ਪੰਜਾਬੀ ਪਰਵਾਸ ਤੇ ਪੀੜ
ਸੁਖਪਾਲ ਸਿੰਘ ਬਰਨ
ਪਰਵਾਸ ਦਾ ਵਰਤਾਰਾ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਜਦੋਂ ਮਨੁੱਖ ਇਸ ਧਰਤੀ ’ਤੇ ਆਇਆ ਸੀ ਤਾਂ ਉਹ ਇੱਕ ਥਾਂ ’ਤੇ ਟਿਕ ਕੇ ਨਹੀਂ ਸੀ ਬੈਠਦਾ। ਉਹ ਭੋਜਨ, ਪਾਣੀ ਤੇ ਜੀਵਨ ਬਸਰ ਦੀਆਂ ਹੋਰ ਲੋੜਾਂ ਲਈ ਇੱਕ ਥਾਂ ਤੋਂ ਦੂਜੀ ਥਾਂ ’ਤੇ ਘੁੰਮਦਾ ਰਹਿੰਦਾ ਸੀ। ਸ਼ੁਰੂ ਵਿੱਚ ਮਨੁੱਖ ਸ਼ਿਕਾਰ ਖੇਡਣ ਲਈ ਇੱਧਰ ਉੱਧਰ ਜਾਂਦਾ ਸੀ, ਪ੍ਰੰਤੂ ਜਦੋਂ ਉਸ ਦੀ ਥੋੜ੍ਹੀ ਸਮਝ ਵਧੀ ਅਤੇ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਜੀਵਨ ਲਈ ਹੋਰ ਚੀਜ਼ਾਂ ਵੀ ਧਰਤੀ ’ਤੇ ਮੌਜੂਦ ਹਨ ਤਾਂ ਉਸ ਨੇ ਉਨ੍ਹਾਂ ਸੋਮਿਆਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ।
ਭੋਜਨ ਤਾਂ ਮਨੁੱਖ ਸ਼ਿਕਾਰ ਕਰਕੇ ਜਾਂ ਦਰੱਖਤਾਂ ਦੇ ਫ਼ਲਾਂ ਤੇ ਪੱਤਿਆਂ ਤੋਂ ਪ੍ਰਾਪਤ ਕਰ ਲੈਂਦਾ ਸੀ, ਪ੍ਰੰਤੂ ਪਾਣੀ ਦੀ ਭਾਲ ਲਈ ਉਸ ਨੂੰ ਦੂਰ ਦੁਰਾਡੇ ਜਾਣਾ ਪੈਂਦਾ ਸੀ। ਆਪਣੇ ਜੀਵਨ ਲਈ ਪਾਣੀ ਦੀ ਮਹੱਤਤਾ ਨੂੰ ਸਮਝਦਿਆਂ ਮਨੁੱਖ ਨੇ ਪਾਣੀ ਦੇ ਸੋਮਿਆਂ ਵੱਲ ਰੁਖ਼ ਕੀਤਾ। ਇਸ ਲਈ ਸਾਡੀਆਂ ਪ੍ਰਾਚੀਨ ਸੱਭਿਆਤਾਵਾਂ ਪਾਣੀ ਦੇ ਸੋਮਿਆਂ ਦੇ ਕਿਨਾਰਿਆਂ ’ਤੇ ਵਿਕਸਿਤ ਹੋਈਆਂ। ਪਾਣੀ ਨਾ ਸਿਰਫ਼ ਮਨੁੱਖ ਦੇ ਭੋਜਨ ਦੀ ਲੋੜ ਦੀ ਪੂਰਤੀ ਲਈ ਹੀ ਲੋੜੀਂਦਾ ਸੀ ਸਗੋਂ ਪਾਣੀ ਨੇ ਮਨੁੱਖ ਦੀ ਆਰਥਿਕ ਉੱਨਤੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਪਾਣੀ ਦੇ ਕਾਰਨ ਬਹੁਤ ਸਾਰੇ ਫ਼ਲ, ਸਬਜ਼ੀਆਂ ਆਦਿ ਪੈਦਾ ਹੁੰਦੇ ਸਨ ਜੋ ਮਨੁੱਖ ਦੀ ਭੋਜਨ ਦੀ ਲੋੜ ਨੂੰ ਪੂਰਾ ਕਰਦੇ ਸਨ। ਮੌਜੂਦਾ ਸਮੇਂ ਵੀ ਜਿੱਥੇ ਕਿਤੇ ਪਾਣੀ ਦੇ ਸੋਮੇ ਹਨ ਤਾਂ ਉਹ ਇਲਾਕੇ ਆਰਥਿਕ ਤੌਰ ’ਤੇ ਮੁਕਾਬਲਤਨ ਜ਼ਿਆਦਾ ਉੱਨਤ ਮੰਨੇ ਜਾਂਦੇ ਹਨ। ਇਸੇ ਲਈ ਨੀਲ ਨਦੀ ਨੂੰ ਮਿਸਰ ਦਾ ਤੋਹਫਾ ਕਿਹਾ ਗਿਆ ਹੈ ਕਿਉਂਕਿ ਮਿਸਰ ਦੀ ਉੱਨਤੀ ਵਿੱਚ ਨੀਲ ਨਦੀ ਦਾ ਬਹੁਤ ਵੱਡਾ ਯੋਗਦਾਨ ਹੈ। ਇਸੇ ਤਰ੍ਹਾਂ ਅਮਰੀਕਾ ਦੀ ਮਿਸੀਸਿੱਪੀ ਨਦੀ ਨੇ ਅਮਰੀਕਾ ਦੀ ਆਰਥਿਕ ਉੱਨਤੀ ਲਈ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਸਾਡੇ ਆਪਣੇ ਦੇਸ਼ ਵਿੱਚ ਪੰਜ ਆਬਾਂ ਦੀ ਧਰਤੀ ਹੋਣ ਕਰਕੇ ਪੰਜਾਬ ਦੇਸ਼ ਦਾ ਸਭ ਤੋਂ ਖੁਸ਼ਹਾਲ ਖਿੱਤਾ ਬਣਿਆ।
ਇੱਕ ਸਮਾਂ ਸੀ ਜਦ ਉਪਜਾਊ ਧਰਤੀ ਅਤੇ ਪਾਣੀ ਜ਼ਿੰਦਗੀ ਦੀਆਂ ਬਿਹਤਰ ਹਾਲਤਾਂ ਲਈ ਜ਼ਰੂਰੀ ਮੰਨੇ ਜਾਂਦੇ ਸਨ, ਪ੍ਰੰਤੂ ਸਮੇਂ ਦੇ ਬੀਤਣ ਨਾਲ ਬਿਹਤਰ ਜ਼ਿੰਦਗੀ ਲਈ ਕੁਦਰਤੀ ਨਿਆਮਤਾਂ ਦੇ ਨਾਲ ਨਾਲ ਸਿੱਖਿਆ, ਸਿਹਤ, ਤਕਨੀਕ ਅਤੇ ਚੰਗੇ ਪ੍ਰਬੰਧ ਨੇ ਵੀ ਵੱਡੀ ਭੂਮਿਕਾ ਅਦਾ ਕੀਤੀ ਹੈ। ਅੱਜ ਜਿਨ੍ਹਾਂ ਦੇਸ਼ਾਂ ਨੇ ਆਪਣੇ ਆਪ ਨੂੰ ਇਨ੍ਹਾਂ ਖੇਤਰਾਂ ਵਿੱਚ ਮਜ਼ਬੂਤ ਕੀਤਾ ਹੈ ਉਹ ਦੁਨੀਆ ਦੇ ਉੱਨਤ ਮੁਲਕ ਮੰਨੇ ਜਾਂਦੇ ਹਨ ਅਤੇ ਜ਼ਿੰਦਗੀ ਦੀਆਂ ਬਿਹਤਰ ਸਹੂਲਤਾਂ ਪ੍ਰਦਾਨ ਕਰਦੇ ਹਨ। ਆਪਣੀ ਸਿੱਖਿਆ, ਸਿਹਤ, ਤਕਨੀਕੀ ਵਿਕਾਸ ਅਤੇ ਰੁਜ਼ਗਾਰ ਦੇ ਜ਼ਿਆਦਾ ਮੌਕੇ ਪੈਦਾ ਕਰਨ ਕਾਰਨ ਪੱਛੜੇ ਮੁਲਕਾਂ ਤੋਂ ਇਨ੍ਹਾਂ ਮੁਲਕਾਂ ਵੱਲ ਪਰਵਾਸ ਹੋ ਰਿਹਾ ਹੈ। ਯੂਰਪੀਅਨ ਦੇਸ਼, ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ ਆਦਿ ਅਜਿਹੇ ਦੇਸ਼ ਹਨ ਜਿੱਥੇ ਦੁਨੀਆ ਭਰ ਤੋਂ ਲੋਕ ਪਰਵਾਸ ਕਰਨ ਲਈ ਆਉਂਦੇ ਹਨ।
ਜੇਕਰ ਸਾਡੇ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਬਾਹਰ ਜਾਣ ਦਾ ਰੁਝਾਨ ਸਭ ਤੋਂ ਜ਼ਿਆਦਾ ਪੰਜਾਬ ਵਿੱਚ ਅਤੇ ਖ਼ਾਸ ਕਰਕੇ ਕਿਸਾਨੀ ਪਰਿਵਾਰਾਂ ਵਿੱਚ ਹੈ।
ਪੰਜਾਬੀਆਂ ਵਿੱਚ ਪਰਵਾਸ ਕਰਨ ਦੀ ਦੌੜ ਵਿੱਚ ਸਭ ਤੋਂ ਅੱਗੇ ਹੋਣ ਦੇ ਕਈ ਕਾਰਨ ਹਨ। ਇਨ੍ਹਾਂ ਵਿੱਚ ਸਭ ਤੋਂ ਵੱਡਾ ਕਾਰਨ ਰੁਜ਼ਗਾਰ ਦਾ ਹੈ। ਪੰਜਾਬ ਦਾ ਮੁੱਖ ਕਿੱਤਾ ਖੇਤੀਬਾੜੀ ਹੈ, ਪ੍ਰੰਤੂ 90 ਪ੍ਰਤੀਸ਼ਤ ਕਿਸਾਨ ਤਿੰਨ ਤੋਂ ਪੰਜ ਏਕੜ ਦੇ ਮਾਲਕ ਹਨ। ਜ਼ਮੀਨਾਂ ਘੱਟ ਹੋਣ ਕਾਰਨ ਅਤੇ ਸਰਕਾਰੀ ਨੌਕਰੀਆਂ ਦੇ ਮੌਕੇ ਘੱਟ ਹੋਣ ਦੇ ਕਾਰਨ ਪੰਜਾਬੀਆਂ ਦਾ ਪਰਵਾਸ ਵੱਲ ਰੁਝਾਨ ਵਧਿਆ। ਇਸ ਦੀ ਸਭ ਤੋਂ ਵੱਡੀ ਉਦਾਹਰਨ ਦੁਆਬਾ ਖੇਤਰ ਹੈ। ਦੁਆਬੇ ਵਿੱਚ ਪ੍ਰਤੀ ਕਿਸਾਨ ਜ਼ਮੀਨ ਦੀ ਮਾਲਕੀ ਮਾਲਵੇ ਅਤੇ ਮਾਝੇ ਦੇ ਮੁਕਾਬਲੇ ਬਹੁਤ ਘੱਟ ਹੈ। ਇਸ ਲਈ ਪਰਵਾਸ ਦੀ ਦੌੜ ਸਭ ਤੋਂ ਪਹਿਲਾਂ ਇਸੇ ਖੇਤਰ ਵਿੱਚ ਸ਼ੁਰੂ ਹੋਈ। ਅੱਜ ਪੰਜਾਬ ਦਾ ਕੋਈ ਵੀ ਕੋਨਾ ਇਸ ਵਰਤਾਰੇ ਤੋਂ ਬਚਿਆ ਨਹੀਂ ਹੈ।
ਪੰਜਾਬੀਆਂ ਵਿੱਚ ਪਰਵਾਸ ਦਾ ਦੂਜਾ ਵੱਡਾ ਕਾਰਨ ਪੰਜਾਬੀਆਂ ਦੇ ਅਗਾਂਹ ਵਧੂ ਸੋਚ ਦਾ ਧਾਰਨੀ ਹੋਣਾ ਵੀ ਹੈ। ਪੰਜਾਬੀਆਂ ਨੇ ਹਰ ਉਸ ਖੇਤਰ ਵਿੱਚ ਹੱਥ ਅਜ਼ਮਾਇਆ ਹੈ ਜਿੱਥੇ ਉਨ੍ਹਾਂ ਨੂੰ ਤਰੱਕੀ ਦੇ ਵੱਧ ਮੌਕੇ ਮਿਲਦੇ ਹਨ। ਸਾਡੇ ਆਪਣੇ ਦੇਸ਼ ਦੀ ਉਦਾਹਰਨ ਹੈ ਕਿ ਪੰਜਾਬੀਆਂ ਨੇ ਪੰਜਾਬ ਦੀ ਧਰਤੀ ਨੂੰ ਵਾਹੀਯੋਗ ਬਣਾਉਣ ਤੋਂ ਇਲਾਵਾ ਦੇਸ਼ ਦੇ ਹੋਰਨਾਂ ਖੇਤਰਾਂ ਵਿੱਚ ਜਾ ਕੇ ਵੀ ਜ਼ਮੀਨਾਂ ਨੂੰ ਅਬਾਦ ਕੀਤਾ ਹੈ। ਪੰਜਾਬੀਆਂ ਦੇ ਸੁਭਾਅ ਦੀ ਇਸ ਪ੍ਰਵਿਰਤੀ ਅਤੇ ਮਿਹਨਤੀ ਹੋਣ ਕਾਰਨ ਹੋਰਨਾਂ ਬਹੁਤ ਸਾਰੇ ਸੂਬਿਆਂ ਨੇ ਉਨ੍ਹਾਂ ਨੂੰ ਜ਼ਮੀਨਾਂ ਪਟੇ ’ਤੇ ਦਿੱਤੀਆਂ ਤਾਂ ਕਿ ਉਨ੍ਹਾਂ ਨੂੰ ਵਾਹੀਯੋਗ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਵੀ ਪੰਜਾਬੀਆਂ ਨੇ ਹੋਟਲ, ਟਰਾਂਸਪੋਰਟ, ਵਪਾਰ ਆਦਿ ਖੇਤਰਾਂ ਵਿੱਚ ਵੀ ਬਹੁਤ ਤਰੱਕੀ ਕੀਤੀ ਹੈ। ਪੰਜਾਬੀ ਲੋਕਾਂ ਦਾ ਜ਼ਿੰਦਗੀ ਦੇ ਹਰ ਖੇਤਰ ਵਿੱਚ ਤਰੱਕੀ ਕਰਨ ਦੇ ਇਸ ਰੁਝਾਨ ਵਿੱਚੋਂ ਹੀ ਪਰਵਾਸ ਕਰਨ ਦੀ ਪ੍ਰਵਿਰਤੀ ਪੈਦਾ ਹੋਈ ਹੈ। ਘੱਟ ਜ਼ਮੀਨਾਂ ਕਾਰਨ ਕਈ ਪੀੜ੍ਹੀਆਂ ਦਾ ਉਸੇ ਸਥਿਤੀ ਵਿੱਚ ਸੰਘਰਸ਼ ਕਰਦੇ ਰਹਿਣ ਦੇ ਕਾਰਨ ਅਤੇ ਵਧੀਆ ਜ਼ਿੰਦਗੀ ਜਿਉਣ ਦੇ ਸੁਪਨਿਆਂ ਵਿੱਚੋਂ ਹੀ ਪਰਵਾਸ ਦੀ ਪ੍ਰਵਿਰਤੀ ਨੇ ਜਨਮ ਲਿਆ ਹੈ।
ਪੰਜਾਬੀਆਂ ਵਿੱਚ ਪਰਵਾਸ ਕਰਨ ਦੀ ਦੌੜ ਦਾ ਵੱਡਾ ਕਾਰਨ ਸਰਕਾਰੀ ਪ੍ਰਬੰਧ ਅਤੇ ਸਰਕਾਰੀ ਨੀਤੀਆਂ ਵੀ ਹਨ। ਜਿਸ ਤਰ੍ਹਾਂ ਪੰਜਾਬ ਨੂੰ ਕੁਦਰਤ ਨੇ ਉਪਜਾਊ ਮਿੱਟੀ, ਪਾਣੀ ਅਤੇ ਹੋਰ ਕੁਦਰਤੀ ਨਿਆਮਤਾਂ ਨਾਲ ਨਿਵਾਜਿਆ ਹੈ ਉਸ ਤਰ੍ਹਾਂ ਦੀ ਆਰਥਿਕ ਤਰੱਕੀ ਪੰਜਾਬ ਨਹੀਂ ਕਰ ਸਕਿਆ। ਪੰਜਾਬ ਵਿੱਚ ਹਰ ਤਰ੍ਹਾਂ ਦੀ ਫ਼ਸਲ ਪੈਦਾ ਹੁੰਦੀ ਹੈ ਅਤੇ ਇਸ ਕਾਰਨ ਖੇਤੀ ਦੇ ਖੇਤਰ ਨੂੰ ਰੁਜ਼ਗਾਰ ਦਾ ਇੱਕ ਵੱਡਾ ਸਾਧਨ ਬਣਾਇਆ ਜਾ ਸਕਦਾ ਸੀ, ਪ੍ਰੰਤੂ ਇਸ ਖੇਤਰ ਵਿੱਚ ਉਹੀ ਰਵਾਇਤੀ ਢੰਗਾਂ ਨੂੰ ਅਪਣਾਇਆ ਗਿਆ ਅਤੇ ਖੇਤੀ ਨੂੰ ਵਪਾਰਕ ਲੀਹਾਂ ’ਤੇ ਲਿਆਉਣ ਦੇ ਕੋਈ ਠੋਸ ਸਰਕਾਰੀ ਉਪਰਾਲੇ ਨਹੀਂ ਕੀਤੇ ਗਏ। ਜਿਸ ਕਾਰਨ ਖੇਤੀ ਰੁਜ਼ਗਾਰ ਦਾ ਸਾਧਨ ਨਹੀਂ ਬਣ ਸਕੀ। ਖੇਤੀ ਦੀ ਉਪਜ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ਤੱਕ ਸੀਮਤ ਹੋ ਕੇ ਰਹਿ ਗਈ ਹੈ। ਪੰਜਾਬ ਵਿੱਚ ਖੇਤੀ ਆਧਾਰਿਤ ਸਨਅਤਾਂ ਲਗਾਉਣ ਦੀ ਬੜੀ ਵੱਡੀ ਜ਼ਰੂਰਤ ਸੀ ਤਾਂ ਕਿ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਦੇ, ਪ੍ਰੰਤੂ ਸਾਰੀਆਂ ਸਰਕਾਰਾਂ ਇਸ ਖੇਤਰ ਵਿੱਚ ਅਸਫਲ ਹੀ ਰਹੀਆਂ ਹਨ। ਇਸ ਤੋਂ ਇਲਾਵਾ ਸਰਕਾਰੀ ਖੇਤਰ ਵਿੱਚ ਪਾਰਦਰਸ਼ਤਾ ਦੀ ਕਮੀ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਵੀ ਵੱਡਾ ਕਾਰਨ ਬਣਿਆ। ਇੱਥੇ ਮਹੀਨਿਆਂ ਬੱਧੀ ਮੁਲਾਜ਼ਮਾਂ ਦੀਆਂ ਹੜਤਾਲਾਂ, ਧਰਨੇ ਚੱਲਦੇ ਰਹਿੰਦੇ ਹਨ ਤੇ ਲੋਕ ਦਫ਼ਤਰਾਂ ਵਿੱਚ ਖੱਜਲ ਖੁਆਰ ਹੁੰਦੇ ਰਹਿੰਦੇ ਹਨ। ਜੇਕਰ ਕੋਈ ਸਵੈ ਰੁਜ਼ਗਾਰ ਦੇ ਧੰਦੇ ਕਰਨਾ ਵੀ ਚਾਹੁੰਦਾ ਹੈ ਤਾਂ ਉਸ ਵਿੱਚ ਸਰਕਾਰੀ ਨੀਤੀਆਂ ਵੱਡਾ ਅੜਿੱਕਾ ਬਣਦੀਆਂ ਹਨ। ਇਸ ਤਰ੍ਹਾਂ ਅਜਿਹੇ ਪ੍ਰਬੰਧ ਤੋਂ ਛੁਟਕਾਰਾ ਪਾਉਣ ਲਈ ਵੀ ਕੁਝ ਲੋਕ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ।
ਪੰਜਾਬੀਆਂ ਵਿੱਚ ਇੱਕ ਦੂਸਰੇ ਦੀ ਰੀਸ ਕਰਨ ਦੀ ਪ੍ਰਵਿਰਤੀ ਵੀ ਵਿਦੇਸ਼ਾਂ ਵੱਲ ਰੁਖ਼ ਕਰਨ ਦਾ ਵੱਡਾ ਕਾਰਨ ਬਣਿਆ ਹੈ। ਜਦ ਲੋਕ ਦੇਖਦੇ ਹਨ ਕਿ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਆਂਢ ਗੁਆਂਢ ਦੇ ਬੱਚੇ ਬਾਹਰ ਜਾ ਰਹੇ ਹਨ ਤਾਂ ਉਹ ਵੀ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦਾ ਮਨ ਬਣਾ ਲੈਂਦੇ ਹਨ। ਇਸ ਤੋਂ ਇਲਾਵਾ ਪੰਜਾਬ ਵਿੱਚ ਕਿਸਾਨੀ ਵੀ ਦੋ ਵਰਗਾਂ ਵਿੱਚ ਵੰਡੀ ਗਈ ਹੈ। ਇੱਕ ਵਰਗ ਛੋਟੇ ਕਿਸਾਨਾਂ ਦਾ ਹੈ ਜੋ ਕਰਜ਼ੇ ਵਿੱਚ ਫਸੇ ਹੋਏ ਹਨ ਅਤੇ ਦੂਸਰਾ ਵਰਗ ਵੱਡੇ ਅਮੀਰ ਕਿਸਾਨਾਂ ਦਾ ਹੈ। ਪੰਜਾਬੀਆਂ ਦੇ ਖ਼ਰਚੀਲੇ ਸੁਭਾਅ ਦੇ ਹੋਣ ਕਾਰਨ ਅਮੀਰ ਲੋਕ ਮਹਿੰਗੀਆਂ ਗੱਡੀਆਂ, ਬ੍ਰਾਂਡੇਡ ਕੱਪੜੇ, ਵੱਡੀਆਂ ਕੋਠੀਆਂ ਆਦਿ ’ਤੇ ਪੈਸਾ ਖਰਚਦੇ ਹਨ। ਜਦ ਬਹੁਤ ਸਾਰੇ ਆਮ ਅਤੇ ਦਰਮਿਆਨੇ ਘਰਾਂ ਦੇ ਬੱਚੇ ਇੱਥੇ ਰਹਿ ਕੇ ਇਨ੍ਹਾਂ ਸਹੂਲਤਾਂ ਨੂੰ ਮਾਣ ਨਹੀਂ ਸਕਦੇ ਤਾਂ ਉਹ ਆਪਣੀ ਇਸ ਇੱਛਾ ਦੀ ਪੂਰਤੀ ਕਰਨ ਲਈ ਵਿਦੇਸ਼ਾਂ ਵੱਲ ਰੁਖ਼ ਕਰਦੇ ਹਨ।
ਪਰਵਾਸ ਦੀ ਪੀੜ
ਅੱਜ ਖ਼ਬਰਾਂ ਆ ਰਹੀਆਂ ਹਨ ਕਿ ਅਮਰੀਕਾ, ਕੈਨੇਡਾ ਤੇ ਹੋਰ ਯੂਰਪ ਦੇ ਦੇਸ਼ਾਂ ਵਿੱਚ ਆਰਥਿਕ ਮੰਦਵਾੜਾ ਚੱਲ ਰਿਹਾ ਹੈ। ਨੌਕਰੀਆਂ ਘੱਟ ਰਹੀਆਂ ਹਨ ਅਤੇ ਮਹਿੰਗਾਈ ਵਧ ਰਹੀ ਹੈ। ਅਜਿਹੇ ਹਾਲਾਤ ਵਿੱਚ ਉੱਥੇ ਪੜ੍ਹਨ ਗਏ ਵਿਦਿਆਰਥੀਆਂ ਲਈ ਕਾਲਜ, ਯੂਨੀਵਰਸਿਟੀਆਂ ਵਿੱਚ ਜਮਾਤਾਂ ਲਗਾਉਣ ਦੇ ਨਾਲ ਨਾਲ ਕਈ ਘੰਟੇ ਸ਼ਿਫਟਾਂ ਵਿੱਚ ਕੰਮ ਕਰਕੇ ਆਪਣੇ ਖ਼ਰਚੇ ਪੂਰੇ ਕੀਤੇ ਜਾ ਰਹੇ ਹਨ। ਅਜਿਹਾ ਕਰਨ ਨਾਲ ਉਨ੍ਹਾਂ ਨੂੰ ਬਹੁਤ ਸਾਰੀਆਂ ਮਾਨਸਿਕ ਤੇ ਸਿਹਤ ਸਬੰਧੀ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਇੱਕ ਪਾਸੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਹੋਣ ਦਾ ਦਰਦ ਹੈ ਅਤੇ ਦੂਸਰੇ ਪਾਸੇ ਸੰਘਰਸ਼ਮਈ ਜੀਵਨ। ਅੱਜ ਸਾਨੂੰ ਜ਼ਰੂਰਤ ਹੈ ਕਿ ਉਨ੍ਹਾਂ ਦੀ ਪੀੜ ਨੂੰ ਸਮਝਿਆ ਜਾਏ ਅਤੇ ਉਨ੍ਹਾਂ ਪ੍ਰਤੀ ਹਮਦਰਦੀ ਪੂਰਵਕ ਰਵੱਈਆ ਅਪਣਾਇਆ ਜਾਵੇ। ਇੱਕ ਗੱਲ ਸਾਨੂੰ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਬਾਹਰ ਜਾਣ ਵਾਲੇ ਬੱਚੇ ਕੰਮਚੋਰ ਨਹੀਂ ਹਨ, ਉਹ ਕੰਮ ਤੋਂ ਡਰਦੇ ਇੱਥੋਂ ਨਹੀਂ ਗਏ ਹਨ ਸਗੋਂ ਉੱਥੇ ਜਾ ਕੇ ਤਾਂ ਉਹ ਇੱਥੋਂ ਨਾਲੋਂ ਕਿਤੇ ਵੱਧ ਸੰਘਰਸ਼ ਕਰ ਰਹੇ ਹਨ। ਅਸੀਂ ਦੁਆ ਕਰੀਏ ਕਿ ਉਹ ਮਿਹਨਤ ਕਰਕੇ ਆਪਣੀ ਜ਼ਿੰਦਗੀ ਵਿੱਚ ਕਾਮਯਾਬ ਹੋਣ। ਅੱਜ ਨਾ ਸਿਰਫ਼ ਸਾਡੇ ਸਮਾਜ ਦਾ ਹੋਣਹਾਰ ਨੌਜਵਾਨ ਬਾਹਰ ਜਾ ਰਿਹਾ ਹੈ ਬਲਕਿ ਇਸ ਦੇ ਨਾਲ ਸਾਡੇ ਦੇਸ਼ ਦਾ ਸਰਮਾਇਆ ਵੀ ਬਾਹਰ ਜਾ ਰਿਹਾ ਹੈ।
ਸਾਡੀਆਂ ਸਰਕਾਰਾਂ ਵੀ ਇਸ ਵਰਤਾਰੇ ਦੇ ਸਾਡੇ ਸਮਾਜ ’ਤੇ ਪੈਣ ਜਾ ਰਹੇ ਭਿਆਨਕ ਅਸਰਾਂ ਨੂੰ ਸਮਝਦੇ ਹੋਏ ਇੱਥੇ ਸਾਜ਼ਗਾਰ ਮਾਹੌਲ ਪੈਦਾ ਕਰਨ, ਰੁਜ਼ਗਾਰ ਦੇ ਵੱਧ ਮੌਕੇ ਪੈਦਾ ਕਰਨ, ਸਵੈ ਰੁਜ਼ਗਾਰ ਨੂੰ ਵਧਾਇਆ ਜਾਵੇ ਤਾਂ ਕਿ ਸਾਡੇ ਨੌਜਵਾਨ ਸਾਡੇ ਆਪਣੇ ਦੇਸ਼ ਵਿੱਚ ਮਿਹਨਤ ਕਰਕੇ ਆਪਣੇ ਪੈਰਾਂ ’ਤੇ ਖੜ੍ਹੇ ਹੋ ਸਕਣ।
ਸੰਪਰਕ: 98726-59588