ਪੰਜਾਬੀ ਸੰਗੀਤ ’ਚੋਂ ਕਦੇ ਮਿੱਟੀ ਦੀ ਖ਼ੁਸ਼ਬੋ ਖ਼ਤਮ ਨਹੀਂ ਹੋ ਸਕਦੀ: ਗੁਰਦਾਸ ਮਾਨ
ਮੁੰਬਈ:
ਪੰਜਾਬੀ ਗਾਇਕ ਗੁਰਦਾਸ ਮਾਨ ਨੇ ਆਪਣੀ ਨਵੀਂ ਐਲਬਮ ‘ਸਾਊਂਡ ਆਫ ਸੋਆਇਲ’ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬੀ ਸੰਗੀਤ ਦਾ ਆਪਣੀ ਮਿੱਟੀ ਨਾਲ ਬੜਾ ਗੂੜ੍ਹਾ ਸਬੰਧ ਹੈ। ਪੰਜਾਬੀ ਸੰਗੀਤ ਵਿੱਚੋਂ ਕਿਸੇ ਵੀ ਹਾਲਤ ਵਿੱਚ ਮਿੱਟੀ ਦਾ ਮੋਹ ਖ਼ਤਮ ਨਹੀਂ ਹੋ ਸਕਦਾ। ਗਾਇਕ ਨੇ ਨੌਜਵਾਨ ਗਾਇਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਹੁਨਰ ਨਾਲ ਲੋਕਾਂ ਨੂੰ ਜਾਗਰੂਕ ਕਰਨ। ਮਾਨ ਨੇ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪੰਜਾਬੀ ਸੰਗੀਤ ਕਦੇ ਵੀ ਮਿੱਟੀ ਨਾਲੋਂ ਸਬੰਧ ਨਹੀਂ ਗੁਆ ਸਕਦਾ। ਉਸ ਨੇ ਕਿਹਾ ਕਿ ਭਾਵੇਂ ਅੱਜ ਦੇ ਪੰਜਾਬੀ ਸੰਗੀਤ ਵਿੱਚ ਆਧੁਨਿਕ ਤੇ ਸ਼ਹਿਰੀ ਰੰਗਤ ਆ ਚੁੱਕੀ ਹੈ ਪਰ ਅਜੇ ਵੀ ਕੁਝ ਅਜਿਹੇ ਗਾਇਕ ਹਨ ਜਿਹੜੇ ਪੇਂਡੂ ਸੱਭਿਆਚਾਰ ਨੂੰ ਸੰਗੀਤ ਰਾਹੀਂ ਸੁਣਨ ਵਾਲਿਆਂ ਤਕ ਪਹੁੰਚਾ ਰਹੇ ਹਨ। ਉਸ ਨੇ ਕਿਹਾ ਕਿ ਬੇਸ਼ੱਕ ਅੱਜ ਕੁਝ ਰੈਪਰ ਨੌਜਵਾਨਾਂ ਦੀ ਮੰਗ ਅਨੁਸਾਰ ਨਵੇਂ ਤਰੀਕੇ ਦੇ ਗੀਤ ਬਣਾ ਰਹੇ ਹਨ ਪਰ ਮੇਰੀ ਸਲਾਹ ਹੈ ਕਿ ਗੀਤਾਂ ਨੂੰ ਸਿਰਫ਼ ਮਨੋਰੰਜਨ ਤਕ ਸੀਮਤ ਨਾ ਰੱਖਿਆ ਜਾਵੇ ਬਲਕਿ ਇਨ੍ਹਾਂ ਨੂੰ ਜਾਗਰੂਕਤਾ ਅਤੇ ਗਿਆਨ ਦੇਣ ਦਾ ਜ਼ਰੀਆ ਵੀ ਬਣਾਇਆ ਜਾਣਾ ਚਾਹੀਦਾ ਹੈ। ਨੌਜਵਾਨ ਗਾਇਕਾਂ ਬਾਰੇ ਪੁੱਛਣ ’ਤੇ ਮਾਨ ਨੇ ਕਿਹਾ ਕਿ ਸਾਰੇ ਹੀ ਉਸ ਨੂੰ ਪਸੰਦ ਹਨ ਕਿਉਂਕਿ ਸਭ ਵਿੱਚ ਕੁਝ ਨਾ ਕੁਝ ਖ਼ਾਸ ਹੈ। -ਆਈਏਐੱਨਐੱਸ