ਪੰਜਾਬੀ ਸਾਹਿਤ ਸਭਾ ਵੱਲੋਂ ਲੇਖਿਕਾ ਪਾਲ ਕੌਰ ਨਾਲ ਰੂਬਰੂ
ਨਵੀਂ ਦਿੱਲੀ, 14 ਜਨਵਰੀ
ਪੰਜਾਬੀ ਸਾਹਿਤ ਸਭਾ (ਰਜਿ.), ਦਿੱਲੀ ਵੱਲੋਂ ਆਪਣੇ ਭਵਨ ਵਿਚ ਉੱਘੀ ਲੇਖਿਕਾ ਪਾਲ ਕੌਰ ਨਾਲ ਰੂ-ਬ-ਰੂ ਕਰਵਾਇਆ ਗਿਆ। ਪ੍ਰੋਗਰਾਮ ਦੇ ਆਰੰਭ ਵਿਚ ਪੰਜਾਬੀ ਸਾਹਿਤ ਸਭਾ ਦੀ ਚੇਅਰਪਰਸਨ ਪ੍ਰੋ. ਰੇਣੂਕਾ ਸਿੰਘ ਨੇ ਪਾਲ ਕੌਰ ਦਾ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਉਪਰੰਤ ਡਾ. ਵਨੀਤਾ ਨੇ ਪਾਲ ਕੌਰ ਨਾਲ ਸਰੋਤਿਆਂ ਦੀ ਜਾਣ-ਪਹਿਚਾਣ ਕਰਾਉਣ ਦੇ ਨਾਲ ਨਾਲ ਉਨ੍ਹਾਂ ਦੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ। ਪਾਲ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਸਾਹਿਤਕ ਸਫ਼ਰ 1986 ਤੋਂ ਸ਼ੁਰੂ ਹੋਇਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।
ਉਨ੍ਹਾਂ ਦੱਸਿਆ ਕਿ ਆਪਣੇ ਜੀਵਨ ਵਿਚ ਆਈਆਂ ਔਕੜਾਂ ਦਾ ਸਾਹਮਣਾ ਉਸ ਨੇ ਬੜੀ ਹਿੰਮਤ ਤੇ ਹੌਸਲੇ ਨਾਲ ਕੀਤਾ ਅਤੇ ਔਰਤਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਆਪਣੀ ਲੇਖਣੀ ਵਿਚ ਉਘਾੜਿਆ। ਪਾਲ ਕੌਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਅੰਦਰਲੇ ਵਿਦਰੋਹ ਨੇ ਹੀ ਉਨ੍ਹਾਂ ਨੂੰ ਲਿਖਣ ਲਈ ਮਜਬੂਰ ਕੀਤਾ ਅਤੇ ਅੰਦਰ ਬੈਠੇ ਅਹਿਸਾਸ ਨੂੰ ਬਾਹਰ ਕੱਢਿਆ। ਇਸ ਮੌਕੇ ਪਾਲ ਕੌਰ ਨੇ ਆਪਣੀਆਂ ਕਵਿਤਾਵਾਂ ਵੀ ਸੁਣਾਈਆਂ ਜਿਨ੍ਹਾਂ ਨੂੰ ਸਰੋਤਿਆਂ ਨੇ ਬਹੁਤ ਪਸੰਦ ਕੀਤਾ।
ਸਭਾ ਦੀ ਚੇਅਰਪਰਸਨ ਪ੍ਰੋ. ਰੇਣੂਕਾ ਸਿੰਘ, ਪ੍ਰੋ. ਰਵੇਲ ਸਿੰੰਘ ਤੇ ਹੋਰਾਂ ਨੇ ਵੀ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਜਵਾਬ ਪਾਲ ਕੌਰ ਨੇ ਬਾਖੂਬੀ ਦਿੱਤਾ। ਜ਼ਿਕਰਯੋਗ ਹੈ ਕਿ ਪਾਲ ਕੌਰ ਨੇ ਹੁਣ ਤੀਕ ਕਵਿਤਾ, ਵਾਰਤਕ, ਅਨੁਵਾਦ, ਆਲੋਚਨਾ ਦੀਆਂ 15 ਪੁਸਤਕਾਂ ਲਿਖੀਆਂ ਹਨ। ਇਨ੍ਹਾਂ ਦੇ ਸਮੁੱਚੇ ਸਾਹਿਤਕ ਸਫ਼ਰ ਨੂੰ ਵੇਖਦੇ ਹੋਏ ਸਾਹਿਤ ਅਕਾਦੇਮੀ 8 ਮਾਰਚ ਨੂੰ ਉਨ੍ਹਾਂ ਸਨਮਾਨਿਤ ਵੀ ਕਰ ਰਹੀ ਹੈ। ਇਸ ਮੌਕੇ ਤੇ ਪ੍ਰੋ. ਕੁਲਵੀਰ ਗੋਜਰਾ, ਨਛੱਤਰ, ਡਾ. ਮਨਜੀਤ ਸਿੰਘ, ਸੁਭਾਸ਼ ਨੀਰਵ, ਹਰਵਿੰਦਰ ਸਿੰਘ ਭਾਟੀਆ, ਸੁਰਿੰਦਰ ਓਬਰਾਏ, ਰਾਜੀਵ ਸੇਠ, ਗਗਨ ਮੀਤ ਹਾਜ਼ਰ ਸਨ।