For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਲੇਨ ਧਮਾਕਾ: ਸਲੀਪਰ ਸੈੱਲ ਦਾ ਪਰਦਾਫਾਸ਼; ਚਾਰ ਗ੍ਰਿਫ਼ਤਾਰ

06:24 AM Mar 13, 2024 IST
ਪੰਜਾਬੀ ਲੇਨ ਧਮਾਕਾ  ਸਲੀਪਰ ਸੈੱਲ ਦਾ ਪਰਦਾਫਾਸ਼  ਚਾਰ ਗ੍ਰਿਫ਼ਤਾਰ
Advertisement

ਸ਼ਿਲਾਂਗ, 12 ਮਾਰਚ
ਮੇਘਾਲਿਆ ਪੁਲੀਸ ਨੇ ਰੀ-ਭੋਈ ਜ਼ਿਲ੍ਹੇ ’ਚ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਪਾਬੰਦੀਸ਼ੁਦਾ ‘ਹਾਈਨੀਵਟ੍ਰੇਪ ਨੈਸ਼ਨਲ ਲਬਿਰੇਸ਼ਨ ਕਾਂਊਸਲ (ਐਚਐਨਐਲਸੀ) ਦੇ ‘ਸਲੀਪਰ ਸੈਲ’ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਨੇ ਇਸ ਦੇ ਕਬਜ਼ੇ ’ਚੋਂ ਧਮਾਕਾਖੇਜ਼ ਸਮੱਗਰੀ (ਆਈਈਡੀ) ਵੀ ਬਰਾਮਦ ਕੀਤੀ ਹੈ। ਪੁਲੀਸ ਨੂੰ ਸ਼ੱਕ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਚਾਰੋ ਵਿਅਕਤੀ ਸ਼ਹਿਰ ਦੇ ਪੰਜਾਬੀ ਲੇਨ ਇਲਾਕੇ ’ਚ ਨੌਂ ਮਾਰਚ ਨੂੰ ਆਈਈਡੀ ਲਗਾਉਣ ਅਤੇ ਧਮਾਕਾ ਕਰਨ ’ਚ ਸ਼ਾਮਲ ਸਨ। ਇਸ ਧਮਾਕੇ ’ਚ ਇਕ ਵਿਅਕਤੀ ਫੱਟੜ ਹੋਇਆ ਸੀ। ਰੀ-ਭੋਈ ਦੇ ਐਸਪੀ ਧਨੋਆ ਸਿੰਘ ਨੇ ਦੱਸਿਆ ਕਿ ਮੇਘਾਲਿਆ ਪੁਲੀਸ ਇਕ ਹੋਰ ਧਮਾਕਾ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰਨ ’ਚ ਸਫ਼ਲ ਰਹੀ ਹੈ। ਪੁਲੀਸ ਨੇ ਸੋਮਵਾਰ ਸ਼ਾਮ ਨੂੰ ਦਮਨਭਾ ਰਿਪਨਾਰ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਸ ਦੇ ਵਾਹਨ ’ਚੋਂ ਆਈਈਡੀ ਬਰਾਮਦ ਕੀਤੀ ਹੈ। ਰਿਪਨਾਰ ਦੀ ਗ੍ਰਿਫ਼ਤਾਰੀ ਦੇ ਨਾਲ ਜ਼ਿਲ੍ਹੇ ਦੇ ਉਮਸਨਿੰਗ ਤੇ ਨੌਗਪੋਹ ਕਸਬੇ ਦੇ ਤਿੰਨ ਹੋਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਚਾਰੋ ਐਚਐਨਐਲਸੀ ਦੇ ਸਰਗਰਮ ‘ਸਲੀਪਰ ਸੈਲ’ ਹਨ। -ਪੀਟੀਆਈ

Advertisement

ਸਿੱਖ ਭਾਈਚਾਰੇ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਨੂੰ ਪੱਤਰ

ਅੰਮ੍ਰਿਤਸਰ (ਟਨਸ): ਉੱਤਰ ਪੂਰਬੀ ਰਾਜ ਮੇਘਾਲਿਆ ਦੀ ਰਾਜਧਾਨੀ ਸ਼ਿਲਾਂਗ ਵਿੱਚ ਹੋਏ ਬੰਬ ਧਮਾਕੇ ਤੋਂ ਬਾਅਦ ਇੱਥੇ ਰਹਿ ਰਹੇ ਸਿੱਖ ਭਾਈਚਾਰੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇੱਕ ਪੱਤਰ ਭੇਜ ਕੇ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਤੁਰੰਤ ਦਖਲ ਅੰਦਾਜ਼ੀ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਇਹ ਬੰਬ ਧਮਾਕਾ 9 ਮਾਰਚ ਦੀ ਦੇਰ ਰਾਤ ਨੂੰ ਸ਼ਿਲਾਂਗ ਦੇ ਬੜਾ ਬਾਜ਼ਾਰ ਨੇੜੇ ਹਰੀਜਨ ਕਲੋਨੀ ਦੇ ਕੋਲ ਹੋਇਆ ਸੀ ਜਿਸ ਵਿੱਚ ਇੱਕ ਸਿੱਖ ਵਿਅਕਤੀ ਜ਼ਖਮੀ ਵੀ ਹੋਇਆ ਸੀ। ਇਹ ਹਰੀਜਨ ਕਲੋਨੀ ਵਿੱਚ ਕਈ ਦਹਾਕਿਆਂ ਤੋਂ ਸਿੱਖ ਪਰਿਵਾਰ ਵਸੇ ਹੋਏ ਹਨ। ਹਰੀਜਨ ਕਲੋਨੀ ਦੀ ਹਰੀਜਨ ਪੰਚਾਇਤ ਕਮੇਟੀ ਦੇ ਸਕੱਤਰ ਗੁਰਜੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਨੂੰ ਭੇਜੇ ਪੱਤਰ ਵਿੱਚ ਆਖਿਆ ਕਿ ਇਸ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਤੁਰੰਤ ਦਖਲਅੰਦਾਜ਼ੀ ਦੀ ਲੋੜ ਹੈ। ਇਸ ਬੰਬ ਧਮਾਕੇ ਕਾਰਨ ਇਸ ਕਲੋਨੀ ਵਿੱਚ ਰਹਿ ਰਹੇ ਸਿੱਖ ਭਾਈਚਾਰੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਸਿੱਖ ਭਾਈਚਾਰਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਰਹਿ ਰਹੇ ਸਿੱਖ ਭਾਈਚਾਰੇ ਨੂੰ ਇਹ ਕਲੋਨੀ ਖਾਲੀ ਕਰਨ ਵਾਸਤੇ ਧਮਕੀ ਵੀ ਦਿੱਤੀ ਜਾ ਚੁੱਕੀ ਹੈ ਤੇ 2018 ਤੋਂ ਬਾਅਦ ਲਗਾਤਾਰ ਹਮਲੇ ਵੀ ਹੋ ਰਹੇ ਹਨ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਨੂੰ ਆਖਿਆ ਕਿ ਇਹ ਮਾਮਲਾ ਮੇਘਾਲਿਆ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਬੰਬ ਧਮਾਕੇ ਤੋਂ ਬਾਅਦ ਨਾ ਤਾਂ ਕੋਈ ਇਸ ਬਸਤੀ ਵਿੱਚ ਆਇਆ ਹੈ ਅਤੇ ਨਾ ਹੀ ਕਿਸੇ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ।

Advertisement
Author Image

joginder kumar

View all posts

Advertisement
Advertisement
×