For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਸਪੋਰਟਸ ਕਲੱਬ ਨੇ ਜਿੱਤਿਆ ਮੈਟਰੋ ਕਬੱਡੀ ਕੱਪ

08:40 AM Jul 24, 2024 IST
ਪੰਜਾਬੀ ਸਪੋਰਟਸ ਕਲੱਬ ਨੇ ਜਿੱਤਿਆ ਮੈਟਰੋ ਕਬੱਡੀ ਕੱਪ
ਮੈਟਰੋ ਪੰਜਾਬੀ ਸਪੋਰਟਸ ਕਲੱਬ ਦੇ ਪ੍ਰਬੰਧਕ, ਕੱਪ ਜੇਤੂ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ ਟਰਾਫ਼ੀ ਪ੍ਰਦਾਨ ਕਰਦੇ ਹੋਏ।
Advertisement

ਸੁਰਿੰਦਰ ਮਾਵੀ

ਵਿਨੀਪੈੱਗ: ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਦੇ ਝੰਡੇ ਹੇਠ ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਬੱਡੀ ਕੱਪ ਕਰਵਾਇਆ ਗਿਆ। ਇਸ ਨੂੰ ਜਿੱਤਣ ਦਾ ਮਾਣ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਹਾਸਲ ਕੀਤਾ। ਟੋਰਾਂਟੋ ਕਬੱਡੀ ਸੀਜ਼ਨ-2024 ’ਚ ਟੋਰਾਂਟੋ ਪੰਜਾਬੀ ਕਲੱਬ ਦੀ ਇਹ ਦੂਸਰੀ ਖਿਤਾਬੀ ਜਿੱਤ ਸੀ। ਸੀਜ਼ਨ ਦੇ ਇਸ ਪੰਜਵੇਂ ਕੱਪ ਦੌਰਾਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਜਸਮਨਪ੍ਰੀਤ ਰਾਜੂ ਤੇ ਜੱਗਾ ਚਿੱਟੀ ਨੇ ਕ੍ਰਮਵਾਰ ਸਰਵੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਹਾਸਲ ਕੀਤਾ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗੱਭਰੇਟ ਲਗਾਤਾਰ ਪੰਜਵੀਂ ਵਾਰ ਅੱਵਲ ਰਹੇ।
ਇਸ ਕੱਪ ਦੇ ਪਹਿਲੇ ਮੈਚ ’ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਨੇ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ 40-31.5 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਬਣਾਈ। ਦੂਸਰੇ ਮੈਚ ’ਚ ਮੈਟਰੋ ਪੰਜਾਬੀ ਸਪੋਰਟਸ ਕਲੱਬ, ਓ.ਕੇ.ਸੀ. ਕਬੱਡੀ ਕਲੱਬ ਨੂੰ 38.5-36 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਪੁੱਜੀ। ਤੀਸਰੇ ਮੈਚ ’ਚ ਜੀਟੀਏ ਕਬੱਡੀ ਕਲੱਬ ਦੀ ਟੀਮ ਨੇ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ 36.5-36 ਅੰਕਾਂ ਨਾਲ ਹਰਾਇਆ। ਚੌਥੇ ਮੈਚ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਓ.ਕੇ.ਸੀ. ਕਲੱਬ ਦੀ ਟੀਮ ਨੂੰ 34-27.5 ਅੰਕਾਂ ਨਾਲ ਹਰਾ ਕੇ ਸੈਮੀਫਾਈਨਲ ’ਚ ਥਾਂ ਪੱਕੀ ਕੀਤੀ।
ਪਹਿਲੇ ਸੈਮੀਫਾਈਨਲ ’ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਮੇਜ਼ਬਾਨ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 37-36.5 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ। ਦੂਸਰੇ ਸੈਮੀਫਾਈਨਲ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਜੀਟੀਏ ਕਲੱਬ ਦੀ ਟੀਮ ਨੂੰ 45.5-33 ਅੰਕਾਂ ਦੇ ਵੱਡੇ ਅੰਤਰ ਨਾਲ ਹਰਾਇਆ। ਬੇਹੱਦ ਰੌਚਕ ਫਾਈਨਲ ਮੁਕਾਬਲੇ ’ਚ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 48.5-46 ਅੰਕਾਂ ਨਾਲ ਹਰਾ ਕੇ ਖਿਤਾਬ ਜਿੱਤਿਆ। ਅੰਡਰ-21 ਵਰਗ ’ਚ ਲਗਾਤਾਰ ਪੰਜਵੀਂ ਵਾਰ ਕੋਚ ਭੋਲਾ ਲਿੱਟ ਤੇ ਸੁਰਿੰਦਰ ਟੋਨੀ ਕਾਲਖ ਤੋਂ ਸਿਖਲਾਈ ਯਾਫਤਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗਭਰੇਟ ਜੇਤੂ ਰਹੇ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਇਸ ਕੱਪ ਦੇ ਜੇਤੂ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਖਿਡਾਰੀ ਜਸਮਨਪ੍ਰੀਤ ਸਿੰਘ ਰਾਜੂ ਨੇ 32 ਧਾਵੇ ਬੋਲ ਕੇ 29 ਅੰਕ ਹਾਸਲ ਕੀਤੇ ਅਤੇ ਸਰਵੋਤਮ ਧਾਵੀ ਦਾ ਖਿਤਾਬ ਜਿੱਤਿਆ। ਉਪ ਜੇਤੂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਦੇ ਖਿਡਾਰੀ ਜੱਗਾ ਚਿੱਟੀ ਨੇ 32 ਕੋਸ਼ਿਸ਼ਾਂ ਤੋਂ 11 ਜੱਫੇ ਲਗਾ ਕੇ ਸਰਵੋਤਮ ਜਾਫੀ ਦਾ ਕਿਤਾਬ ਜਿੱਤਿਆ। ਦੋਵਾਂ ਖਿਡਾਰੀਆਂ ਨੇ ਇਸ ਸੀਜ਼ਨ ਦੌਰਾਨ ਪਹਿਲੀ ਵਾਰ ਉਕਤ ਖਿਤਾਬ ਜਿੱਤੇ।
ਇਸ ਕਬੱਡੀ ਸੀਜ਼ਨ ਦੌਰਾਨ ਕਬੱਡੀ ਫੈਡਰੇਸ਼ਨ ਆਫ ਓਂਟਾਰੀਓ ਵੱਲੋਂ ਪ੍ਰਧਾਨ ਜਸਵਿੰਦਰ ਸਿੰਘ ਜੱਸ ਛੋਕਰ, ਚੇਅਰਮੈਨ ਇੰਦਰਜੀਤ ਧੁੱਗਾ, ਮੀਤ ਪ੍ਰਧਾਨ ਸ਼ੇਰਾ ਮੰਡੇਰ, ਮੇਜਰ ਨੱਤ ਸਕੱਤਰ, ਰਾਣਾ ਸਿੱਧੂ ਖ਼ਜ਼ਾਨਚੀ, ਮਲਕੀਤ ਦਿਉਲ ਡਾਇਰੈਕਟਰ, ਸੁੱਖਾ ਰੰਧਾਵਾ ਡਾਇਰੈਕਟਰ ਤੇ ਸਮੂਹ ਮੈਂਬਰ ਸਾਹਿਬਾਨ ਦੀ ਅਗਵਾਈ ’ਚ ਬਹੁਤ ਸਾਰੇ ਨਵੇਂ ਨਿਯਮ ਬਣਾਏ ਗਏ ਜਿਨ੍ਹਾਂ ਨੇ ਓਂਟਾਰੀਓ ਦੀ ਕਬੱਡੀ ਦਾ ਮਿਆਰ ਹੋਰ ਉੱਚਾ ਕਰ ਦਿੱਤਾ।
ਇਸ ਕੱਪ ਦੌਰਾਨ ਬਹੁਤ ਸਾਰੀਆਂ ਰਾਜਨੀਤਿਕ, ਸਮਾਜਿਕ ਤੇ ਖੇਡਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਐੱਮ.ਪੀ. ਸੋਨੀਆ ਸਿੱਧੂ, ਐੱਮ.ਪੀ. ਰੂਬੀ ਸਹੋਤਾ, ਡਿਪਟੀ ਮੇਅਰ ਹਰਕੀਰਤ ਸਿੰਘ ਗਰੇਵਾਲ ਤੇ ਓਂਟਾਰੀਓ ਖ਼ਾਲਸਾ ਦਰਬਾਰ ਗੁਰੂ ਘਰ ਦੀ ਸਮੁੱਚੀ ਕਮੇਟੀ ਪ੍ਰਧਾਨ ਹਰਪਾਲ ਸਿੰਘ ਦੀ ਅਗਵਾਈ ’ਚ ਪੁੱਜੀ। ਇਸ ਮੌਕੇ ਸਾਬਕਾ ਖਿਡਾਰੀ ਭਾਈ ਗਾਖਲ ਦਾ ਵੀ ਸੋਨ ਤਗ਼ਮੇ ਨਾਲ ਅਤੇ ਇੰਗਲੈਂਡ ਵਸਦੇ ਸਾਬਕਾ ਖਿਡਾਰੀ ਹਕੀਕਤ ਸਿੰਘ ਕੀਕਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਖਿਡਾਰੀ ਸੋਨੀ ਸਨੇਤ, ਕਿੰਦਾ ਬਿਹਾਰੀ ਪੁਰ, ਸੰਦੀਪ ਗੁਰਦਾਸਪੁਰ ਸਮੇਤ ਅਨੇਕ ਖਿਡਾਰੀ ਪੁੱਜੇ।
ਇਸ ਟੂਰਨਾਮੈਂਟ ਦੌਰਾਨ ਮੈਚਾਂ ਦਾ ਸੰਚਾਲਨ ਅੰਪਾਇਰ ਪੱਪੂ ਭਦੌੜ, ਬਲਵੀਰ ਨਿੱਝਰ, ਸਵਰਨਾ ਵੈਲੀ, ਬਿੰਨਾ ਮਲਿਕ, ਨੀਟੂ ਸਰਾਏ ਤੇ ਸਾਬੀ ਜੰਡਿਆਲੀ ਨੇ ਵਧੀਆ ਤਰੀਕੇ ਨਾਲ ਕੀਤਾ। ਟੀਵੀ ਅੰਪਾਇਰਾਂ ਦੀ ਜ਼ਿੰਮੇਵਾਰੀ ਸਾਬਕਾ ਖਿਡਾਰੀ ਬੀਰਾ ਸਿੱਧਵਾਂ ਤੇ ਅਜਮੇਰ ਜਲਾਲ, ਟਾਈਮਕੀਪਰ ਦੀ ਭੂਮਿਕਾ ਕਾਲਾ ਕੰਮੇਆਣਾ ਨੇ ਨਿਭਾਈ। ਪੂਰੇ ਮੈਚਾਂ ਦੇ ਹਰ ਇੱਕ ਅੰਕ ਦਾ ਵੇਰਵਾ ਜਸਵੰਤ ਖੜਗ, ਮਨੀ ਖੜਗ ਤੇ ਕੁਲਵੰਤ ਢੀਂਡਸਾ ਨੇ ਇਕੱਤਰ ਕੀਤਾ। ਪ੍ਰੋ. ਮੱਖਣ ਸਿੰਘ ਹਕੀਮਪੁਰ, ਸੁਰਜੀਤ ਕਕਰਾਲੀ, ਛਿੰਦਰ ਧਾਲੀਵਾਲ, ਮੱਖਣ ਅਲੀ, ਹੈਰੀ ਬਨਭੌਰਾ, ਅਮਨ ਲੋਪੋ ਤੇ ਪ੍ਰਿਤਾ ਸ਼ੇਰਗੜ੍ਹ ਚੀਮਾ ਨੇ ਆਪਣੀ ਕੁਮੈਂਟਰੀ ਕਲਾ ਰਾਹੀਂ ਮੈਚਾਂ ਨੂੰ ਰੋਚਕ ਬਣਾ ਕੇ ਪੇਸ਼ ਕੀਤਾ।
ਮੈਟਰੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਪ੍ਰਧਾਨ ਕਾਲਾ ਹਾਂਸ, ਮੀਤ ਪ੍ਰਧਾਨ ਓਂਕਾਰ ਗਰੇਵਾਲ, ਸੈਕਟਰੀ ਬਲਰਾਜ ਚੀਮਾ, ਖ਼ਜ਼ਾਨਚੀ ਮਲਕੀਤ ਦਿਉਲ, ਡਾਇਰੈਕਟਰ ਈਸ਼ਰ ਸਿੱਧੂ, ਅਮਨਦੀਪ ਮਾਂਗਟ ਤੇ ਗੋਗਾ ਗਹੂਣੀਆ, ਮੈਂਬਰ ਭਿੰਦਰ ਸੇਖੋਂ, ਪਿੰਕੀ ਢਿੱਲੋਂ, ਜਸਪਾਲ ਗਹੂਣੀਆ, ਜੱਸਾ ਬਰਾੜ, ਚਿੱਤਵੰਤ ਸਿੱਧੂ, ਪਰਮਜੀਤ ਬੋਲੀਨਾ, ਗੁਰਬਾਜ ਗਹੂਣੀਆ, ਬੱਬੀ ਬੋਲੀਨਾ, ਹਰਜਿੰਦਰ ਥਿੰਦ, ਨਿੱਕ ਗਹੂਣੀਆ, ਕਿੰਗਡਮ ਟੀਮ ਮੈਂਬਰ, ਰੇਸ਼ਮ ਨਿੱਝਰ, ਲੱਖੀ ਬੁੱਟਰ, ਬਲਵੀਰ, ਅਨਮੋਲ ਸਿੰਘ, ਦਿਲਰਾਜ ਧਾਲੀਵਾਲ, ਬਲਜੋਤ ਬਾਠ, ਬਲਦੇਵ ਰਹਿਪਾ, ਹਰਪਾਲ ਰੰਧਾਵਾ, ਵਿਨੈ ਗਿੱਲ, ਦਵਿੰਦਰ ਮਾਨ, ਕਾਕਾ ਕੁਲਾਰ, ਸੁੱਖਾ ਕੁਲਾਰ, ਮਿੰਟੂ ਬਿਲਗਾ, ਸੋਨੀ ਸਨੇਤ, ਕੀਪ ਸ਼ੀਨਾ, ਪਰਮਿੰਦਰ ਗਿੱਲ, ਰਾਵਲ ਸਿੰਘ, ਸੋਨੀ ਮਾਂਗਟ, ਸੁਖਦੇਵ ਸਿੰਘ ਢੇਸੀ ਤੇ ਸੋਨੂ ਗਰੇਵਾਲ ਹੋਰਾਂ ਦੀ ਸਮੁੱਚੀ ਟੀਮ ਵੱਲੋਂ ਇਹ ਸ਼ਾਨਦਾਰ ਕੱਪ ਕਰਵਾਇਆ ਗਿਆ। ਕੱਪ ਜੇਤੂ ਟੀਮ ਨੂੰ ਇਨਾਮ ਏਅਰ ਐਂਡ ਓਸਨਲੈਂਡ ਦੇ ਧੀਰਾ ਸੰਧੂ ਅਤੇ ਉਪ ਜੇਤੂ ਟੀਮ ਨੂੰ ਟੋਰਾਂਟੋ ਟਰੱਕ ਡਰਾਈਵਿੰਗ ਸਕੂਲ ਦੇ ਦਲਜੀਤ ਸਹੋਤਾ ਨੇ ਦਿੱਤਾ।

Advertisement

ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵੱਲੋਂ ਕਮੇਟੀ ਦਾ ਪੁਨਰਗਠਨ

ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਦੇ ਨਵੇਂ ਚੁਣੇ ਗਏ ਅਹੁਦੇਦਾਰ

ਬ੍ਰਿਸਬੇਨ: ਆਸਟਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿੱਚ ਪੰਜਾਬੀ ਫੋਕ ਡਾਂਸ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਪਹਿਲੇ ਗਿੱਧਾ ਕੱਪ ਨਾਲ ਸਬੰਧਿਤ ਮੀਟਿੰਗ ਮਨਦੀਪ ਸਿੰਘ ਦੀ ਅਗਵਾਈ ਤਹਿਤ ਹੋਈ। ਇਸ ਵਿੱਚ ਐਸੋਸੀਏਸ਼ਨ ਨਾਲ ਸਬੰਧਿਤ ਸਾਰੀਆਂ ਅਕੈਡਮੀਆਂ ਦੇ ਪ੍ਰਤੀਨਿਧ ਸ਼ਾਮਲ ਹੋਏ। ਪ੍ਰਧਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ 24 ਅਗਸਤ ਨੂੰ ਬ੍ਰਿਸਬੇਨ ਵਿੱਚ ਹੋ ਰਹੇ ਗਿੱਧਾ ਕੱਪ ਵਿੱਚ ਆਸਟਰੇਲੀਆ, ਨਿਊਜ਼ੀਲੈਂਡ ਤੋਂ ਵੱਖ ਵੱਖ ਵਰਗਾਂ ਵਿੱਚ ਕੁਲ 22 ਟੀਮਾਂ ਭਾਗ ਲੈ ਰਹੀਆਂ ਹਨ। ਇਸ ਵਿੱਚ ਗਿੱਧੇ ਨਾਲ ਸਬੰਧਿਤ ਨਾਮਵਰ ਹਸਤੀਆਂ ਸ਼ਿਰਕਤ ਕਰ ਰਹੀਆਂ ਹਨ। ਇਸ ਮੌਕੇ ਹਾਜ਼ਰ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਫੋਕ ਡਾਂਸ ਐਸੋਸੀਏਸ਼ਨ ਬ੍ਰਿਸਬੇਨ ਦਾ ਪੁਨਰਗਠਨ ਕਰਨ ’ਤੇ ਮੋਹਰ ਲਾਈ।
ਇਸ ਮੌਕੇ ਸਰਬਸੰਮਤੀ ਨਾਲ ਰੁਪਿੰਦਰ ਸਿੰਘ ਨੂੰ ਪ੍ਰਧਾਨ, ਗੁਰਜੀਤ ਬਾਰੀਆ ਨੂੰ ਸੈਕਟਰੀ, ਲੋਕ ਗਾਇਕ ਰਾਜਦੀਪ ਸਿੰਘ ਲਾਲੀ ਨੂੰ ਖ਼ਜ਼ਾਨਚੀ, ਗੁਣਜੀਤ ਘੁੰਮਣ ਨੂੰ ਉਪ ਪ੍ਰਧਾਨ, ਚਰਨਜੀਤ ਕਾਹਲੋਂ ਨੂੰ ਉਪ ਪ੍ਰਧਾਨ, ਬਿਕਰਮਜੀਤ ਪਟਿਆਲਾ ਨੂੰ ਸਰਪ੍ਰਸਤ, ਮਨਦੀਪ ਸਿੰਘ ਨੂੰ ਸੁਪਰਵਾਈਜ਼ਰ, ਸਰਬਜੀਤ ਸੋਹੀ ਨੂੰ ਸਪੋਕਸਮੈਨ, ਸੁਨੀਤਾ ਸੈਣੀ ਨੂੰ ਸਮਾਜਿਕ ਸਲਾਹਕਾਰ, ਹਰਕਮਲ ਸਿੰਘ ਸੈਣੀ ਨੂੰ ਸੂਚਨਾ ਸਲਾਹਕਾਰ, ਹਰਪ੍ਰੀਤ ਕੌਰ ਕੁਲਾਰ ਨੂੰ ਲੇਡੀ ਕਨਵੀਨਰ ਅਤੇ ਲੋਕ ਗਾਇਕ ਮਲਕੀਤ ਸਿੰਘ ਧਾਲੀਵਾਲ ਨੂੰ ਵਿਪ ਕਨਵੀਨਰ ਨਿਯੁਕਤ ਕੀਤਾ ਗਿਆ।

Advertisement

ਚੌਥੀ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ

ਲੈਸਟਰ: (ਯੂਕੇ): ਸਿੱਖ ਐਜੂਕੇਸ਼ਨ ਕੌਂਸਲ ਯੂਕੇ ਵੱਲੋਂ ਇੰਗਲੈਂਡ ਦੇ ਸ਼ਹਿਰ ਲੈਸਟਰ ਵਿਖੇ 27-28 ਜੁਲਾਈ ਨੂੰ ਕਰਵਾਈ ਜਾ ਰਹੀ ਚੌਥੀ ਪੰਜਾਬੀ ਕਾਨਫਰੰਸ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਕਾਨਫਰੰਸ ਦੇ ਚੇਅਰਮੈਨ ਡਾ. ਪਰਗਟ ਸਿੰਘ ਨੇ ਦੱਸਿਆ ਕਿ ਇਸ ਕਾਨਫਰੰਸ ਦਾ ਮੁੱਖ ਮੰਤਵ ਪੰਜਾਬੀ ਬੋਲੀ ਅਤੇ ਲਿੱਪੀ ਨੂੰ ਸਮੇਂ ਦੇ ਹਾਣ ਦੀ ਬਣਾਉਣ ਲਈ ਯਤਨ ਕਰਨੇ ਤੇ ਹੱਲ ਲੱਭਣੇ ਹਨ। ਇਸ ਦੇ ਨਾਲ ਨਾਲ ਬਰਤਾਨੀਆ ਵਿੱਚ ਪੰਜਾਬੀ ਬੱਚਿਆਂ ਦੀ ਸਿੱਖਿਆ ਲਈ ਪੰਜਾਬੀ ਦਾ ਪ੍ਰਬੰਧ ਤੇ ਅਧਿਆਪਕਾਂ ਦੀ ਸਿਖਲਾਈ ਤੋਂ ਇਲਾਵਾ ਬਰਤਾਨਵੀ ਪੰਜਾਬੀ ਸਾਹਿਤ ਉੱਪਰ ਕਾਰਜ ਕਰਨਾ ਹੈ।
ਕਾਨਫਰੰਸ ਵਿੱਚ ਡਾ. ਲਖਵਿੰਦਰ ਸਿੰਘ ਜੌਹਲ, ਸੁਰਿੰਦਰ ਸਿੰਘ ਸੁੰਨੜ ਯੂਐੱਸਏ, ਦਲਜਿੰਦਰ ਸਿੰਘ ਰਹਿਲ ਇਟਲੀ, ਪ੍ਰੋ. ਜਸਪਾਲ ਸਿੰਘ ਇਟਲੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ. ਰਾਜਵਿੰਦਰ ਸਿੰਘ, ਡਾ. ਜਸਵੀਰ ਕੌਰ, ਡਾ. ਨਰਿੰਦਰ ਸਿੰਘ, ਪਾਕਿਸਤਾਨ ਤੋਂ ਡਾ. ਕਲਿਆਣ ਸਿੰਘ, ਬਲਵਿੰਦਰ ਕੌਰ ਨਾਰਵੇ, ਹਰਵਿੰਦਰ ਸ਼ਾਇਰ ਚੰਡੀਗੜ੍ਹ, ਡਾ. ਅਮਜ਼ਦ ਅਲੀ ਭੱਟੀ ਪਾਕਿਸਤਾਨ ਖ਼ਾਸ ਤੌਰ ’ਤੇ ਸ਼ਿਰਕਤ ਕਰਨਗੇ ਅਤੇ ਵੱਖ ਵੱਖ ਵਿਸ਼ਿਆਂ ਉੱਪਰ ਪਰਚੇ ਪੇਸ਼ ਕਰਨਗੇ। ਇਸ ਦੇ ਇਲਾਵਾ ਇੰਗਲੈਂਡ ਵਾਸੀ ਬੀਬੀ ਨੁਜ਼ੱਹਤ ਅੱਬਾਸ, ਡਾ. ਬਲਦੇਵ ਸਿੰਘ ਕੰਦੋਲਾ, ਡਾ. ਅਵਤਾਰ ਸਿੰਘ, ਪ੍ਰਿੰਸੀਪਲ ਸਜਿੰਦਰ ਸਿੰਘ ਸੰਘਾ (ਡਾ.), ਡਾ. ਜਸਬੀਰ ਸਿੰਘ, ਡਾ. ਪਰਗਟ ਸਿੰਘ, ਬਲਵਿੰਦਰ ਸਿੰਘ ਚਾਹਲ ਵੀ ਵੱਖ ਵੱਖ ਵਿਸ਼ਿਆਂ ਉੱਪਰ ਪਰਚੇ ਪੇਸ਼ ਕਰਨਗੇ। ਅਧਿਆਪਕ ਸਿੱਖਿਆ ਕੋਰਸ ਸੈਸ਼ਨ ਵਿੱਚ ਹਰਵਿੰਦਰ ਸਿੰਘ, ਦਵਿੰਦਰ ਲਾਲੀ, ਕੁਲਬੀਰ ਮਾਂਗਟ ਅਧਿਆਪਕਾਂ ਨਾਲ ਪੰਜਾਬੀ ਸਿੱਖਿਆ ਸਬੰਧੀ ਵਿਚਾਰ ਚਰਚਾ ਕਰਨਗੇ। ਕੰਵਰ ਬਰਾੜ ਨੇ ਇਸ ਸਬੰਧੀ ਦੱਸਿਆ ਕਿ ਕਾਨਫਰੰਸ ਵਿੱਚ ਪੰਜਾਬੀ ਬੋਲੀ ਦੇ ਇਤਿਹਾਸ, ਵਰਤਮਾਨ ਤੇ ਭਵਿੱਖ, ਬਰਤਾਨਵੀ ਪੰਜਾਬੀ ਸਾਹਿਤ, ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਪੰਜਾਬੀ ਭਾਸ਼ਾ ਬਾਰੇ ਗੱਲ ਇਸ ਕਾਨਫਰੰਸ ਦਾ ਹਾਸਲ ਹੋਣਗੇ।

ਖ਼ਬਰ ਸਰੋਤ: ਸਿੱਖ ਐਜੂਕੇਸ਼ਨ ਕੌਂਸਲ ਯੂਕੇ

Advertisement
Author Image

sukhwinder singh

View all posts

Advertisement