ਯਾਦਾਂ ’ਚ ਵਸਿਆ ‘ਪੰਜਾਬੀ ਟ੍ਰਿਬਿਊਨ’
ਲੱਭ ਲੱਭ ਕੇ ਲਿਆਂਦੇ ਹੀਰੇ
ਦੇਸ਼ ਦੇ ਬਟਵਾਰੇ ਉਪਰੰਤ ਫ਼ਿਰਕੂ ਪੱਤਰਕਾਰੀ ਨੇ ਜ਼ੋਰ ਫੜ ਲਿਆ। ਧਰਮ ਨਿਰਪੱਖ ਕਦਰਾਂ ਕੀਮਤਾਂ ਨੂੰ ਪਰਨਾਇਆ, ਸਚਾਈ ਅਤੇ ਅਸਲੀਅਤ ਨੂੰ ਮਿਆਰੀ ਪੰਜਾਬੀ ਵਿੱਚ ਪੇਸ਼ ਕਰਦਾ ‘ਪੰਜਾਬੀ ਟ੍ਰਿਬਿਊਨ’, ਜੇ ਕਿਤੇ ਕੁਝ ਵਰ੍ਹੇ ਪਹਿਲਾਂ ਸ਼ੁਰੂ ਹੋ ਜਾਂਦਾ ਤਾਂ ਸ਼ਾਇਦ ਰੰਗਲੇ ਪੰਜਾਬ ਦਾ ਦੂਜਾ ਬਟਵਾਰਾ ਟਲ ਜਾਣਾ ਸੀ। ਪਰਚੇ ਨੇ ਸਥਾਪਤ ਲੇਖਕਾਂ ਨੂੰ ਪਾਠਕਾਂ ਸਾਹਮਣੇ ਪੇਸ਼ ਕੀਤਾ ਅਤੇ ਅਨੇਕਾਂ ਨਵੇਂ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕੀਤਾ, ਖ਼ਾਸਕਰ ਮਹਿਲਾ ਲੇਖਕਾਂ ਨੂੰ। ‘ਪੰਜਾਬੀ ਟ੍ਰਿਬਿਊਨ’ ਨੇ ਪਹਿਲੇ ਦਿਨ ਤੋਂ ਹੀ ਆਪਣੀ ਵੱਖਰੀ ਪਛਾਣ ਬਣਾ ਕੇ ਰੱਖੀ ਹੋਈ ਹੈ ਅਤੇ ‘ਟ੍ਰਿਬਿਊਨ ਟਰੱਸਟ’ ਵੱਲੋਂ ਵੀ ਪੂਰਨ ਆਜ਼ਾਦੀ ਮਾਣੀ ਹੈ। ਮੈਂ ਵੇਖਿਆ ਹੈ ਕਿ ‘ਪੰਜਾਬੀ ਟ੍ਰਿਬਿਊਨ’ ਬਹੁਤ ਨੀਝ ਲਾ ਕੇ ਪੜ੍ਹਿਆ ਜਾਂਦਾ ਹੈ ਅਤੇ ਇਸ ’ਚ ਆਈ ਖ਼ਬਰ ’ਤੇ ਵਿਸ਼ਵਾਸ ਵੀ ਕੀਤਾ ਜਾਂਦਾ ਹੈ। ਵਿਦਿਆਰਥੀਆਂ ਅਤੇ ਅਧਿਆਪਕਾਂ ਵਿੱਚ ਇਹ ਖ਼ਾਸ ਤੌਰ ’ਤੇ ਮਕਬੂਲ ਹੈ। ਪੜ੍ਹਨ ਯੋਗ ਪੁਸਤਕਾਂ ਦੇ ਰੀਵਿਊ ਪਾਠਕ ਨੂੰ ਪ੍ਰੇਰਦੇ, ਟੁੰਬਦੇ ਅਤੇ ਉਸ ਦੀਆਂ ਅੱਖਾਂ ਖੋਲ੍ਹਦੇ ਹਨ। ਹਾਂ, ਅੰਗਰੇਜ਼ੀ ਦੇ ਕਈ ਲਫ਼ਜ਼ ਜਿਵੇਂ ਮੌਰਨਿੰਗ, ਈਵਨਿੰਗ ਆਦਿ ਵਿੱਚ /ਗ/ ਧੁਨੀ ਨਹੀਂ ਸੁਣਦੀ। ‘ਈਵਨਿਙ’, ‘ਮੌਰਨਿਙ’ ਆਦਿ ਜ਼ਿਆਦਾ ਪ੍ਰਵਾਨ ਹੋਣਗੇ। ਨਾਲ ਹੀ ਉਰਦੂ ਦੇ ‘ਦਖ਼ਲ’ ਅਤੇ ‘ਮੁਦਾਖ਼ਲਤ’ ਦਾ ਅੰਤਰ ਵੇਖਣ ਨੂੰ ਨਹੀਂ ਮਿਲਦਾ, ਹਰ ਥਾਂ ’ਤੇ ‘ਦਖ਼ਲ’ ਹੀ ਛਪਦਾ ਹੈ।
ਪ੍ਰੋ. ਮੋਹਣ ਸਿੰਘ, ਅੰਮ੍ਰਿਤਸਰ
ਸਾਡੀ ਵਾਰੀ ਇੱਟਾਂ ਮੁੱਕੀਆਂ
‘ਪੰਜਾਬੀ ਟ੍ਰਿਬਿਊਨ’ ਦੇ ਨਾਲ ਮੇਰੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਮੇਰੇ ਪਿਤਾ ਜੀ ਅਖ਼ਬਾਰ ਪੜ੍ਹਨ ਦੇ ਬਹੁਤ ਸ਼ੌਕੀਨ ਹਨ । ਮੇਰੇ ਮਾਤਾ ਜੀ ਵੀ ਅਖ਼ਬਾਰ ਪੜ੍ਹਨ ਦੇ ਬਹੁਤ ਸ਼ੌਕੀਨ ਸਨ, ਪਰ ਉਹਨਾਂ ਲਈ ਕੰਮ ਅਤੇ ਜ਼ਿੰਮੇਵਾਰੀ ਅਹਿਮ ਹੁੰਦੀ ਸੀ। ਮੈਨੂੰ ਅੱਜ ਵੀ ਯਾਦ ਹੈ ਕਿ ਬਚਪਨ ਵਿੱਚ ਜਦੋਂ ਪੜ੍ਹਨਾ ਸ਼ੁਰੂ ਕੀਤਾ ਸੀ ਤਾਂ ਮੰਮੀ ਨੇ ਕਈ ਵਾਰ ਐਤਵਾਰ ਦੇ ਅਖ਼ਬਾਰ ਵਿੱਚੋਂ ਬਾਲ ਪੰਨੇ ਵਿੱਚੋਂ ਕੁਝ ਪੜ੍ਹ ਕੇ ਸੁਣਾਉਣ ਲਈ ਕਹਿਣਾ। ਐਤਵਾਰ ਦਾ ਦਿਨ ਅਸੀਂ ਸਵੇਰੇ ਹੀ ਸਾਰੇ ਅਖ਼ਬਾਰ ਦਾ ਇੱਕ ਇਕ ਪੰਨਾ ਲੈ ਕੇ ਬੈਠ ਜਾਂਦੇ ਤੇ ਜਦ ਤੱਕ ਸਾਰਾ ਅਖ਼ਬਾਰ ਵਾਰੀ ਵਾਰੀ ਸਿਰ ਪੜ੍ਹ ਨਾ ਲੈਂਦੇ ਉਦੋਂ ਤੱਕ ਕੋਈ ਕੰਮ ਨਹੀਂ ਸੀ ਕਰਦੇ। ਇਸ ਗੱਲ ਕਰਕੇ ਕਈ ਵਾਰ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਬਹੁਤ ਝਿੜਕਾਂ ਵੀ ਪੈਂਦੀਆਂ। ਬਹੁਤੀ ਵਾਰ ਅਸੀਂ ਰੋਟੀ ਖਾਣ ਵੇਲੇ ਅਖ਼ਬਾਰ ਪੜ੍ਹਨ ਲੱਗ ਜਾਂਦੇ ਤੇ ਫੇਰ ਰੋਟੀ ਥਾਲੀ ਵਿੱਚ ਹੀ ਪਈ ਰਹਿ ਜਾਂਦੀ ਤੇ ਮੰਮੀ ਝਿੜਕਾਂ ਮਾਰਦੇ ਕਿ ਬੁਰਕੀ ਤੋੜ ਕੇ ਮੂੰਹ ਵਿੱਚ ਵੀ ਪਾਉਣੀ ਹੁੰਦੀ ਹੈ। ਕਈ ਵਾਰ ਨਹਾਉਣ ਲਈ ਵੀ ਝਿੜਕਾਂ ਪੈਂਦੀਆਂ ਕਿ ਤੜਕੇ ਅਖ਼ਬਾਰ ਲੈ ਕੇ ਬਹਿ ਜਾਂਦੇ ਹੋ, ਪਹਿਲਾਂ ਸਭ ਕੰਮ ਨਿਬੇੜ ਲਵੋ ਫਿਰ ਆਰਾਮ ਨਾਲ ਬੈਠ ਕੇ ਪੜ੍ਹ ਲਿਓ । ਪਰ ਅਸੀਂ ਜਦ ਤੱਕ ਅਖ਼ਬਾਰ ਨਹੀਂ ਸੀ ਪੜ੍ਹਦੇ ਉਦੋਂ ਤੱਕ ਚੈਨ ਕਿੱਥੇ ਆਉਂਦਾ ਸੀ। ਚਾਹ ਦਾ ਕੱਪ ਅਤੇ ਅਖ਼ਬਾਰ ਜ਼ਿੰਦਗੀ ਦਾ ਸਭ ਤੋਂ ਸਕੂਨ ਭਰਿਆ ਪਲ ਲੱਗਦਾ ਸੀ ਤੇ ਅੱਜ ਵੀ ਲੱਗਦਾ ਹੈ। ਮੈਨੂੰ ਯਾਦ ਹੈ ਕਿ ਇੱਕ ਵਾਰ ਸਾਡੀ ਕਲੋਨੀ ਦੀਆਂ ਸਾਰੀਆਂ ਗਲੀਆਂ ਪੱਕੀਆਂ ਹੋ ਗਈਆਂ ਪਰ ਸਾਡੀ ਗਲੀ ਦੀ ਵਾਰੀ ਨਹੀਂ ਆਈ ਪੁੱਛਣ ’ਤੇ ਪਤਾ ਲੱਗਿਆ ਕਿ ਇੱਟਾਂ ਖਤਮ ਹੋ ਗਈਆਂ ਹਨ। ਉਸ ਵਕਤ ਪਾਠਕ ਅਖ਼ਬਾਰ ਨੂੰ ਆਪਣੀਆਂ ਸਮੱਸਿਆਵਾਂ ਲਿਖ ਕੇ ਭੇਜਦੇ ਸਨ । ਮੈਂ ਵੀ ਆਪਣੀ ਗਲੀ ਬਾਰੇ ਖਤ ਲਿਖ ਕੇ ਭੇਜਿਆ ਸੀ ਕਿ ‘ਸਾਡੀ ਵਾਰੀ ਇੱਟਾਂ ਮੁੱਕੀਆਂ’, ਇਹ ਖਤ ਜਦੋਂ ਛਪਿਆ ਤਾਂ ਸਾਰੀ ਗਲੀ ਨੇ ਮੈਨੂੰ ਬਹੁਤ ਸ਼ਾਬਾਸ਼ ਦਿੱਤੀ ਅਤੇ ਉਸ ਤੋਂ ਅਗਲੇ ਹਫਤੇ ਹੀ ਸਾਡੀ ਗਲੀ ਦਾ ਕੰਮ ਸ਼ੁਰੂ ਹੋ ਗਿਆ ਸੀ। ਐਤਵਾਰ ਨੂੰ ਫੋਟੋ ਕੈਪਸ਼ਨ ਦੇ ਲਈ ਕਈ ਵਾਰ ਇਨਾਮ ਜਿੱਤਿਆ ਤੇ ਫੇਰ ਖੁਸ਼ ਹੋਣਾ ਕਿ ਸਾਡਾ ਨਾਮ ਅਖ਼ਬਾਰ ਵਿੱਚ ਛਪਿਆ ਹੈ। ਵਿਦਿਆਰਥੀ ਜੀਵਨ ਦੌਰਾਨ ਵੀ ਇਹ ਅਖ਼ਬਾਰ ਪੜ੍ਹਨ ਦਾ ਚਾਅ ਕਦੇ ਖਤਮ ਨਹੀਂ ਹੋਇਆ। ਅੱਜ ਵੀ ਮੇਰੇ ਲਈ ਇਸ ਅਖ਼ਬਾਰ ਨੂੰ ਸਵੇਰੇ ਚਾਹ ਦੇ ਕੱਪ ਨਾਲ ਪੜ੍ਹਨਾ ਸਭ ਤੋਂ ਵੱਡੀ ਲਗਜ਼ਰੀ ਲੱਗਦਾ ਹੈ । ਪਿਛਲੇ ਕੁਝ ਸਾਲਾਂ ਵਿੱਚ ਮੇਰਾ ਅਖ਼ਬਾਰ ਪੜ੍ਹਨਾ ਛੁੱਟ ਗਿਆ ਸੀ ਤਾਂ ਇੰਜ ਲੱਗਿਆ ਜਿਵੇਂ ਕੁਝ ਖੁੱਸ ਗਿਆ ਹੋਵੇ । ਹੁਣ ਦੁਬਾਰਾ ਇਸ ਨੂੰ ਪੜ੍ਹਨਾ ਸ਼ੁਰੂ ਕੀਤਾ ਹੈ ਤਾਂ ਜਾਪਦਾ ਹੈ ਕਿ ਫਿਰ ਤੋਂ ਕੁਝ ਨਵਾਂ ਉਸੇ ਤਰ੍ਹਾਂ ਸਿੱਖਣਾ ਸ਼ੁਰੂ ਕਰ ਰਹੇ ਹਾਂ ਜਿਵੇਂ ਬਚਪਨ ਵਿੱਚ ਇਸ ਅਖ਼ਬਾਰ ਨੂੰ ਪੜ੍ਹਦੇ ਹੋਏ ਸਿੱਖਣਾ ਸ਼ੁਰੂ ਕੀਤਾ ਸੀ।
ਡਾ. ਸੁਖਪਾਲ ਕੌਰ, ਸਮਰਾਲਾ