ਪੰਜਾਬੀ ਸਾਹਿਤ: ਇਤਿਹਾਸ ਅਤੇ ਇਤਿਹਾਸਕਾਰੀ
ਆਤਮਜੀਤ
ਡਾਕਟਰ ਹਰਿਭਜਨ ਸਿੰਘ ਭਾਟੀਆ ਦੀ ਪੰਜਾਬੀ ਸਮੀਖਿਆ-ਜਗਤ ਵਿਚ ਇਕ ਨਵੇਕਲੀ ਪਛਾਣ ਹੈ। ਉਹ ਆਪਣੀ ਮਿਹਨਤ, ਗੰਭੀਰਤਾ, ਇਕਾਗਰਤਾ, ਸੰਜਮ ਅਤੇ ਅਨੁਸ਼ਾਸਨ ਵਾਸਤੇ ਜਾਣਿਆ ਜਾਂਦਾ ਹੈ। ਉਹ ਪਿਛਲੇ 45-50 ਸਾਲਾਂ ਤੋ ਸਾਹਿਤ ਦਾ ਅਰਪਿਤ ਪਾਠਕ, ਅਧਿਐਨ ਪ੍ਰਣਾਲੀਆਂ ਦਾ ਗੰਭੀਰ ਵਿਦਿਆਰਥੀ, ਮਹੱਤਵਪੂਰਨ ਸਾਹਿਤ ਦਾ ਪ੍ਰਾਧਿਆਪਕ ਅਤੇ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਨਾਲ ਜੁੜਿਆ ਹੋਇਆ ਵਿਦਵਾਨ ਹੈ। ਨਤੀਜੇ ਵਜੋਂ ਉਸਨੇ ਲਗਪਗ ਸਾਰੇ ਸਾਹਿਤ-ਰੂਪਾਕਾਰਾਂ ਨੂੰ ਆਪਣੇ ਅਧਿਐਨ ਵਿਚ ਸ਼ਾਮਿਲ ਕੀਤਾ ਹੈ। ਪੰਜਾਬੀ ਦੇ ਨਾਲ-ਨਾਲ ਹਿੰਦੀ, ਉਰਦੂ ਅਤੇ ਅੰਗਰੇਜ਼ੀ ਭਾਸ਼ਾਵਾਂ ਦਾ ਗਿਆਨ ਅਤੇ ਉਨ੍ਹਾਂ ਨਾਲ ਲਗਾਤਾਰ ਨਾਤਾ ਉਸਦੀ ਸੂਝ ਨੂੰ ਹੋਰ ਵੀ ਡੂੰਘਾਈ ਅਤੇ ਵਿਆਪਕਤਾ ਦੇਂਦਾ ਹੈ। ਉਸਨੇ ਸਾਹਿਤ ਦੇ ਵੱਖ-ਵੱਖ ਅਹਿਮ ਮੁੱਦਿਆਂ ਉੱਤੇ ਪੁਸਤਕਾਂ ਰਚੀਆਂ ਹਨ; ਕਈ ਲੇਖਕਾਂ ਦੀਆਂ ਸਮੁੱਚੀਆਂ ਜਾਂ ਵਿਸ਼ੇਸ਼ ਰਚਨਾਵਾਂ ਨੂੰ ਵੀ ਆਪਣੇ ਧਿਆਨ ਦਾ ਕੇਂਦਰ ਬਣਾਇਆ ਹੈ। ਉਪਰੋਕਤ ਸਾਰੇ ਕਾਰਨਾਂ ਕਰਕੇ ਉਸਦੀਆਂ ਲਿਖਤਾਂ ਵਿਚ ਬਹੁਤ ਕੁਝ ਸੱਜਰਾ, ਸਾਰਥਕ ਅਤੇ ਸੋਚਣਯੋਗ ਹੁੰਦਾ ਹੈ।
ਹਰਿਭਜਨ ਸਿੰਘ ਭਾਟੀਆ ਦੀ ਨਵ-ਪ੍ਰਕਾਸ਼ਿਤ ਰਚਨਾ ‘ਪੰਜਾਬੀ ਸਾਹਿਤ: ਇਤਿਹਾਸ ਅਤੇ ਇਤਿਹਾਸਕਾਰੀ’ ਮੀਲ-ਪੱਥਰ ਹੈ ਕਿਉਂਕਿ ਇਸ ਕਿਸਮ ਦੀ ਮੈਟਾ-ਸਮੀਖਿਆ ਵਾਲੀ ਅੱਜ ਤਾਈਂ ਕੋਈ ਪੁਸਤਕ ਪ੍ਰਾਪਤ ਨਹੀਂ ਹੈ। ਸਮੀਖਿਆ ਸੁਖੈਨ ਕਾਰਜ ਨਹੀਂ, ਸਮੀਖਿਆ ਦੀ ਸਮੀਖਿਆ ਉਸਤੋਂ ਵੀ ਜਟਿਲ ਕੰਮ ਹੈ। ਪਰ ਸਮੁੱਚੇ ਪੰਜਾਬੀ ਸਾਹਿਤ ਜਾਂ ਉਸਦੇ ਕਿਸੇ ਪ੍ਰਮੁੱਖ ਅੰਗ ਨੂੰ ਆਪਣੇ ਕਲੇਵਰ ਵਿਚ ਲੈਣ ਵਾਲੀਆਂ ਅਨੇਕਾਂ ਪੁਸਤਕਾਂ ਨੂੰ ਆਧਾਰ ਬਣਾ ਕੇ ਟਿੱਪਣੀਆਂ ਕਰਨਾ ਅਤੇ ਪੰਜਾਬੀ ਸਾਹਿਤ-ਸੰਸਾਰ ਨੂੰ ਉਸਦੇ ਸਮੁੱਚ ਵਿਚ ਗ੍ਰਹਿਣ ਅਤੇ ਸਮਝਣ ਦੀ ਕੋਸ਼ਿਸ ਕਰਨਾ ਇਕ ਅਨੂਠਾ ਅਤੇ ਚੁਣੌਤੀ ਭਰਿਆ ਕਾਰਜ ਹੈ ਜੋ ਇਸ ਪੁਸਤਕ ਵਿਚ ਹੋਇਆ ਹੈ। ਮੇਰਾ ਕਾਰਜ ਇਸ ਵੱਡਮੁੱਲੀ ਪੁਸਤਕ ਦੀ ਜਾਣ-ਪਛਾਣ ਕਰਵਾਉਣ ਤਕ ਸੀਮਤ ਹੈ।
ਪੁਸਤਕ ਦੇ ਪਹਿਲੇ ਖੰਡ ਵਿਚ ਲੇਖਕ ਨੇ ਇਤਿਹਾਸ ਅਤੇ ਇਤਿਹਾਸਕਾਰੀ ਦੇ ਸਿਧਾਂਤਕ ਮੁੱਦਿਆਂ ਉਤੇ ਬੜੀਆਂ ਸਾਰਥਕ ਗੱਲਾਂ ਕੀਤੀਆਂ ਹਨ ਜੋ ਉਸਦੇ ਜੀਵਨ ਭਰ ਦੇ ਚਿੰਤਨ-ਮਨਣ ਦਾ ਨਿਚੋੜ ਕਹੀਆਂ ਜਾ ਸਕਦੀਆਂ ਹਨ ਜਿਵੇਂ ੳ) ਸਾਹਿਤ ਨੂੰ ਸ਼ਬਦ-ਕੋਸ਼ ਨਾਲ ਨਹੀਂ ਗ੍ਰਹਿਣ ਕੀਤਾ ਜਾ ਸਕਦਾ, ਉਸ ਵਿਚ ਪ੍ਰਸੰਗਾਂ ਦੀਆਂ ਕਈ ਤਹਿਆਂ ਹੁੰਦੀਆਂ ਹਨ, ਅ) ਇਤਿਹਾਸਕਾਰ ਲਈ ਸੰਬੰਧਿਤ ਭਾਸ਼ਾ ਦੀ ਪ੍ਰਕਿਰਤੀ ਅਤੇ ਸੁਭਾਅ ਦੀ ਜਾਣਕਾਰੀ ਜ਼ਰੂਰੀ ਹੈ, ੲ) ਸਾਹਿਤ-ਇਤਿਹਾਸਕਾਰੀ ਵਾਸਤੇ ਆਲੋਚਨਾ, ਸਿਧਾਂਤ ਅਤੇ ਖੋਜ ਦੀ ਜ਼ਰੂਰਤ ਹੈ, ਇਸਦੇ ਬਾਵਜੂਦ ਇਹ ਅਧਿਐਨ ਦਾ ਸੁਤੰਤਰ ਅਨੁਸ਼ਾਸਨ ਹੈ, ਸ) ਸਿਧਾਂਤਕਾਰੀ ਦਾ ਸਮੁੱਚਾ ਢਾਂਚਾ ਸੁਹਜਾਤਮਕ ਸੰਸਾਰ ਹੀ ਨਹੀਂ; ਉਹ ਸਮਾਜਕ, ਸਭਿਆਚਾਰਕ ਅਤੇ ਵਿਚਾਰਧਾਰਕ ਸਰੋਕਾਰਾਂ ਨਾਲ ਵੀ ਆਪਣਾ ਰਿਸ਼ਤਾ ਕਾਇਮ ਕਰਦਾ ਹੈ, ਹ) ਰਚਨਾ ਵਿਚ ‘ਪੇਸ਼ ਇਤਿਹਾਸ’ ਅਤੇ ‘ਬਾਹਰੀ ਇਤਿਹਾਸ’ ਵਿਚ ਸੰਬੰਧ ਹੁੰਦਿਆਂ ਵੀ ਮਹੱਤਵਪੂਰਨ ਇਹ ਹੈ ਕਿ ਰਚਨਾਕਾਰ ਦਾ ਬਾਹਰੀ ਇਤਿਹਾਸ ਵਾਸਤੇ ਹੁੰਗਾਰਾ ਕਿਹੋ ਜਿਹਾ ਹੈ, ਕ) ਬਾਹਰਲੇ ਅਤੇ ਰਚਨਾ ਅੰਦਰਲੇ ਇਤਿਹਾਸ ਵਿਚਲੇ ਸੰਵਾਦ ਅਤੇ ਉਸਦੇ ਰੂਪਾਂਤਰਣ ਦੀ ਪ੍ਰਕਿਰਿਆ ਤੇ ਮਹੱਤਵ ਨੂੰ ਪਛਾਣਨਾ ਜ਼ਰੂਰੀ ਹੈ, ਖ) ਸਾਹਿਤ-ਰਚਨਾ ਦੇ ਸਥਿਰ ਅਰਥ ਨਹੀਂ ਹੁੰਦੇ; ਉਸ ਵਿਚਲੀ ਗਤੀਸ਼ੀਲਤਾ ਦੀ ਨਿਸ਼ਾਨਦੇਹੀ ਮਹੱਤਵਪੂਰਨ ਹੈ ਤਾਂ ਕਿ ਉਸਨੂੰ ਨਵੇਂ ਯੁੱਗ ਦੀਆਂ ਚੁਣੌਤੀਆਂ ਸਾਹਮਣੇ ਰੱਖਿਆ ਜਾ ਸਕੇ, ਗ) ਇਤਿਹਾਸਕਾਰੀ ਦਾ ਕਾਰਜ ਲੋਕ-ਮੁਖੀ ਹੋਣਾ ਚਾਹੀਦਾ ਹੈ, ਆਦਿਕ।
ਦੂਸਰੇ ਖੰਡ ਵਿਚ ਉਸਨੇ ਪੰਜਾਬੀ ਦੇ ਮੁੱਢਲੇ ਪ੍ਰਮੁੱਖ ਦਸ ਸਾਹਿਤ-ਇਤਿਹਾਸਕਾਰਾਂ ਦੀ ਦੇਣ ਨੂੰ ਸੁਤੰਤਰ ਸਿਰਲੇਖਾਂ ਹੇਠ ਪਰਖਿਆ-ਜੋਖਿਆ ਹੈ। ਅਸੀਂ ਆਮ ਕਰਕੇ ਬਾਵਾ ਬੁੱਧ ਸਿੰਘ, ਮੋਹਨ ਸਿੰਘ ਦੀਵਾਨਾ, ਮੌਲਾ ਬਖ਼ਸ਼ ਕੁਸ਼ਤਾ, ਸੁਰਿੰਦਰ ਸਿੰਘ ਨਰੂਲਾ ਅਤੇ ਸਰਬੇਰੀਆਕੋਵ ਦੀ ਹੀ ਚਰਚਾ ਕਰਦੇ ਹਾਂ ਪਰ ਭਾਟੀਆ ਨੇ ਇਸ ਸੂਚੀ ਵਿਚ ਬਨਾਰਸੀ ਦਾਸ ਜੈਨ, ਗੋਪਾਲ ਸਿੰਘ ਦਰਦੀ, ਹੀਰਾ ਸਿੰਘ ਦਰਦ, ਜੀਤ ਸਿੰਘ ਸੀਤਲ ਅਤੇ ਪਿਆਰਾ ਸਿੰਘ ਪਦਮ ਨੂੰ ਵੀ ਜੋੜ ਕੇ ਸਾਡੇ ਚਿੰਤਨ-ਸੰਸਾਰ ਨੂੰ ਹੋਰ ਮੋਕਲਾ ਕੀਤਾ ਹੈ। ਬਨਾਰਸੀ ਦਾਸ ਜੈਨ ਭਾਸ਼ਾ-ਵਿਗਿਆਨੀ ਦੇ ਤੌਰ ਜਾਣਿਆ ਜਾਂਦਾ ਹੈ ਪਰ 1941 ਵਿਚ ਉਸਦੀ ਫ਼ਾਰਸੀ ਅੱਖਰਾਂ ਵਿਚ ਛਪੀ ਪੁਸਤਕ ‘ਪੰਜਾਬੀ ਜ਼ੁਬਾਨ ਤੇ ਉਹਦਾ ਸਾਹਿਤ’ ਇਸ ਵਿਚਾਰ-ਚਰਚਾ ਵਿਚ ਸ਼ਾਮਿਲ ਹੈ, ਕਿਉਂਕਿ 2014 ਵਿਚ ਚੇਤਨ ਸਿੰਘ ਨੇ ਇਸਦਾ ਲਿਪੀਅੰਤਰ ਛਾਪ ਦਿੱਤਾ ਸੀ। ਭਾਵੇਂ ਉਸਦੀ ਬਿਰਤੀ ਵੀ ਬਾਵਾ ਬੁੱਧ ਸਿੰਘ ਅਤੇ ਕੁਸ਼ਤਾ ਵਾਂਗ ਉਮਾਹਭਾਵੀ ਹੈ ਅਤੇ ਬੇਸ਼ਕ ਉਸਨੇ ਆਪਣੇ ਕਾਂਡਾਂ ਨੂੰ ਹਰੇਕ ਮਜ਼ਹਬ ਦੇ ਸਾਹਿਤਕਾਰਾਂ ਅਨੁਸਾਰ ਢਾਲਿਆ ਹੈ, ਫਿਰ ਵੀ ਭਾਟੀਆ ਉਸ ਅੰਦਰਲੀ ਮਾਨਵ-ਬਿਰਤੀ ਦਾ ਪ੍ਰਸ਼ੰਸਕ ਹੈ ਕਿਉਂਕਿ ਉਹ ਸਮੁੱਚੇ ਰੂਪ ਵਿਚ ‘ਪੰਜਾਬੀ ਭਰਾਵਾਂ’ ਨੂੰ ਸੰਬੋਧਿਤ ਹੈ। ਇਵੇਂ ਹੀ ਗੋਪਾਲ ਸਿੰਘ ਦਰਦੀ ਦੀ ਪੁਸਤਕ ਨੂੰ ਬਹੁਤੇ ਚਿੰਤਕਾਂ ਨੇ ਵਿਲੀਅਮ ਹਡਸਨ ਦੀ ਕਿਤਾਬ An Introduction to the Study of Literature ਦਾ ਅਨੁਵਾਦ ਕਹਿਕੇ ਅੱਖੋਂ-ਪਰੋਖੇ ਕਰੀ ਰੱਖਿਆ ਪਰ ਭਾਟੀਆ ਲਈ ਇਹ ਇਸ ਕਾਰਨ ਮਹੱਤਵਪੂਰਨ ਹੈ ਕਿ ‘ਇਸ ਵਿਚ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਦੀ ਆਪਣੀ ਗੁਣਗੁਨਾਹਟ ਮੌਜੂਦ ਹੈ।’ ਭਾਵੇਂ ਪਰਖ-ਸ੍ਰੋਤ ਪੱਛਮੀ ਹਨ ਪਰ ਪੇਸ਼ਕਾਰੀ ਮੌਲਿਕ ਹੈ, ਮਕਾਨਕੀ ਨਹੀਂ। ਇਸ ਵਿਚਲਾ ਪੱਛਮੀ ਰੰਗ ਉਸ ਸਮੇਂ ਤਕ ਵਿਕਸਿਤ ਸਮੀਖਿਆ ਦੀਆਂ ਸੀਮਾਵਾਂ ਦਾ ਨਤੀਜਾ ਹੈ। ਭਾਟੀਆ ਉਸਦੀ ਕਾਵਿਕ ਬਿਰਤੀ ਨੂੰ ਸੀਮਾ ਵਜੋਂ ਦੇਖਦਾ ਹੈ; ਪਰ ਹੇਠਲੀ ਟਿੱਪਣੀ ਉਸਦੇ ਕੰਮ ਨੂੰ ਸਹੀ ਮਾਇਨਿਆਂ ਵਿਚ ਉਜਾਗਰ ਕਰਦੀ ਹੈ: ‘‘ਗੋਪਾਲ ਸਿੰਘ ਦਰਦੀ ਨੇ ਆਪਣੇ ਤੋਂ ਪੂਰਵਲੇ ਬਹੁਤ ਸਾਰੇ ਸਾਹਿਤਕਾਰਾਂ ਵਾਂਗ ਨਾ ਤਾਂ ਆਧੁਨਿਕ ਸਾਹਿਤ ਵੱਲ ਪਿੱਠ ਕਰੀ ਰੱਖੀ ਤੇ ਨਾ ਹੀ ਇਸਨੂੰ ਮੋਹਨ ਸਿੰਘ ਦੀਵਾਨਾ ਵਾਂਗ (ਤੇ ਮਗਰੋਂ ਪ੍ਰੋ: ਕਿਸ਼ਨ ਸਿੰਘ ਵਾਂਗ) ਨਿੰਦਾ ਅਤੇ ਤ੍ਰਿਸਕਾਰ ਦੀ ਵਸਤੂ ਬਣਾਇਆ।’’
ਇਸੇ ਤਰ੍ਹਾਂ ਹੀਰਾ ਸਿੰਘ ਦਰਦ ਦੁਆਰਾ 1953 ਵਿਚ ਛਪੇ ਸਾਹਿਤ ਦੇ ਇਤਿਹਾਸ ਨੂੰ ਵੀ ਉਸਦਾ ਬਣਦਾ ਥਾਂ ਦਿੱਤਾ ਗਿਆ ਹੈ। ਭਾਟੀਆ ਦੀ ਨਜ਼ਰ ਵਿਚ ਇਹ ਮਾਰਕਸਵਾਦੀ ਦ੍ਰਿਸ਼ਟੀ ਤੋਂ ਲਿਖਿਆ ਸਾਹਿਤ ਦਾ ਪਹਿਲਾ ਇਤਿਹਾਸ ਹੈ। ਦਰਦ ਖ਼ੁਦ ਵੀ ਕਹਿੰਦਾ ਹੈ ਕਿ ਪੂਰਵਲੇ ਇਤਿਹਾਸਾਂ ਵਿਚ ਵਿਗਿਆਨਕ ਦ੍ਰਿਸ਼ਟੀ ਦੀ ਘਾਟ ਸੀ। ਭਾਟੀਆ ਦੇ ਸ਼ਬਦਾਂ ਵਿਚ, ‘‘ਇਸ ਇਤਿਹਾਸਕਾਰ ਦੀ ਪ੍ਰਾਪਤੀ ਪੁਰਾਣੇ ਸਾਹਿਤ ਨਾਲ ਸੰਬੰਧਿਤ ਤੱਥਾਂ ਦੀ ਲੱਭਤ ਵਿਚ ਨਹੀਂ, ਬਲਕਿ ਉਸਦੀ ਪਾਰਦਰਸ਼ੀ, ਲੋਕ-ਹਿਤੂ, ਸਮੇਂ ਦੀ ਹਾਣੀ ਅਤੇ ਸੰਤੁਲਿਤ ਪਰਖ-ਜੋਖ ਹੇਠ ਛੁਪੀ ਹੋਈ ਹੈ।’’ ਉਸਦੇ ਆਧੁਨਿਕ ਪੰਜਾਬੀ ਸਾਹਿਤ ਸੰਬੰਧੀ ਲਿਖੇ ਕਾਂਡ ਦੀ ਸਭ ਤੋਂ ਜ਼ਿਆਦਾ ਪ੍ਰਸ਼ੰਸਾ ਹੋਈ ਹੈ ਕਿਉਂਕਿ ਇਸ ਵਿਚ ਇਤਿਹਾਸਕਾਰ ਨੇ ਸਾਹਿਤ ਦੇ ਅੰਦਰੂਨੀ ਇਤਿਹਾਸ ਨੂੰ ਸਾਹਿਤ ਤੋਂ ਬਾਹਰਲੇ ਇਤਿਹਾਸ ਨਾਲ ਜੋੜ ਕੇ ਦੇਖਿਆ ਹੈ। ‘ਉਸ (ਦਰਦ) ਦੀ ਪੱਕੀ ਪੀਡੀ ਧਾਰਨਾ ਹੈ ਕਿ ਨਵਾਂ ਪੰਜਾਬੀ ਸਾਹਿਤ ਇਨ੍ਹਾਂ ਲਹਿਰਾਂ ਦੇ ਪ੍ਰਭਾਵ ਹੇਠ ਹੀ ਜਨਮਿਆ ਤੇ ਵਿਕਸਿਆ।’ ਭਾਟੀਆ ਦੀ ਨਜ਼ਰ ਵਿਚ ਭਾਵੇਂ ਦਰਦ ਨੇ ਇਹ ਪੁਸਤਕ ਪ੍ਰਸ਼ਨ-ਉੱਤਰ ਸ਼ੈਲੀ ਵਿਚ ਲਿਖੀ ਹੈ ਪਰ ਉਸਦਾ ਮੁਲਾਂਕਣ ਬਹੁਤ ਵਸਤੂਪਰਕ ਹੈ। ਇਸ ਬਾਰੇ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਉੱਤੇ ਵਿਸਤਾਰ ਨਾਲ ਗੱਲ ਕੀਤੀ ਗਈ ਹੈ। ਭਾਟੀਆ ਦਾ ਜੀਤ ਸਿੰਘ ਸੀਤਲ ਉੱਤੇ ਇਤਰਾਜ਼ ਹੈ ਕਿ ਉਹ ਇਤਿਹਾਸ ਲਿਖਦਿਆਂ ਭਾਸ਼ਾ, ਆਲੋਚਨਾ ਅਤੇ ਖੋਜ ਦੇ ਖੇਤਰ ਵਿਚ ਲੋੜੋਂ ਵੱਧ ਪ੍ਰਵੇਸ਼ ਕਰ ਜਾਂਦਾ ਹੈ ਪਰ ਇਹ ਉਸ ਸਮੇਂ ਦੇ ਲਗਪਗ ਸਾਰੇ ਸਾਹਿਤ-ਇਤਿਹਾਸਕਾਰਾਂ ਦੀ ਕਮਜ਼ੋਰੀ ਹੈ। ਸੀਤਲ ਦੀ ਵੱਡੀ ਦੇਣ ਇਹ ਹੈ ਕਿ ਉਸਨੇ ਭਰਪੂਰ ਅਤੇ ਵੰਨ-ਸੁਵੰਨੀ ਸਮੱਗਰੀ ਇਕੱਠੀ ਕੀਤੀ ਹੈ। ‘ਉਸਦੀ ਲੰਮੇ ਅਰਸੇ ਵਿਚ ਫੈਲੇ ਤੱਥਾਂ ਉੱਤੇ ਪਕੜ ਸਲਾਹੁਣਯੋਗ ਹੈ।’ ਇਵੇਂ ਹੀ ਪਿਆਰਾ ਸਿੰਘ ਪਦਮ ਵੀ ਅੱਖੋਂ-ਪਰੋਖੇ ਹੋਇਆ ਇਤਿਹਾਸਕਾਰ ਹੈ ਜਿਸਨੂੰ ਸਾਹਿਤ-ਅਧਿਐਨ ਦੇ ਵੱਖ-ਵੱਖ ਅਨੁਸ਼ਾਸਨਾਂ ਦੀ ਸੋਝੀ ਹੈ ਅਤੇ ਜਿਸਨੇ ਕਈ ਮਹੱਤਵਪੂਰਨ ਪੂਰਵਵਰਤੀਆਂ ਦੇ ਉਲਟ ਨਵੇਂ ਸਾਹਿਤ ਉੱਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ।
ਇਸ ਪੁਸਤਕ ਦਾ ਤੀਸਰਾ ਕਾਂਡ ਬੜੀ ਤਫ਼ਸੀਲ ਨਾਲ ਪੰਜਾਬੀ ਸਾਹਿਤ-ਇਤਿਹਾਸਕਾਰੀ ਦੇ ਸਮੁੱਚੇ ਦ੍ਰਿਸ਼ ਨੂੰ ਲੜੀਬੱਧ ਕਰਕੇ ਪੇਸ਼ ਕਰਦਾ ਹੈ। ਪਹਿਲਾਂ ਤਾਂ ਉਹ ਇਤਿਹਾਸਕਾਰੀ ਦਾ ਮੁਲਾਂਕਣ ਕਰਦੇ ਪੰਜ ਲੇਖਾਂ ਦਾ ਜ਼ਿਕਰ ਕਰਦਾ ਹੈ ਜਿਨ੍ਹਾਂ ਵਿਚ ਡਾ. ਹਰਿਭਜਨ ਸਿੰਘ, ਡਾ. ਅਤਰ ਸਿੰਘ, ਡਾ. ਰਵਿੰਦਰ ਰਵੀ, ਡਾ. ਤਰਲੋਕ ਸਿੰਘ ਕੰਵਰ ਅਤੇ ਡਾ. ਤੇਜਵੰਤ ਗਿੱਲ ਦੇ ਵੱਖ-ਵੱਖ ਥਾਵਾਂ ’ਤੇ ਛਪੇ ਮਜ਼ਮੂਨ ਸ਼ਾਮਿਲ ਹਨ। ਇਹ ਸਾਰੇ ਵਿਦਵਾਨ ਸਾਹਿਤ ਦੇ ਇਤਿਹਾਸਾਂ ਵਿਚਲੇ ਖੱਪਿਆਂ ਨੂੰ ਉਘਾੜਦੇ ਹਨ ਭਾਵੇਂ ਕਿ ਤੇਜਵੰਤ ਗਿੱਲ ਨੂੰ ਕਿਸੇ ਦਾ ਕੋਈ ਪੱਖ ‘ਪ੍ਰਸ਼ੰਸਾਯੋਗ’ ਨਹੀਂ ਲਗਦਾ। ਡਾਕਟਰ ਭਾਟੀਆ ਨੇ ਇਸ ਮਜ਼ਮੂਨ ਵਿਚ ਪੰਜਾਬੀ ਦੇ ਲਗਪਗ ਸਾਰੇ ਹੀ ਸਾਹਿਤ-ਇਤਿਹਾਸਕਾਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਵਿਚਲੀਆਂ ਵਿਸ਼ੇਸ਼ਤਾਵਾਂ ਅਤੇ ਵਿਲੱਖਣਤਾਵਾਂ ਨੂੰ ਬਿਆਨਿਆ ਹੈ। ਇਨ੍ਹਾਂ ਸਾਹਿਤਕਾਰਾਂ ਵਿਚ ਉਪਰੋਕਤ ਦਸ ਤੋਂ ਇਲਾਵਾ ਦਰਜਨਾਂ ਹੋਰ ਅਜਿਹੇ ਲੇਖਕਾਂ ਦਾ ਜ਼ਿਕਰ ਹੈ ਜਿਨ੍ਹਾਂ ਨੇ ਸਮੁੱਚੇ ਸਾਹਿਤ ਜਾਂ ਕਿਸੇ ਇਕ ਕਾਲ-ਖੰਡ ਜਾਂ ਕਿਸੇ ਇਕ ਸਿਨਫ਼ ਬਾਰੇ ਲਿਖਿਆ ਹੈ। ਭਾਸ਼ਾ ਵਿਭਾਗ, ਸਾਹਿਤ ਅਕਾਦਮੀ, ਪੰਜਾਬ ਯੂਨੀਵਰਸਟੀ, ਪੰਜਾਬੀ ਅਕਾਦਮੀ ਆਦਿਕ ਵੱਖ-ਵੱਖ ਅਦਾਰਿਆਂ ਵੱਲੋਂ ਪ੍ਰਕਾਸ਼ਿਤ ਸਾਹਿਤ ਦੇ ਇਤਿਹਾਸਾਂ ਦੀਆਂ ਜਿਲਦਾਂ ਉੱਤੇ ਵੀ ਟਿੱਪਣੀਆਂ ਕੀਤੀਆਂ ਗਈਆਂ ਹਨ। ਪ੍ਰਿੰਸੀਪਲ ਤੇਜਾ ਸਿੰਘ ਨੂੰ ਪੰਜਾਬੀਆਂ ਦੀ ਇਤਿਹਾਸਕ ਚੇਤਨਾ ਦੀ ਘਾਟ ਰੜਕਦੀ ਰਹੀ। ਉਸੇ ਪ੍ਰਸੰਗ ਵਿਚ ਭਾਟੀਆ ਵੀ ਇਹ ਨਤੀਜਾ ਕੱਢਦਾ ਹੈ ਕਿ ਪੰਜਾਬੀ ਤੱਥਾਂ ਦੀ ਸੰਭਾਲ ਨਹੀਂ ਕਰਦੇ ਅਤੇ ਇਤਿਹਾਸ ਨੂੰ ਬਨਾਉਟੀ ਤੌਰ ’ਤੇ ਘੜਦੇ ਹਨ। ਅਸੀਂ ਉਸ ਵਿਚ ਖੋਟ ਰਲਾ ਕੇ ਤੱਥਾਂ ਦੀ ਅਪ੍ਰਸੰਗਿਕ ਵਿਆਖਿਆ ਕਰਦੇ ਹਾਂ। ਇਤਿਹਾਸਕਾਰੀ ਦੇ ਡੂੰਘੇ ਮੁਲਾਂਕਣ ਵਾਸਤੇ ਸਾਡੇ ਕੋਲ ਖੋਜ, ਸਿਧਾਂਤ, ਆਲੋਚਨਾ ਅਤੇ ਇਤਿਹਾਸ ਦੇ ਅਨੁਸ਼ਾਸਨਾਂ ਉੱਤੇ ਵਿਗਿਆਨਕ ਪਕੜ ਚਾਹੀਦੀ ਹੈ। ਇਸਦੇ ਨਾਲ-ਨਾਲ ਤੱਥਾਂ ਦੀ ਤਲਾਸ਼, ਸੰਭਾਲ ਤੇ ਮਾਨਵੀ ਸਰੋਕਾਰਾਂ ਵਾਲਾ ਵਿਵੇਚਨ ਅਤੇ ਵਿਆਖਿਆ ਦਰਕਾਰ ਹੈ ਕਿਉਂਕਿ ਇਹੋ ਵਿਆਖਿਆ ਹੀ ਪੰਜਾਬੀ ਮਾਨਸਿਕਤਾ ਅਤੇ ਸਭਿਆਚਾਰ ਦੇ ਅਨੁਕੂਲ ਹੋਵੇਗੀ। ਪੰਜਾਬੀਅਤ ਦੀ ਕਿਸੇ ਵੀ ਪ੍ਰਤੀਕੂਲ ਵਿਆਖਿਆ ਵਿਚੋਂ ਸਾਡੇ ਸਾਹਿਤ ਦੇ ਇਤਿਹਾਸ ਦਾ ਮਰਮ ਨਹੀਂ ਪਛਾਣਿਆ ਜਾ ਸਕਦਾ। ਨਿਰਸੰਦੇਹ ‘ਪੰਜਾਬੀ ਸਾਹਿਤ: ਇਤਿਹਾਸ ਅਤੇ ਇਤਿਹਾਸਕਾਰੀ’ ਵੱਡੇ ਕਲੇਵਰ ਵਾਲੀ ਵਡਮੁੱਲੀ ਰਚਨਾ ਹੈ।