ਪੰਜਾਬੀ ਸਾਹਿਤ ਅਕਾਦਮੀ ਦਾ ਪੁਸਤਕ ਮੇਲਾ ਤੇ ਸਾਹਿਤ ਉਤਸਵ ਸ਼ੁਰੂ
ਸਤਵਿੰਦਰ ਬਸਰਾ
ਲੁਧਿਆਣਾ, 14 ਨਵੰਬਰ
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਕਰਵਾਇਆ ਜਾ ਰਿਹਾ ਚਾਰ ਰੋਜ਼ਾ ਪੁਸਤਕ ਮੇਲਾ ਅਤੇ ਸਾਹਿਤ ਉਤਸਵ ਅੱਜ ਸ਼ੁਰੂ ਹੋ ਗਿਆ ਜਿਸ ਦਾ ਉਦਘਾਟਨ ਸਾਬਕਾ ਚਾਂਸਲਰ ਅਤੇ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਐਸਐਸ ਜੌਹਲ ਨੇ ਕੀਤਾ। ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਵਰਗ ਨੂੰ ਪੁਸਤਕਾਂ ਨਾਲ ਜੋੜਨ ਲਈ ਇਹ ਉਤਸਵ ਕਰਵਾਇਆ ਜਾ ਰਿਹਾ ਹੈ।
ਮੇਲੇ ਦਾ ਪਹਿਲਾ ਦਿਨ ਬਾਲ-ਦਿਵਸ ਨੂੰ ਸਮਰਪਿਤ ਰਿਹਾ ਹੈ। ਇਸ ਮੌਕੇ ‘ਆਓ ਪੁਸਤਕਾਂ ਪੜ੍ਹੀਏ’ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਐਸਐਸ ਜੌਹਲ ਨੇ ਕੀਤੀ। ਜੰਗ ਬਹਾਦਰ ਗੋਇਲ ਨੇ ਪੇਪਰ ‘ਆਓ ਕਿਤਾਬਾਂ ਪੜ੍ਹੀਏ’ ਰਾਹੀਂ ਦੱਸਿਆ ਕਿ ਪੁਸਤਕਾਂ ਚੰਗੀ ਤੇ ਸੁਖਮਈ ਜ਼ਿੰਦਗੀ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ। ਸ੍ਰੀ ਗੋਹਲਵੜੀਆ ਨੇ ਨਾਟਕ ਖੇਡਣ ਵਾਲੀਆਂ ਟੀਮਾਂ ਨੂੰ ਨਕਦ ਰਾਸ਼ੀ ਦਿੱਤੀ। ਸ੍ਰੀ ਟਿੱਕਾ ਨੇ ਕਿਹਾ ਅੱਜ ਸਰਕਾਰਾਂ ਦੀ ਨਾਕਾਮਯਾਬੀ ਕਰਕੇ ਨੌਜਵਾਨ ਨਸ਼ੇ ਵਿਚ ਡੁੱਬੇ ਹੋਏ ਹਨ ਤੇ ਬਾਕੀ ਵਿਦੇਸ਼ਾਂ ਨੂੰ ਜਾ ਰਹੇ ਹਨ। ਪ੍ਰਿਤਪਾਲ ਸਿੰਘ ਨੇ ਇਸ ਸ਼ਲਾਘਾਯੋਗ ਉੱਦਮ ਲਈ ਅਕਾਦਮੀ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਵੱਖ ਵੱਖ ਪ੍ਰਕਾਸ਼ਕਾਂ ਨੇ ਸਟਾਲ ਲਾਏ ਹਨ। ਅੱਜ ਬਲਰਾਜ ਸਾਹਨੀ ਖੁੱਲ੍ਹੇ ਰੰਗਮੰਚ ਵਿੱਚ ਨਾਟ-ਕਲਾ ਕੇਂਦਰ ਜਗਰਾਉਂ ਨੇ ਮੋਹੀ ਅਮਰਜੀਤ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ‘ਪੰਛੀ ਬੋਲਣ ਮਿੱਠੜੇ ਬੋਲ’, ਡਾ. ਜਸਪਾਲ ਕੌਰ ਦੀ ਨਿਰਦੇਸ਼ਨਾ ਹੇਠ ‘ਏਵਮ ਇੰਦਰਜੀਤ’, ਨਰਿੰਦਰ ਪਾਲ ਨੀਨਾ ਦੀ ਨਿਰਦੇਸ਼ਨਾ ਹੇਠ ‘ਮੇਰਾ ਉੱਜੜਿਆ ਗੁਆਂਢੀ’,ਰੰਗਮੰਚ ਰੰਗਨਗਰੀ ਲੁਧਿਆਣਾ ਨੇ ਤਰਲੋਚਨ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ‘ਸੱਚ ਦੀ ਸਰਦਲ ਤੋਂ’ ਖੇਡਿਆ।