ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੰਜਾਬੀ ਖ਼ਬਰਾਂ ਵਿੱਚ ਹਿੰਦੀ ਸ਼ਬਦਾਂ ਦੀ ਘੁਸਪੈਠ ਤੋਂ ਪੰਜਾਬੀ ਪ੍ਰੇਮੀ ਨਿਰਾਸ਼

07:14 AM Jul 03, 2024 IST

ਗੁਰਨਾਮ ਸਿੰਘ ਅਕੀਦਾ
ਪਟਿਆਲਾ, 2 ਜੁਲਾਈ
ਕਦੇ ਹਰਮਨ ਪਿਆਰਾ ਰਿਹਾ ਦੂਰਦਰਸ਼ਨ ਕੇਂਦਰ ਜਲੰਧਰ (ਡੀਡੀ ਪੰਜਾਬੀ) ਅੱਜ ਇਸ ਕਰ ਕੇ ਚਰਚਾ ਵਿੱਚ ਹੈ ਕਿ ਇਸ ਦੀਆਂ ਪੰਜਾਬੀ ਦੀਆਂ ਖ਼ਬਰਾਂ ਵਿੱਚ ਬਹੁਤ ਸਾਰੇ ਹਿੰਦੀ ਸ਼ਬਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਸਬੰਧੀ ਲੋਕਾਂ ਵੱਲੋਂ ਕਈ ਵਾਰੀ ਡਾਇਰੈਕਟਰ ਦੂਰਦਰਸ਼ਨ ਨੂੰ ਚਿੱਠੀਆਂ ਪਾ ਕੇ ਸੁਚੇਤ ਕੀਤਾ ਜਾ ਚੁੱਕਿਆ ਹੈ ਪਰ ਅਜੇ ਤੱਕ ਵੀ ਉਸ ਵਿੱਚ ਸੁਧਾਰ ਨਹੀਂ ਹੋਇਆ। ਲੇਖਕ ਮੂਲ ਚੰਦ ਸ਼ਰਮਾ ਨੇ ਅਜਿਹੇ ਸ਼ਬਦਾਂ ਬਾਰੇ ਜਾਣਕਾਰੀ ਦਿੱਤੀ ਹੈ ਜਿਨ੍ਹਾਂ ’ਚ ਸਿੱਧੇ ਤੌਰ ’ਤੇ ਪੰਜਾਬੀ ਦਾ ਹਿੰਦੀਕਰਨ ਕੀਤਾ ਗਿਆ ਹੈ। ਇਸ ਤਰ੍ਹਾਂ ਬੁੱਧ ਸਿੰਘ ਨੀਲੋਂ ਨੇ ਵੀ ਡੀਡੀ ਪੰਜਾਬੀ ਵੱਲੋਂ ਵਰਤੇ ਜਾਂਦੇ ਹਿੰਦੀ ਸ਼ਬਦਾਂ ਬਾਰੇ ਚਰਚਾ ਕੀਤੀ ਹੈ ਤੇ ਪੰਜਾਬੀ ਸ਼ਬਦਾਂ ਦੇ ਹਿੰਦੀਕਰਨ ’ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਲੇਖਕਾਂ ਅਤੇ ਬੁੱਧੀਜੀਵੀਆਂ ਨੇ ਇਸ ਸਬੰਧੀ ਡਾਇਰੈਕਟਰ ਨੂੰ ਚਿੱਠੀਆਂ ਭੇਜ ਕੇ ਅਜਿਹੇ ਰੁਝਾਨ ਨੂੰ ਰੋਕਣ ਦੀ ਬੇਨਤੀ ਵੀ ਕੀਤੀ ਹੈ। ਪੰਜਾਬੀ ਖਬਰਾਂ ’ਚ ਜੋ ਹਿੰਦੀ ਦੇ ਸ਼ਬਦ ਆਮ-ਤੌਰ ’ਤੇ ਵਰਤੇ ਜਾਂਦੇ ਹਨ ਉਨ੍ਹਾਂ ’ਚ ਸ਼ਾਮਲ ਹਨ: ਗੁਹਾਰ (ਫ਼ਰਿਆਦ), ਚਪੇਟ (ਲਪੇਟ), ਅੰਨਸ਼ਨ (ਵਰਤ), ਪਕਸ਼ੀ (ਪੰਛੀ), ਲੁਭਾਉਣਾ (ਭਰਮਾਉਣਾ), ਪ੍ਰਲੋਭਨ (ਲਾਲਚ), ਵਰਿਧੀ (ਵਾਧਾ), ਗਾਜ਼ (ਗ਼ੁੱਸਾ, ਨਜ਼ਲਾ), ਅਵਗਤ (ਜਾਣੂ), ਕਗਾਰ (ਕੰਢੇ), ਦਿੱਗਜ (ਦਿਓਕੱਦ, ਪ੍ਰਮੁੱਖ), ਸ਼ੇਤਰ (ਖੇਤਰ), ਛਮਾ (ਖਿਮਾ), ਚਰਨ/ਚਰਣ (ਗੇੜ), ਆਹਵਾਨ (ਸੱਦਾ), ਸਮੁਦਾਏ (ਭਾਈਚਾਰਾ), ਅਨੂਮਤੀ (ਮਨਜ਼ੂਰੀ), ਲੁਪਤ (ਗ਼ਾਇਬ), ਸ਼ਮਤਾ (ਸਮਰੱਥਾ), ਛਾਤਰ (ਵਿਦਿਆਰਥੀ), ਛਵੀ (ਅਕਸ), ਸੰਪੰਨ (ਸਮਾਪਤ, ਖ਼ਤਮ), ਸ਼ਿਵਰ (ਕੈਂਪ), ਵਿਵਾਹ (ਵਿਆਹ, ਸ਼ਾਦੀ), ਅਧਿਅਕਸ਼ (ਪ੍ਰਧਾਨ), ਅਨਿਵਾਰੀਆ (ਜ਼ਰੂਰੀ, ਲਾਜ਼ਮੀ), ਦੁਖਦ (ਦੁਖਦਾਈ), ਸ਼ਿਖਸ਼ਾ (ਸਿੱਖਿਆ), ਸ਼ਵ (ਲਾਸ਼), ਵਿਪੱਕਸ਼ (ਵਿਰੋਧੀ), ਪ੍ਰਯਟਨ (ਸੈਰ ਸਪਾਟਾ), ਰਾਜਯ ਸਭਾ (ਰਾਜ ਸਭਾ), ਵਿੱਤੀਅ (ਵਿੱਤੀ, ਮਾਲੀ), ਲਾਂਛਨ (ਇਲਜ਼ਾਮ/ਤੁਹਮਤ), ਬਿਮਾਨ (ਜਹਾਜ਼), ਸਤੱਰਕ (ਚੌਕਸ/ਚੇਤੰਨ), ਘਟਕ ਦਲ (ਭਾਈਵਾਲ ਦਲ), ਨਿਸ਼ਕਾਸਿਤ (ਬਾਹਰ ਕੱਢਣਾ), ਜਨਾਦੇਸ਼ (ਫ਼ਤਵਾ, ਫ਼ੈਸਲਾ), ਆਮੰਤਰਣ (ਸੱਦਾ, ਬੁਲਾਵਾ) ਆਦਿ, ਜਿਨ੍ਹਾਂ ਉਤੇ ਬੁੱਧੀਜੀਵੀਆਂ ਨੇ ਖ਼ਾਸ ਤੌਰ ’ਤੇ ਇਤਰਾਜ਼ ਜ਼ਾਹਰ ਕੀਤੇ ਹਨ। ਚਿੱਠੀ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਹੋਰ ਵੀ ਬਹੁਤ ਸਾਰੇ ਸ਼ਬਦ ਹਨ, ਜਿਨ੍ਹਾਂ ਦਾ ਹਿੰਦੀਕਰਨ ਕੀਤਾ ਗਿਆ ਹੈ।
ਮੂਲ ਚੰਦ ਸ਼ਰਮਾ ਨੇ ਕਿਹਾ ਕਿ ਇਸ ਬਾਰੇ ਪਹਿਲਾਂ ਹਰਬੀਰ ਭੰਵਰ ਵੀ ਆਪਣਾ ਸਮਾਂ ਕੱਢ ਕੇ ਦੂਰਦਰਸ਼ਨ ਨੂੰ ਸੁਚੇਤ ਕਰਦੇ ਰਹੇ ਹਨ। ਹੋਰ ਪੰਜਾਬੀ ਲੇਖਕ ਵੀ ਦੂਰਦਰਸ਼ਨ ਨੂੰ ਸੁਚੇਤ ਕਰਨ ਲਈ ਚਿੱਠੀਆਂ ਪਾਉਂਦੇ ਰਹੇ ਪਰ ਕਿਸੇ ਨੇ ਇਸ ਬਾਰੇ ਕੋਈ ਗ਼ੌਰ ਨਹੀਂ ਕੀਤਾ। ਇਹ ਰੁਝਾਨ ਪਿਛਲੇ 10 ਸਾਲਾਂ ਤੋਂ ਜ਼ਿਆਦਾ ਵਧਿਆ ਹੈ।
ਬੁੱਧ ਸਿੰਘ ਨੀਲੋਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਸਾਹਿਤ ਤੇ ਸੱਭਿਆਚਾਰ ਦੇ ਨਾਂ ਉੱਤੇ ਬਹੁਤ ਸਾਰੀਆਂ ਜਥੇਬੰਦੀਆਂ ਹਨ, ਜਿਹੜੀਆਂ ਇਹ ਦਾਅਵਾ ਕਰਦੀਆਂ ਹਨ ਕਿ ਉਹ ਮਾਂ ਬੋਲੀ ਪੰਜਾਬੀ ਦੇ ਪੁੱਤ ਹਨ ਤੇ ਉਸ ਦੀ ਸੇਵਾ ਕਰਦੇ ਹਨ ਪਰ ਉਹ ਦੂਰਦਰਸ਼ਨ ਵਿੱਚ ਹੋ ਰਹੀ ਪੰਜਾਬੀ ਦੀ ਦੁਰਗਤੀ ਬਾਰੇ ਕਦੇ ਆਵਾਜ਼ ਨਹੀਂ ਚੁੱਕਦੀਆਂ। ਦੂਰਦਰਸ਼ਨ ਨਾਲ ਲੰਮੇਂ ਸਮੇਂ ਤੋਂ ਜੁੜੇ ਰਾਮੇਸ਼ਵਰ ਨੇ ਕਿਹਾ, ‘‘ਜੇ ਅਸੀਂ ਪੰਜਾਬ ਵਿੱਚ ਹਾਂ ਤਾਂ ਸਾਨੂੰ ਪੰਜਾਬੀ ਦੀ ਵਰਤੋਂ ਹੀ ਕਰਨੀ ਚਾਹੀਦੀ ਹੈ।’’

Advertisement

ਅੱਗੋਂ ਧਿਆਨ ਰੱਖਾਂਗੇ: ਇੰਚਾਰਜ ਖ਼ਬਰ ਡੈਸਕ

ਇਸ ਬਾਰੇ ਦੂਰਦਰਸ਼ਨ ਦੇ ਡਾਇਰੈਕਟਰ ਪੁਨੀਤ ਸਹਿਗਲ ਨੇ ਕਿਹਾ ਕਿ ਇਸ ਤਰ੍ਹਾਂ ਕਦੇ-ਕਦੇ ਹੁੰਦਾ ਹੈ ਕੁਝ ਚਿੱਠੀਆਂ ਉਨ੍ਹਾਂ ਕੋਲ ਆਈਆਂ ਹਨ ਪਰ ਖ਼ਬਰ ਸੈਕਸ਼ਨ ਦੀ ਇੰਚਾਰਜ ਗਗਨ ਦੇਵਗਨ ਹੈ। ਇਸ ਸਬੰਧੀ ਜਦੋਂ ਖ਼ਬਰ ਡੈਸਕ ਦੀ ਇੰਚਾਰਜ ਗਗਨ ਦੇਵਗਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ, ‘‘ਚਿੱਠੀਆਂ ਮੇਰੇ ਕੋਲ ਨਹੀਂ ਆਈਆਂ।’’ ਉਨ੍ਹਾਂ ਸਵੀਕਾਰ ਕੀਤਾ ਕਿ ‘ਕਿਤੇ ਕਿਤੇ ਹਿੰਦੀ ਸ਼ਬਦਾਂ ਦੀ ਵਰਤੋਂ ਹੋ ਜਾਂਦੀ ਹੈ ਪਰ ਉਹ ਹੁਣ ਇਸ ਦਾ ਧਿਆਨ ਰੱਖਣਗੇ’।

Advertisement
Advertisement
Advertisement