For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਸਾਹਿਤ ਅਕਾਦਮੀ ਵੱਲੋਂ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

07:45 AM May 14, 2024 IST
ਪੰਜਾਬੀ ਸਾਹਿਤ ਅਕਾਦਮੀ ਵੱਲੋਂ ਡਾ  ਸੁਰਜੀਤ ਪਾਤਰ ਨੂੰ ਸ਼ਰਧਾਂਜਲੀ
ਡਾ. ਪਾਤਰ ਨੂੰ ਸ਼ਰਧਾਂਜਲੀ ਭੇਟ ਕਰਨ ਮੌਕੇ ਉੱਘੇ ਸਾਹਿਤਕਾਰ ਅਤੇ ਹੋਰ।
Advertisement

ਸਤਵਿੰਦਰ ਬਸਰਾ
ਲੁਧਿਆਣਾ, 13 ਮਈ
ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਏ। ਉਪਰੰਤ ਪੰਜਾਬੀ ਭਵਨ, ਲੁਧਿਆਣਾ ਵਿੱਚ ਸ਼ਰਧਾਂਜਲੀ ਸਮਾਰੋਹ ਹੋਇਆ, ਜਿਸ ਦੀ ਪ੍ਰਧਾਨਗੀ ਅਕਾਦਮੀ ਦੇ ਸਾਬਕਾ ਪ੍ਰਧਾਨ ਡਾ. ਸਰਦਾਰਾ ਸਿੰਘ ਜੌਹਲ ਨੇ ਕੀਤੀ। ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ, ‘‘ਪਾਤਰ ਸਾਹਿਬ ਉਸ ਸਮੇਂ ਸਾਡਾ ਸਾਥ ਛੱਡ ਗਏ ਜਿਸ ਸਮੇਂ ਸਾਨੂੰ ਉਨ੍ਹਾਂ ਦੀ ਬਹੁਤ ਲੋੜ ਸੀ।’’ ਡਾ. ਸਵਰਾਜਬੀਰ ਸਿੰਘ ਨੇ ਕਿਹਾ ਕਿ ਡਾ. ਪਾਤਰ ਦੀ ਸ਼ਾਇਰੀ ਵਿੱਚ ਰੂਹਾਨੀਅਤ ਅਤੇ ਲੋਕਾਂ ਦੇ ਦੁੱਖ-ਸੁੱਖ ਸ਼ਾਮਲ ਸਨ। ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਡਾ. ਪਾਤਰ ਦੀ ਭਾਸ਼ਾ ’ਤੇ ਪੂਰੀ ਪਕੜ ਸੀ। ਪ੍ਰੋ. ਸੁਰਜੀਤ ਜੱਜ ਨੇੇ ਕਿਹਾ, ‘‘ਪਾਤਰ ਹੋਰਾਂ ਦੀ ਵਿਰਾਸਤ ਨੂੰ ਸੰਭਾਲਦਿਆਂ ਅੱਗੇ ਤੋਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ।’’ ਕੇਵਲ ਧਾਲੀਵਾਲ ਨੇ ਕਿਹਾ, ‘‘ਡਾ. ਪਾਤਰ ਮੇਰੇ ਲਈ ਬਾਪ ਵਰਗੇ ਸਨ।’’ ਸੀਨੀਅਰ ਪੱਤਰਕਾਰ ਵਰਿੰਦਰ ਵਾਲੀਆ ਨੇ ਕਿਹਾ ਕਿ ਡਾ. ਪਾਤਰ ਇਸ ਅੱਧੀ ਸਦੀ ਦੇ ਮਹਾਨ ਕਵੀ ਸਨ। ਡਾ. ਸੁਰਜੀਤ ਸਿੰਘ ਨੇ ਕਿਹਾ, ‘‘ਸਾਡੇ ਕੋਲੋਂ ਬਹੁਤ ਵੱਡਾ ਫ਼ਿਲਾਸਫ਼ਰ ਚਲਾ ਗਿਆ ਹੈ।’’ ਕਾਮਰੇਡ ਅਮੋਲਕ ਸਿੰਘ ਨੇ ਕਿਹਾ ਕਿ ਡਾ. ਪਾਤਰ ਦੀ ਬਹੁਪੱਖੀ ਸ਼ਖ਼ਸੀਅਤ ਕਵਿਤਾ ਦੇ ਰੂਪ ਵਿੱਚ ਸਾਡੇ ਸਾਹਮਣੇ ਆਈ। ਉਨ੍ਹਾਂ ਦੀ ਗ਼ਜ਼ਲ ਗਹਿਰੇ ਤੇ ਡੂੰਘੇ ਧਰਾਤਲਾਂ ਵਾਂਗ ਗਹਿਰੀ ਹੈ। ਨਿੰਦਰ ਘੁਗਿਆਣਵੀ ਨੇ ਕਿਹਾ ਡਾ. ਪਾਤਰ ਕਵੀ ਦੇ ਨਾਲ-ਨਾਲ ਬਹੁਤ ਵਧੀਆ ਪ੍ਰਬੰਧਕ ਵੀ ਸਨ। ਪ੍ਰੋ. ਹਰਚਰਨ ਬੈਂਸ ਨੇ ਕਿਹਾ, ‘‘ਡਾ. ਪਾਤਰ ਨੇ ਹਰੇਕ ਵਿਚਾਰਧਾਰਾ ਬਾਰੇ ਲਿਖਿਆ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ।’’ ਅਕਾਦਮੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਡਾ. ਪਾਤਰ 10 ਮਈ ਨੂੰ ਉਨ੍ਹਾਂ ਦੇ ਨਾਲ ਹੀ ਸਨ। ਇਸ ਦੌਰਾਨ ਉਨ੍ਹਾਂ ਨਾਲ ਆਉਂਦੇ ਦਿਨਾਂ ਵਿੱਚ ਕੌਂਸਲ ਅਤੇ ਅਕਾਦਮੀ ਵੱਲੋਂ ਦੋ ਵੱਡੀਆਂ ਕਾਨਫ਼ਰੰਸਾਂ ਕਰਨ ਲਈ ਵਿਚਾਰ ਸਾਂਝੇ ਕੀਤੇ। ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਕਿਹਾ ਕਿ ਡਾ. ਪਾਤਰ ਹਮੇਸ਼ਾ ਪਤਝੜ ਤੋਂ ਬਾਅਦ ਬਹਾਰਾਂ ਦੀ ਗੱਲ ਕਰਿਆ ਕਰਦੇ ਸਨ। ਸਕੱਤਰ ਡਾ. ਹਰੀ ਸਿੰਘ ਜਾਚਕ ਨੇ ਕਿਹਾ, ‘‘ਸਾਨੂੰ ਡਾ. ਪਾਤਰ ਦੇ ਜੀਵਨ ਅਤੇ ਕਵਿਤਾ ਤੋਂ ਪ੍ਰੇਰਨਾ ਲੈਣ ਦੀ ਲੋੜ ਹੈ।’’ ਡਾ. ਜੌਹਲ ਨੇ ਕਿਹਾ ਕਿ ਡਾ. ਪਾਤਰ ਦਾ ਤੁਰ ਜਾਣਾ ਉਨ੍ਹਾਂ ਲਈ ਨਾ ਭੁੱਲਣ ਵਾਲਾ ਸਦਮਾ ਹੈ।
ਸ਼ੋਕ ਸਮਾਗਮ ਵਿਚ ਕਿਰਪਾਲ ਕਜ਼ਾਕ, ਸੁਰਜੀਤ ਜੱਜ, ਹਰਮੀਤ ਵਿਦਿਆਰਥੀ, ਤ੍ਰੈਲੋਚਨ ਲੋਚੀ, ਅਰਵਿੰਦਰ ਕੌਰ ਕਾਕੜਾ, ਡਾ. ਗੁਰਚਰਨ ਕੌਰ ਕੋਚਰ, ਡਾ. ਹਰੀ ਸਿੰਘ ਜਾਚਕ, ਜਸਵੀਰ ਝੱਜ, ਸੰਜੀਵਨ ਸਿੰਘ, ਸ਼ਬਦੀਸ਼, ਸੰਤੋਖ ਸਿੰਘ ਸੁੱਖੀ, ਸੁਰਿੰਦਰ ਕੈਲੇ, ਜਨਮੇਜਾ ਸਿੰਘ ਜੌਹਲ, ਕਰਮਜੀਤ ਸਿੰਘ ਗਰੇਵਾਲ, ਪ੍ਰੋ. ਬਲਵਿੰਦਰ ਸਿੰਘ ਚਹਿਲ, ਨਰਿੰਦਰਪਾਲ ਕੌਰ, ਤਰਸੇਮ, ਕੁਲਦੀਪ ਸਿੰਘ ਦੀਪ, ਜਗਵਿੰਦਰ ਜੋਧਾ, ਗੁਰਮੀਤ ਕੜਿਆਲਵੀ, ਡਾ. ਸੰਦੀਪ ਸ਼ਰਮਾ, ਸੁਖਦੇਵ ਸਿੰਘ ਡੇਹਰਾਦੂਨ, ਮਨਦੀਪ ਕੌਰ ਭੰਵਰਾ, ਸੁਰਿੰਦਰ ਦੀਪ, ਅਮਨ ਫੱਲੜ, ਸੁਰਿੰਦਰ ਜੈਪਾਲ ਸਿੰਘ, ਡਾ. ਚਰਨਦੀਪ ਸਿੰਘ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਵਿਜੇ ਵਿਵੇਕ, ਬਲਵਿੰਦਰ ਸਿੰਘ ਭੱਟੀ, ਪਾਲੀ ਖ਼ਾਦਿਮ, ਰਵਿੰਦਰ ਰਵੀ, ਨੀਲੂ ਬੱਗਾ, ਸਰਬਜੀਤ ਸਿੰਘ ਵਿਰਦੀ, ਕਿਰਨਜੀਤ ਕੌਰ, ਮਨਿੰਦਰ ਕੌਰ ਮਨ, ਦੀਪ ਲੁਧਿਆਣਵੀ, ਗੁਰਮੀਤ ਹਯਾਤਪੁਰੀ, ਸੁਰਿੰਦਰਜੀਤ ਕੌਰ, ਗੁਰਿੰਦਰਜੀਤ, ਜਸਪਾਲ ਸਿੰਘ ਸ਼ੇਤਰਾ ਹਾਜ਼ਰ ਸਨ।

Advertisement

ਪੰਜਾਬੀ ਭਵਨ ਲੁਧਿਆਣਾ ਤੇ ਦੇਸ਼ ਭਗਤ ਪਾਰਕ ਮੋਗਾ ’ਚ ਸਥਾਪਤ ਹੋਵੇਗਾ ਸੁਰਜੀਤ ਪਾਤਰ ਦਾ ਬੁੱਤ

ਮੋਗਾ (ਨਿੱਜੀ ਪੱਤਰ ਪ੍ਰੇਰਕ): ਨੇੜਲੇ ਪਿੰਡ ਘੱਲਕਲਾਂ ਵਿੱਚ ਸਵਾ ਏਕੜ ਜ਼ਮੀਨ ਵਿੱਚ ਸਥਾਪਤ ਦੇਸ਼ ਭਗਤ ਪਾਰਕ ਤੋਂ ਇਲਾਵਾ ਪੰਜਾਬੀ ਭਵਨ, ਲੁਧਿਆਣਾ ਵਿੱਚ ਸੁਰਜੀਤ ਪਾਤਰ ਦਾ ਬੁੱਤ ਸਥਾਪਤ ਹੋਵੇਗਾ। ਸਥਾਨਕ ਦੇਸ਼ ਭਗਤ ਪਾਰਕ ਦੁਨੀਆ ਭਰ ਦੇ ਕਲਾ ਪ੍ਰੇਮੀਆਂ ਅਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਪਾਰਕ ਵਿੱਚ 50 ਤੋਂ ਵੱਧ ਦੇਸ਼ ਭਗਤਾਂ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦੀਆਂ ਯਾਦਗਾਰਾਂ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾਸਰੋਤ ਹਨ। ਬੁੱਤਸਾਜ਼ ਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਪਾਰਕ ਵਿਚ ਸਥਾਪਤ ਦੇਸ਼ ਭਗਤਾਂ, ਰਾਜਨੀਤਕ ਆਗੂਆਂ, ਸਮਾਜ ਸੇਵਕਾਂ ਅਤੇ ਕਲਾਕਾਰਾਂ ਦੇ ਬੁੱਤ ਉਨ੍ਹਾਂ ਵਲੋਂ ਖੁਦ ਬਣਾਏ ਗਏ ਹਨ। ਉਨ੍ਹਾਂ ਦਾ ਉਦੇਸ਼ ਹੈ ਕਿ ਨੌਜਵਾਨ ਪੀੜ੍ਹੀ ਨੂੰ ਇਤਿਹਾਸ ਨਾਲ ਜੋੜਿਆ ਜਾਵੇ। ਉਨ੍ਹਾਂ ਦੇ ਹੋਰ ਬੁੱਤ ਦੀ ਕਈ ਥਾਵਾਂ ’ਤੇ ਸਥਾਪਤ ਕੀਤੇ ਗਏ ਹਨ।

Advertisement
Author Image

joginder kumar

View all posts

Advertisement
Advertisement
×