ਯਾਦਾਂ ’ਚ ਵਸਿਆ ‘ਪੰਜਾਬੀ ਟ੍ਰਿਬਿਊਨ’
ਸਾਹਿਤਕ ਮੁਹੱਬਤ ਦੀ ਸਾਂਝ
‘ਪੰਜਾਬੀ ਟ੍ਰਿਬਿਊਨ’ ਦੇ ਸਫ਼ਰ ਦੇ ਛਿਆਲੀ ਵਰ੍ਹੇ ਪੂਰੇ ਵੀ ਹੋ ਗਏ। 15 ਅਗਸਤ 1978 ਦਾ ਉਹ ਇਤਿਹਾਸਕ ਦਿਨ ਅੱਜ ਵੀ ਮੈਨੂੰ ਯਾਦ ਹੈ। ਸਾਡੇ ਪਿੰਡ ਵਿੱਚ ਅਖ਼ਬਾਰ ਹਾਲੇ ਆਉਣ ਨਹੀਂ ਸੀ ਲੱਗਾ। ਉਦੋਂ ਮੈਂ ਆਪਣੇ ਪਿੰਡੋਂ ਛੇ ਮੀਲ ਦਾ ਸਫ਼ਰ ਸਾਈਕਲ ਰਾਹੀਂ ਪੂਰਾ ਕਰਕੇ ਗੜ੍ਹਸ਼ੰਕਰ ਤੋਂ ਇਸ ਅਖ਼ਬਾਰ ਦਾ ਪਹਿਲਾ ਅੰਕ ਲੈ ਕੇ ਆਇਆ ਸੀ। ਉਸ ਦਿਨ ਤੋਂ ਅੱਜ ਤੱਕ ‘ਪੰਜਾਬੀ ਟ੍ਰਿਬਿਊਨ’ ਨਾਲ ਅਜਿਹੀ ਸਾਂਝ ਬਣੀ ਕਿ ਜਿਸ ਦਿਨ ਇਸ ਦਾ ਅੰਕ ਪ੍ਰਾਪਤ ਨਾ ਹੋਵੇ, ਇਸ ਤਰ੍ਹਾਂ ਲੱਗਦਾ ਜਿਵੇਂ ਕੁਝ ਗੁਆਚ ਗਿਆ ਹੋਵੇ।
ਪਹਿਲਾਂ ਪਹਿਲਾਂ ਮੈਂ ਸੰਪਾਦਕ ਦੀ ਡਾਕ ਲਈ ਪੱਤਰ ਲਿਖਣੇ ਸ਼ੁਰੂ ਕੀਤੇ। ਵੱਡੇ ਵੱਡੇ ਸਥਾਪਿਤ ਲੇਖਕਾਂ ਦੀਆਂ ਰਚਨਾਵਾਂ ਪੜ੍ਹਨ ਨਾਲ ਉਤਸ਼ਾਹ ਅਤੇ ਪ੍ਰੇਰਨਾ ਨੇ ਕਲਮੀ ਚੇਤਨਾ ਜਗਾ ਦਿੱਤੀ। ਜੁਲਾਈ 1996 ਵਿੱਚ ਮੇਰੀ ਪਹਿਲੀ ਰਚਨਾ ‘ਬੱਚੇ ਨਾਲੋਂ ਭਾਰਾ ਬਸਤਾ ਕਿਵੇਂ ਹੱਲਾ ਕਰੀਏ?’ ਛਪੀ। ਉਸ ਤੋਂ ਬਾਅਦ ਮੇਰੀਆਂ ਕਈ ਰਚਨਾਵਾਂ ਛਪਦੀਆਂ ਰਹੀਆਂ। ਇਸ ਦੇ ਨਾਲ ਹੀ 2006 ਵਿੱਚ ਮੇਰੇ ਪੁੱਤਰ ਦੀ ਕਵਿਤਾ ‘ਬੋਲਦਾ ਕੋਈ ਨਹੀਂ’ ਛਪੀ। ਇਸ ਅਖ਼ਬਾਰ ਰਾਹੀਂ ਮਾਣਮੱਤੇ ਸਾਹਿਤਕਾਰਾਂ ਨਾਲ ਅਜਿਹੀ ਸਾਂਝ ਬਣੀ ਕਿ ਉਹ ਅੱਜ ਪਰਿਵਾਰਕ ਮੈਂਬਰ ਹੀ ਲੱਗਦੇ ਹਨ। ਬਾਕੀ ਅਖ਼ਬਾਰਾਂ ਨਾਲ਼ੋਂ ਇਸ ਅਖ਼ਬਾਰ ਦੀ ਵਿਲੱਖਣਤਾ ਇਸ ਕਰਕੇ ਵੀ ਹੈ ਕਿ ਗਰਮ ਸਰਦ ਦਿਨਾਂ ਵਿੱਚ ਇਸ ਨੇ ਧਰਮ ਨਿਰਪੱਖਤਾ ਅਤੇ ਇਨਸਾਨੀ ਕਦਰਾਂ ਕੀਮਤਾਂ ’ਤੇ ਸਦਾ ਪਹਿਰਾ ਦਿੱਤਾ ਹੈ। ਇਸ ਕਰਕੇ ਇਹ ਅਖ਼ਬਾਰ ਆਮ ਘਰ ਵਿੱਚ ਨਹੀਂ ਮਿਲਦੀ। ਇਸ ਦੇ ਪਾਠਕਾਂ ਅਤੇ ਲੇਖਕਾਂ ਦੀ ਸਾਹਿਤਕ ਮੁਹੱਬਤੀ ਸਾਂਝ ਦੀ ਮਹਿਕ ਸੱਚੀ ਤੇ ਸੁੱਚੀ ਹੈ। ਇਸ ਦੀ ਬੁਲੰਦੀ ਲਈ ਦਿੱਲੀ ਸ਼ੁਭ ਇੱਛਾਵਾਂ ਹਨ।
ਸਤਪਾਲ ਨੰਗਲ, ਗੜ੍ਹਸ਼ੰਕਰ (ਹੁਸ਼ਿਆਰਪੁਰ)
‘ਪੰਜਾਬੀ ਟ੍ਰਿਬਿਊਨ’ ਨੇ ਲਿਖਾਰੀ ਬਣਾਇਆ
‘ਪੰਜਾਬੀ ਟ੍ਰਿਬਿਊਨ’ ਮੇਰੇ ਪਿੰਡ ਵਿੱਚ ਸਭ ਤੋਂ ਪਹਿਲਾਂ ਮੇਰੇ ਘਰ ਇਸ ਦੇ ਜਨਮ ਵਾਲੇ ਦਿਨ ਭਾਵ 15 ਅਗਸਤ 1978 ਨੂੰ ਆਇਆ। ਉਸ ਵੇਲੇ ਇਹ ਸਿਰਫ਼ 25 ਪੈਸੇ ਵਿੱਚ ਹੀ ਸਾਡੇ ਘਰ ਦੀ ਰੌਣਕ ਵਧਾਉਂਦਾ ਹੁੰਦਾ ਸੀ।
ਅਖ਼ਬਾਰ ਵੇਚਣ ਵਾਲੇ ਨੇ ਜਦੋਂ ਦੂਰੋਂ ਸਾਈਕਲ ਦੀ ਘੰਟੀ ਵਜਾਉਣੀ ਤਾਂ ਆਪਣਾ ਪਿਆਰਾ ਅਖ਼ਬਾਰ ਲੈਣ ਲਈ ਉਸੇ ਵੇਲੇ ਸਾਰੇ ਕੰਮ ਛੱਡ ਕੇ ਦਰਵਾਜ਼ੇ ਵੱਲ ਭੱਜਦੇ ਸਾਂ। ਹੌਲੀ ਹੌਲੀ ਮੈਂ ਲੋਕਾਂ ਦੀਆਂ ਛਪੀਆਂ ਰਚਨਾਵਾਂ ਵਿੱਰ ਦਿਲਚਸਪੀ ਲੈਣ ਲੱਗਾ ਅਤੇ ਆਪ ਵੀ ਕੁਝ ਲਿਖਣ ਦਾ ਯਤਨ ਕਰਨ ਲੱਗਾ। ਮੇਰੀ ਪਹਿਲੀ ਰਚਨਾ ‘ਨਸੀਬ ਆਪਣਾ ਆਪਣਾ’ ਨੌਂ ਸਤੰਬਰ 2007 ਦੇ ਮੈਗਜ਼ੀਨ ਅੰਕ ਵਿੱਚ ਛਪੀ। ਅਖ਼ਬਾਰ ’ਚ ਆਪਣਾ ਨਾਂ ਪੜ੍ਹ ਕੇ ਖ਼ੁਸ਼ੀ ਹੋਈ। ਫਿਰ ਹੋਰ ਬਾਲ ਰਚਨਾਵਾਂ ਜਿਵੇਂ ਬਾਲ-ਬੋਲੀਆਂ, ਖੁੱਲ੍ਹ ਗਏ ਸਕੂਲ, ਦੱਸੋ ਦਰੱਖ਼ਤ ਦਾ ਕੀ ਨਾਂ?, ਟੱਪੇ ਆਦਿ ਸ਼ਨਿੱਚਰਵਾਰ ਦੇ ਅੰਕਾਂ ਵਿੱਚ ਛਪਦੀਆਂ ਰਹੀਆਂ।
ਫਿਰ ‘ਹਰੇ ਭਰੇ ਖੇਤ’ ਅਤੇ ‘ਪਾਠਕ ਵਿਚਾਰ ਮੰਚ’ ਵਿੱਚ ਵੀ ਸਮੇਂ ਸਮੇਂ ’ਤੇ ਮੈਨੂੰ ਥਾਂ ਮਿਲਦੀ ਰਹੀ। ਇੱਕ ਰਚਨਾ ਸੰਪਾਦਕੀ ਪੰਨੇ ’ਤੇ ਵੀ ਛਪੀ। ਮੈਨੂੰ ਮਾਣ ਹੈ ਕਿ ਮੇਰੇ ‘ਪੰਜਾਬੀ ਟ੍ਰਿਬਿਊਨ’ ਨੇ ਮੈਨੂੰ ਲਿਖਣ ਦੀ ਜਾਚ ਸਿਖਾਈ। ਦੁਆ ਹੈ ਕਿ ਇਹ ਅਦਾਰਾ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੇ।
- ਸਰਬਜੀਤ ਸਿੰਘ ਝੱਮਟ, ਝੱਮਟ (ਲੁਧਿਆਣਾ)