ਪੰਜਾਬੀ ਸਾਹਿਤ ਅਕਾਦਮੀ ਚੋਣਾਂ: ਜੌਹਲ ਤੇ ਸਿਰਸਾ ਧੜੇ ਨੇ ਭਖਾਈ ਪ੍ਰਚਾਰ ਮੁਹਿੰਮ
ਸਤਵਿੰਦਰ ਬਸਰਾ
ਲੁਧਿਆਣਾ, 1 ਮਾਰਚ
ਪੰਜਾਬੀ ਸਾਹਿਤ ਅਕਾਦਮੀ ਦੀਆਂ 3 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਦੌਰਾਨ ਸਿਰਸਾ ਅਤੇ ਜੌਹਲ ਧੜੇ ਵਿਚਾਲੇ ਸਖ਼ਤ ਮੁਕਾਬਲਾ ਹੈ। ਪਿਛਲੇ ਦੋ ਸਾਲਾਂ ਤੋਂ ਪੰਜਾਬੀ ਸਾਹਿਤ ਅਕਾਦਮੀ ਦੀ ਅਗਵਾਈ ਕਰਦੇ ਆ ਰਹੇ ਜੌਹਲ ਧੜੇ ਵੱਲੋਂ ਆਪਣੇ ਕੰਮ ਦੇ ਆਧਾਰ ’ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ ਜਦਕਿ ਸੁਖਦੇਵ ਸਿੰਘ ਸਿਰਸਾ ਧੜੇ ਨੇ ਵੀ ਚੋਣਾਂ ਜਿੱਤਣ ਲਈ ਪੂਰੀ ਵਾਹ ਲਾ ਦਿੱਤੀ ਹੈ। ਡਾ. ਲਖਵਿੰਦਰ ਸਿੰਘ ਜੌਹਲ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੀਮ ਵੱਲੋਂ ਚੋਣਾਂ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ, ਮੋਬਾਈਲਾਂ ਅਤੇ ਨਿੱਜੀ ਸੰਪਰਕ ਰਾਹੀਂ ਲੇਖਕਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਆਪਣੇ ਪਿਛਲੇ ਕਾਰਜਕਾਲ ਵਿੱਚ ਅਕਾਦਮੀ ਦਾ ਬੰਦ ਪਿਆ ਆਲੋਚਨਾ ਰਸਾਲਾ ਮੁੜ ਸ਼ੁਰੂ ਕਰਨ, ਪੁਸਤਕ ਬਾਜ਼ਾਰ ਦੀਆਂ ਦੁਕਾਨਾਂ ਕਿਰਾਏ ’ਤੇ ਚੜ੍ਹਾਉਣ, ਕਿਰਾਇਆ ਨਵਿਆਉਣ, ਪੰਜਾਬੀ ਭਵਨ ’ਚੋਂ ਨਾਜਾਇਜ਼ ਕਬਜ਼ੇ ਹਟਾਉਣ, ਕੈਮਰੇ ਲਾਉਣ, ਅਕਾਦਮੀ ਦੀ ਵੈੱਬਸਾਈਟ ਤਿਆਰ ਕਰਵਾ ਕੇ ਲੇਖਕਾਂ ਦੇ ਨਾਂ ਅਤੇ ਕਿਤਾਬਾਂ ਦੀ ਸੂਚੀ, ਕੰਮ ਅਤੇ ਹੋਰ ਜਾਣਕਾਰੀ ਅਪਲੋਡ ਕਰਵਾਉਣ ਤੋਂ ਇਲਾਵਾ ਹੋਰ ਕਈ ਕੰਮ ਕਰਵਾਏ ਹਨ। ਸਿਰਸਾ ਧੜੇ ਵੱਲੋਂ ਜਨਰਲ ਸਕੱਤਰ ਦੇ ਉਮੀਦਵਾਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦੱਸਿਆ ਕਿ ਉਨ੍ਹਾਂ ਦੀ ਸਮੁੱਚੀ ਟੀਮ ਧੜੱਲੇ ਨਾਲ ਪ੍ਰਚਾਰ ਕਰ ਰਹੀ ਹੈ। ਡਾ. ਸੁਖਦੇਵ ਸਿੰਘ ਸਿਰਸਾ ਅਤੇ ਸਮੁੱਚੀ ਚੋਣ ਕਮੇਟੀ ਡਾ. ਅਨੂਪ ਸਿੰਘ, ਸੁਰਜੀਤ ਜੱਜ, ਰਤਨ ਸਿੰਘ ਢਿੱਲੋਂ, ਹਰਮੀਤ ਵਿਦਿਆਰਥੀ ਆਦਿ ਦੀ ਅਗਵਾਈ ਵਿੱਚ ਪੈਨਲ ਵਿਚਲੇ ਉਮੀਦਵਾਰਾਂ ਨੇ ਪੰਜਾਬ ਭਰ ਵਿਚ ਮੀਟਿੰਗਾਂ ਕਰਕੇ ਆਪਣੀ ਪਾਰਟੀ ਦੇ ਹੱਕ ਵਿੱਚ ਪ੍ਰਚਾਰ ਕੀਤਾ। ਪ੍ਰਧਾਨਗੀ ਦੇ ਉਮੀਦਵਾਰ ਡਾ. ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਮੈਂਬਰਾਂ ਤੋਂ ਫੀਡਬੈਕ ਲੈ ਕੇ ਖਾਕਾ ਤਿਆਰ ਰਹੇ ਹਨ। ਲੁਧਿਆਣੇ ਦੀ ਮੁਹਿੰਮ ਵਿੱਚ ਡਾ. ਸੁਖਦੇਵ ਸਿਰਸਾ, ਡਾ. ਸਰਬਜੀਤ ਸਿੰਘ, ਡਾ. ਗੁਲਜ਼ਾਰ ਸਿੰਘ ਪੰਧੇਰ, ਡਾ. ਹਰੀ ਸਿੰਘ ਜਾਚਕ, ਗੁਰਸੇਵਕ ਸਿੰਘ ਢਿੱਲੋਂ ਸ਼ਾਮਲ ਹੋਏ।