ਸਰੀ ਕਾਰ ਹਾਦਸੇ ’ਚ ਮਾਰੀ ਗਈ ਪੰਜਾਬਣ ਦੀ ਪਛਾਣ ਹੋਈ
ਪੱਤਰ ਪ੍ਰੇਰਕ
ਵੈਨਕੂਵਰ, 21 ਜੁਲਾਈ
ਸਰੀ ’ਚ ਪਿਛਲੇ ਹਫਤੇ ਤੇਜ਼ ਰਫਤਾਰ ਕਾਰ ’ਚੋਂ ਡਿੱਗ ਕੇ ਹਲਾਕ ਹੋਈ 19 ਸਾਲਾ ਲੜਕੀ ਦੀ ਸ਼ਨਾਖ਼ਤ ਪੁਲੀਸ ਨੇ ਜਨਤਕ ਕਰ ਦਿੱਤੀ ਹੈ, ਜਿਸ ਦਾ ਨਾਂ ਸਾਨੀਆ ਦੱਸਿਆ ਗਿਆ ਹੈ। ਉਹ 9 ਜੁਲਾਈ ਨੂੰ ਭਾਰਤ ਤੋਂ ਸਟੱਡੀ ਵੀਜ਼ੇ ’ਤੇ ਕੈਨੇਡਾ ਪਹੁੰਚੀ ਸੀ ਤੇ 10-11 ਜੁਲਾਈ ਦੀ ਰਾਤ ਨੂੰ ਸਰੀ ਰਹਿੰਦੇ ਆਪਣੇ ਦੋਸਤਾਂ ਨਾਲ ਘੁੰਮ ਰਹੀ ਸੀ। ਪੁਲੀਸ ਜਾਂਚ ਕਰ ਰਹੀ ਹੈ ਕਿ ਸਨੀਆ ਨੇ ਚਲਦੀ ਕਾਰ ਵਿਚੋਂ ਛਾਲ ਮਾਰੀ ਜਾਂ ਕਾਰ ਪਲਟਣ ਤੋਂ ਬਾਅਦ ਬਾਹਰ ਡਿੱਗੀ। ਪਤਾ ਲੱਗਿਆ ਹੈ ਕਿ ਕਾਰ ਵਿਚਲੇ 20 ਤੇ 23 ਸਾਲ ਦੇ ਦੋਵੇਂ ਲੜਕੇ ਭਾਰਤ ਤੋਂ ਉਸ ਦੇ ਜਾਣਕਾਰ ਸਨ ਜੋ ਹਸਪਤਾਲ ਵਿਚ ਦਾਖਲ ਹਨ। ਮ੍ਰਿਤਕਾ ਦੇ ਰਿਸ਼ਤੇਦਾਰ ਬਲਜਿੰਦਰ ਭੰਡਾਲ ਵਲੋਂ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਲਈ ਫੰਡ ਇਕੱਠਾ ਕਰਨ ਲਈ ਮਾਪਿਆਂ ਵੱਲੋਂ ਨੰਬਰ ਜਾਰੀ ਕੀਤਾ ਗਿਆ ਸੀ। ਬਲਜਿੰਦਰ ਭੰਡਾਲ ਨੇ ਭਾਰਤ ਤੋਂ ਆਏ ਵਿਦਿਆਰਥੀਆਂ ਦੀ ਮਦਦ ਲਈ ਗਰੁੱਪ ਬਣਾਇਆ ਹੋਇਆ ਹੈ ਤੇ ਇਸ ਵੇਲੇ 22 ਹਜ਼ਾਰ ਡਾਲਰ ਤੱਕ ਦੀ ਰਾਸ਼ੀ ਮਦਦ ਲਈ ਪੁੱਜ ਗਈ ਹੈ ਜੋ ਉਸ ਦੀ ਮ੍ਰਿਤਕ ਦੇਹ ਭਾਰਤ ਭੇਜਣ ਲਈ ਵਰਤੀ ਜਾਵੇਗੀ।