ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਠਕਾਂ ਦੇ ਚੇਤਿਆਂ ’ਚ ਵਸਿਆ ਪੰਜਾਬੀ ਟ੍ਰਿਬਿਊਨ

08:02 AM Aug 11, 2024 IST

ਅੱਜ ਤੋਂ 46 ਵਰ੍ਹੇ ਪਹਿਲਾਂ 15 ਅਗਸਤ 1978 ਨੂੰ ‘ਪੰਜਾਬੀ ਟ੍ਰਿਬਿਊਨ’ ਦੇ ਜਨਮ ਨਾਲ ਪੰਜਾਬੀ ਪੱਤਰਕਾਰੀ ਦੇ ਇਤਿਹਾਸ ਵਿੱਚ ਇੱਕ ਨਵਾਂ ਪੰਨਾ ਜੁੜਿਆ। ਇਸ ਅਖ਼ਬਾਰ ਦੀ ਆਮਦ ਆਪਣੇ ਆਪ ਵਿੱਚ ਬਹੁਤ ਨਿਵੇਕਲੀ ਅਤੇ ਅਹਿਮ ਸੀ। ਪੰਜਾਬ ਦੇ ਲੋਕਾਂ ਨੇ ਇਸ ਅਖ਼ਬਾਰ ਨੂੰ ਬਹੁਤ ਭਰਵਾਂ ਹੁੰਗਾਰਾ ਦਿੱਤਾ ਕਿਉਂਕਿ ਇਸ ਦੇ ਪਿੱਛੇ ਟ੍ਰਿਬਿਊਨ ਟਰੱਸਟ ਵੱਲੋਂ ਪ੍ਰਕਾਸ਼ਿਤ ਕੀਤੀ ਜਾ ਰਹੀ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਦੀ ਭਰੋਸੇਯੋਗਤਾ, ਲੋਕ-ਪੱਖੀ ਨੀਤੀਆਂ ਅਤੇ ਰਵਾਇਤਾਂ ਖੜ੍ਹੀਆਂ ਸਨ।
‘ਪੰਜਾਬੀ ਟ੍ਰਿਬਿਊਨ’ ਦਾ ਪ੍ਰਕਾਸ਼ਨ ਭਾਵੇਂ 15 ਅਗਸਤ 1978 ਨੂੰ ਸ਼ੁਰੂ ਹੋਇਆ, ਪਰ ਅਦਾਰੇ ਨੇ ਇਹ ਅਖ਼ਬਾਰ ਕੱਢਣ ਦਾ ਫ਼ੈਸਲਾ ਬਹੁਤ ਵਰ੍ਹੇ ਪਹਿਲਾਂ ਹੀ ਕਰ ਲਿਆ ਸੀ। ਵੀ.ਐੱਨ. ਦੱਤਾ ਨੇ ਆਪਣੀ ਪੁਸਤਕ ‘ਦਿ ਟ੍ਰਿਬਿਊਨ 130 ਯੀਅਰਜ਼: ਏ ਵਿਟਨੈੱਸ ਟੂ ਹਿਸਟਰੀ’ ਦੇ ਇੱਕ ਅਧਿਆਏ ਵਿੱਚ ‘ਪੰਜਾਬੀ ਟ੍ਰਿਬਿਊਨ’ ਅਤੇ ‘ਦੈਨਿਕ ਟ੍ਰਿਬਿਊਨ’ ਦੇ ਜਨਮ ਬਾਰੇ ਦੱਸਿਆ ਹੈ। ਉਹ ਪ੍ਰਕਾਸ਼ ਆਨੰਦ ਵੱਲੋਂ ਲਿਖੀ ਪੁਸਤਕ ‘ਏ ਹਿਸਟਰੀ ਆਫ ਦਿ ਟ੍ਰਿਬਿਊਨ’ ਦੇ ਹਵਾਲੇ ਨਾਲ ਲਿਖਦੇ ਹਨ ਕਿ ਅਦਾਰੇ ਵੱਲੋਂ ਪੰਜਾਬੀ ਅਤੇ ਹਿੰਦੀ ਵਿੱਚ ਅਖ਼ਬਾਰ ਕੱਢਣ ਦੀ ਤਜਵੀਜ਼ ਦੇਸ਼ ਵੰਡ ਤੋਂ ਕੋਈ ਇੱਕ ਮਹੀਨੇ ਬਾਅਦ 11 ਸਤੰਬਰ 1947 ਨੂੰ ਟਰੱਸਟੀਆਂ ਦੀ ਮੀਟਿੰਗ ਵਿੱਚ ਪੇਸ਼ ਕੀਤੀ ਗਈ। ਦੇਸ਼ ਵੰਡ ਤੋਂ ਬਾਅਦ ‘ਦਿ ਟ੍ਰਿਬਿਊਨ’ ਅਖ਼ਬਾਰ ਕੁਝ ਸਮੇਂ ਲਈ ਅੰਬਾਲਾ ਛਾਉਣੀ ਤੋਂ ਛਪਦਾ ਰਿਹਾ। ਇਸ ਮਗਰੋਂ ਟਰੱਸਟੀਆਂ ਦੀਆਂ 17 ਅਕਤੂਬਰ ਅਤੇ 9 ਦਸੰਬਰ 1954 ਨੂੰ ਹੋਈਆਂ ਮੀਟਿੰਗਾਂ ਵਿੱਚ ਫਿਰ ਇਨ੍ਹਾਂ ਦੋਹਾਂ ਅਖ਼ਬਾਰਾਂ ਦੇ ਪ੍ਰਕਾਸ਼ਨ ਦਾ ਮੁੱਦਾ ਵਿਚਾਰਿਆ ਗਿਆ ਪਰ ਕੋਈ ਫ਼ੈਸਲਾ ਨਾ ਲਿਆ ਜਾ ਸਕਿਆ।
ਵਿੱਤੀ ਅਤੇ ਤਕਨੀਕੀ ਦਿੱਕਤਾਂ ਕਾਰਨ 1967 ਤੋਂ 1978 ਤੱਕ ਇਨ੍ਹਾਂ ਅਖ਼ਬਾਰਾਂ ਦੇ ਪ੍ਰਕਾਸ਼ਨ ਦਾ ਮਾਮਲਾ ਠੰਢੇ ਬਸਤੇ ’ਚ ਪਿਆ ਰਿਹਾ। ਰੰਧਾਵਾ ਰਿਪੋਰਟ ਦੇ ਮੱਦੇਨਜ਼ਰ 20 ਦਸੰਬਰ 1976 ਨੂੰ ਚੰਡੀਗੜ੍ਹ ’ਚ ਹੋਈ ਟਰੱਸਟੀਆਂ ਦੀ ਮੀਟਿੰਗ ਵਿੱਚ ‘ਦਿ ਟ੍ਰਿਬਿਊਨ’ ਮੈਨੇਜਮੈਂਟ ਨੂੰ ਇਸ ਸਬੰਧੀ ਪ੍ਰਸ਼ਾਸਕੀ ਅਤੇ ਵਿੱਤੀ ਪ੍ਰਬੰਧਾਂ ਬਾਰੇ ਖ਼ਾਕਾ ਤਿਆਰ ਕਰਨ ਲਈ ਕਿਹਾ ਗਿਆ। ਅਖ਼ੀਰ 23 ਫਰਵਰੀ 1977 ਨੂੰ ਟਰੱਸਟੀਆਂ ਵੱਲੋਂ ਦੋਵੇਂ ਨਵੇਂ ਅਖ਼ਬਾਰਾਂ ਦੇ ਪ੍ਰਕਾਸ਼ਨ ਨੂੰ ਹਰੀ ਝੰਡੀ ਦੇ ਦਿੱਤੀ ਗਈ। ਇਸ ਨੂੰ ਅਮਲੀ ਜਾਮਾ 14 ਅਗਸਤ 1978 ਨੂੰ ਉਦੋਂ ਪਹਿਨਾਇਆ ਗਿਆ ਜਦੋਂ ਤਤਕਾਲੀ ਸੂਚਨਾ ਤੇ ਪ੍ਰਸਾਰਣ ਮੰਤਰੀ ਐੱਲ ਕੇ ਅਡਵਾਨੀ ਨੇ ਇਸ ਅਖ਼ਬਾਰ ਦਾ ਉਦਘਾਟਨ ਕੀਤਾ। ਆਜ਼ਾਦੀ ਦਿਵਸ ਮੌਕੇ 15 ਅਗਸਤ ਦੀ ਸਵੇਰ ਇਹ ਅਖ਼ਬਾਰ ਪਾਠਕਾਂ ਦੇ ਹੱਥਾਂ ’ਚ ਪਹੁੰਚ ਗਿਆ।
ਇਸ ਅਖ਼ਬਾਰ ਦੇ ਜਨਮ ਵੇਲੇ ਪੰਜਾਬੀ ਜਗਤ ਦੀਆਂ ਅਹਿਮ ਸ਼ਖ਼ਸੀਅਤਾਂ ਡਾ. ਐੱਮ.ਐੱਸ ਰੰਧਾਵਾ ਟ੍ਰਿਬਿਊਨ ਟਰੱਸਟ ਦੇ ਚੇਅਰਮੈਨ ਅਤੇ ਪ੍ਰੇਮ ਭਾਟੀਆ ‘ਦਿ ਟ੍ਰਿਬਿਊਨ’ ਦੇ ਸੰਪਾਦਕ ਸਨ। ਅਖ਼ਬਾਰ ਸ਼ੁਰੂ ਹੋਣ ਵੇਲੇ ਤੋਂ ਹੀ ਇਹ ਤੈਅ ਸੀ ਕਿ ਇਸ ਨੇ ਧਰਮ ਨਿਰਪੱਖ, ਵਿਗਿਆਨਕ ਅਤੇ ਤਾਰਕਿਕ ਦ੍ਰਿਸ਼ਟੀਕੋਣ ’ਤੇ ਪਹਿਰਾ ਦਿੰਦਿਆਂ ਆਮ ਲੋਕਾਂ ਦੇ ਮੁੱਦਿਆਂ ਨੂੰ ਉਠਾਉਂਦਿਆਂ, ਉਭਾਰਦਿਆਂ ਅਤੇ ਉਨ੍ਹਾਂ ਦੇ ਹੱਲ ਦੀ ਦਿਸ਼ਾ ਵਿੱਚ ਕੰਮ ਕਰਦਿਆਂ ਲੋਕ ਆਵਾਜ਼ ਬਣਨਾ ਹੈ। ਇਸ ਦੇ ਬਾਨੀ ਸੰਪਾਦਕ ਬਰਜਿੰਦਰ ਸਿੰਘ ਤੋਂ ਲੈ ਕੇ ਵੱਖ ਵੱਖ ਸਮੇਂ ਹੋਏ ਸੰਪਾਦਕਾਂ ਗੁਲਜ਼ਾਰ ਸਿੰਘ ਸੰਧੂ, ਹਰਭਜਨ ਹਲਵਾਰਵੀ, ਗੁਰਬਚਨ ਭੁੱਲਰ, ਸ਼ੰਗਾਰਾ ਸਿੰਘ ਭੁੱਲਰ, ਸਿੱਧੂ ਦਮਦਮੀ, ਵਰਿੰਦਰ ਵਾਲੀਆ, ਸੁਰਿੰਦਰ ਸਿੰਘ ਤੇਜ ਅਤੇ ਡਾ. ਸਵਰਾਜਬੀਰ ਨੇ ਪੱਤਰਕਾਰੀ ਦੇ ਉੱਚ ਮਿਆਰਾਂ ਨੂੰ ਕਾਇਮ ਰੱਖਦਿਆਂ ਅਖ਼ਬਾਰ ਨੂੰ ਸਮੇਂ ਦੀਆਂ ਲੋੜਾਂ ਅਨੁਸਾਰ ਨਵਾਂ ਰੂਪ ਦਿੱਤਾ। ਇਨ੍ਹਾਂ ’ਚੋਂ ਬਹੁਤੇ ਕਿਉਂਕਿ ਸਾਹਿਤਕਾਰ ਸਨ, ਇਸ ਲਈ ਅਖ਼ਬਾਰ ’ਤੇ ਸਾਹਿਤਕ ਰੰਗਤ ਚੜ੍ਹਨੀ ਸੁਭਾਵਿਕ ਸੀ। ਇਨ੍ਹਾਂ ਸਾਰੇ ਸੰਪਾਦਕਾਂ ਨੇ ਇਹ ਯਕੀਨੀ ਬਣਾਇਆ ਕਿ ਅਖ਼ਬਾਰ ਵਿੱਚ ਛਪਣ ਵਾਲੀ ਸਾਰੀ ਸਮੱਗਰੀ ਨਿੱਗਰ, ਮਿਆਰੀ ਅਤੇ ਸੁਹਜਾਤਮਕ ਹੋਵੇ ਅਤੇ ਇਹ ਸਮੁੱਚੇ ਪਰਿਵਾਰ ਤੇ ਹਰ ਵਰਗ ਦਾ ਅਖ਼ਬਾਰ ਹੋਵੇ। ਇਹੀ ਕਾਰਨ ਹੈ ਕਿ ਪੜ੍ਹੇ ਲਿਖੇ ਵਰਗ ਤੋਂ ਲੈ ਕੇ ਦੂਰ-ਦੁਰਾਡੇ ਦੇ ਕਿਸੇ ਪਿੰਡ ਵਿੱਚ ਬੈਠੇ ਸਾਧਾਰਨ ਕਿਸਾਨ ਤੇ ਮਜ਼ਦੂਰ ਤੱਕ ਇਸ ਨੇ ਆਪਣੀ ਸਹਿਜ ਪਹੁੰਚ ਕਾਇਮ ਕੀਤੀ ਅਤੇ ‘ਪੰਜਾਬੀ ਟ੍ਰਿਬਿਉੂਨ’ ਦਾ ਪਰਿਵਾਰ ਲਗਾਤਾਰ ਵੱਡਾ ਹੁੰਦਾ ਗਿਆ। ਸਾਡੇ ਪੱਤਰਕਾਰ, ਅਖ਼ਬਾਰ ਦਾ ਸਮੁੱਚਾ ਸੰਪਾਦਕੀ ਅਮਲਾ ਆਪਣੇ ਪਾਠਕ ਪਰਿਵਾਰ ਦੀਆਂ ਉਮੀਦਾਂ ’ਤੇ ਲਗਾਤਾਰ ਖ਼ਰਾ ਉੱਤਰਨ ਦਾ ਯਤਨ ਕਰਦੇ ਹਨ। ਪੰਜਾਬ ਦੇ ਕਾਲੇ ਅਤੇ ਸਿਆਸੀ ਉਥਲ-ਪੁਥਲ ਵਾਲੇ ਦੌਰ ’ਚ ਵੀ ਅਖ਼ਬਾਰ ਸਾਬਤ ਕਦਮੀਂ ਤੁਰਦਾ ਅਤੇ ਲਗਾਤਾਰ ਅੱਗੇ ਵਧਦਾ ਰਿਹਾ। ਬਲੈਕ ਐਂਡ ਵ੍ਹਾਈਟ ਪ੍ਰਿੰਟਿੰਗ ਤੋਂ ਰੰਗਦਾਰ ਛਪਾਈ ਤੱਕ ਹੁੰਦਾ ਹੋਇਆ ਇਹ ਡਿਜੀਟਲ ਦੌਰ ’ਚ ਦਾਖਲ ਹੋ ਗਿਆ ਹੈ। ਹੁਣ ਇਸ ਦੀ ਪਹੁੰਚ ਦੁਨੀਆ ਦੇ ਹਰ ਕੋਨੇ ’ਚ ਬੈਠੇ ਪੰਜਾਬੀ ਪਾਠਕ ਤੱਕ ਹੈ। ਇਸ ਅਖ਼ਬਾਰ ਦਾ ਆਪਣਾ ਮਾਣਮੱਤਾ ਵਿਰਸਾ ਹੈ, ਜਿਸ ਨੂੰ ਸੰਭਾਲਣ ਅਤੇ ਅੱਗੇ ਵਧਾਉਣ ਦੇ ਚੁਣੌਤੀਪੂਰਨ ਕਾਰਜ ਦੀ ਜ਼ਿੰਮੇਵਾਰੀ ਹੁਣ ਸਾਡੇ ਸਾਰਿਆਂ ਸਿਰ ਹੈ।
ਪਾਠਕ ਪਰਿਵਾਰ ਲਗਾਤਾਰ ਖ਼ਤਾਂ ਰਾਹੀਂ ਆਪਣਾ ਪ੍ਰਤੀਕਰਮ ਜ਼ਾਹਿਰ ਕਰ ਕੇ ਸਾਡਾ ਹੌਸਲਾ ਵਧਾਉਣ ਅਤੇ ਸੇਧ ਦੇਣ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਅਖ਼ਬਾਰ ਪ੍ਰਤੀ ਤੁਹਾਡੀਆਂ ਭਾਵਨਾਵਾਂ ਸਭ ਨਾਲ ਸਾਂਝੀਆਂ ਕਰਨ ਲਈ ਅਸੀਂ ਅੱਜ ਇਹ ਪੰਨਾ ਤੁਹਾਡੇ ਖ਼ਤਾਂ ਨੂੰ ਸਮਰਪਿਤ ਕਰ ਰਹੇ ਹਾਂ। ਪਾਠਕਾਂ ਦੀ ਆਲੋਚਨਾ ਅਤੇ ਪ੍ਰਸ਼ੰਸਾ ‘ਪੰਜਾਬੀ ਟ੍ਰਿਬਿਊਨ’ ਦੀ ਸਮੁੱਚੀ ਟੀਮ ਦੇ ਸਿਰ ਮੱਥੇ। - ਅਰਵਿੰਦਰ ਜੌਹਲ

Advertisement

ਯਾਦਾਂ ਦਾ ਸਫ਼ਰ

ਟ੍ਰਿਬਿਊਨ (ਅੰਗਰੇਜ਼ੀ) ਦਾ ਮਾਣਮੱਤਾ ਇਤਿਹਾਸ ਹੈ। ਇਹ ਅਖ਼ਬਾਰ ਲਾਹੌਰ ਤੋਂ ਸ਼ੁਰੂ ਹੋਇਆ ਅਤੇ ਚੰਡੀਗੜ੍ਹ ਤੱਕ ਪੁੱਜਿਆ। ਇਸ ਅਖ਼ਬਾਰ ਦੇ ਪਾਏ ਪੂਰਨਿਆਂ ’ਤੇ 46 ਸਾਲ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਹੋਇਆ। ਇਸ ਅਖ਼ਬਾਰ ਨੇ ਨਿਰਪੱਖਤਾ ਦੀ ਕਸਵੱਟੀ ’ਤੇ ਖ਼ਰਾ ਉਤਰਨ ਦੇ ਨਾਲ ਨਾਲ ਸਾਹਿਤ ਪੱਖੋਂ ਵੀ ਮੱਲਾਂ ਮਾਰੀਆਂ ਹਨ। ਸ਼ੁਰੂਆਤ ਵਿੱਚ ‘ਪੰਜਾਬੀ ਟ੍ਰਿਬਿਊਨ’ ਦੀ ਕੀਮਤ ਪੰਝੀ ਪੈਸੇ ਸੀ। ਉਦੋਂ ਤੋਂ ਹੀ ਮੈਂ ‘ਅੰਗਰੇਜ਼ੀ ਟਿਬਿਊਨ’ ਦੇ ਨਾਲ ‘ਪੰਜਾਬੀ ਟ੍ਰਿਬਿਊਨ’ ਵੀ ਲਗਵਾ ਲਿਆ। ਦੋਵੇਂ ਅਖ਼ਬਾਰ ਪੜ੍ਹਨ ਲਈ ਸਮਾਂ ਲੱਗਦਾ ਸੀ। ਦਫ਼ਤਰ ਜਾਣ ਲਈ ਮੈਨੂੰ ਸਵੇਰੇ ਸਵਾ ਅੱਠ ਵਜੇ ਘਰੋਂ ਜਾਣਾ ਪੈਂਦਾ ਸੀ। ਮੈਂ ਮੇਜ਼ ਦੇ ਇੱਕ ਪਾਸੇ ਰੋਟੀ ਦੀ ਥਾਲੀ ਅਤੇ ਦੂਜੇ ਪਾਸੇ ਅਖ਼ਬਾਰ ਰੱਖ ਕੇ ਪੜ੍ਹਨਾ। ਜੇਕਰ ਪੂਰਾ ਪੜ੍ਹਿਆ ਨਾ ਜਾਣਾ ਤਾਂ ਸ਼ਾਮ ਨੂੰ ਆ ਕੇ ਪੜ੍ਹਨਾ। ਜਿੰਨਾ ਚਿਰ ਅਖ਼ਬਾਰ ਨਾ ਆਉਂਦਾ, ਮੈਂ ਰੋਟੀ ਨਾ ਖਾਂਦਾ ਅਤੇ ਆਨੇ-ਬਹਾਨੇ ਘਰ ਦੇ ਗੇਟ ਤੱਕ ਅਖ਼ਬਾਰ ਲਈ ਚੱਕਰ ਕੱਟਦਾ ਰਹਿੰਦਾ। ਇੱਕ ਦਿਨ ਮੇਰੀ ਮਾਂ ਨੇ ਆਖਿਆ, ‘‘ਤੇਰੀ ਰੋਟੀ ਮੇਜ਼ ’ਤੇ ਪਈ ਹੈ, ਖਾਂਦਾ ਕਿਉਂ ਨਹੀ?’’
‘‘ਰੋਟੀ ਕਿੱਦਾਂ ਖਾਵਾਂ, ਅਖ਼ਬਾਰ ਤਾਂ ਅਜੇ ਆਇਆ ਨਹੀਂ,’’ ਮੈਂ ਸਹਿਜ ਸੁਭਾਅ ਹੀ ਜਵਾਬ ਦਿੱਤਾ। ਮੇਰੀ ਮਾਂ ਰੋਟੀ ਚੁੱਕ ਕੇ ਲੈ ਗਈ ਅਤੇ ਕਹਿਣ ਲੱਗੀ, ‘‘ਜਦੋਂ ਅਖ਼ਬਾਰ ਆਇਆ ਦੱਸ ਦੇਈਂ ਮੈਂ ਰੋਟੀ ਗਰਮ ਕਰਕੇ ਰੱਖ ਦੇਵਾਂਗੀ।’’ ਇਹ ਸੀ ਅਖ਼ਬਾਰ ਨਾਲ ਮੋਹ।
ਜਦੋਂ ਕਰੋਨਾ ਦੇ ਕਹਿਰ ਨੇ ਸਾਰੀ ਦੁਨੀਆ ਵਿੱਚ ਤਰਥੱਲੀ ਮਚਾ ਦਿੱਤੀ ਤਾਂ ਅਖ਼ਬਾਰ ਬੰਦ ਹੋ ਗਏ। ਫਿਰ ਅਖ਼ਬਾਰ ਔਨਲਾਈਨ ਹੋ ਗਿਆ। ਜਦੋਂ ਦਾ ਇਹ ਅਖ਼ਬਾਰ ਔਨਲਾਈਨ ਹੋਇਆ ਹੈ (ਪਹਿਲਾ ਮੁਫ਼ਤ ਸੀ। ਹੁਣ ਇਸ ਨੂੰ ਖਰੀਦਣਾ ਪੈਂਦਾ ਹੈ। ਫਿਰ ਵੀ ਦੂਜੇ ਅਖ਼ਬਾਰਾਂ ਦੇ ਮੁਕਾਬਲੇ ਇਸ ਦੀ ਕੀਮਤ ਘੱਟ ਹੈ), ਮੈਂ ਔਨਲਾਈਨ ਅਖ਼ਬਾਰ ਪੜ੍ਹ ਰਿਹਾ ਹਾਂ। ਇਸ ਅਖ਼ਬਾਰ ਨੇ ਮੈਨੂੰ ਸਾਹਿਤਕ ਚੇਟਕ ਲਾਈ। ਹੁਣ ਤੱਕ ਛਪੀਆਂ ਮੇਰੀਆਂ 75 ਕਹਾਣੀਆਂ ਵਿੱਚੋਂ ਜ਼ਿਆਦਾ ਗਿਣਤੀ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪੀਆਂ ਹਨ। ਮੇਰੇ ਧੀ ਜਵਾਈ ਅਤੇ ਦੋਹਤੇ ਕੈਨੇਡਾ ਵਿੱਚ ਅਤੇ ਪੁੱਤਰ ਨਿਊਜ਼ੀਲੈਂਡ ਵਿੱਚ ਰਹਿੰਦਾ ਹੋਣ ਕਰਕੇ ਮੇਰਾ ਬਹੁਤਾ ਸਮਾਂ ਉੱਥੇ ਬਤੀਤ ਹੁੰਦਾ ਹੈ। ਮੈਂ ਜਿੱਥੇ ਵੀ ਹੋਵਾਂ, ‘ਪੰਜਾਬੀ ਟ੍ਰਿਬਿਊਨ’ ਔਨਲਾਈਨ ਪੜ੍ਹਦਾ ਹਾਂ। ਦਿਨ ਦੇ ਲਗਭਗ 3:30 ਵਜੇ ਮੈਂ ਆਪਣੇ ਮੋਬਾਈਲ ’ਤੇ ਈ-ਮੇਲ ਦਾ ਇੰਤਜ਼ਾਰ ਕਰਦਾ ਹਾਂ। ਜਦੋਂ ਈ-ਮੇਲ ਆ ਜਾਂਦੀ ਹੈ ਤਾਂ ਅਖ਼ਬਾਰ ਖੋਲ੍ਹ ਲੈਂਦਾ ਹਾਂ। ਜਿੰਨਾ ਚਿਰ ਅਖ਼ਬਾਰ ਪੜ੍ਹ ਨਾ ਲਵਾਂ, ਮੈਨੂੰ ਸ਼ਾਂਤੀ ਨਹੀਂ ਮਿਲਦੀ। ਜਦੋਂ ਮੈਂ ਪਹਿਲੀ ਵਾਰੀ ਕੈਨੇਡਾ ਆਉਣਾ ਸੀ ਤਾਂ ਕਰੋਨਾ ਦਾ ਜ਼ੋਰ ਭਾਵੇਂ ਘਟ ਗਿਆ ਸੀ ਪਰ ਖ਼ਤਮ ਨਹੀਂ ਸੀ ਹੋਇਆ। ਕੈਨੇਡਾ ਜਾਣ ਲਈ ਮੇਰੀ ਉਡਾਣ ਵਾਇਆ ਆਬੂਧਾਬੀ ਸੀ ਜਿੱਥੇ ਮੈਨੂੰ ਕਰੋਨਾ ਹੋਣ ਕਰਕੇ ਇਕਾਂਤਵਾਸ ਵਿੱਚ ਰਹਿਣਾ ਪਿਆ। ਉਸ ਸਮੇਂ ਮੇਰਾ ਸਾਰੀ ਦੁਨੀਆ ਨਾਲੋਂ ਸੰਪਰਕ ਟੁੱਟ ਚੁੱਕਾ ਸੀ ਤਾਂ ‘ਪੰਜਾਬੀ ਟ੍ਰਿਬਿਊਨ’ ਮੇਰਾ ਸਹਾਰਾ ਬਣਿਆ। ਮੈਂ ਰੋਜ਼ਾਨਾ ਦਿਨ ਵਿੱਚ ਕਿੰਨੀ ਵਾਰੀ ਔਨਲਾਈਨ ‘ਪੰਜਾਬੀ ਟ੍ਰਿਬਿਊਨ’ ਪੜ੍ਹ ਕੇ ਸਮਾਂ ਬਿਤਾਉਂਦਾ। ਜਦੋਂ ਅਖ਼ਬਾਰ ਸ਼ੁਰੂ ਹੋਇਆ ਤਾਂ ਐਤਵਾਰ ਦੇ ਨਾਲ ਵੀਰਵਾਰ ਵੀ ਇੱਕ ਪੰਨਾ ਸਾਹਿਤਕ ਹੁੰਦਾ ਸੀ। ਜਿਹੜਾ ਪਿੱਛੇ ਜਿਹੇ ਕੁਝ ਚਿਰ ਬੰਦ ਰਿਹਾ। ਵੀਰਵਾਰ ਦਾ ਸਾਹਿਤਕ ਪੰਨਾ ਫਿਰ ਸ਼ੁਰੂ ਹੋ ਗਿਆ ਹੈ। ਹੁਣ ਮੈਂ ਐਤਵਾਰ, ਬੁੱਧਵਾਰ (ਪੰਜਾਬੀ ਪੈੜਾਂ ਕਰਕੇ) ਅਤੇ ਵੀਰਵਾਰ ਨੂੰ ਬੇਸਬਰੀ ਨਾਲ ਅਖ਼ਬਾਰ ਦਾ ਇੰਤਜ਼ਾਰ ਕਰਦਾ ਹਾਂ।
ਹਰਜੀਤ ਸਿੰਘ
* * *

ਜਦੋਂ ਮੇਰਾ ਪਹਿਲਾ ਲੇਖ ਛਪਿਆ

ਗੱਲ ਤਿੰਨ ਦਹਾਕੇ ਪੁਰਾਣੀ ਹੈ। ਉਦੋਂ ਮੈਂ ਪੰਜਾਬੀ ਯੂਨੀਵਰਸਿਟੀ, ਪਟਿਆਲੇ ਪੜ੍ਹਦਾ ਸਾਂ। ਲਿਖਣ ਦਾ ਮਾੜਾ ਮੋਟਾ ਸ਼ੌਕ ਸੀ ਜਿਸ ਕਰਕੇ ਕਦੇ ਕਦਾਈਂ ਝਰੀਟੀ ਕੱਚੀ ਪੱਕੀ ਰਚਨਾ ਕਿਸੇ ਅਖ਼ਬਾਰ ਨੂੰ ਭੇਜ ਦਿੰਦਾ। ਇਹ ਕਈ ਅਖ਼ਬਾਰਾਂ ’ਚ ਪ੍ਰਕਾਸ਼ਿਤ ਹੋ ਜਾਇਆ ਕਰਨੀ ਪਰ ‘ਪੰਜਾਬੀ ਟ੍ਰਿਬਿਊਨ’ ਵਿੱਚ ਨਾ ਛਪਣੀ। ਮੇਰੀ ਹਮੇਸ਼ਾ ਦਿਲੀ ਤਮੰਨਾ ਰਹਿਣੀ ਕਿ ਮੇਰੀ ਰਚਨਾ ‘ਪੰਜਾਬੀ ਟ੍ਰਿਬਿਊਨ’ ’ਚ ਛਪੇ ਕਿਉਂਕਿ ‘ਪੰਜਾਬੀ ਟ੍ਰਿਬਿਊਨ’ ਹੀ ਇੱਕ ਅਜਿਹਾ ਅਖ਼ਬਾਰ ਸੀ ਜੋ ਮੁਲਾਜ਼ਮ ਵਰਗ ’ਚ ਉਦੋਂ ਵੀ ਤੇ ਹੁਣ ਵੀ ਸਭ ਤੋੋਂ ਵੱਧ ਮਕਬੂਲ ਹੈ। ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਇੱਕ ਤਾਂ ਇਸ ਦੀ ਪ੍ਰਿੰਟਿੰਗ ਸੋਹਣੀ ਹੈ। ਦੂਜਾ, ਇਸ ਵਿੱਚ ਛਪਿਆ ਮੈਟਰ ਪਾਠਕ ਨੂੰ ਛੇਤੀ ਸਮਝ ’ਚ ਆ ਜਾਂਦਾ ਹੈ ਕਿਉਂਕਿ ਸਤਰਾਂ ਛੋਟੀਆਂ ਤੇ ਸ਼ਬਦ ਬੜੇ ਸੌਖੇ ਹੋਣ ਕਰਕੇ ਅਕਾਉਂਦੇ ਨਹੀਂ। ਪਾਠਕ ਨੂੰ ਪੜ੍ਹਨ ’ਚ ਸੁਆਦ ਵੀ ਆਉਂਦਾ ਹੈ। ਉਨ੍ਹਾਂ ਦਿਨਾਂ ’ਚ ਅਖ਼ਬਾਰੀ ਰਚਨਾ ਲਿਖਣ ਬਾਰੇ ਮੈਨੂੰ ਕੋਈ ਬਹੁਤਾ ਗਿਆਨ ਨਹੀਂ ਸੀ ਜਿਸ ਕਰਕੇ ਰਚਨਾ ਨਾ ਛਪਦੀ। ਚਲੋ ਖ਼ੈਰ! ਮੈਂ ਲਿਖਣਾ ਨਾ ਛੱਡਿਆ। ਮੇਰੀ ਕੋਸ਼ਿਸ਼ ਨੂੰ ਬੂਰ ਪਿਆ। ਆਖ਼ਰ ਇੱਕ ਦਿਨ ‘ਪੰਜਾਬੀ ਟ੍ਰਿਬਿਊਨ’ ਦੇ ਅੰਕ ’ਚ ਮੇਰਾ ਪਹਿਲਾ ਮਿਡਲ ਲੇਖ ਛਪਿਆ ਜਿਸ ਦਾ ਸਿਰਲੇਖ ਸੀ ‘ਗੁਰਮਤਾ’। ਸੱਚ ਜਾਣਿਓ! ਮਨ ਨੂੰ ਅਥਾਹ ਖ਼ੁਸ਼ੀ ਹੋਈ। ਮੈਂ ਸਮਝਦਾ ਹਾਂ ਕਿ ਇਸ ਵਿੱਚ ਸਿਰਫ਼ ਮਿਆਰੀ ਰਚਨਾਵਾਂ ਹੀ ਪ੍ਰਕਾਸ਼ਿਤ ਹੁੰਦੀਆਂ ਹਨ। ਇਸ ਵਾਸਤੇ ਇਸ ਅਖ਼ਬਾਰ ਵਿੱਚ ਮੇਰੀ ਰਚਨਾ ਪਹਿਲੀ ਵਾਰ ਛਪਣ ਦੀ ਖ਼ੁਸ਼ੀ ਮੈਨੂੰ ਅੱਜ ਵੀ ਚੇਤੇ ਹੈ। ਉਹ ਮਿਡਲ ਲੇਖ ਮੈਂ ਸਭ ਨੂੰ ਵਿਖਾਉਂਦਾ ਫਿਰਦਾ ਸੀ। ਉਸ ਪਿੱਛੋਂ ‘ਪੰਜਾਬੀ ਟ੍ਰਿਬਿਊਨ’ ਵਿੱਚ ਮੇਰੀਆਂ ਕਈ ਰਚਨਾਵਾਂ ਤੇ ਲੇਖ ਪ੍ਰਕਾਸ਼ਿਤ ਹੋਏ, ਪਰ ਪਹਿਲੀ ਰਚਨਾ ਪ੍ਰਕਾਸ਼ਿਤ ਹੋਣ ’ਤੇ ਹੱਦੋਂ ਬਾਹਲੀ ਖ਼ੁਸ਼ੀ ਹੋਈ ਸੀ। ਉਹ ਮਿਡਲ ਲੇਖ ਅੱਜ ਵੀ ਮੇਰੀਆਂ ਯਾਦਾਂ ਦਾ ਹਿੱਸਾ ਹੈ ਜੋ ਮੇਰੇ ਜ਼ਿਹਨ ਦੇ ਕੋਨੇ ’ਚ ਜੜਿਆ ਪਿਆ ਹੈ। ਦੂਜੀ ਗੱਲ ਇਹ ਹੈ ਕਿ ਮੈਂ ਸਿੱਖਿਆ ਖੇਤਰ ਨਾਲ ਜੁੜਿਆ ਹੋਇਆ ਸਾਂ। ਸਿੱਖਿਆ ਖੇਤਰ ’ਚ ‘ਪੰਜਾਬੀ ਟ੍ਰਿਬਿਊਨ’ ਉਂਜ ਹੀ ਜ਼ਿਆਦਾ ਪੜ੍ਹਿਆ ਜਾਣ ਵਾਲਾ ਪੰਜਾਬੀ ਅਖ਼ਬਾਰ ਹੈ ਜੋ ਮੁਲਾਜ਼ਮ ਪੱਖੀ ਹੈ। ਲੱਚਰਤਾ ਤੋਂ ਕੋਹਾਂ ਦੂਰ, ਸਾਫ਼ ਸੁਥਰੀ ਲੇਖਣੀ ਸਭ ਵਰਗਾਂ ਨੂੰ ਭਾਉਂਦੀ ਹੈ। ਇਹੀ ਗੱਲ ‘ਪੰਜਾਬੀ ਟ੍ਰਿਬਿਊਨ’ ਨੂੰ ਦੂਜੇ ਅਖ਼ਬਾਰਾਂ ਤੋਂ ਵੱਖਰੀ ਤੇ ਵਿਲੱਖਣ ਦਿੱਖ ਦਿੰਦੀ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਜੁੜੀ ਇੱਕ ਹੋਰ ਯਾਦ ਪਾਠਕਾਂ ਨਾਲ ਸਾਂਝੀ ਕਰਨੀ ਲੋਚਦਾ ਹਾਂ। ਉਹ ਇਹ ਹੈ ਕਿ ਜਦੋਂ ਮੇਰੀਆਂ ਰਚਨਾਵਾਂ ਨੂੰ ‘ਪੰਜਾਬੀ ਟ੍ਰਿਬਿਊਨ’ ਵਿੱਚ ਜਗ੍ਹਾ ਮਿਲਣ ਲੱਗੀ ਤਾਂ ਇੱਕ ਦਿਨ ਮੈਨੂੰ ਅਖ਼ਬਾਰ ਦੇ ਚੰਡੀਗੜ੍ਹ ਸਥਿਤ ਦਫਤਰ ਤੋਂ ਫੋਨ ਆਇਆ ਕਿ ਤੁਹਾਡੇ ਖੰਨੇ ਸ਼ਹਿਰ ’ਚ ਲੋਕਨਾਥ ਸ਼ਰਮਾ ਨਾਂ ਦੇ ਵਿਅਕਤੀ ਨੇ ਸੱਤ ਵਿਸ਼ਿਆਂ ’ਚ ਐਮਏ ਕੀਤੀ ਹੋਈ ਹੈ, ਤੁਸੀਂ ਉਸ ਦੀ ਇੰਟਰਵਿਊ ਕਰ ਕੇ ਭੇਜੋ। ਉਸ ਸਮੇਂ ਮੈਨੂੰ ਹੋਰ ਵੀ ਖ਼ੁਸ਼ੀ ਹੋਈ। ਮੈਂ ਉਸ ਸ਼ਖ਼ਸ ਨੂੰ ਸੁਨੇਹਾ ਭੇਜਿਆ। ਉਹ ਮੇਰੇ ਪਹਿਲੇ ਸੁਨੇਹੇ ਉੱਤੇ ਹੀ ਮੇਰੇ ਘਰ ਆ ਗਿਆ। ਮੈਂ ਉਸ ਦੀ ਇੰਟਰਵਿਊ ਲੈ ਕੇ ਅਖ਼ਬਾਰ ਨੂੰ ਭੇਜ ਦਿੱਤੀ ਜੋ ਉਸ ਵਕਤ ‘ਝਰੋਖੇ’ ਨਾਂ ਦੇ ਕਾਲਮ ’ਚ ਪ੍ਰਕਾਸ਼ਿਤ ਹੋਈ। ਉਸ ਇੰਟਰਵਿਊ ਦੇ ਪ੍ਰਕਾਸ਼ਿਤ ਹੋਣ ’ਤੇ ਵੀ ਮੈਨੂੰ ਹੱਦੋਂ ਵੱਧ ਖ਼ੁਸ਼ੀ ਹੋਈ।
ਅਜੀਤ ਖੰਨਾ
* * *

Advertisement

‘ਪੰਜਾਬੀ ਟ੍ਰਿਬਿਊਨ ਨਾਲ ਮੇਰਾ ਸਫ਼ਰ’

ਮੈਂ ‘ਪੰਜਾਬੀ ਟ੍ਰਿਬਿਊਨ’ ਨਾਲ ਲੰਬੇ ਸਮੇਂ ਤੋਂ ਜੁੜਿਆ ਹਾਂ, ਪਰ 2015 ਵਿੱਚ ਪੁਲੀਸ ਮਹਿਕਮੇ ਵਿੱਚੋਂ ਸੇਵਾਮੁਕਤ ਹੋਣ ਮਗਰੋਂ ਅਖ਼ਬਾਰ ਰੋਜ਼ਾਨਾ ਪੜ੍ਹਨ ਲੱਗਾ। ਮੈਂ ਦੇਖਿਆ ਕਿ ‘ਪੰਜਾਬੀ ਟ੍ਰਿਬਿਊਨ’ ਨਵੇਂ ਲੇਖਕਾਂ ਨੂੰ ਉਨ੍ਹਾਂ ਦੇ ਤਜਰਬੇ ਦੇ ਆਧਾਰ ਲਿਖੇ ਲੇਖ ਛਾਪ ਕੇ ਮੌਕਾ ਦਿੰਦਾ ਹੈ। ਮੈਂ ਸੋਚਿਆ ਕਿ ਮੈਂ ਆਪਣੀ ਲੰਮੀ ਨੌਕਰੀ ਦੌਰਾਨ ਕਈ ਤਫ਼ਤੀਸ਼ਾਂ ਪੜਤਾਲਾਂ ਕੀਤੀਆਂ ਹਨ ਕਿਉਂ ਨਾ ਅਖ਼ਬਾਰ ਨੂੰ ਭੇਜ ਕੇ ਦੇਖਾਂ। ਇਸ ਲਈ ਮੈਂ ਆਪਣੀ ਕੀਤੀ ਇੱਕ ਪੜਤਾਲ ਦੇ ਆਧਾਰ ’ਤੇ ਲਿਖੀ ਰਚਨਾ ‘ਜਦੋਂ ਫੋਕਾ ਦਬਕਾ ਕੰਮ ਆਇਆ’ ਭੇਜੀ। ਅਖ਼ਬਾਰ ਵਿੱਚ ਇਹ ਨਜ਼ਰੀਆ ਪੰਨੇ ’ਤੇ ਮਿਡਲ ਲੇਖ ਵਜੋਂ ਛਪੀ। ਉਸ ਨਾਲ ਮੇਰਾ ਮਨੋਬਲ ਵਧਿਆ ਤੇ ਹੁਣ ਮੈਂ ਅਖ਼ਬਾਰਾਂ ਨੂੰ ਆਪਣੀਆਂ ਰਚਨਾਵਾਂ ਭੇਜਦਾ ਹਾਂ। ਲਿਖਣ ਨਾਲ ਉਮਰ ਵਧਦੀ ਹੈ ਮਨੁੱਖ ਤੰਦਰੁਸਤ ਰਹਿੰਦਾ ਹੈ। ਵਧੀਆ ਸਮਾਂ ਲੰਘ ਰਿਹਾ ਹੈ।
ਗੁਰਮੀਤ ਸਿੰਘ ਵੇਰਕਾ
* * *

ਯਾਦਾਂ ‘ਪੰਜਾਬੀ ਟ੍ਰਿਬਿਊਨ’ ਦੀਆਂ

ਅਖ਼ਬਾਰ ਪੜ੍ਹਨ ਦਾ ਸ਼ੌਕ ਮੈਨੂੰ ਉਦੋਂ ਪਿਆ ਜਦੋਂ ਮੈਂ ਭੀਖੀ ਹਾਈ ਸਕੂਲ ’ਚ ਨੌਵੀ ’ਚ ਪੜ੍ਹਨ ਲੱਗਿਆ ਕਿਉਂਕਿ ਉੱਥੇ ਲਾਇਬਰੇਰੀ ਸੀ। ਅੱਧੀ ਛੁੱਟੀ ਵੇਲੇ ਪੰਜਾਬੀ ਦੇ ਸਾਰੇ ਅਖ਼ਬਾਰ ਪੜ੍ਹਨੇ। ਫਿਰ 1974 ’ਚ ਬਠਿੰਡੇ ਥਰਮਲ ’ਚ ਨੌਕਰੀ ਦੌਰਾਨ ਬਠਿੰਡੇ ਸ਼ਹਿਰ ਦੀ ਲਾਇਬਰੇਰੀ ਤਕਰੀਬਨ ਹਰ ਰੋਜ਼ ਜਾ ਕੇ ਪੰਜਾਬੀ ਦੇ ਉਨ੍ਹਾਂ ਸਮਿਆਂ ਦੇ ਅਖ਼ਬਾਰ ਪੜ੍ਹਦਾ ਸਾਂ। ਕਈ ਅਖ਼ਬਾਰ ਕਿਸੇ ਖ਼ਾਸ ਦਾ ਪੱਖ ਲੈਂਦੇ ਸਨ ਅਤੇ ਉਨ੍ਹਾਂ ਦੀਆਂ ਹੀ ਖ਼ਬਰਾਂ ਦਿੰਦੇ। ਬੇਸ਼ੱਕ ਅੰਗਰੇਜ਼ੀ ਅਖ਼ਬਾਰ ‘ਦਿ ਟ੍ਰਿਬਿਊਨ’ ਹੁੰਦਾ ਸੀ, ਪਰ ਅੰਗਰੇਜ਼ੀ ’ਚ ਉਹ ਗੱਲ ਨਹੀਂ ਬਣਦੀ ਸੀ ਅਤੇ ਸਮਝ ਤੋਂ ਬਾਹਰ ਸੀ।
ਮਨ ਹੀ ਮਨ ਸੋਚਣਾ ਕਾਸ਼! ਟ੍ਰਿਬਿਊਨ ਵਾਲੇ ਪੰਜਾਬੀ ’ਚ ਅਖ਼ਬਾਰ ਛਾਪਣ ਜਿਸ ਦੀ ਸੋਚ ਨਿਰਪੱਖ ਅਤੇ ਫ਼ਿਰਕੂ ਰੰਗਤ ਤੋਂ ਰਹਿਤ ਹੋਵੇ। ਮਨ ਦੀ ਇੱਛਾ ਉਦੋਂ ਪੂਰੀ ਹੋਈ ਜਦੋਂ ਅਖ਼ਬਾਰ ’ਚ ਖ਼ਬਰ ਆਈ ਕਿ ਟ੍ਰਿਬਿਊਨ ਟਰੱਸਟ ਵੱਲੋ 15 ਅਗਸਤ 1978 ਤੋਂ ਦੋ ਨਵੇਂ ਅਖ਼ਬਾਰ ਕੱਢੇ ਜਾ ਰਹੇ ਹਨ ਜਿਨ੍ਹਾਂ ਦੇ ਨਾਮ ਹਨ ‘ਪੰਜਾਬੀ ਦਾ ਪੰਜਾਬੀ ਟ੍ਰਿਬਿਊਨ ਅਤੇ ਹਿੰਦੀ ਦਾ ਦੈਨਿਕ ਟ੍ਰਿਬਿਊਨ’। ਅਖੀਰ 15 ਅਗਸਤ 1978 ਦਾ ਦਿਨ ਆ ਗਿਆ ਜਿਸ ਦੀ ਮੈਨੂੰ ਬੇਸਬਰੀ ਨਾਲ ਉਡੀਕ ਸੀ। ਬਠਿੰਡੇ ਮੈਂ ਸਵੇਰੇ ਜਲਦੀ ਉੱਠ ਕੇ ਸਵੇਰੇ ਪੰਜ ਵਜੇ ਬੱਸ ਸਟੈਂਡ ਜਾ ਪੁੱਜਾ ਤਾਂ ਕਿ ਅਖ਼ਬਾਰ ਕਿਤੇ ਪਹਿਲਾਂ ਹੀ ਨਾ ਵਿਕ ਜਾਣ। ਸਟਾਲ ’ਤੇ ਸਾਹਮਣੇ ‘ਪੰਜਾਬੀ ਟ੍ਰਿਬਿਊਨ’ ਪਿਆ ਵੇਖਿਆ ਤਾਂ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਅਖ਼ਬਾਰ ਦਾ ਮੁੱਲ 25 ਪੈਸੇ ਸੀ। ਮੈਂ 25 ਪੈਸੇ ਦਿੱਤੇ ਤੇ ‘ਪੰਜਾਬੀ ਟ੍ਰਿਬਿਊਨ’ ਮੇਰੇ ਹੱਥਾਂ ’ਚ ਸੀ ਜਿਸ ਦੀ ਮੈਨੂੰ ਕਿੰਨੇ ਸਾਲਾਂ ਤੋਂ ਤਲਾਸ਼ ਸੀ। ਘਰ ਜਾ ਕੇ ਮੈਂ ਇਕੱਲਾ ਇਕੱਲਾ ਅੱਖਰ ਪੜ੍ਹਿਆ ਅਤੇ ਮਨ ਨੂੰ ਤਸੱਲੀ ਹੋਈ ਅਤੇ ਕਿਸੇ ਵੀ ਹੋਰ ਅਖ਼ਬਾਰ ਵੱਲ ਤੱਕਣ ਦੀ ਲੋੜ ਨਾ ਪਈ। ਲਗਾਤਾਰ ਪਹਿਲੇ ਤਿੰਨ ਦਿਨਾਂ ਦੇ ਅਖ਼ਬਾਰ ਮੈਂ ਆਪਣੀ ਘਰ ਦੀ ਮਿੰਨੀ ਲਾਇਬਰੇਰੀ ’ਚ ਸਾਂਭ ਕੇ ਰੱਖੇ। ਜਿੱਥੇ ਵੀ ਬਦਲੀ ਹੋਈ ਜਾਂ ਕੁਆਰਟਰ ਬਦਲੇ ਮੇਰੇ ਨਾਲ ਰਹੇ, ਪਰ ਕਾਲੇ ਦੌਰ ਦੌਰਾਨ ਘਰਾਂ ਦੀਆਂ ਤਲਾਸ਼ੀਆਂ ਦੇ ਭੈਅ ਕਾਰਨ ਸਭ ਲੋਪ ਹੋ ਗਏ ਜਿਸ ਦਾ ਮੈਨੂੰ ਅੱਜ ਤੱਕ ਅਫ਼ਸੋਸ ਹੈ।
15 ਅਗਸਤ 1978 ਤੋਂ ਲੈ ਕੇ ਅੱਜ ਤੱਕ ਕਦੇ ਵੀ ਕੋਈ ਦਿਨ ਅਜਿਹਾ ਨਹੀਂ ਲੰਘਿਆ ਜਦੋਂ ਮੈਂ ‘ਪੰਜਾਬੀ ਟ੍ਰਿਬਿਊਨ’ ਨਾ ਪੜ੍ਹਿਆ ਹੋਵੇ। ਇਸ ਦੇ ਲੇਖ, ਕਵਿਤਾਵਾਂ ਅਤੇ ਸੰਪਾਦਕੀ ਲੇਖ ਮੇਰੇ ਮਨਪਸੰਦ ਹਨ। ਅਖ਼ਬਾਰ ਦੀ ਸੋਚ ਨਿਰਪੱਖ, ਨਿਧੜਕ ਅਤੇ ਦ੍ਰਿੜ੍ਹਤਾ ਵਾਲੀ ਹੋਣ ’ਤੇ ਮੈਨੂੰ ਮਾਣ ਹੈ। ਇਸ ਦੇ ਰਹੇ ਸੰਪਾਦਕਾਂ ਦੇ ਨਾਮ ਮੁੱਢ ਤੋਂ ਲੈ ਕੇ ਹੁਣ ਤੱਕ ਯਾਦ ਹਨ।
ਅੱਜ ਬੇਸ਼ੱਕ ਸੱਤ ਸਮੁੰਦਰ ਪਾਰ ਅਮਰੀਕਾ ਵਿੱਚ ਹਾਂ, ਪਰ ‘ਪੰਜਾਬੀ ਟ੍ਰਿਬਿਊਨ’ ਦੁਪਹਿਰੇ ਤਿੰਨ ਵਜੇ ਹਰ ਹਾਲਤ ਆਈਪੈਡ ’ਤੇ ਔਨਲਾਈਨ ਜ਼ਰੂਰ ਪੜ੍ਹਦਾ ਹਾਂ। ਬੇਹੱਦ ਸਕੂਨ ਮਿਲਦਾ ਹੈ। ਬੇਸ਼ੱਕ, ਸੋਸ਼ਲ ਮੀਡੀਆ ਰਾਹੀਂ ਤਰੋਤਾਜ਼ਾਂ ਖ਼ਬਰਾਂ ਮਿਲਦੀਆਂ ਹਨ, ਪਰ ਅਖ਼ਬਾਰ ਦੀ ਆਪਣੀ ਹੀ ਹਸਤੀ ਅਤੇ ਸੰਤੁਸ਼ਟੀ ਹੈ।
ਆਸ ਹੈ ਮੇਰਾ ਪਿਆਰਾ ‘ਪੰਜਾਬੀ ਟ੍ਰਿਬਿਊਨ’ ਆਪਣੀ ਇਸ ‘ਨਿਰਪੱਖ ਤੇ ਨਿਧੜਕ’ ਸੋਚ ਨੂੰ ਕਾਇਮ ਰੱਖੇਗਾ ਅਤੇ ਪੰਜਾਬ, ਪੰਜਾਬੀਅਤ ’ਤੇ ਪਹਿਰਾ ਦਿੰਦਾ ਰਹੇਗਾ।
ਜਰਨੈਲ ਸਿੰਘ, ਅਮਰੀਕਾ
* * *

ਮੇਰੀ ਪਛਾਣ ਬਣਾਈ

ਪੰਦਰਾਂ ਅਗਸਤ 1978 ਨੂੰ ਪੰਜਾਬੀ ਦੁਨੀਆ ਵਿੱਚ ‘ਪੰਜਾਬੀ ਟ੍ਰਿਬਿਊਨ’ ਨੇ ਪੈਰ ਪਾਇਆ ਤਾਂ ਪੰਜਾਬੀ ਪਾਠਕਾਂ ਵਿੱਚ ਨਵੇਂ ਉਤਸ਼ਾਹ ਦੀ ਚੰਗਿਆੜੀ ਮਘੀ। ਆਪਣੀ ਲਿਖਤ ‘ਪੰਜਾਬੀ ਟ੍ਰਿਬਿਊਨ’ ਨੂੰ ਭੇਜਣੀ ਸ਼ੁਰੂ ਕੀਤੀ ਪਰ ਛਪੇ ਹੀ ਨਾ। ਮੈਂ ਹਿੰਮਤ ਨਹੀਂ ਹਾਰੀ, ਲੱਗਾ ਰਿਹਾ। 1983 ਦੀ ਘਟਨਾ ਹੈ ਕਿ ਪੰਜਾਬ ਦੇ ਹਾਲਾਤ ਸੁਖਾਵੇਂ ਨਹੀਂ ਸਨ। ਪੰਚਾਇਤੀ ਚੋਣਾਂ ਹੋਈਆਂ ਜਿਸ ਵਿੱਚ ਅਕਸਰ ਅਧਿਆਪਕਾਂ ਦੀ ਡਿਊਟੀ ਲੱਗ ਜਾਂਦੀ ਸੀ। ਇੱਕ ਪੋਲਿੰਗ ਪਾਰਟੀ ਕੋਲ ਪੰਜ ਪਿੰਡਾਂ ਦੀਆਂ ਪੰਚਾਇਤਾਂ ਦੀ ਚੋਣ ਹੁੰਦੀ ਸੀ। ਇਸ ਦੇ ਅਨੁਭਵ ਵਿੱਚ ਚੋਣ ਪ੍ਰਣਾਲੀ ਦੀਆਂ ਊਣਤਾਈਆਂ ਨਜ਼ਰ ਆਈਆਂ। ਪੰਚਾਇਤੀ ਚੋਣ ਸਬੰਧੀ ਆਪਣੇ ਅਨੁਭਵ ਦੱਸਦਿਆਂ ਚੋਣ ਸੁਧਾਰਾਂ ਲਈ ਇਸ ਅਖ਼ਬਾਰ ਨੂੰ ਸੁਝਾਅ ਭੇਜੇ ਤਾਂ ਉਹ ਛਪ ਗਏ। ਏਨੀ ਖ਼ੁਸ਼ੀ ਹੋਈ ਜਿਵੇਂ ਹਮੇਸ਼ਾ ਹਾਰ ਸਹਿਣ ਵਾਲਾ ਬੰਦਾ ਅੱਜ ਜਿੱਤ ਹੀ ਗਿਆ ਹੋਵੇ। ਬਸ ਇਹ ‘ਪੰਜਾਬੀ ਟ੍ਰਿਬਿਊਨ’ ਨਾਲ ਸਾਂਝ ਦੀ ਸ਼ੁਰੂਆਤ ਸੀ।
ਅਪਰੈਲ 1987 ਵਿੱਚ ‘ਪੰਜਾਬੀ ਟ੍ਰਿਬਿਊਨ’ ਨੇ ਪੰਜਾਬੀ ਪਾਠਕ ਮੰਚ ਮੁਕਾਬਲਾ ਸ਼ੁਰੂ ਕੀਤਾ। ਇਸ ਦੇ ਪਹਿਲੇ ਮੁਕਾਬਲੇ ‘ਧਰਮ ਦਾ ਸਿਧਾਂਤ ਤਾਂ ਚੰਗਾ ਹੈ ਪਰ...’ ਵਿੱਚ ਮੈਨੂੰ ਪਹਿਲਾ ਇਨਾਮ ਮਿਲਿਆ। ਦੂਜਾ ਮੁਕਾਬਲਾ ਮਈ ਵਿੱਚ ਹੋਇਆ ਤਾਂ ਇਸ ਦਾ ਵਿਸ਼ਾ ‘ਪੰਜਾਬ ਵਿੱਚ ਸਦਭਾਵਨਾ ਲਈਆਂ ਕੱਢੀਆਂ ਜਾ ਰਹੀਆਂ ਸ਼ਾਂਤੀ ਮੁਹਿੰਮਾਂ’ ਸਨ। ਇਸ ਦੇ ਨਤੀਜੇ ਦੀ ਟਿੱਪਣੀ ਨੇ ਮੇਰਾ ਕੱਦ ਹੋਰ ਵੀ ਉੱਚਾ ਕਰ ਦਿੱਤਾ। ਟਿੱਪਣੀ ਵਿੱਚ ਦਰਜ ਸੀ- ‘ਸਦਭਾਵਨਾ... ਬਾਰੇ ਵਿਚਾਰ ਚਰਚਾ ਤੇ ਜੇਤੂਆਂ ਦੇ ਐਲਾਨ ਤੋਂ ਪਹਿਲਾਂ ਅਸੀਂ ਇਹ ਕਹਿਣਾ ਚਾਹਾਂਗੇ ਕਿ ਸ੍ਰੀ ਯਸ਼ਪਾਲ ਮਾਨਵੀ ਦੇ ਵਿਚਾਰ ਸਾਨੂੰ ਸਭ ਤੋਂ ਵਧੀਆ ਭਾਸੇ ਪਰ ਉਨ੍ਹਾਂ ਨੂੰ ਪਹਿਲਾ ਇਨਾਮ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਅਜੇ ਉਹ ਪਿਛਲੀ ਚਰਚਾ ਵਿੱਚ ਹੀ ਜੇਤੂ ਕਰਾਰ ਦਿੱਤੇ ਗਏ ਸਨ’। ਇਹ ਪਾਠਕ ਮੰਚ ਮੁਕਾਬਲਾ ਕਿੰਨਾ ਚਿਰ ਚੱਲਦਾ ਰਿਹਾ, ਯਾਦ ਨਹੀਂ, ਪਰ ਇਸ ਤੋਂ ਬਾਅਦ ਦੂਜੇ ਅਤੇ ਤੀਜੇ ਸਥਾਨ ਦੇ ਇਨਾਮ ਵੀ ਜਿੱਤੇ। ਇਨ੍ਹਾਂ ਮੁਕਾਬਲਿਆਂ ਵਿੱਚ ਪ੍ਰਾਪਤੀ ਨੇ ਮੇਰੀ ਪਛਾਣ ਬਣਾ ਦਿੱਤੀ। ਇਸ ਅਖ਼ਬਾਰ ਨਾਲ ਸਫ਼ਰ ਹੁਣ ਹੋਰ ਵੀ ਪਿਆਰਾ ਅਤੇ ਉਤਸ਼ਾਹ ਵਧਾਉਣ ਵਾਲਾ ਮਹਿਸੂਸ ਹੋਣ ਲੱਗਿਆ। ਹਰ ਪਲ ਮਨ ਦੀ ਸੂਈ ਇਸੇ ਪਾਸੇ ਲੱਗੀ ਰਹਿੰਦੀ ਕਿ ਅਗਲੇ ਕਿਹੜੇ ਵਿਸ਼ੇ ’ਤੇ ‘ਪੰਜਾਬੀ ਟ੍ਰਿਬਿਊਨ’ ਨੂੰ ਵਿਚਾਰ ਭੇਜੀਏ।
ਫਿਰ ਅਗਲਾ ਪੜਾਅ 19 ਨਵੰਬਰ 1991 ਨੂੰ ਆਇਆ। ਮੇਰਾ ਲਿਖਿਆ ਕਾਫ਼ੀ ਵੱਡਾ ਲੇਖ ‘ਹਾਈ ਦਾ ਮੁਖੀ- ਜ਼ਿੰਮੇਵਾਰੀਆਂ-ਦੁਸ਼ਵਾਰੀਆਂ’ ਸੰਪਾਦਕੀ ਪੰਨੇ ਦੇ ਮੱਧ ਵਿੱਚ ਛਪ ਗਿਆ। ਬਾਰ੍ਹਾਂ ਚਿੱਠੀਆਂ ਇਸ ਦੇ ਹੱਕ ਅਤੇ ਵਿਰੋਧ ਵਿੱਚ ਛਪੀਆਂ। ਸਿੱਖਿਆ ਜਗਤ ਵੱਡਾ ਹੋਣ ਕਾਰਨ ਇਸ ਦੀ ਖ਼ੂਬ ਚਰਚਾ ਹੋਈ। ਇਸ ਦੀ ਭਾਵਨਾ ਦੇ ਐਨ ਉਲਟ ਇੱਕ ਹੋਰ ਲੇਖ ਛਪਿਆ ਜਿਹੜਾ ਮੁਖੀ ਨੂੰ ਇੱਕ ਬਾਦਸ਼ਾਹ ਵਜੋਂ ਲੈਂਦਾ ਸੀ। ਗੱਲ ਕੀ ਇਸ ਤੋਂ ਬਾਅਦ ਲਿਖਤ ਨੂੰ ਹੋਰ ਖੰਭ ਲੱਗ ਗਏ। ‘ਪੰਜਾਬੀ ਟ੍ਰਿਬਿਊਨ’ ਵਿੱਚ ਸਿੱਖਿਆ ਜਗਤ ’ਤੇ ਮੁਕੰਮਲ ਪੰਨਾ ਲੱਗਣ ਨਾਲ ਇਸ ਦੇ ਮਸਲਿਆਂ ਨੂੰ ਬਹੁਤ ਥਾਂ ਮਿਲੀ। 1991-2000 ਦੇ ਪੂਰੇ ਦਸ ਸਾਲਾਂ ਵਿੱਚ ਮੇਰੇ 50 ਲੇਖ ਛਪ ਗਏ।
1997 ਵਿੱਚ ਮੇਰਾ ਇੱਕ ਲੇਖ ਛਪਿਆ ‘ਇਸ ਤਰ੍ਹਾਂ ਦਾ ਹੁੰਦਾ ਹੈ ਪੇਂਡੂ ਅਧਿਆਪਕ’। ਇਸ ਦਾ ਅੰਗਰੇਜ਼ੀ ਰੂਪ ‘ਪੋਰਟਰੇਟ ਆਫ ਏ ਰੂਰਲ ਟੀਚਰ’ ਅੰਗਰੇਜ਼ੀ ਟ੍ਰਿਬਿਊਨ ਵਿੱਚ ਵੀ ਛਪ ਗਿਆ। ਪੇਂਡੂ ਅਧਿਆਪਕਾਂ ਦੀ ਗਿਣਤੀ ਵਾਹਵਾ ਹੋਣ ਕਾਰਨ ਇਸ ਲੇਖ ’ਤੇ ਵਿਚਾਰ ਚਰਚਾ ਇਸ ਕਦਰ ਵਧਦੀ ਗਈ ਕਿ ਕਈ ਮਹੀਨੇ ਸਮੇਟੀ ਨਾ ਜਾ ਸਕੀ। ਕਈ ਲੇਖ ਵੀ ਛਪੇ ਅਤੇ ਚਿੱਠੀਆਂ ਵਿੱਚ ਗਹਿਗੱਚ ਨੋਕ-ਝੋਕ ਚੱਲੀ। ਬਾਈ ਵਰ੍ਹਿਆਂ ਵਿੱਚ ‘ਪੰਜਾਬੀ ਟ੍ਰਿਬਿਊਨ’ ਦੇ ਪਾਠਕਾਂ ਨਾਲ ਜਾਣ ਪਛਾਣ ਦਾ ਦਾਇਰਾ ਕਾਫ਼ੀ ਵੱਡਾ ਹੋ ਗਿਆ। ਸਿੱਖਿਆ ਵਿਭਾਗ ਵਿੱਚ ਨੌਕਰੀ ਦੌਰਾਨ ਜਦੋਂ ਪੰਜਾਬ ਦੇ ਕਿਸੇ ਕੋਨੇ ਵੀ ਗਿਆ ਤਾਂ ਨਾਂ ਦੀ ਪਛਾਣ ਤੋਂ ਸਾਥੀਆਂ ਨੇ ਪੁੱਛਿਆ ਕਿ ਤੁਸੀਂ ਉਹੀ ਹੋ ਜੋ ‘ਪੰਜਾਬੀ ਟ੍ਰਿਬਿਊਨ’ ਵਿੱਚ ਲਿਖਦੇ ਹੋ। ਮਨ ਨੂੰ ਹੋਰ ਵੀ ਸਰੂਰ ਜਿਹਾ ਚੜ੍ਹ ਜਾਂਦਾ ਤੇ ਲਿਖਤ ਹੋਰ ਨਿਖਾਰਨ ਦੀ ਪ੍ਰੇਰਨਾ ਮਿਲਦੀ।
ਸਾਲ 2001 ਤੋਂ 2011 ਦੌਰਾਨ ਮੇਰੇ 300 ਦੇ ਕਰੀਬ ਲੇਖ ਛਪ ਗਏ। ਇਉਂ ਲੱਗਦਾ ਹੈ ਜਿਵੇਂ ‘ਪੰਜਾਬੀ ਟ੍ਰਿਬਿਊਨ’ ਸਾਡੇ ਦੁੱਖ ਦਰਦ ਦਾ ਸਾਂਝੀ ਹੈ। ਨੌਕਰੀ ਦੌਰਾਨ ਵਿਚਰਦਿਆਂ ਸਿੱਖਿਆ ਜਗਤ, ਜ਼ਿੰਦਗੀ, ਸਮਾਜ ਅਤੇ ਮਨ ਤੇ ਰੂਹ ਦੇ ਸਦੀਵੀ ਮਸਲਿਆਂ ਬਾਰੇ ਵੀ ਲੇਖ ਛਪਦੇ ਰਹੇ। ਸੇਵਾਮੁਕਤੀ 2011 ਤੋਂ ਲੈ ਕੇ ਹੁਣ ਤੱਕ 22 ਥਾਵਾਂ ਤੇ ਘੁੰਮਣ ਫਿਰਨ ਗਏ। ਉਹ ਵੀ ਸਾਰੇ ਲੇਖ ਛਪਦੇ ਰਹੇ। 2023 ਵਿੱਚ ਦੁਬਈ ਅਤੇ ਰਾਜਸਥਾਨ ਦੀ ਸੈਰ ਸਬੰਧੀ ਥਾਰ ਮਾਰੂਥਲ ਦੇ ਲੇਖ ਵੀ ਛਪੇ। ਇਸ ਤਰ੍ਹਾਂ ‘ਪੰਜਾਬੀ ਟ੍ਰਿਬਿਊਨ’ ਦਾ ਮੇਰੀ ਲੇਖਣੀ ਨੂੰ ਕਾਇਮ ਰੱਖਣ ਅਤੇ ਨਿਖਾਰਨ ਵਿੱਚ ਅਤਿਅੰਤ ਯੋਗਦਾਨ ਰਿਹਾ। ਮੇਰੀ ਵਾਰਤਕ ਕਲਪਨਾ ਦੀ ਬਜਾਏ ਜ਼ਿੰਦਗੀ ਦੇ ਯਥਾਰਥ ਨਾਲ ਜੁੜੀ ਰਹੀ। ਅੰਤ ਵਿੱਚ ਇੱਕ ਯਾਦ ਸਾਂਝੀ ਕਰਨੀ ਚਾਹੁੰਦਾ ਹਾਂ। ਮਰਹੂਮ ਸਾਬਕਾ ਸੰਪਾਦਕ ਸ਼ਿੰਗਾਰਾ ਸਿੰਘ ਭੁੱਲਰ ਦੀ ਪਾਠਕ ਮੰਚ ਮਿਲਣੀ ਪਟਿਆਲਾ ਵਿਖੇ ਭਾਸ਼ਾ ਵਿਭਾਗ ਭਵਨ ਵਿੱਚ ਰੱਖੀ ਹੋਈ ਸੀ। ਮੈਂ ਵੀ ਗਿਆ ਤੇ ਬੋਲਣ ਲਈ ਆਪਣਾ ਨਾਂ ਵੀ ਲਿਖਾ ਦਿੱਤਾ। ਸਮੇਂ ਦੀ ਤੰਗੀ ਕਾਰਨ ਸਮਾਂ ਨਹੀਂ ਮਿਲ ਸਕਿਆ। ਸ਼ਿੰਗਾਰਾ ਸਿੰਘ ਭੁੱਲਰ ਨੇ ਮੇਰਾ ਨਾਂ ਦੇਖ ਕੇ ਭਰੀ ਮਹਿਫ਼ਲ ਵਿੱਚ ਕਿਹਾ ਕਿ ਇਸ ਮਿਲਣੀ ਵਿੱਚ ਯਸ਼ਪਾਲ ਮਾਨਵੀ ਨਾਂ ਦਾ ਸਾਥੀ ਵੀ ਹੈ, ਉਹ ਪਿਛਲੇ ਬਹੁਤ ਸਾਲਾਂ ਤੋਂ ‘ਪੰਜਾਬੀ ਟ੍ਰਿਬਿਊਨ’ ਵਿੱਚ ਛਪ ਰਿਹਾ ਹੈ ਪਰ ਮੈਂ ਕਦੇ ਉਸ ਨੂੰ ਅਖਬਾਰ ਦੇ ਦਫ਼ਤਰ ਵਿੱਚ ਗੇੜੇ ਮਾਰਦਾ ਨਹੀਂ ਦੇਖਿਆ। ਇਹ ਸੁਣ ਕੇ ਇਉਂ ਲੱਗਿਆ ਜਿਵੇਂ ‘ਪੰਜਾਬੀ ਟ੍ਰਿਬਿਊਨ’ ਨੇ ਅਜਿਹਾ ਇਨਾਮ ਦੇ ਦਿੱਤਾ ਹੋਵੇ ਜਿਹੜਾ ਜਿਊਂਦੇ ਜੀਅ ਮੇਰੇ ਦਿਲ ਦੀ ਸ਼ੈਲਫ਼ ’ਤੇ ਟਿਕਿਆ ਰਹੇਗਾ।
ਯਸ਼ਪਾਲ ਮਾਨਵੀ, ਰਾਜਪੁਰਾ
* * *

ਜੀਵਨ ਸ਼ੈਲੀ ਦਾ ਹਿੱਸਾ

‘ਪੰਜਾਬੀ ਟ੍ਰਿਬਿਊਨ’ ਦੀ ਸੱਚੀ, ਨਿਡਰ ਅਤੇ ਨਿਰਪੱਖ ਵਿਚਾਰਧਾਰਾ ਪਾਠਕਾਂ ਦੀ ਸੋਚ ’ਤੇ ਡੂੰਘਾ ਪ੍ਰਭਾਵ ਛੱਡਦੀ ਹੈ। ਇਸ ਕਰਕੇ ਇਹ ਮੇਰੀ ਅਤੇ ਮੇਰੇ ਪਰਿਵਾਰ ਦੀ ਜੀਵਨ ਸ਼ੈਲੀ ਦਾ ਹਿੱਸਾ ਬਣ ਗਿਆ ਹੈ। ਵਿਦਿਆਰਥੀ ਜੀਵਨ ਤੋਂ ਹੀ ਪਾਪਾ ਸਾਡੇ ਹੱਥਾਂ ’ਚ ਅਖ਼ਬਾਰ ਫੜਾਉਂਦਿਆਂ ਕਹਿੰਦੇ, ‘‘ਪੜ੍ਹੋ, ਦੇਸ਼ ਦੁਨੀਆ ’ਚ ਕੀ ਵਾਪਰ ਰਿਹਾ ਹੈ, ਇਸ ਦੀ ਜਾਣਕਾਰੀ ਰੱਖਣਾ ਵੀ ਬਹੁਤ ਜ਼ਰੂਰੀ ਹੈ। ਅਖ਼ਬਾਰ ਤੁਹਾਡੇ ਸੰਪੂਰਨ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।’’ ਇਸ ਤਰ੍ਹਾਂ ਉਨ੍ਹਾਂ ਨੇ ਸਾਨੂੰ ਅਖ਼ਬਾਰ ਪੜ੍ਹਨ ਦੀ ਚੇਟਕ ਲਗਾ ਦਿੱਤੀ। ਬਚਪਨ ’ਚ ਐਤਵਾਰ ਛੁੱਟੀ ਵਾਲਾ ਦਿਨ ਹੋਣ ਕਾਰਨ ਅਸੀਂ ਪੂਰੀ ਰੀਝ ਨਾਲ ਬਾਲ ਸਾਹਿਤ ਪੜ੍ਹਨ ਦਾ ਆਨੰਦ ਮਾਣਦੇ। ਬਿਰਧ ਦਾਦੀ ਜੀ ਵੀ ਆਪਣੀ ਖੂੰਡੀ ਸਾਡੇ ਮੰਜੇ ਥੱਲੇ ਰੱਖ ਸਾਡੇ ਨੇੜੇ ਹੋ ਬੈਠ ਜਾਂਦੇ। ਅਖ਼ਬਾਰ ਦਾ ਕੋਈ ਪੰਨਾ ਚੁੱਕ ਕੇ ਆਪਣੇ ਹੱਥ ਦੀ ਉਂਗਲ ਅਖ਼ਬਾਰ ਦੀਆਂ ਤਸਵੀਰਾਂ ’ਤੇ ਘੁਮਾਉਂਦਿਆਂ ਬਹੁਤ ਸਾਰੇ ਸਵਾਲ ਕਰਦੇ। ਉਨ੍ਹਾਂ ਨੂੰ ਤਸਵੀਰ ਪਿੱਛੇ ਖ਼ਬਰ ਦੀ ਪ੍ਰਮਾਣਿਕਤਾ ਜਾਣਨ ਦੀ ਉਤਸੁਕਤਾ ਹੁੰਦੀ। ਜਦੋਂ ਦਾਦੀ ਜੀ ਆਪਣੇ ਸਵਾਲਾਂ ਦੇ ਜਵਾਬ ਤਸਵੀਰਾਂ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰਦੇ ਤਾਂ ਅਸੀਂ ਉਨ੍ਹਾਂ ਦੀ ਜਗਿਆਸਾ ਨੂੰ ਸ਼ਾਂਤ ਕਰਨ ਲਈ ਖ਼ਬਰ ਪੜ੍ਹ ਕੇ ਸੁਣਾਉਂਦੇ। ਦਾਦੀ ਜੀ ਭਾਵੇਂ ਅਨਪੜ੍ਹ ਸਨ ਪਰ ਉਨ੍ਹਾਂ ਨੂੰ ਵਰਣਮਾਲਾ ਦਾ ਪੱਕਾ ਅਭਿਆਸ ਸੀ। ਗੁਰਮੁਖੀ ਵਰਣਮਾਲਾ ਦੇ ਹਰ ਵਰਣ ਦੀ ਪਛਾਣ ਰੱਖਦੇ ਸਨ। ਉਹ ਅਖ਼ਬਾਰ ਦੀ ਦਿੱਖ ਅਤੇ ਤਸਵੀਰਾਂ ਵੇਖ ਕੇ ਹੀ ਦੱਸ ਦਿੰਦੇ ਕਿ ਅੱਜ ਅਖ਼ਬਾਰ ਵਾਲਾ ਗ਼ਲਤੀ ਨਾਲ ਕੋਈ ਹੋਰ ਹੀ ਅਖ਼ਬਾਰ ਦੇ ਗਿਆ ਹੈ। ਮੇਰੇ ਪਿਤਾ ਟ੍ਰਿਬਿਊਨ ਦੇ ਪੁਰਾਣੇ ਪਾਠਕ ਰਹੇ ਹਨ। ਅਸੀਂ ਅਕਸਰ ਹੀ ਉਨ੍ਹਾਂ ਨੂੰ ਇਸ ਅਖ਼ਬਾਰ ਦੀਆਂ ਵਿਸ਼ੇਸ਼ਤਾਵਾਂ ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਦੱਸਦਿਆਂ ਸੁਣਿਆ ਹੈ। ਸਵੇਰ ਦੀ ਸੈਰ ਮਗਰੋਂ ਉਹ ਇਸ਼ਨਾਨ ਕਰਕੇ ਦਫਤਰ ਲਈ ਤਿਆਰ ਹੋ ਜਾਂਦੇ। ਖਾਣਾ ਖਾਂਦੇ ਸਮੇਂ ਕਾਹਲ ਨਾਲ ਸੁਰਖੀਆਂ ’ਤੇ ਨਜ਼ਰ ਮਾਰ ਜਾਂਦੇ। ‘‘ਅਖ਼ਬਾਰ ਸਾਂਭ ਕੇ ਰੱਖਿਓ, ਮੈਂ ਸ਼ਾਮ ਨੂੰ ਆ ਕੇ ਪੜ੍ਹਾਂਗਾ’’ ਕਹਿ ਸਕੂਟਰ ਦੀ ਰੇਸ ਨੱਪ ਦਿੰਦੇ। ਘਰ ਆ ਕੇ ਸ਼ਾਮ ਨੂੰ ਖ਼ਬਰਾਂ ਤੇ ਹੋਰ ਸਾਹਿਤਕ ਰਚਨਾਵਾਂ ਪੜ੍ਹਦੇ ਪਾਪਾ ਨੂੰ ਆਪਣਾ ਆਪ ਵੀ ਭੁੱਲ ਜਾਂਦਾ।
ਸੁਖਪਾਲ ਕੌਰ, ਚੰਡੀਗੜ੍ਹ

Advertisement