ਹਰਿਆਣਾ ਬੋਰਡ ਦੀ ਡੇਟਸ਼ੀਟ ਵਿੱਚੋਂ ਪੰਜਾਬੀ ਵਿਸ਼ਾ ਗਾਇਬ
ਪੱਤਰ ਪ੍ਰੇਰਕ
ਕਾਲਾਂਵਾਲੀ, 3 ਅਗਸਤ
ਹਰਿਆਣਾ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ 6ਵੀਂ ਤੋਂ 8ਵੀਂ ਜਮਾਤ ਦੇ ਪੇਪਰਾਂ ਦੀ ਡੇਟਸ਼ੀਟ ਵਿੱਚ ਪੰਜਾਬੀ ਵਿਸ਼ੇ ਦਾ ਜ਼ਿਕਰ ਹੀ ਨਹੀਂ ਹੈ। ਹਰਿਆਣਾ ਵਿਚਲੇ ਪੰਜਾਬੀ ਪ੍ਰੇਮੀਆਂ ਅਤੇ ਅਧਿਆਪਕ ਜਥੇਬੰਦੀਆਂ ਵਿੱਚ ਸਿੱਖਿਆ ਵਿਭਾਗ ਦੀ ਇਸ ਬੇਰੁਖ਼ੀ ਖ਼ਿਲਾਫ਼ ਰੋਸ ਪਾਇਆ ਜਾ ਰਿਹਾ ਹੈ। ਅਧਿਆਪਕ ਆਗੂ ਮਾਸਟਰ ਅਜਾਇਬ ਸਿੰਘ ਜਲਾਲਆਣਾ ਅਤੇ ਪੰਜਾਬੀ ਅਧਿਆਪਕਾ ਸਵਤੰਤਰ ਕੌਰ ਨੇ ਬੋਰਡ ਵੱਲੋਂ ਜਾਰੀ ਕੀਤੀ ਗਈ ਡੇਟਸ਼ੀਟ ਦਿਖਾਉਂਦਿਆਂ ਦੱਸਿਆ ਕਿ 6ਵੀਂ ਤੋਂ 8ਵੀਂ ਜਮਾਤ ਦੇ ਪੇਪਰਾਂ ਦੀ ਡੇਟਸ਼ੀਟ ’ਚ ਹੋਰਨਾਂ ਭਾਸ਼ਾਵਾਂ ਦੇ ਪੇਪਰਾਂ ਦਾ ਜ਼ਿਕਰ ਹੈ ਪਰ ਪੰਜਾਬੀ ਵਿਸ਼ੇ ਨੂੰ ਗਾਇਬ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਪੰਜਾਬੀ ਭਾਸ਼ਾ ਨਾਲ ਹੋ ਰਹੇ ਅਜਿਹੇ ਵਿਹਾਰ ਤੋਂ ਪੰਜਾਬੀਆਂ ਨੂੰ ਚੌਕਸ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਵਰਕਸ਼ਾਪਾਂ ’ਚ ਪੰਜਾਬੀ ਵਿਸ਼ਾ ਛੱਡਣਾ ਅਤੇ ਸਕੂਲਾਂ ’ਚ ਹੁੰਦੇ ਵੱਖ-ਵੱਖ ਮੁਕਾਬਲਿਆਂ ਵਿੱਚ ਪੰਜਾਬੀ ਭਾਸ਼ਾ ਨੂੰ ਤਰਜੀਹ ਨਾ ਦੇਣਾ ਵਿਭਾਗ ਦੇ ਪੰਜਾਬੀ ਵਿਰੋਧੀ ਚਿਹਰੇ ਨੂੰ ਬੇਪਰਦ ਕਰਦਾ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਬਹੁਤੇ ਸਕੂਲਾਂ ਦੇ ਸੌ ਫ਼ੀਸਦ ਵਿਦਿਆਰਥੀ ਪੰਜਾਬੀ ਭਾਸ਼ਾਈ ਹਨ ਪਰ ਉੱਥੇ ਪੰਜਾਬੀ ਅਧਿਆਪਕ ਦੀ ਅਸਾਮੀ ਹੀ ਨਹੀਂ ਦਿੱਤੀ ਗਈ।