For the best experience, open
https://m.punjabitribuneonline.com
on your mobile browser.
Advertisement

‘ਪੰਜਾਬੀ ਬੋਲੀ ਅਤੇ ਵਿਰਸਾ’ ਇੱਕ ਸੰਪੂਰਨ ਦਸਤਾਵੇਜ਼

08:37 AM Jul 24, 2024 IST
‘ਪੰਜਾਬੀ ਬੋਲੀ ਅਤੇ ਵਿਰਸਾ’ ਇੱਕ ਸੰਪੂਰਨ ਦਸਤਾਵੇਜ਼
Advertisement

ਰਵਿੰਦਰ ਸਿੰਘ ਸੋਢੀ

ਪੰਜਾਬੀ ਪਰਵਾਸੀ ਸਾਹਿਤਕਾਰ ਸੁਖਿੰਦਰ ਬਹੁ-ਵਿਧਾਵੀ ਲੇਖਕ ਹੈ। 1972 ਤੋਂ 2024 ਤੱਕ ਉਹ 46 ਸਾਹਿਤਕ ਪੁਸਤਕਾਂ ਦੀ ਸਿਰਜਣਾ ਕਰ ਚੁੱਕਿਆ ਹੈ। ਇਸ ਵਿੱਚ ਵਿਗਿਆਨ, ਕਵਿਤਾ, ਆਲੋਚਨਾ, ਵਾਰਤਕ, ਨਾਵਲ, ਬਾਲ ਸਾਹਿਤ, ਸੰਪਾਦਨ ਆਦਿ ਸ਼ਾਮਲ ਹਨ। ਉਹ ‘ਸੰਵਾਦ’ ਮੈਗਜ਼ੀਨ ਦਾ ਸੰਪਾਦਕ ਵੀ ਹੈ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵੀ ਉਸ ਦੀ ਇੱਕ ਪੁਸਤਕ ਪ੍ਰਕਾਸ਼ਿਤ ਹੋ ਚੁੱਕੀ ਹੈ। ਉਹ ਜਿਹੜੀ ਵੀ ਵਿਧਾ ਵਿੱਚ ਰਚਨਾ ਕਰ ਰਿਹਾ ਹੋਵੇ, ਉਸ ਨਾਲ ਇਨਸਾਫ਼ ਕਰਦਾ ਹੈ। ਸਮੇਂ-ਸਮੇਂ ਵਾਪਰਦੀਆਂ ਮਹੱਤਵਪੂਰਨ ਘਟਨਾਵਾਂ ’ਤੇ ਵੀ ਕਲਮ ਚਲਾਉਂਦਾ ਹੈ। ਜਿਵੇਂ ਕਿ ਜਦੋਂ ਕੋਵਿਡ ਮਹਾਮਾਰੀ ਦੇ ਪ੍ਰਕੋਪ ਨੇ ਵਿਸ਼ਵ ਪੱਧਰ ’ਤੇ ਤਬਾਹੀ ਮਚਾਈ ਤਾਂ ਉਸ ਸਬੰਧੀ ਉਸ ਨੇ ਨਾਵਲ ਲਿਖਿਆ; ਜਦੋਂ ਭਾਰਤ ਵਿੱਚ ਚੱਲੇ ਕਿਸਾਨ ਅੰਦੋਲਨ ਦੀ ਅੰਤਰ-ਰਾਸ਼ਟਰੀ ਪੱਧਰ ’ਤੇ ਚਰਚਾ ਹੋਈ ਤਾਂ ਉਸ ਨੇ ਕਿਸਾਨ ਅੰਦੋਲਨ ਸਬੰਧੀ ਲਿਖੀਆਂ ਕਵਿਤਾਵਾਂ ਵਿੱਚੋਂ ਕੁਝ ਕੁ ਕਵਿਤਾਵਾਂ ਚੁਣ ਕੇ ਇੱਕ ਪੁਸਤਕ ਸੰਪਾਦਿਤ ਕੀਤੀ।
ਇਸ ਤੋਂ ਬਾਅਦ ਉਸ ਨੇ ਦੋ ਮਹੱਤਵਪੂਰਨ ਮੁੱਦਿਆਂ ਨੂੰ ਆਧਾਰ ਬਣਾ ਕੇ ਦੋ ਪੁਸਤਕਾਂ ਦਾ ਸੰਪਾਦਨ ਕੀਤਾ, ਜਿਸ ਲਈ ਉਸ ਨੇ ਦੁਨੀਆ ਦੇ ਹਰ ਖਿੱਤੇ ਵਿੱਚ ਵਸੇ ਪੰਜਾਬੀ ਲੇਖਕਾਂ ਨੂੰ ਆਪਣੇ ਵੱਲੋਂ ਨਿਰਧਾਰਤ ਕੀਤੇ ਵਿਸ਼ਿਆਂ ’ਤੇ ਲੇਖ ਲਿਖਣ ਲਈ ਪ੍ਰੇਰਿਤ ਕੀਤਾ। ਇਹ ਦੋ ਪੁਸਤਕਾਂ ਸਨ, ‘ਪੰਜਾਬੀ ਸਾਹਿਤਕ ਭ੍ਰਿਸ਼ਟਾਚਾਰ:ਖੁੱਲ੍ਹੇ ਭੇਦ’ ਅਤੇ ‘ਪੰਜਾਬੀ ਸਾਹਿਤ ਅਤੇ ਸੱਭਿਆਚਾਰ।’ ਇਸੇ ਲੜੀ ਵਿੱਚ ਉਸ ਦੀ ਤੀਸਰੀ ਪੁਸਤਕ ‘ਪੰਜਾਬੀ ਬੋਲੀ ਅਤੇ ਵਿਰਸਾ (ਨਿਬੰਧ)’ ਹੁਣੇ ਹੀ ਪ੍ਰਕਾਸ਼ਿਤ ਹੋਈ ਹੈ। ਇਸ ਪੁਸਤਕ ਵਿੱਚ ਡਾ. ਦਲਬੀਰ ਸਿੰਘ ਕਥੂਰੀਆ ਉਸ ਦਾ ਸਹਿ ਸੰਪਾਦਕ ਹੈ।
‘ਪੰਜਾਬੀ ਬੋਲੀ ਅਤੇ ਵਿਰਸਾ’ ਸਬੰਧੀ ਸੋਚਣਾ, ਉਸ ਦਾ ਖ਼ਾਕਾ ਉਲੀਕਣਾ, ਵਿਸ਼ਿਆਂ ਦੀ ਚੋਣ ਕਰਨਾ ਅਤੇ ਲੇਖਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਦਿੱਤੇ ਗਏ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਦੀ ਚੋਣ ਕਰ ਕੇ ਉਸ ਸਬੰਧੀ ਲਿਖਣ ਲਈ ਪ੍ਰੇਰਿਤ ਕਰਨਾ, ਲੇਖਾਂ ਦੀ ਚੋਣ ਕਰਕੇ ਉਨ੍ਹਾਂ ਨੂੰ ਤਰਤੀਬ ਦੇਣਾ, ਕੋਈ ਸਹਿਜ ਕਾਰਜ ਨਹੀਂ ਸਗੋਂ ਇੱਕ ਜਟਿਲ ਕਾਰਜ ਹੈ। ਇਸ ਪੁਸਤਕ ਵਿੱਚ 37 ਲੇਖ ਹਨ। ਲੇਖਾਂ ਦੇ ਸਿਰਲੇਖਾਂ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸੁਖਿੰਦਰ ਨੇ ਇਸ ਲਈ ਮਿਹਨਤ ਕੀਤੀ ਹੈ: ‘ਪੰਜਾਬੀ ਬੋਲੀ ਅਤੇ ਅਨੇਕਾਂ ਪੰਜਾਬ’ (ਬਲਵਿੰਦਰ ਸਿੰਘ ਚਾਹਲ ਯੂ.ਕੇ.), ‘ਪੰਜਾਬੀ ਬੋਲੀ ਅਤੇ ਪੰਜਾਬ ਦੀ ਵੰਡ’ (ਡਾ. ਪਵਨ ਸ਼ਰਮਾ, ਭਾਰਤ), ‘ਪੰਜਾਬੀ ਬੋਲੀ ਅਤੇ ਰਾਜਸੀ ਵਿਤਕਰੇ’ (ਨਿਰੰਜਣ ਬੋਹਾ, ਭਾਰਤ), ‘ਪੰਜਾਬੀ ਬੋਲੀ ਦੇ ਵਾਧੇ ਦੇ ਰਾਹ ਵਿੱਚ ਚੁਣੌਤੀਆਂ’ (ਸੁਖਿੰਦਰ, ਕੈਨੇਡਾ), ‘ਪੰਜਾਬੀ ਬੋਲੀ, ਪੰਜਾਬੀ ਬੰਦੇ ਅਤੇ ਪੰਜਾਬੀ ਵਿਰਸੇ ਦੇ ਪ੍ਰਸਪਰ ਰਿਸ਼ਤੇ ਦਾ ਸਰਾਪ’ (ਡਾ. ਸੁਖਪਾਲ ਸੰਘੇੜਾ, ਯੂ.ਐੱਸ.ਏ), ‘ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦਾ ਮੰਦਾ ਹਾਲ’ (ਪ੍ਰੋ. ਆਸ਼ਿਕ ਰਹਿਲ, ਪਾਕਿਸਤਾਨ), ‘ਪੰਜਾਬੀ ਜ਼ੁਬਾਨ ਕਦੇ ਨਹੀਂ ਮਰ ਸਕਦੀ’ (ਡਾ. ਸੈਮਾ ਬੈਤੂਲ, ਪਾਕਿਸਤਾਨ), ‘ਪੰਜਾਬੀ ਬੋਲੀ ਅਤੇ ਪੰਜਾਬੀ ਬੱਚੇ’ (ਡਾ. ਦਰਸ਼ਨ ਸਿੰਘ ਆਸ਼ਟ, ਭਾਰਤ), ‘ਪੰਜਾਬੀ ਬੋਲੀ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ’ (ਡਾ. ਦਵਿੰਦਰ ਪਾਲ ਸਿੰਘ, ਕੈਨੇਡਾ), ‘ਆਈ ਐੱਮ ਪੰਜਾਬੀ, ਬਟ ਮੀ ਨੋ ਪੰਜਾਬੀ’ (ਸੁਰਜੀਤ ਸਿੰਘ ਫਲੋਰਾ, ਕੈਨੇਡਾ), ‘ਪੰਜਾਬੀ ਬੋਲੀ ਦਾ ਵਿਰਸਾ’ (ਪ੍ਰੋ. ਜਸਪਾਲ ਸਿੰਘ, ਇਟਲੀ), ‘ਪੰਜਾਬੀ ਗੀਤਾਂ ਨੂੰ ਅੰਗਰੇਜ਼ੀ ਦਾ ਤੜਕਾ’ (ਪ੍ਰੋ. ਨਵ ਸੰਗੀਤ ਸਿੰਘ, ਭਾਰਤ), ‘ਮਾਂ ਬੋਲੀ ਦਾ ਮਹੱਤਵ ਅਤੇ ਪੰਜਾਬੀ ਭਾਸ਼ਾ ਦੀਆਂ ਉਪ-ਬੋਲੀਆਂ ਦੀ ਮੌਜੂਦਾ ਸਥਿਤੀ’ (ਡਾ. ਦਲਬੀਰ ਸਿੰਘ ਕਥੂਰੀਆ), ‘ਮਾਂ ਬੋਲੀ ਪੰਜਾਬੀ ਨੂੰ ਬਚਾਉਣ ਮਾਵਾਂ ਅੱਗੇ ਆਉਣ’ (ਡਾ. ਪਰਗਟ ਸਿੰਘ ਬੱਗਾ, ਕੈਨੇਡਾ) ਆਦਿ ਸ਼ਾਮਲ ਹਨ।
ਅਸਲ ਦੇਖਣ ਵਾਲੀ ਗੱਲ ਇਹ ਹੈ ਕਿ ਲੇਖਕਾਂ ਨੇ ਸਬੰਧਿਤ ਵਿਸ਼ੇ ’ਤੇ ਆਪਣੇ ਵਿਚਾਰ ਕਿਵੇਂ ਪ੍ਰਗਟਾਏ ਹਨ ਅਤੇ ਵਿਚਾਰਾਂ ਦੀ ਲੜੀ ਦੀ ਨਿਰੰਤਰਤਾ ਬਣਾਈ ਰੱਖੀ ਹੈ ਜਾਂ ਨਹੀਂ। ਮੁੱਖ ਬੰਦ ਵਿੱਚ ਸੰਪਾਦਕ ਨੇ ਪੰਜਾਬੀ ਬੋਲੀ ਦੇ ਇਤਿਹਾਸਕ ਵਿਰਸੇ ਦੇ ਉਸਰਨ ਦੀ ਗੱਲ ਕੀਤੀ ਹੈ, ਦੋਵੇਂ ਪੰਜਾਬ ਦੇ ਮੁੱਖ ਸਾਹਿਤਕਾਰਾਂ ਦਾ ਜ਼ਿਕਰ ਵੀ ਕੀਤਾ ਹੈ ਅਤੇ ਪੰਜਾਬੀ ਭਾਸ਼ਾ ਦੇ 5500 ਸਾਲ ਪੁਰਾਣੀ ਹੋਣ ਦੀ ਗੱਲ ਕੀਤੀ ਹੈ। ਮੇਰਾ ਵਿਚਾਰ ਹੈ ਕਿ ਸੁਖਿੰਦਰ ਨੂੰ ਮੁੱਖ ਬੰਦ ਵਿੱਚ ਇਹ ਚਰਚਾ ਜ਼ਰੂਰ ਕਰਨੀ ਚਾਹੀਦੀ ਸੀ ਕਿ ਉਸ ਨੇ ‘ਪੰਜਾਬੀ ਬੋਲੀ ਅਤੇ ਵਿਰਸਾ’ ਸਬੰਧੀ ਇਹ ਪੁਸਤਕ ਦੀ ਸੰਪਾਦਨ ਦਾ ਕਾਰਜ ਕਿਉਂ ਆਰੰਭਿਆ। ਬਲਵਿੰਦਰ ਸਿੰਘ ਚਾਹਲ ਨੇ ਪੰਜਾਬੀ ਬੋਲੀ ਨੂੰ ‘ਸੰਪੂਰਨ ਬੋਲੀ’ ਮੰਨਿਆ ਹੈ ਅਤੇ ਲਿਖਿਆ ਹੈ ਕਿ “ਪੰਜਾਬ ਪੰਜ ਦਰਿਆਵਾਂ ਤੋਂ ਫੈਲ ਕੇ ਸਾਗਰਾਂ ਦਾ ਪੰਜਾਬ ਬਣ ਚੁੱਕਿਆ ਹੈ।’’ ਡਾ. ਪਵਨ ਸ਼ਰਮਾ ਅਨੁਸਾਰ “ਪਾਕਿਸਤਾਨ ਵਿੱਚ ਪੰਜਾਬੀ ਬਹੁਤ ਹੱਦ ਤੱਕ ਇੱਕ ਗ਼ੈਰ ਰਸਮੀ ਭਾਸ਼ਾ ਤੱਕ ਸੀਮਤ ਹੋ ਗਈ ਹੈ।’’ ਉਸ ਦਾ ਇਹ ਵੀ ਕਹਿਣਾ ਹੈ ਕਿ “ਪੰਜਾਬੀ ਦਾ ਸ਼ਬਦ ਭੰਡਾਰ ਸੁੰਗੜ ਰਿਹਾ ਹੈ” ਪਰ ਮੇਰੇ ਮੁਤਾਬਕ ਇਸ ਪੱਖੋਂ ਡਾ. ਸ਼ਰਮਾ ਨੂੰ ਕੁਝ ਟਪਲਾ ਲੱਗਿਆ ਹੈ।
ਨਿਰੰਜਣ ਬੋਹਾ ਦਾ ਵਿਚਾਰ ਹੈ ਕਿ “ਪੰਜਾਬ (ਭੂਗੋਲਿਕ ਖੇਤਰ), ਪੰਜਾਬੀ ਬੋਲੀ ਤੇ ਪੰਜਾਬੀਅਤ (ਭਾਈਚਾਰਾ) ਇੱਕ ਦੂਜੇ ਦੇ ਇਸ ਤਰ੍ਹਾਂ ਪੂਰਕ ਹਨ ਕਿ ਜੇ ਇੱਕ ਅੰਗ ਨੂੰ ਥੋੜ੍ਹੀ ਜਿਹੀ ਵੀ ਤਕਲੀਫ਼ ਹੁੰਦੀ ਹੈ ਤਾਂ ਉਸ ਦਾ ਪ੍ਰਭਾਵ ਫੌਰੀ ਤੌਰ ’ਤੇ ਦੂਸਰੇ ਅੰਗਾਂ ’ਤੇ ਵੀ ਪੈਂਦਾ ਹੈ।’’ ਉਸ ਨੇ ਬੜੀ ਬੇਬਾਕੀ ਨਾਲ ਲਿਖਿਆ ਹੈ ਕਿ “ਕੇਂਦਰੀ ਸਰਕਾਰਾਂ (ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ) ਨੇ ਖੇਤਰੀ ਬੋਲੀਆਂ ਨਾਲ ਅਨਿਆਂ ਹੀ ਕੀਤਾ ਹੈ?’’ ਇਸ ਪੱਖ ਤੋਂ ਉਸ ਨੇ ਸ਼੍ਰੋਮਣੀ ਅਕਾਲੀ ਦਲ ਦੀ ਸੋਚ ਦਾ ਵੀ ਜ਼ਿਕਰ ਕੀਤਾ ਹੈ ਜੋ ਬਿਲਕੁਲ ਸਹੀ ਹੈ। ਸੁਖਿੰਦਰ ਨੇ ਲਿਖਿਆ ਹੈ ਕਿ “ਰਾਜਨੀਤੀ ਨੇ ਹਮੇਸ਼ਾ ਪੰਜਾਬੀ ਬੋਲੀ ਦੇ ਵਾਧੇ ਵਿੱਚ ਰੁਕਾਵਟ ਹੀ ਪਾਈ ਹੈ।’’ ਸੰਪਾਦਕ ਦੇ ਇਸ ਵਿਚਾਰ ਨੂੰ ਝੁਠਲਾਇਆ ਨਹੀਂ ਜਾ ਸਕਦਾ। ਉਸ ਨੇ ਮਾਂ ਬੋਲੀ ਅਤੇ ਧਰਮ ਨਿਰਪੱਖਤਾ, ਇੰਟਰਨੈੱਟ ਅਤੇ ਨਵੀਂ ਤਕਨਾਲੋਜੀ, ਪੁਸਤਕ ਮੇਲੇ, ਜੰਗ, ਅਮਨ ਤੇ ਦੋਸਤੀ, ਲੱਚਰ ਗਾਇਕੀ, ਤਨਕੀਦ/ ਆਲੋਚਨਾ/ਸਮੀਖਿਆ ਜਿਹੇ ਨੁਕਤਿਆਂ ਨੂੰ ਵੀ ਆਪਣੇ ਨਿਬੰਧ ਵਿੱਚ ਛੂਹਿਆ ਹੈ। ਡਾ. ਸੁਖਪਾਲ ਸੰਘੇੜਾ ਦਾ ਵਿਦਵਤਾ ਪੂਰਨ ਲੇਖ ਪੜ੍ਹਨਯੋਗ ਹੈ। ਉਸ ਨੇ ਪੰਜਾਬੀ ਬੋਲੀ ਦੇ ਦੋ ਵੱਡੇ ਦੁਸ਼ਮਣ-ਜੜ੍ਹਤਾ ਅਤੇ ਭੂਤ ਮੁਖੀ ਸੋਚ ’ਤੇ ਚਰਚਾ ਕਰਦੇ ਹੋਏ ਲਿਖਿਆ ਹੈ ਕਿ ‘ਪੰਜਾਬੀ ਦੀ ਰਖਵਾਲੀ ਲਈ ਭਵਿੱਖ ਮੁਖੀ ਸੋਚ ਦੀ ਜ਼ਰੂਰਤ ਹੈ।’’ ਆਪਣੇ ਲੇਖ ਵਿੱਚ ਉਸ ਨੇ ਪੰਜਾਬੀ ਬੋਲੀ ਦੇ ਜਿਊਂਦੇ ਰਹਿਣ ਲਈ ਤਿੰਨ ਨੁਕਤਿਆਂ ਦਾ ਵੀ ਜ਼ਿਕਰ ਕੀਤਾ ਹੈ।
ਪ੍ਰੋ. ਆਸ਼ਿਕ ਰਹਿਲ ਅਤੇ ਸਲੀਮ ਪਾਸਾ ਨੇ ਮੌਜੂਦਾ ਸਮੇਂ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਪੰਜਾਬੀਆਂ ਅਤੇ ਸਰਕਾਰ ਵੱਲੋਂ ਹੀ ਪੰਜਾਬੀ ਮਾਂ-ਬੋਲੀ ਪ੍ਰਤੀ ਬੇਰੁਖੀ ਸਬੰਧੀ ਲੋਕ ਆਵਾਜ਼ ਦੀ ਤਰਜ਼ਮਾਨੀ ਕੀਤੀ ਹੈ। ਡਾ. ਦੇਵਿੰਦਰ ਪਾਲ ਸਿੰਘ ਨੇ ਆਪਣੇ ਲੇਖ ਵਿੱਚ ਪੰਜਾਬੀ ਬੋਲੀ ’ਤੇ ਏ.ਆਈ. ਦੇ ਚੰਗੇ ਅਤੇ ਮਾੜੇ ਦੋਹਾਂ ਪੱਖਾਂ ਦਾ ਜ਼ਿਕਰ ਕੀਤਾ ਹੈ। ਇਹ ਲੇਖ ਅਜੋਕੇ ਸਮੇਂ ਦੀਆਂ ਨਵੀਆਂ ਚੁਣੌਤੀਆਂ ਨਾਲ ਸਾਹਮਣਾ ਕਰਨ ਦੀ ਪ੍ਰੇਰਨਾ ਦਿੰਦਾ ਹੈ। ਹਰਵਿੰਦਰ ਸਿੰਘ ਨੇ ਵੀ ਪੰਜਾਬੀ ਭਾਸ਼ਾ ਅਤੇ ਡਿਜੀਟਲ ਕਲਚਰ ’ਤੇ ਗੱਲ ਕਰਦੇ ਹੋਏ ਸਬੰਧਿਤ ਵਿਸ਼ੇ ਦੀਆਂ ਸਮੱਸਿਆਵਾਂ ਅਤੇ ਸੰਭਾਵਨਾਵਾਂ ਵੱਲ ਪਾਠਕਾਂ ਦਾ ਧਿਆਨ ਦਿਵਾਇਆ ਹੈ। ਸੁਰਜੀਤ ਸਿੰਘ ਫਲੋਰਾ ਨੇ ਆਪਣੀ ਉਦਾਹਰਨ ਦੇ ਕੇ ਆਪਣੇ ਵਿਸ਼ੇ ’ਤੇ ਚਰਚਾ ਕੀਤੀ ਹੈ ਅਤੇ ‘ਵਿਦੇਸ਼ਾਂ ਵਿੱਚ ਵੀ ਲੇਖਕਾਂ ਦੇ ਆਪਣੇ-ਆਪਣੇ ਗਰੁੱਪਾਂ’ ਵੱਲ ਇਸ਼ਾਰਾ ਕੀਤਾ ਹੈ। ਉਸ ਨੂੰ ਦੁਖ ਹੈ ਕਿ ਪੰਜਾਬੀ ਭਾਸ਼ਾ ਆਪਣੇ ਮੁਲਕ ਦੇ ਵੱਖ-ਵੱਖ ਰਾਜਾਂ ਵਿੱਚ ਦਮ ਤੋੜ ਰਹੀ ਹੈ।
ਇਸ ਪੁਸਤਕ ਦੇ ਕੁਝ ਹੋਰ ਮਹੱਤਵਪੂਰਨ ਨਿਬੰਧਾਂ ਵਿੱਚੋਂ ਪ੍ਰੋ. ਨਵ ਸੰਗੀਤ ਸਿੰਘ, ਸੁਖਮਿੰਦਰ ਸੇਖੋਂ, ਡਾ. ਹਰਜੀਤ ਕੌਰ ਖੈਹਿਰਾ, ਅਫ਼ਜ਼ਲ ਰਾਜ਼, ਦਲਜਿੰਦਰ ਸਿੰਘ ਰਹਿਲ, ਡਾ. ਦਰਸ਼ਨ ਸਿੰਘ ਆਸ਼ਟ ਦੇ ਲੇਖ ਵੀ ਜ਼ਿਕਰਯੋਗ ਹਨ। ਇਸ ਦੇ ਨਾਲ ਹੀ ਇਹ ਲਿਖਣਾ ਵੀ ਜ਼ਰੂਰੀ ਹੈ ਕਿ ਕੁਝ ਲੇਖ ਹਲਕੇ ਪੱਧਰ ਦੇ ਵੀ ਸ਼ਾਮਲ ਕਰ ਲਏ ਗਏ ਹਨ। ਸੁਖਿੰਦਰ ਨੂੰ ਇੱਕ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਮਿਆਰੀ ਪੁਸਤਕ ਲਈ ਰਚਨਾਵਾਂ ਦੇ ਗੁਣਾਤਮਕ ਪੱਧਰ ਦਾ ਧਿਆਨ ਰੱਖਣਾ ਜ਼ਰੂਰੀ ਹੁੰਦਾ ਹੈ, ਗਿਣਾਤਮਕ ਪੱਖ ਦਾ ਨਹੀਂ। ਸਮੁੱਚੇ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ਪੰਜਾਬੀ ਬੋਲੀ ਤੇ ਵਿਰਸੇ ਸਬੰਧੀ ਪੁਸਤਕ ਦਾ ਸੰਪਾਦਨ ਕਰ ਕੇ ਸੁਖਿੰਦਰ ਅਤੇ ਡਾ. ਕਥੂਰੀਆ ਨੇ ਪ੍ਰਸੰਸਾ ਯੋਗ ਕਾਰਜ ਕੀਤਾ ਹੈ।

Advertisement

ਸੰਪਰਕ: 001-604-369-2371

Advertisement
Author Image

sukhwinder singh

View all posts

Advertisement
Advertisement
×