For the best experience, open
https://m.punjabitribuneonline.com
on your mobile browser.
Advertisement

ਯਾਦਾਂ ’­ਚ ਵਸਿਆ ‘ਪੰਜਾਬੀ ਟ੍ਰਿਬਿਊਨ’

08:39 AM Sep 15, 2024 IST
ਯਾਦਾਂ ’­ਚ ਵਸਿਆ ‘ਪੰਜਾਬੀ ਟ੍ਰਿਬਿਊਨ’
Advertisement

ਯਾਦਾਂ ਦਾ ਸਫ਼ਰ

‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਮਿਲ ਰਿਹਾ ਹੈ। ‘ਪੰਜਾਬੀ ਟ੍ਰਿਬਿਊਨ’ ਨਾਲ ਜੁੜਨ ਦਾ ਸਫ਼ਰ 2019 ਵਿੱਚ ਸ਼ੁਰੂ ਹੋਇਆ। ਮੈਂ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ’ਚ ਐਮ.ਏ. ਪੰਜਾਬੀ ਵਿੱਚ ਦਾਖਲਾ ਲਿਆ। ਏਥੇ ਪ੍ਰੋਫੈਸਰ ਸਾਹਿਬਾਨ (ਪ੍ਰੋ. ਜਗਦੀਪ ਅਤੇ ਪ੍ਰੋ. ਨਰਿੰਦਰਜੀਤ ਸਿੰਘ) ਨੇ ‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਪੜ੍ਹਨ ਲਈ ਕਿਹਾ, ਫਿਰ ਲਾਇਬ੍ਰੇਰੀ ਜਾ ਕੇ ਹਰ ਰੋਜ਼ ਅਖ਼ਬਾਰ ਪੜ੍ਹਨ ਦੀ ਆਦਤ ਹੋ ਗਈ। ਕਰੋਨਾ ਦੇ ਦੌਰ ਵਿੱਚ ਆਨਲਾਈਨ ਪੜ੍ਹਨਾ ਜਾਰੀ ਰੱਖਿਆ। ਹੁਣ ਜਦੋਂ ਵੀ ਘਰ ਅਖ਼ਬਾਰ ਆਉਂਦਾ ਹੈ ਤਾਂ ਪਿਤਾ ਜੀ ਅੱਖਰ ਜੋੜ ਨਾਲ ਪੰਜਾਬੀ ਪੜ੍ਹਦੇ ਨੇ ਪਰ ਸਭ ਤੋਂ ਪਹਿਲਾਂ ਅਖ਼ਬਾਰ ਉਹੀ ਖੋਲ੍ਹਦੇ ਨੇ। ਮਾਤਾ ਜੀ ਪੰਜਾਬੀ ਨਹੀਂ ਪੜ੍ਹਨੀ ਜਾਣਦੇ, ਪਰ ਉਹ ਅਖ਼ਬਾਰ ਦੇ ਸਫ਼ੇ ਜ਼ਰੂਰ ਪਲਟਾ ਕੇ ਦੇਖਦੇ ਨੇ ਤੇ ਮੈਨੂੰ ਤੇ ਭੈਣ ਨੂੰ ਪੜ੍ਹ ਕੇ ਸੁਣਾਉਣ ਲਈ ਆਖਦੇ ਨੇ। ਅਖ਼ਬਾਰ ਦੀ ਉਡੀਕ ਤਾਂ ਹਰ ਰੋਜ਼ ਹੀ ਰਹਿੰਦੀ ਹੈ। ਪਹਿਲਾਂ ਪਿੰਡ ਅਖ਼ਬਾਰ ਨਹੀਂ ਆਉਂਦੇ ਸਨ ਤਾਂ ਰੋਜ਼ ਸਾਈਕਲ ’ਤੇ ਨਾਲ ਦੇ ਪਿੰਡ ਅਖ਼ਬਾਰ ਲੈਣ ਜਾਣਾ ਆਪਣੇ ਆਪ ਵਿੱਚ ਵਧੀਆ ਤਜ਼ਰਬਾ ਰਿਹਾ। ਕਈ ਵਾਰ ਜਦੋਂ ਅਖ਼ਬਾਰ ਨਹੀਂ ਆਉਂਦਾ ਤਾਂ ਦਾਦਾ ਜੀ ਵੀ ਆਖਦੇ ਨੇ ਅੱਜ ਅਖ਼ਬਾਰ ਨਹੀਂ ਆਇਆ? ਐਤਵਾਰ ਨੂੰ ‘ਦਸਤਕ’ ਅੰਕ ਪਿੰਡ ਵਿੱਚ ਰੁੱਖਾਂ ਦੇ ਸ਼ਾਂਤਮਈ ਮਾਹੌਲ ਵਿੱਚ ਬੈਠ ਕੇ ਪੜ੍ਹਨ ਦਾ ਆਪਣਾ ਹੀ ਆਨੰਦ ਹੁੰਦਾ ਹੈ। ਮੇਰੇ ਬੌਧਿਕ ਵਿਕਾਸ ਵਿੱਚ ਇਸ ਦਾ ਅਹਿਮ ਯੋਗਦਾਨ ਹੈ। ਮੈਂ ਆਪਣੇ ਅਧਿਆਪਕਾਂ ਤੇ ਮਾਸਟਰ ਗੁਰਵਿੰਦਰ ਡੋਹਕ ਵਰਗੇ ਸਾਥੀਆਂ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਮੈਨੂੰ ਇਸ ਅਖ਼ਬਾਰ ਨਾਲ ਜੋੜਿਆ ਅਤੇ ਪੜ੍ਹਨ ਦਾ ਤਰੀਕਾ ਦੱਸਿਆ।
ਪਰਵਿੰਦਰ ਸਿੰਘ, ਸੋਥਾ (ਸ੍ਰੀ ਮੁਕਤਸਰ ਸਾਹਿਬ)

Advertisement

ਮੇਰੀ ਪੰਜਾਬੀ ਟ੍ਰਿਬਿਊਨ ਨਾਲ ਸਾਂਝ

ਮੇਰੀ ‘ਪੰਜਾਬੀ ਟ੍ਰਿਬਿਊਨ’ ਨਾਲ ਸਾਂਝ ਪਿਛਲੇ ਲਗਪਗ ਸੱਤ ਕੁ ਸਾਲ ਤੋਂ ਬਣੀ ਹੈ। ਸਾਡਾ ਪਿੰਡ ਜ਼ਿਲ੍ਹਾ ਤਰਨਤਾਰਨ ਦੇ ਖੇਮਕਰਨ ਇਲਾਕੇ ਵਿੱਚ ਪਾਕਿਸਤਾਨ ਬਾਰਡਰ ’ਤੇ ਪੈਂਦਾ ਹੈ। ਮੈਂ ਅਖ਼ਬਾਰ ਅਮਰਕੋਟ ਅੱਡੇ ਤੋਂ ਲੈਂਦਾ ਹਾਂ ਜੋ ਪੱਕੀ ਲੱਗੀ ਹੋਈ ਹੈ। ਹਫਤੇ ਮੁਤਾਬਿਕ ਵਾਤਾਵਰਣ, ਸੱਭਿਆਚਾਰ, ਇਤਿਹਾਸ ਅਤੇ ਸਾਹਿਤ ਸਬੰਧੀ ਜਾਣਕਾਰੀ ਦੀ ਬੜੇ ਸੁਚੱਜੇ ਢੰਗ ਨਾਲ ਵੰਡ ਕੀਤੀ ਗਈ ਹੈ। ‘ਪੰਜਾਬੀ ਟ੍ਰਿਬਿਊਨ’ ਵੱਲੋਂ ਮੇਰੇ ਲੇਖਾਂ ਅਤੇ ਚਿੱਠੀਆਂ ਨੂੰ ਵੀ ਸਨਮਾਨ ਦਿੱਤਾ ਗਿਆ। ਅਖ਼ਬਾਰ ਨਾਲ ਮੇਰਾ ਅਜਿਹਾ ਰਿਸ਼ਤਾ ਬਣ ਚੁੱਕਾ ਹੈ ਕਿ ਜਦੋਂ ਤੱਕ ਇਸ ਨੂੰ ਪੜ੍ਹ ਨਾ ਲਵਾਂ ਦਿਨ ਅਧੂਰਾ ਲੱਗਦਾ ਹੈ। ਵੈਸੇ ਇੱਕ ਅੱਧ ਮਹੀਨੇ ਵਿੱਚ ਅਜਿਹਾ ਦਿਨ ਆ ਜਾਂਦਾ ਜਦੋਂ ਮੈਨੂੰ ਅਖ਼ਬਾਰ ਨਹੀਂ ਮਿਲਦਾ। ਅੰਮ੍ਰਿਤਸਰ ਅਖ਼ਬਾਰ ਦੇਰ ਨਾਲ ਪਹੁੰਚਦੀ ਹੈ ਜੋ ਕਈ ਵਾਰ ਸਾਡੇ ਇਲਾਕੇ ਵਿੱਚ ਦੇਰ ਨਾਲ ਪਹੁੰਚਦੀ ਜਾਂ ਕਈ ਵਾਰ ਮਿਲਦੀ ਨਹੀਂ। ਕਈ ਵਾਰ ਤਾਂ ਮੈਨੂੰ ਅਖ਼ਬਾਰ ਵਾਸਤੇ ਦੋ ਚੱਕਰ ਵੀ ਮਾਰਨੇ ਪੈ ਜਾਂਦੇ ਹਨ। ਸਾਡੇ ਪਿੰਡ ਤੋਂ ਅੱਡੇ ਦਾ ਫਾਸਲਾ ਪੰਜ ਕਿਲੋਮੀਟਰ ਹੈ। ਇਸ ਲਈ ਕੰਮ ਧੰਦੇ ਕਾਰਨ ਔਖਾ ਹੋ ਜਾਂਦਾ ਹੈ। ਪਰ ਕਿੰਨਾ ਵੀ ਨੁਕਸਾਨ ਕਿਉਂ ਨਾ ਹੋਵੇ, ਅਖ਼ਬਾਰ ਤਾਂ ਮੈਂ ਜ਼ਰੂਰ ਲਿਜਾਣੀ ਹੁੰਦੀ ਹੈ।
ਹਰਨੰਦ ਸਿੰਘ ਬੱਲਿਆਂਵਾਲਾ, ਬੱਲਿਆਂਵਾਲਾ (ਤਰਨ ਤਾਰਨ)

Advertisement

Advertisement
Author Image

sukhwinder singh

View all posts

Advertisement