸਾਡਾ ਆਤਮ-ਵਿਸ਼ਵਾਸ ਵਧਾਇਆ, ਉੱਥੇ ‘ਟਾਈਟ ਐਡੀਟਿੰਗ’ ਦੀ ਜੁਗਤ ਨਾਲ ਵੀ ਲੈਸ ਕੀਤਾ। ਖ਼ਬਰਾਂ ਜਾਂ ਲੇਖਾਂ ਦੀਆਂ ਸੁਰਖ਼ੀਆਂ ਨੂੰ ਲੈ ਕੇ ਬਹਿਸਾਂ ਹੋਣੀਆਂ ਆਮ ਹੀ ਗੱਲ ਸੀ। ਅਜਿਹੀਆਂ ਬਹਿਸਾਂ ਨੇ ਸਾਡਾ ਸ਼ਬਦ-ਭੰਡਾਰ ਵੀ ਵਧਾਇਆ ਅਤੇ ਸਿਰਜਣਸ਼ੀਲਤਾ ਵੀ। ਡਿਜੀਟਲ ਇਨਕਲਾਬ ਨੇ ਇਹ ਮਾਹੌਲ ਖ਼ਤਮ ਕਰ ਦਿੱਤਾ ਹੈ। ਨਿਊਜ਼ ਡੈਸਕ, ਵਰਕ ਸਟੇਸ਼ਨਾਂ ਵਿੱਚ ਬਿਖਰ ਗਏ ਸਨ। ਸਕੂਲ ਵਾਲੀ ਗੱਲ ਤਾਂ ਮੁਮਕਿਨ ਹੀ ਨਹੀਂ ਰਹੀ। ਫਿਰ ਵੀ ਜਦੋਂ ਕਿਸੇ ਪੁਰਾਣੇ ਸਾਥੀ ਵੱਲੋਂ ਵਰਤੇ ਸ਼ਬਦਾਂ ਵਿੱਚ ਆਪਣੇ ਸਮੇਂ ਦੇ ਰੰਗ ਦੇਖਦਾ ਹਾਂ ਤਾਂ ਸੁਕੂਨ ਮਹਿਸੂਸ ਹੁੰਦਾ ਹੈ ਕਿ ਅਖ਼ਬਾਰ ਦਾ ਨਿਆਰਾਪਣ ਕਾਇਮ ਹੈ।
* * *
ਬੜਾ ਕੁਝ ਲਿਖਿਆ ਜਾ ਸਕਦਾ ਹੈ ਅਖ਼ਬਾਰ ਨਾਲ ਜੁੜੇ ਆਪਣੇ ਸਫ਼ਰ ਬਾਰੇ। ਮੈਂ ਜਦੋਂ ਇਸ ਦਾ ਹਿੱਸਾ ਬਣਿਆ, ਉਦੋਂ ਪੰਜਾਬ ਪੁਲੀਸ ਦੀ ਹੜਤਾਲ ਸੁਰਖ਼ੀਆਂ ’ਚ ਸੀ। ਹਫ਼ਤਾ ਭਰ ਇਹ ਹੜਤਾਲ ਸੁਰਖ਼ੀਆਂ ਵਿੱਚ ਛਾਈ ਰਹੀ। ਬਾਦਲ ਦੀ ਸਰਕਾਰ ਸੀ ਉਦੋਂ। ਉਸ ਨੇ ਸੁਰਖ਼ੀਆਂ ’ਚੋਂ ਹੜਤਾਲ ਹਟਾਉਣ ਲਈ ਕਈ ਹਰਬੇ ਵੀ ਵਰਤੇ ਪਰ ਇਹ ਨਾਕਾਰਗਰ ਸਾਬਤ ਹੋਏ। ਫਿਰ, ਅਫ਼ਗਾਨਿਸਤਾਨ ਉੱਤੇ ਸੋਵੀਅਤ ਫ਼ੌਜਾਂ ਦੀ ਚੜ੍ਹਾਈ ਸੁਰਖ਼ੀਆਂ ਦਾ ਹਿੱਸਾ ਬਣਦੀ ਰਹੀ। ਉਸ ਮਗਰੋਂ ਪੰਜਾਬ ਦੇ ਸਿਆਹ ਦਿਨ ਸ਼ੁਰੂ ਹੋ ਗਏ। ਕਰਫਿਊ ਵਾਲੀਆਂ ਰਾਤਾਂ ਵਿੱਚ ਡੇਢ ਵਜੇ ਘਰਾਂ ਵੱਲ ਵਾਪਸੀ ਸਾਨੂੰ ਡਰਾਉਂਦੀ ਨਹੀਂ ਸੀ। ਘਰਾਂ ਵੱਲ ਚੱਲਣ ਤੋਂ ਪਹਿਲਾਂ ਟਿੱਕਰ (ਟੈਲੀਪ੍ਰਿੰਟਰ) ਦੀ ਫੀਡ ਚੰਗੀ ਤਰ੍ਹਾਂ ਖੰਘਾਲਣਾ ਰਵਾਇਤ ਬਣ ਗਿਆ ਸੀ। ਇੰਦਰਾ ਗਾਂਧੀ ਦੀ ਹੱਤਿਆ ਅਤੇ ਉਸ ਮਗਰੋਂ ਸਿੱਖਾਂ ਦੇ ਕਤਲੇਆਮ ਕਾਰਨ ਲੱਗੀ ਸੈਂਸਰਸ਼ਿਪ ਸਾਡੇ ਲਈ ਨਵਾਂ ਤਜਰਬਾ ਸੀ। ਪਹਿਲੀ ਰਾਤ ਤਾਂ ਸੈਂਸਰ ਅਧਿਕਾਰੀਆਂ ਨਾਲ ਗਾਲੀ-ਗਲੋਚ ਵੀ ਹੋਈ। 1975 ਵਿੱਚ ਐਮਰਜੈਂਸੀ ਲੱਗਣ ਸਮੇਂ ‘ਇੰਡੀਅਨ ਐਕਸਪ੍ਰੈਸ’ ਵੱਲੋਂ ਸੈਂਸਰਸ਼ਿਪ ਦੇ ਵਿਰੋਧ ਵਿੱਚ ਖ਼ਬਰਾਂ ਤੇ ਸੰਪਾਦਕੀਆਂ ਵਾਲੀਆਂ ਥਾਵਾਂ ਖ਼ਾਲੀ ਛੱਡੇ ਜਾਣ ਦੀ ਚਰਚਾ ਭਾਰਤੀ ਪੱਤਰਕਾਰੀ ਦੀ ਸੰਘਰਸ਼ ਗਾਥਾ ਦੇ ਰੂਪ ਵਿੱਚ ਪੇਸ਼ ਕੀਤੀ ਜਾਂਦੀ ਹੈ ਪਰ ਨਵੰਬਰ 1984 ਦੇ ਮੁੱਢਲੇ ਦਿਨਾਂ ਦੌਰਾਨ ‘ਪੰਜਾਬੀ ਟ੍ਰਿਬਿਊਨ’ ਨੇ ਵੀ ਅਜਿਹੀ ਦੀਦਾ-ਦਲੇਰੀ ਦਿਖਾਈ ਸੀ। ‘ਸੈਂਸਰ ਦੀ ਭੇਟ’ ਵਾਲੀਆਂ ਖਾਲੀ ਥਾਵਾਂ ਤਿੰਨ ਦਿਨ ਅਖ਼ਬਾਰਾਂ ਦਾ ਹਿੱਸਾ ਬਣੀਆਂ ਰਹੀਆਂ ਸਨ। ਪਹਿਲੇ ਦਿਨ ਤਾਂ ਅਖ਼ਬਾਰ ’ਚ ਮੈਟਰ ਤੇ ਖ਼ਾਲੀ ਥਾਵਾਂ ਦਾ ਅਨੁਪਾਤ 50:50 ਸੀ।
ਅਖ਼ਬਾਰ ਤੇ ਇਸ ਦੇ ਸਟਾਫ ਵੱਲੋਂ ਦਿਖਾਈ ਜੁਝਾਰੂ ਭਾਵਨਾ ਦੀਆਂ ਦਰਜਨਾਂ ਹੋਰ ਮਿਸਾਲਾਂ 45 ਵਰ੍ਹਿਆਂ ਦੀ ਤਵਾਰੀਖ਼ ਦਾ ਹਿੱਸਾ ਹਨ। ਇਲੈੱਕਟ੍ਰਾਨਿਕ ਮੀਡੀਆ ਦੀ ਚੜ੍ਹਤ ਤੇ ਡਿਜੀਟਲ ਦੌਰ ਨੇ ਅਖ਼ਬਾਰਾਂ ਲਈ ਚੁਣੌਤੀਆਂ ਦਾ ਮੁਹਾਂਦਰਾ ਭਾਵੇਂ ਬਦਲ ਦਿੱਤਾ ਹੈ ਪਰ ਧਮਕੀਆਂ ਤੇ ਕਾਨੂੰਨੀ ਨੋਟਿਸਾਂ ਦਾ ਦੌਰ-ਦੌਰਾ ਬਰਕਰਾਰ ਹੈ। ਢਾਈ ਵਰ੍ਹੇ ਪਹਿਲਾਂ ‘ਕੋਵਿਡ-19’ ਨਾਲ ਜੁੜੇ ਲੌਕਡਾਊਨਾਂ ਨੇ ਪ੍ਰਿੰਟ ਮੀਡੀਆ ਦੇ ਅਰਥਚਾਰਿਆਂ ਉੱਤੇ ਅੰਤਾਂ ਦਾ ਕਹਿਰ ਢਾਹਿਆ। ਇਸ ਕਹਿਰ ਦਾ ਅਸਰ ਹੁਣ ਤੱਕ ਵੀ ਮੌਜੂਦ ਹੈ। ਅਜਿਹੀਆਂ ਵੰਗਾਰਾਂ ਦੇ ਬਾਵਜੂਦ ‘ਪੰਜਾਬੀ ਟ੍ਰਿਬਿਊਨ’ ਨੇ ਆਪਣੀ ਬੌਧਿਕ ਛਬ ਮੱਧਮ ਨਹੀਂ ਪੈਣ ਦਿੱਤੀ। ਇਸ ਤੋਂ ਵੱਧ ਗੌਰਵਮਈ ਪ੍ਰਾਪਤੀ ਹੋਰ ਕੀ ਹੋ ਸਕਦੀ ਹੈ?
ਸੰਪਰਕ: 78374-63050

Advertisement

Advertisement
Advertisement
Author Image

joginder kumar

View all posts

Advertisement