ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਟ੍ਰਿਬਿਊਨ: ਸਾਬਤ ਸਿੱਕ ਤੇ ਕਦਮ ਅਗੇਰੇ

05:53 AM Aug 15, 2023 IST
ਟ੍ਰਿਬਿਊਨ ਅਦਾਰੇ ਦੇ ਬਾਨੀ ਸਰਦਾਰ ਦਿਆਲ ਸਿੰਘ ਮਜੀਠੀਆ।

ਸਵਰਾਜਬੀਰ

‘‘ਚੰਗੀ ਅਖ਼ਬਾਰ ਇੰਝ ਦੀ ਹੁੰਦੀ ਹੈ ਜਿਵੇਂ ਕੋਈ ਕੌਮ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੋਵੇ।’’ -ਆਰਥਰ ਮਿਲਰ
ਸਰਦਾਰ ਦਿਆਲ ਸਿੰਘ ਮਜੀਠੀਆ ਆਧੁਨਿਕ ਪੰਜਾਬ ਦੇ ਨਿਰਮਾਤਾਵਾਂ ’ਚੋਂ ਮੋਹਰੀ ਸਨ। ਉਹ ਪੰਜਾਬ ਦੇ ਉੱਘੇ ਖ਼ਾਨਦਾਨ ਵਿਚ ਜਨਮੇ; ਪੰਜਾਬੀ ਸ਼ਾਇਰ ਸ਼ਾਹ ਮੁਹੰਮਦ ਨੇ ਉਨ੍ਹਾਂ ਦੇ ਪਿਤਾ ਸਰਦਾਰ ਲਹਿਣਾ ਸਿੰਘ ਮਜੀਠੀਆ ਨੂੰ ‘ਕੋਟ ਅਕਲ ਦਾ’ (ਵੱਡੀ ਸੂਝ-ਸਮਝ ਵਾਲੇ) ਕਿਹਾ ਹੈ। ਸਰਦਾਰ ਦਿਆਲ ਸਿੰਘ ਮਜੀਠੀਆ ਅਤਿਅੰਤ ਸੂਝਵਾਨ ਵਿਦਵਾਨ, ਸਫਲ ਵਪਾਰੀ ਅਤੇ ਦੂਰ-ਦ੍ਰਿਸ਼ਟੀ ਵਾਲੇ ਵਿਅਕਤੀ ਸਨ। ਉਨ੍ਹਾਂ ਨੇ 1881 ਵਿਚ ‘ਦਿ ਟ੍ਰਿਬਿਊਨ’ ਅਖ਼ਬਾਰ ਸ਼ੁਰੂ ਕਰ ਕੇ ਦੇਸ਼ ਦੀ ਪੱਤਰਕਾਰੀ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਈ ਸੰਸਥਾਵਾਂ ਦੀ ਨੀਂਹ ਰੱਖੀ ਜਿਨ੍ਹਾਂ ਵਿਚ ਪੰਜਾਬ ਨੈਸ਼ਨਲ ਬੈਂਕ, ਦਿਆਲ ਸਿੰਘ ਕਾਲਜ, ਦਿਆਲ ਸਿੰਘ ਪਬਲਿਕ ਲਾਇਬਰੇਰੀ ਆਦਿ ਸ਼ਾਮਲ ਹਨ। ਉਨ੍ਹਾਂ ਅਖ਼ਬਾਰ ਚਲਾਉਣ ਲਈ ‘ਦਿ ਟ੍ਰਿਬਿਊਨ ਟਰੱਸਟ’ ਦੀ ਸਥਾਪਨਾ ਕੀਤੀ। ‘ਦਿ ਟ੍ਰਿਬਿਊਨ’ ਨੇ ਆਜ਼ਾਦੀ ਦੇ ਸੰਘਰਸ਼ ’ਚ ਅਹਿਮ ਭੂਮਿਕਾ ਨਿਭਾਈ। ਪੰਜਾਬ ਦੇ ਇਤਿਹਾਸ ਨਾਲ ਜੁੜੀਆਂ ਕਈ ਘਟਨਾਵਾਂ ਜਿਨ੍ਹਾਂ ’ਚ ਜੱਲ੍ਹਿਆਂਵਾਲੇ ਬਾਗ਼ ਦਾ ਸਾਕਾ, ਗੁਰਦੁਆਰਾ ਸੁਧਾਰ ਲਹਿਰ, ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਨੂੰ ਫਾਂਸੀ ਆਦਿ ਸ਼ਾਮਿਲ ਹਨ, ਬਾਰੇ ਅਖ਼ਬਾਰ ਦੀ ਰਿਪੋਰਟਿੰਗ ਯਾਦਗਾਰੀ ਸੀ। ਜੱਲ੍ਹਿਆਂਵਾਲੇ ਬਾਗ਼ ਦੇ ਸਾਕੇ ਬਾਰੇ 10 ਅਪਰੈਲ, 1919 ਨੂੰ ਪ੍ਰਕਾਸ਼ਿਤ ਸੰਪਾਦਕੀ ਕਾਰਨ ਅਖ਼ਬਾਰ ਦੇ ਤਤਕਾਲੀਨ ਸੰਪਾਦਕ ਸ੍ਰੀ ਕਾਲੀ ਨਾਥ ਰੇਅ ਨੂੰ ਗ੍ਰਿਫ਼ਤਾਰ ਕੀਤਾ ਗਿਆ; ਉਨ੍ਹਾਂ ਨੂੰ ਚਾਰ ਮਹੀਨਿਆਂ ਦੀ ਬਾਮੁਸ਼ੱਕਤ ਕੈਦ ਕੱਟਣੀ ਪਈ ਸੀ। ਗੁਰਦੁਆਰਾ ਸੁਧਾਰ ਲਹਿਰ, ਭਗਤ ਸਿੰਘ ਤੇ ਉਸ ਦੇ ਸਾਥੀਆਂ ਨਾਲ ਜੁੜੀ ਲਹਿਰ ’ਚ ਵੀ ਅਖ਼ਬਾਰ ਨੇ ਅਹਿਮ ਭੂਮਿਕਾ ਨਿਭਾਈ। ਆਜ਼ਾਦੀ ਤੋਂ ਬਾਅਦ ਵੀ ‘ਦਿ ਟ੍ਰਿਬਿਊਨ’ ਨੇ ਭਾਰਤੀ ਪੱਤਰਕਾਰੀ ਵਿਚ ਅਹਿਮ ਪ੍ਰਾਪਤੀਆਂ ਕੀਤੀਆਂ ਹਨ।

Advertisement

ਪੰਜਾਬੀ ਟ੍ਰਿਬਿਊਨ ਦਾ ਪਲੇਠਾ ਅੰਕ।

ਸਰਦਾਰ ਦਿਆਲ ਸਿੰਘ ਮਜੀਠੀਆ ਦੀ ਦੂਰ-ਦ੍ਰਿਸ਼ਟੀ ਨੂੰ ਅੱਗੇ ਲੈ ਕੇ ਜਾਂਦਿਆਂ ਟ੍ਰਿਬਿਊਨ ਟਰੱਸਟ ਨੇ 1978 ਵਿਚ ਦੋ ਨਵੇਂ ਅਖ਼ਬਾਰ ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਸ਼ੁਰੂ ਕੀਤੇ। ਇਹ ਉਹ ਸਮਾਂ ਸੀ ਜਦੋਂ ਭਾਰਤ ਨੂੰ ਐਮਰਜੈਂਸੀ ਦੇ ਦੌਰ ’ਚੋਂ ਬਾਹਰ ਆਇਆਂ ਸਵਾ ਕੁ ਸਾਲ ਹੋਇਆ ਸੀ। 15 ਅਗਸਤ 1978 ਨੂੰ ਅਖ਼ਬਾਰ ਦੇ ਪਹਿਲੇ ਅੰਕ ਵਿਚ ਟ੍ਰਿਬਿਊਨ ਗਰੁੱਪ ਦੇ ਅਖ਼ਬਾਰਾਂ ਦੇ ਐਡੀਟਰ-ਇਨ-ਚੀਫ ਸ੍ਰੀ ਪ੍ਰੇਮ ਭਾਟੀਆ ਨੇ ਲਿਖਿਆ ਸੀ, ‘‘ਇਹ ਸੰਜੋਗ ਦੀ ਗੱਲ ਹੈ ਕਿ ‘ਦੈਨਿਕ ਟ੍ਰਿਬਿਊਨ’ ਅਤੇ ‘ਪੰਜਾਬੀ ਟ੍ਰਿਬਿਊਨ’ 31 ਸਾਲ ਪਹਿਲਾਂ ਸੁਤੰਤਰਤਾ ਦੇ ਉਦੇ ਨਾਲ ਸ਼ੁਰੂ ਹੋਈ ਕੌਮ ਦੀ ਯਾਤਰਾ ਦੇ ਨਾ-ਖੁਸ਼ ਸਮਿਆਂ ਵਿਚ ਜਾਰੀ ਕੀਤੇ ਜਾ ਰਹੇ ਹਨ।’’
ਇਨ੍ਹਾਂ ਅਖ਼ਬਾਰਾਂ ਨੇ ਇਸੇ ਖਿੱਤੇ ਦੀ ਪੱਤਰਕਾਰੀ ਵਿਚ ਨਿਵੇਕਲੀ ਜਗ੍ਹਾ ਬਣਾਈ ਅਤੇ ਨਿਰਪੱਖ ਰਿਪੋਰਟਿੰਗ ਦੇ ਨਵੇਂ ਮਿਆਰ ਸਥਾਪਿਤ ਕੀਤੇ। 1980ਵਿਆਂ ਵਿਚ ਪੰਜਾਬ ਅਤਿਅੰਤ ਦੁਖਾਂਤਕ ਸਮਿਆਂ ਵਿਚੋਂ ਲੰਘਿਆ ਅਤੇ ਸੂਬੇ ਨੇ ਕਈ ਤਰ੍ਹਾਂ ਦੀ ਸਿਆਸੀ ਤੇ ਸਮਾਜਿਕ ਉਥਲ-ਪੁਥਲ ਦੇਖੀ। ‘ਪੰਜਾਬੀ ਟ੍ਰਿਬਿਊਨ’ ਨੇ ਉਨ੍ਹਾਂ ਸਮਿਆਂ ਵਿਚੋਂ ਲੰਘਦਿਆਂ ਪੰਜਾਬੀ ਪੱਤਰਕਾਰੀ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਇਆ। ਅਖ਼ਬਾਰ ਭਾਈਚਾਰਕ ਸਾਂਝ ਤੇ ਸਾਂਝੀਵਾਲਤਾ ਦਾ ਪਹਿਰੇਦਾਰ ਬਣਿਆ। ‘ਪੰਜਾਬੀ ਟ੍ਰਿਬਿਊਨ’ ਦਾ 45 ਸਾਲਾਂ ਦਾ ਇਹ ਸਫ਼ਰ ਸ਼ਾਨਾਂਮੱਤਾ ਹੈ।
ਅਖ਼ਬਾਰਾਂ ਦੀ ਪ੍ਰਕਾਸ਼ਨਾ ਪ੍ਰਿਟਿੰਗ ਪ੍ਰੈੱਸ ਦੇ ਇਤਿਹਾਸ ਨਾਲ ਜੁੜੀ ਹੋਈ ਹੈ। ਭਾਵੇਂ ਕਈ ਪੁਰਾਣੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ ਪਰ ਆਧੁਨਿਕ ਅਖ਼ਬਾਰਾਂ ਦਾ ਮੁੱਢ ਸਤਾਰ੍ਹਵੀਂ ਸਦੀ ਤੋਂ ਬੱਝਾ। ਭਾਰਤ ਵਿਚ ਪਹਿਲਾ ਅਖ਼ਬਾਰ ‘ਹਿੱਕੀ’ਜ਼ ਬੰਗਾਲ ਗਜ਼ਟ’ ਸੀ ਜਿਹੜਾ 1780-82 ਦੌਰਾਨ ਪ੍ਰਕਾਸ਼ਿਤ ਹੋਇਆ। ਮੌਲਾ ਬਖ਼ਸ਼ ਕੁਸ਼ਤਾ ਅਨੁਸਾਰ ਪੰਜਾਬੀ ਦਾ ਗੁਰਮੁਖੀ ਅੱਖਰਾਂ ਵਿਚ ਪਹਿਲਾ ਅਖ਼ਬਾਰ ‘ਹਿੰਦੂ ਪ੍ਰਕਾਸ਼’ 1873 ਵਿਚ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ। 1880 ਵਿਚ ‘ਗੁਰਮੁਖੀ ਅਖ਼ਬਾਰ’ ਲਾਹੌਰ ਅਤੇ ਅੰਮ੍ਰਿਤਸਰ ਤੋਂ ਜਾਰੀ ਕੀਤਾ ਗਿਆ। 1885 ਵਿਚ ‘ਪੰਜਾਬੀ ਦਰਪਨ’ ਸ਼ੁਰੂ ਹੋਇਆ। 1889 ਵਿਚ ਗਿਆਨੀ ਦਿੱਤ ਸਿੰਘ ਦੀ ਅਗਵਾਈ ਵਿਚ ‘ਖ਼ਾਲਸਾ ਅਖ਼ਬਾਰ’ ਦੀ ਪ੍ਰਕਾਸ਼ਨਾ ਸ਼ੁਰੂ ਹੋਈ। ਇਸ ਤਰ੍ਹਾਂ ਪੰਜਾਬੀ ਅਖ਼ਬਾਰਾਂ ਦਾ ਮੁੱਢ 19ਵੀਂ ਸਦੀ ਦੇ ਅਖ਼ੀਰ ਤਕ ਬੱਝ ਗਿਆ ਸੀ।
ਪੱਤਰਕਾਰੀ ਨੂੰ ਇਤਿਹਾਸ ਦਾ ਪਹਿਲਾ ਖਰੜਾ (draft) ਕਿਹਾ ਜਾਂਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਦੇਖਦਿਆਂ ‘ਪੰਜਾਬੀ ਟ੍ਰਿਬਿਊਨ’ ਦਾ ਯੋਗਦਾਨ ਬੇਹੱਦ ਮੁੱਲਵਾਨ ਹੈ। ਆਪਣੇ ਆਰੰਭਕ ਸਫ਼ਰ ਤੋਂ ਹੀ ‘ਪੰਜਾਬੀ ਟ੍ਰਿਬਿਊਨ’ ਪੰਜਾਬੀਆਂ ਦੇ ਦੁੱਖਾਂ-ਸੁੱਖਾਂ, ਆਸਾਂ-ਉਮੀਦਾਂ ਤੇ ਲੋਕ-ਸੰਘਰਸ਼ਾਂ ਨਾਲ ਜੁੜ ਗਈ ਅਤੇ ਇਹ ਸਫ਼ਰ ਅਜੇ ਵੀ ਜਾਰੀ ਹੈ। ਜਿੱਥੇ ਅਖ਼ਬਾਰ ਨੇ ਖ਼ਬਰਾਂ ਨੂੰ ਨਿਰਪੱਖ ਤੇ ਨਿਡਰਤਾ ਨਾਲ ਪੇਸ਼ ਕੀਤਾ, ਉੱਥੇ ਤਕਨੀਕੀ ਪੱਧਰ ’ਤੇ ਵੀ ਅਖ਼ਬਾਰ ਨੂੰ ਸਾਫ਼-ਸੁਥਰੇ ਢੰਗ ਨਾਲ ਛਾਪਣ ਦੇ ਸਫਲ ਉਪਰਾਲੇ ਕੀਤੇ ਗਏ। ਇਸ ਵਿਚ ਅਖ਼ਬਾਰ ਦੇ ਸੰਪਾਦਕਾਂ, ਸਹਿ ਸੰਪਾਦਕਾਂ, ਨਿਊਜ਼ ਐਡੀਟਰਾਂ, ਨਿਊਜ਼ ਰੂਮ ਦੇ ਸਟਾਫ, ਪੱਤਰਕਾਰਾਂ ਤੇ ਹੋਰ ਸਟਾਫ ਨੇ ਯੋਗਦਾਨ ਪਾਇਆ। 8 ਸਤੰਬਰ, 2012 ਤੋਂ ਅਖ਼ਬਾਰ ਡਿਜੀਟਲ ਪਲੇਟਫਾਰਮ ਤੋਂ ਈ-ਪੇਪਰ ਦੇ ਰੂਪ ਵਿਚ ਛਪਣਾ ਸ਼ੁਰੂ ਹੋਇਆ। ਅੱਜ ਦਾ ਯੁੱਗ ਇੰਟਰਨੈੱਟ ਦਾ ਯੁੱਗ ਹੈ। ‘ਪੰਜਾਬੀ ਟ੍ਰਿਬਿਊਨ’ ਹਰ ਹਫ਼ਤੇ ਤਿੰਨ ਵਿਸ਼ੇਸ਼ ਇੰਟਰਨੈੱਟ ਐਡੀਸ਼ਨ ‘ਅਦਬੀ ਰੰਗ’, ‘ਪੰਜਾਬੀ ਪੈੜਾਂ (ਪਰਵਾਸੀ ਪੰਜਾਬੀਆਂ ’ਤੇ ਕੇਂਦਰਿਤ)’ ਅਤੇ ‘ਤਬਸਰਾ’ ਵੀ ਪਾਠਕਾਂ ਤਕ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਫੇਸਬੁੱਕ ’ਤੇ ਲਾਈਵ ਪ੍ਰੋਗਰਾਮ ‘ਵੇਲੇ ਦੀ ਗੱਲ’ ਵਿਚ ਹਰ ਰੋਜ਼ ਸ਼ਾਮ ਸਾਢੇ ਚਾਰ ਵਜੇ ਪੰਜਾਬ ਅਤੇ ਦੇਸ਼ ਦੇ ਮੁੱਦਿਆਂ ’ਤੇ ਗੱਲਬਾਤ ਕੀਤੀ ਜਾਂਦੀ ਹੈ।
‘ਪੰਜਾਬੀ ਟ੍ਰਿਬਿਊਨ’ ਨੇ ਹਮੇਸ਼ਾ ਲੋਕ ਮੁੱਦਿਆਂ ਨੂੰ ਉਭਾਰਿਆ ਤੇ ਨਿਸ਼ੰਗਤਾ ਨਾਲ ਪੇਸ਼ ਕੀਤਾ ਹੈ। ਅਖ਼ਬਾਰ ਦੇ ਪੱਤਰਕਾਰਾਂ ਦੇ ਪੰਜਾਬ ਦੇ ਲੋਕਾਂ ਨਾਲ ਨਿੱਘੇ ਤੇ ਡੂੰਘੇ ਰਿਸ਼ਤੇ ਹਨ। ਅਖ਼ਬਾਰ ਵੱਖ ਵੱਖ ਤਰ੍ਹਾਂ ਦੇ ਵਿਚਾਰਾਂ ਦੇ ਆਦਾਨ-ਪ੍ਰਦਾਨ ਦਾ ਮੰਚ ਬਣਿਆ ਅਤੇ ਇਸ ਨੇ ਤਰਕਸ਼ੀਲ ਵਿਚਾਰਧਾਰਾ ਨੂੰ ਅਪਣਾਇਆ। ਅਖ਼ਬਾਰ ਨੇ ਕਈ ਯਾਦਗਾਰੀ ਅੰਕ ਪੇਸ਼ ਕੀਤੇ ਹਨ ਅਤੇ ਇਸ ਤਰ੍ਹਾਂ ਇਹ ਵਰਤਮਾਨ ਤੇ ਭਵਿੱਖ ਦੇ ਖੋਜੀਆਂ ਲਈ ਆਪਣੇ ਸਮਿਆਂ ਦੇ ਸਿਆਸੀ, ਸਮਾਜਿਕ, ਆਰਥਿਕ ਤੇ ਸੱਭਿਆਚਾਰਕ ਰੁਝਾਨਾਂ ਦੇ ਰਿਕਾਰਡ ਦਾ ਖ਼ਜ਼ਾਨਾ ਵੀ ਹੈ। ਅਖ਼ਬਾਰ ਨੇ ਹੋਰ ਸੂਬਿਆਂ ਤੇ ਵਿਦੇਸ਼ਾਂ ਵਿਚ ਵੱਸਦੇ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਵੀ ਪੇਸ਼ ਕੀਤਾ ਹੈ।
‘ਪੰਜਾਬੀ ਟ੍ਰਿਬਿਊਨ’ ਨੇ ਸੂਬੇ ਦੇ ਸਿਖਰਲੇ ਅਰਥ ਸ਼ਾਸਤਰੀਆਂ, ਸਮਾਜ ਸ਼ਾਸਤਰੀਆਂ ਅਤੇ ਇਤਿਹਾਸਕਾਰਾਂ ਦੇ ਵਿਸ਼ਲੇਸ਼ਣ ਆਪਣੇ ਪਾਠਕਾਂ ਤਕ ਪਹੁੰਚਾਏ ਹਨ। ਪੰਜਾਬ ਦੇ ਨਾਮੀ ਸਿਆਸਤਦਾਨ, ਪ੍ਰਸ਼ਾਸਕ, ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂ ਵੀ ਆਪਣੇ ਵਿਚਾਰ ‘ਪੰਜਾਬੀ ਟ੍ਰਿਬਿਊਨ’ ਵਿਚ ਪ੍ਰਗਟਾਉਂਦੇ ਰਹੇ ਹਨ। ਅਖ਼ਬਾਰ ਨੇ ਨਾਰੀ ਲੇਖਕਾਂ, ਚਿੰਤਕਾਂ ਤੇ ਵਿਦਵਾਨਾਂ ਤਕ ਪਹੁੰਚਣ ਦੇ ਵਿਸ਼ੇਸ਼ ਉਪਰਾਲੇ ਕੀਤੇ ਹਨ। ‘ਪੰਜਾਬੀ ਟ੍ਰਿਬਿਊਨ’ ਦਾ ‘ਨਜ਼ਰੀਆ’ ਸਫ਼ਾ (ਸੰਪਾਦਕੀ ਸਫ਼ਾ) ਸੂਬੇ, ਦੇਸ਼ ਤੇ ਪੂਰੇ ਵਿਸ਼ਵ ਵਿਚ ਹੋ ਰਹੀਆਂ ਮਹੱਤਵਪੂਰਨ ਘਟਨਾਵਾਂ ਬਾਰੇ ਵਿਦਵਾਨਾਂ ਦੀ ਰਾਏ ਪਾਠਕਾਂ ਤਕ ਪਹੁੰਚਾਉਂਦਾ ਹੈ; ਇਸ ਵਿਚ ਪੰਜਾਬ ਤੋਂ ਬਾਹਰਲੇ ਵਿਦਵਾਨਾਂ ਦੀਆਂ ਲਿਖਤਾਂ ਵੀ ਸ਼ਾਮਲ ਹੁੰਦੀਆਂ ਹਨ। ਅਖ਼ਬਾਰ ਨੇ ਵਿਗਿਆਨ ਦੇ ਖੇਤਰ ਨਾਲ ਸਬੰਧਿਤ ਵਿਦਵਾਨਾਂ ਨੂੰ ਪੰਜਾਬੀ ਵਿਚ ਲਿਖਣ ਲਈ ਪ੍ਰੇਰਿਆ ਹੈ ਅਤੇ ਵਿਗਿਆਨ ਬਾਰੇ ਲਿਖੇ ਗਏ ਉਨ੍ਹਾਂ ਦੇ ਲੇਖ ਪਾਠਕਾਂ ਤਕ ਪਹੁੰਚਾਏ ਹਨ। ਅਖ਼ਬਾਰ ਨੇ ਨੌਜਵਾਨ ਲੇਖਕਾਂ ਨੂੰ ਉਤਸ਼ਾਹਿਤ ਕੀਤਾ ਹੈ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਤੇ ਸਟਾਫ਼ ਭਾਸ਼ਾ ਦੇ ਪੱਖ ਤੋਂ ਚੇਤੰਨ ਰਹੇ ਹਨ ਅਤੇ ਅਖ਼ਬਾਰ ਨੇ ਪੰਜਾਬੀ ਭਾਸ਼ਾ ਨੂੰ ਮਿਆਰੀ ਬਣਾਉਣ ਵਿਚ ਅਹਿਮ ਯੋਗਦਾਨ ਪਾਇਆ ਹੈ। ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨਾਲ ਰਿਸ਼ਤੇ ਨੂੰ ਦੇਖਦਿਆਂ ਸਤਾਰ੍ਹਵੀਂ ਸਦੀ ਦੇ ਪੰਜਾਬੀ ਸ਼ਾਇਰ ਕਮਾਲ ਦੀਨ ਦੇ ਸ਼ਬਦ ਯਾਦ ਆਉਂਦੇ ਹਨ, ‘‘ਵੇਖ ਕਿਤਾਬਾਂ ਮਸਲੇ ਜੋੜੇ, ਨਾਲ ਜ਼ੁਬਾਨ ਪੰਜਾਬੀ/ਯਾਦ ਕਰੋ, ਤੁਸੀਂ ਪੜ੍ਹੋ ਹਮੇਸ਼ਾ, ਨਾਲ ਤਬੀਅਤ ਤਾਜ਼ੀ।’’ ‘ਪੰਜਾਬੀ ਟ੍ਰਿਬਿਊਨ’ ਨੇ ਪੰਜਾਬ ਦੀ ਵੰਡ, ਜੱਲ੍ਹਿਆਂ ਵਾਲੇ ਬਾਗ, ਗੁਰੂ ਨਾਨਕ ਦੇਵ ਦੀ ਚਿੰਤਨ-ਧਾਰਾ, ਕਿਸਾਨ ਲਹਿਰ ਅਤੇ ਕਈ ਹੋਰ ਵਿਸ਼ਿਆਂ ਬਾਰੇ ਅਹਿਮ ਅੰਕ ਪ੍ਰਕਾਸ਼ਿਤ ਕੀਤੇ ਹਨ।
ਅਖ਼ਬਾਰਾਂ, ਟੈਲੀਵਿਜ਼ਨ ਚੈਨਲਾਂ ਤੇ ਵਿਚਾਰਾਂ ਦੇ ਪ੍ਰਗਟਾਵੇ ਨਾਲ ਜੁੜੇ ਹੋਰ ਮੰਚਾਂ ਨੂੰ ਹਮੇਸ਼ਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੈ; ਹੁਣ ਵੀ ਕਰਨਾ ਪੈ ਰਿਹਾ ਹੈ। ਕਰੋਨਾ ਮਹਾਮਾਰੀ ਨੇ ਪ੍ਰਿੰਟ ਮੀਡੀਆ ਨੂੰ ਵੱਡਾ ਨੁਕਸਾਨ ਪਹੰਚਾਇਆ। ਅਜ਼ਮਾਈ ਹੋਈ ਗੱਲ ਹੈ ਕਿ ਚੁਣੌਤੀਆਂ ਭਰੇ ਸਮੇਂ ਹੀ ਮਨੁੱਖਾਂ ਵਿਚਲੇ ਗੁਣਾਂ ਨੂੰ ਉਜਾਗਰ ਕਰਦੇ ਹਨ; ਇਹ ਗੱਲ ਅਖ਼ਬਾਰਾਂ ਅਤੇ ਮੀਡੀਆ ਦੇ ਹੋਰ ਮੰਚਾਂ ’ਤੇ ਵੀ ਲਾਗੂ ਹੁੰਦੀ ਹੈ। ਇਹ ਮੰਚ ਜਮਹੂਰੀਅਤ ਅਤੇ ਸੰਵਿਧਾਨਕ ਕਦਰਾਂ-ਕੀਮਤਾਂ ਦੇ ਰਖਵਾਲੇ ਹਨ; ਇਨ੍ਹਾਂ ਨੂੰ ਆਪਣੀ ਭੂਮਿਕਾ ਪੂਰੀ ਚੇਤਨਾ ਨਾਲ ਨਿਭਾਉਣੀ ਪੈਣੀ ਹੈ। ‘ਪੰਜਾਬੀ ਟ੍ਰਿਬਿਊਨ’ ਇਸ ਬਾਰੇ ਪੂਰੀ ਤਰ੍ਹਾਂ ਚੇਤੰਨ ਹੈ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ।।’’ ਪੰਜਾਬੀ ਟ੍ਰਿਬਿਊਨ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ।
‘ਪੰਜਾਬੀ ਟ੍ਰਿਬਿਊਨ’ ਪੰਜਾਬ ਦੇ ਲੋਕਾਂ, ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਸਮਰਪਿਤ ਅਖ਼ਬਾਰ ਹੈ। ਆਪਣੇ ਮਾਟੋ ਅਨੁਸਾਰ ਇਹ ਹਮੇਸ਼ਾ ਲੋਕ ਆਵਾਜ਼ ਬਣ ਕੇ ਉੱਭਰਿਆ ਹੈ। ਅਖ਼ਬਾਰ ਪੰਜਾਬੀਅਤ ਦੀ ਸਮੂਹਿਕ ਆਵਾਜ਼ ਹੈ। ਵੀਹਵੀਂ ਸਦੀ ਦੇ ਸਿਰਮੌਰ ਨਾਟਕਕਾਰ ਆਰਥਰ ਮਿਲਰ ਦਾ ਉਪਰੋਕਤ ਕਥਨ ‘‘ਚੰਗੀ ਅਖ਼ਬਾਰ ਇੰਝ ਦੀ ਹੁੰਦੀ ਹੈ ਜਿਵੇਂ ਕੋਈ ਕੌਮ ਆਪਣੇ ਆਪ ਨਾਲ ਗੱਲਾਂ ਕਰ ਰਹੀ ਹੋਵੇ’’, ਅਖ਼ਬਾਰ ਦੀ ਆਤਮਾ ਦੇ ਤੱਤ-ਸਾਰ ਨੂੰ ਪੇਸ਼ ਕਰਦਾ ਹੈ। ‘ਪੰਜਾਬੀ ਟ੍ਰਿਬਿਊਨ’ ਵਿਚ ਪੰਜਾਬੀ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਸੁਲਤਾਨ ਬਾਹੂ ਦੇ ਸ਼ਬਦਾਂ ‘ਸਾਬਤ ਸਿੱਕ ਤੇ ਕਦਮ ਅਗੇਰੇ’ ’ਤੇ ਯਕੀਨ ਰੱਖਦਿਆਂ ‘ਪੰਜਾਬੀ ਟ੍ਰਿਬਿਊਨ’ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਦੀ ਆਵਾਜ਼ ਬੁਲੰਦ ਕਰਦਾ ਰਹੇਗਾ।

Advertisement
Advertisement