ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀ ਵਿਦਿਆਰਥੀਆਂ ਵੱਲੋਂ ਬਰੈਂਪਟਨ ਵਿੱਚ ’ਵਰਸਿਟੀ ਅੱਗੇ ਪੱਕਾ ਮੋਰਚਾ

07:19 AM Jan 07, 2024 IST

ਸੁਰਿੰਦਰ ਮਾਵੀ/ਜਸਬੀਰ ਸਿੰਘ ਸ਼ੇਤਰਾ
ਿਵਨੀਪੈਗ/ਜਗਰਾਉਂ, 6 ਜਨਵਰੀ
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਵਿਦਿਆਰਥੀ ਮਨਫ਼ੀ ਤਾਪਮਾਨ ਦੇ ਬਾਵਜੂਦ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਅਲਗੋਮਾ ਯੂਨੀਵਰਸਿਟੀ ਖ਼ਿਲਾਫ਼ ਪੱਕੇ ਮੋਰਚੇ ’ਤੇ ਡੱਟ ਗਏ ਹਨ। ਇਨ੍ਹਾਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਵਿੱਚ ਟੈਂਟ ਲਗਾ ਕੇ ਦਿਨ-ਰਾਤ ਦਾ ਮੋਰਚਾ ਸ਼ੁਰੂ ਕਰ ਕੇ ਇਨਸਾਫ਼ ਦੀ ਮੰਗ ਕੀਤੀ ਹੈ। ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ ਨੇ ਯੂਨੀਵਰਸਿਟੀ ’ਤੇ ਆਈਟੀ ਗਰੈਜੂਏਸ਼ਨ ਕੋਰਸ ਦੇ 100 ਦੇ ਕਰੀਬ ਵਿਦਿਆਰਥੀਆਂ ਨੂੰ ਬੇਵਜ੍ਹਾ ਫੇਲ੍ਹ ਕਰਨ ਦਾ ਦੋਸ਼ ਲਾਉਂਦਿਆਂ ਸੰਘਰਸ਼ ਦੀ ਹਮਾਇਤ ਕੀਤੀ ਹੈ। ਇਸ ਜਥੇਬੰਦੀ ਨੇ ਵੀ ਯੂਨੀਵਰਸਿਟੀ ’ਤੇ ਵਾਧੂ ਫੀਸਾਂ ਵਸੂਲਣ ਦਾ ਦੋਸ਼ ਲਾਇਆ ਹੈ।
ਜਗਰਾਉਂ ਨਾਲ ਸਬੰਧਤ ਜਥੇਬੰਦੀ ਦੇ ਆਗੂ ਵਰੁਣ ਖੰਨਾ, ਖੁਸ਼ਪਾਲ ਗਰੇਵਾਲ, ਮਨਪ੍ਰੀਤ ਕੌਰ, ਬਿਕਰਮ ਕੁੱਲੇਵਾਲ ਅਤੇ ਮਨਦੀਪ ਨੇ ਦੱਸਿਆ ਕਿ ਬਰੈਂਪਟਨ ਸਥਿਤ ਯੂਨੀਵਰਸਿਟੀ ਵੱਲੋਂ 130 ਦੇ ਕਰੀਬ ਵਿਦਿਆਰਥੀਆਂ ਨੂੰ ਸਾਜ਼ਿਸ਼ੀ ਢੰਗ ਨਾਲ ਫੇਲ੍ਹ ਕੀਤੇ ਜਾਣ ਤੋਂ ਬਾਅਦ ਵਿਦਿਆਰਥੀਆਂ ਨੇ ਯੂਨੀਵਰਸਿਟੀ ਕੈਂਪਸ ਸਾਹਮਣੇ ਪੱਕਾ ਮੋਰਚਾ ਲਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਆਈਟੀ ਦੇ ਗਰੈਜੂਏਸ਼ਨ ਕੋਰਸ ’ਚ ਕੁੱਲ ਦਸ ਵਿਸ਼ੇ ਹਨ। ਇਨ੍ਹਾਂ ’ਚੋਂ ਨੌਂ ਵਿਸ਼ਿਆਂ ਵਿੱਚ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ ਪਰ ਇੱਕ ਪੇਪਰ ’ਚੋਂ ਸਾਜ਼ਿਸ਼ੀ ਢੰਗ ਨਾਲ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੇਲ੍ਹ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਜੀਆਈਸੀ ਵਧਾਉਣ ਤੇ ਇਮੀਗਰੇਸ਼ਨ ਨੀਤੀਆਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ ਕੈਨੇਡਾ ਵਿੱਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ’ਚ 40 ਫ਼ੀਸਦੀ ਤੱਕ ਨਿਘਾਰ ਆਇਆ ਹੈ, ਇਸ ਲਈ ਕੁਝ ਕੈਨੇਡੀਅਨ ਕਾਲਜ ਤੇ ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਫੇਲ੍ਹ ਕਰ ਕੇ ਮੁਨਾਫ਼ਾ ਖੱਟਣ ਦੇ ਰਾਹ ਪਈਆਂ ਹੋਈਆਂ ਹਨ। ਕਈ ਵਿਦਿਆਰਥੀਆਂ ਨੂੰ ਲਗਾਤਾਰ ਦੋ ਅਤੇ ਤਿੰਨ ਵਾਰ ਫੇਲ੍ਹ ਕੀਤਾ ਗਿਆ ਹੈ। ਵਿਦਿਆਰਥੀਆਂ ਕੋਲੋਂ ਪ੍ਰਤੀ ਵਿਸ਼ੇ ਦੇ ਹਿਸਾਬ ਨਾਲ ਤਿੰਨ ਹਜ਼ਾਰ ਤੋਂ 3500 ਡਾਲਰ ਤੱਕ ਵਸੂਲੇ ਜਾਂਦੇ ਹਨ। ਇਸ ਤੋਂ ਇਲਾਵਾ ’ਵਰਸਿਟੀ ਵਿੱਚ ਆਨਲਾਈਨ ਤੇ ਆਫਲਾਈਨ ਕਲਾਸਾਂ ਵਿੱਚ ਪੜ੍ਹਾਈ ਦਾ ਮਿਆਰ ਬਹੁਤ ਮਾੜਾ ਹੈ। ਫੇਲ੍ਹ ਕੀਤੇ ਵਿਸ਼ੇ ਦੇ 400 ਵਿਦਿਆਰਥੀਆਂ ਨੂੰ ਮਹਿਜ਼ ਇਕ ਪ੍ਰੋਫੈਸਰ ਪੜ੍ਹਾ ਰਿਹਾ ਹੈ। ਕਮੇਟੀ ਮੈਂਬਰ ਬੱਲੀ ਸਿੰਘ, ਪਰਵੀਨ ਗਿੱਲ ਤੇ ਰਾਜਪਾਲ ਕੌਰ ਨੇ ਮੰਗ ਕੀਤੀ ਕਿ ਫੇਲ੍ਹ ਵਿਸ਼ੇ ਦਾ ਸਾਲਾਨਾ ਗਰੇਡਿੰਗ ਮਾਪਦੰਡ ਤਬਦੀਲ ਕਰ ਕੇ ਉਸ ਅਨੁਸਾਰ ਪੇਪਰ ਦੁਬਾਰਾ ਚੈੱਕ ਕੀਤੇ ਜਾਣ, ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨ ਵਾਲੇ ਪ੍ਰੋਫੈਸਰ ਨੂੰ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ, ਵਿਦਿਆਰਥੀਆਂ ’ਤੇ ਦੁਬਾਰਾ ਪੇਪਰ ਦੇਣ ਦੀ ਵਾਧੂ ਫੀਸ ਦਾ ਬੋਝ ਖ਼ਤਮ ਕੀਤਾ ਜਾਵੇ ਅਤੇ ਪੇਪਰ ਚੈੱਕ ਕਰਨ ਦੀ ਵਿਧੀ ਪਾਰਦਰਸ਼ੀ ਕੀਤੀ ਜਾਵੇ।

Advertisement

ਯੂਨੀਵਰਸਿਟੀ ਵੱਲੋਂ ਮਸਲਾ ਜਲਦੀ ਹੱਲ ਕਰਨ ਦਾ ਭਰੋਸਾ

ਅਲਗੋਮਾ ਯੂਨੀਵਰਸਿਟੀ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਚਿੰਤਾਵਾਂ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਜਲਦ ਹੀ ਮਸਲਾ ਹੱਲ ਕਰ ਲਿਆ ਜਾਵੇਗਾ। ਯੂਨੀਵਰਸਿਟੀ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੀਆਂ ਚਿੰਤਾਵਾਂ ਬਾਰੇ ਸਾਇੰਸ ਵਿਭਾਗ ਦੇ ਡੀਨ ਨਾਲ ਸੰਪਰਕ ਕਰਨ।

Advertisement
Advertisement