ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ
ਕਰਮਜੀਤ ਸਿੰਘ ਚਿੱਲਾ
ਐਸ.ਏ.ਐਸ.ਨਗਰ(ਮੁਹਾਲੀ), 19 ਸਤੰਬਰ
ਭਾਸ਼ਾ ਵਿਭਾਗ ਦੇ ਜ਼ਿਲ੍ਹਾ ਦਫ਼ਤਰ ਮੁਹਾਲੀ ਵੱਲੋਂ ਅੱਜ ਇੱਥੋਂ ਦੇ ਫੇਜ਼ ਤਿੰਨ ਦੇ ਖਾਲਸਾ ਕਾਲਜ ਵਿੱਚ ‘ਪੰਜਾਬੀ ਸਾਹਿਤ ਸਿਰਜਣ ਅਤੇ ਕਵਿਤਾ ਗਾਇਨ ਮੁਕਾਬਲੇ’ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਲੇਖ ਰਚਨਾ, ਕਵਿਤਾ ਰਚਨਾ, ਕਹਾਣੀ ਰਚਨਾ ਅਤੇ ਕਵਿਤਾ ਗਾਇਨ ਦੇ ਮੁਕਾਬਲੇ ਸ਼ਾਮਲ ਸਨ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਰਸ਼ਨ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਮੈਟ੍ਰਿਕ ਪੱਧਰ ਦੇ ਲਗਪਗ 300 ਵਿਦਿਆਰਥੀਆਂ ਵੱਲੋਂ ਮੁਕਾਬਲਿਆਂ ਵਿੱਚ ਹਿੱਸਾ ਲਿਆ ਗਿਆ। ਕਵਿਤਾ ਗਾਇਨ ਮੁਕਾਬਲੇ ਵਿੱਚ 73, ਲੇਖ ਰਚਨਾ ਵਿਚ 84, ਕਹਾਣੀ ਰਚਨਾ ਵਿੱਚ 70 ਅਤੇ ਕਵਿਤਾ ਰਚਨਾ ਵਿੱਚ 54 ਵਿਦਿਆਰਥੀ ਸ਼ਾਮਲ ਹੋਏ। ਮੁਕਾਬਲਿਆਂ ਦੀ ਸ਼ੁਰੂਆਤ ਵਿਭਾਗੀ ਧੁਨੀ ‘ਧਨੁ ਲੇਖਾਰੀ ਨਾਨਕਾ’ ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਸਾਰਿਆਂ ਦਾ ਸਵਾਗਤ ਅਤੇ ਧੰਨਵਾਦ ਕੀਤਾ। ਕਵਿਤਾ ਗਾਇਨ ਵਿੱਚ ਲੇਜ਼ਲ ਰਾਏ (ਵਿੱਦਿਆ ਵੈਲੀ ਸਕੂਲ, ਖਰੜ) ਨੇ ਪਹਿਲਾ, ਦਿਲਪ੍ਰੀਤ ਕੌਰ (ਸਸਸਸ ਮਜਾਤੜੀ) ਨੇ ਦੂਜਾ ਅਤੇ ਅਭਜੋਤ ਸਿੰਘ (ਸਸਸਸ ਰਾਮਗੜ੍ਹ ਬੂਟਾ ਸਿੰਘ ਵਾਲਾ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਹਾਣੀ ਰਚਨਾ ਵਿੱਚ ਅਭਿਜੋਤ ਕੌਰ (ਮੈਕਸਿਮ ਮੈਰੀ ਸਕੂਲ, ਖਰੜ) ਨੇ ਪਹਿਲਾ, ਵੰਸ਼ਿਕਾ (ਸਸਸਸ, ਫੇਜ਼ 11, ਮੁਹਾਲੀ) ਨੇ ਦੂਜਾ ਅਤੇ ਮਨਿਕਾ ਕੁਮਾਰੀ (ਸਹਸ, ਫੇਜ਼ 5, ਮੁਹਾਲੀ) ਨੇ ਤੀਜੀ ਥਾਂ ਪ੍ਰਾਪਤ ਕੀਤੀ।
ਕਵਿਤਾ ਰਚਨਾ ਵਿੱਚ ਸਿਮਰਨਜੀਤ ਸਿੰਘ (ਸਹਸ ਰਾਜੋਮਾਜਰਾ) ਨੇ ਪਹਿਲਾ, ਹਰਜੋਤ ਸਿੰਘ (ਸ਼ਿਸ਼ੂ ਨਿਕੇਤਨ ਪਬਲਿਕ ਸਕੂਲ- 66, ਮੁਹਾਲੀ) ਨੇ ਦੂਜਾ ਅਤੇ ਮੰਨਤ ਮਲਿਕ (ਸਸਸਸ, ਝੰਜੇੜੀ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੇਖ ਰਚਨਾ ਵਿੱਚ ਸਵੈਨ ਸਹੋਤਾ (ਸਹਸ ਦੱਪਰ) ਨੇ ਪਹਿਲਾ, ਹਰਸ਼ਿਤਾ (ਸਕੂਲ ਆਫ਼ ਐਮੀਨੈਂਸ, ਖਰੜ) ਨੇ ਦੂਜਾ ਅਤੇ ਜਸਪ੍ਰੀਤ ਕੌਰ (ਸਹਸ ਮਜਾਤ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜ਼ਿਲ੍ਹਾ ਪੱਧਰ ’ਤੇ ਜੇਤੂ ਰਹੇ ਵਿਦਿਆਰਥੀ ਪਟਿਆਲਾ ਵਿਖੇ ਨਵੰਬਰ ਮਹੀਨੇ ਵਿਚ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਨਿਰੀਖਕ ਪੈਨਲ ਵਿਚ ਡਾ. ਪੁਸ਼ਪਿੰਦਰ ਕੌਰ, ਸੁਖਵਿੰਦਰ ਕੌਰ, ਦਿਲਪ੍ਰੀਤ ਕੌਰ, ਪ੍ਰੋ. ਗੁਰਜੋਧ ਕੌਰ ਸ਼ਾਮਿਲ ਹੋਏ। ਇਸ ਮੌਕੇ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਅਤੇ ਜ਼ਿਲ੍ਹੇ ਦੀਆਂ ਹੋਰ ਅਦਬੀ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਇਸ ਮੌਕੇ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।