ਪੰਜਾਬੀ ਜ਼ੁਬਾਨ ਨੂੰ ਆਪਣਿਆਂ ਤੋਂ ਖ਼ਤਰਾ: ਫ਼ਖਰ ਜ਼ਮਾਨ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 19 ਜਨਵਰੀ
ਲਹਿੰਦੇ ਪੰਜਾਬ ਦੇ ਲਾਹੌਰ ਵਿੱਚ ਸ਼ੁਰੂ ਹੋਈ ਤਿੰਨ ਰੋਜ਼ਾ 34ਵੀਂ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਮੁੱਖ ਪ੍ਰਬੰਧਕ ਅਤੇ ਪਾਕਿਸਤਾਨ ਦੇ ਸਾਬਕਾ ਵਜ਼ੀਰ ਫ਼ਖਰ ਜ਼ਮਾਨ ਨੇ ਕਿਹਾ ਕਿ ਪੰਜਾਬੀ ਜ਼ੁਬਾਨ ਨੂੰ ਬਿਗਾਨਿਆਂ ਨਾਲੋਂ ਆਪਣਿਆਂ ਤੋਂ ਵਧੇਰੇ ਖ਼ਤਰਾ ਹੈ। ਇਸ ਲਈ ਅਜਿਹੇ ਉਪਰਾਲੇ ਵਧੇਰੇ ਲੋੜੀਂਦੇ ਹਨ ਜੋ ਪੰਜਾਬੀਆਂ ਵਿੱਚ ਪੰਜਾਬੀ ਦੀ ਅਲਖ ਜਗਾਉਣ ਵਿੱਚ ਸਹਾਈ ਸਿੱਧ ਹੋਣ। ਉਨ੍ਹਾਂ ਕਾਨਫਰੰਸ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕੀਤਾ।
ਇਸ ਸਬੰਧੀ ਭਾਰਤ ਤੋਂ 65 ਮੈਂਬਰੀ ਵਫ਼ਦ ਕੱਲ੍ਹ ਵਾਹਗਾ-ਅਟਾਰੀ ਸੜਕ ਰਸਤਿਓਂ ਪਾਕਿਸਤਾਨ ਪੁੱਜਿਆ ਸੀ। ਇਸ ਤੋਂ ਇਲਾਵਾ ਵੱਖ-ਵੱਖ ਮੁਲਕਾਂ ਤੋਂ ਵੀ ਕੁਝ ਡੈਲੀਗੇਟ ਆਏ। ਕਾਨਫਰੰਸ ਦੇ ਭਾਰਤੀ ਚੈਪਟਰ ਦੇ ਚੇਅਰਮੈਨ ਡਾ. ਦੀਪਕ ਮਨਮੋਹਨ ਸਿੰਘ ਨੇ ਲਾਹੌਰ ਸ਼ਹਿਰ ਦੀ ਤਾਰੀਫ ਕਰਦਿਆਂ ਕਿਹਾ ਕਿ ਇਸ ਸ਼ਹਿਰ ਨੇ ਪੰਜਾਬੀ ਬੋਲੀ, ਤਹਿਜ਼ੀਬ ਤੇ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੈ। ਪੰਜਾਬੀ ਵਿਰਾਸਤ ਲੋਕ ਅਕਾਡਮੀ ਦੇ ਚੇਅਰਮੈਨ ਗੁਰਭਜਨ ਸਿੰਘ ਗਿੱਲ ਨੇ ਵਿਸ਼ਵ ਪੰਜਾਬੀ ਕਾਨਫਰੰਸ ਦੀ ਸ਼ੁਰੂਆਤ ਤੋਂ ਲੈ ਕੇ ਇਸ ਨੂੰ ਕਾਮਯਾਬ ਕਰਨ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖਸੀਅਤਾਂ ਨੂੰ ਯਾਦ ਕੀਤਾ। ਇਨ੍ਹਾਂ ਵਿੱਚ ਸੁਤਿੰਦਰ ਨੂਰ, ਹਰਵਿੰਦਰ ਸਿੰਘ ਹੰਸਪਾਲ, ਅਜਮੇਰ ਔਲਖ, ਪ੍ਰਿੰਸੀਪਲ ਸਰਵਣ ਸਿੰਘ, ਵਰਿਆਮ ਸੰਧੂ ਦਾ ਖ਼ਾਸ ਜ਼ਿਕਰ ਕੀਤਾ।
ਉਨ੍ਹਾਂ ਕਿਹਾ ਕਿ ਕਾਨਫਰੰਸ ਸਦਕਾ ਅੱਜ ਗੁਰਮੁਖੀ ਦੀਆਂ ਕਿਤਾਬਾਂ ਹੁਣ ਸ਼ਾਹਮੁਖੀ ਵਿੱਚ ਵੀ ਪ੍ਰਕਾਸ਼ਿਤ ਹੋਣ ਲੱਗੀਆਂ ਹਨ। ਡੌਲੀ ਗੁਲੇਰੀਆ ਨੇ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੇ ਹਵਾਲੇ ਨਾਲ ਲਾਹੌਰ ਸ਼ਹਿਰ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਬਾਬਾ ਨਜਮੀ ਨੇ ਪੰਜਾਬੀ ਮਾਂ ਬੋਲੀ ਅਤੇ ਫਿਰਕੂ ਸਦਭਾਵਨਾ ਦਾ ਹੋਕਾ ਦਿੰਦੀਆਂ ਆਪਣੀ ਮਕਬੂਲ ਰਚਨਾਵਾਂ ਸੁਣਾਈਆਂ। ਡਾ. ਸੁਖਦੇਵ ਸਿਰਸਾ ਨੇ ਸੂਫਇਜ਼ਮ ਬਾਰੇ ਪੇਪਰ ਪੜ੍ਹਿਆ। ਕਾਨਫਰੰਸ ਦੇ ਭਾਰਤੀ ਚੈਪਟਰ ਦੇ ਕੋਆਰਡੀਨੇਟਰ ਸਹਿਜਪ੍ਰੀਤ ਸਿੰਘ ਮਾਂਗਟ ਨੇ ਉਦਘਾਟਨੀ ਸੈਸ਼ਨ ਦਾ ਮੰਚ ਸੰਚਾਲਨ ਕੀਤਾ। ਇਸ ਮੌਕੇ ਗੁਰਭਜਨ ਸਿੰਘ ਗਿੱਲ, ਸਹਿਜਪ੍ਰੀਤ ਸਿੰਘ ਮਾਂਗਟ, ਤ੍ਰੈਲੋਚਨ ਲੋਚੀ, ਨਵਦੀਪ ਸਿੰਘ ਗਿੱਲ ਤੇ ਜੰਗ ਬਹਾਦਰ ਗੋਇਲ ਦੀਆਂ ਪੁਸਤਕਾਂ ਦੇ ਸ਼ਾਹਮੁਖੀ ਐਡੀਸ਼ਨ ਰਿਲੀਜ਼ ਕੀਤੇ ਗਏ। ਕਾਨਫਰੰਸ ਵਿੱਚ ਅਮਰੀਕਾ ਤੋਂ ਰਣਜੀਤ ਸਿੰਘ ਗਿੱਲ, ਜਪਾਨ ਤੋਂ ਪਰਮਿੰਦਰ ਸੋਢੀ, ਕੈਨੇਡਾ ਤੋਂ ਪ੍ਰਭਜੋਤ ਕੌਰ, ਇੰਗਲੈਂਡ ਤੋਂ ਰੂਬੀ ਢਿੱਲੋਂ ਤੇ ਆਸਟਰੇਲੀਆ ਤੋਂ ਮਿੰਟੂ ਬਰਾੜ
ਵੀ ਸ਼ਾਮਲ ਹੋਏ।