For the best experience, open
https://m.punjabitribuneonline.com
on your mobile browser.
Advertisement

ਮਾਂ ਬੋਲੀ ਪੰਜਾਬੀ ਸਾਡੀ

07:19 AM Aug 25, 2024 IST
ਮਾਂ ਬੋਲੀ ਪੰਜਾਬੀ ਸਾਡੀ
Advertisement

ਰਾਬਿੰਦਰ ਸਿੰਘ ਰੱਬੀ

Advertisement

ਪੰਜਾਬੀ ਸਾਡੀ ਮਾਂ ਬੋਲੀ ਹੈ। ਸਾਡੀ ਰਗ਼-ਰਗ਼ ਵਿੱਚ ਪੰਜਾਬੀ ਦੀ ਗੁੜ੍ਹਤੀ ਹੈ। ਦੁਨੀਆ ਵਿੱਚ ਕਿਤੇ ਵੀ ਬੈਠਾ ਪੰਜਾਬੀ ਮੁੜ-ਘਿੜ ਕੇ ਪੰਜਾਬ ਵੱਲ ਦੇਖਦਾ ਹੈ। ਪੰਜਾਬੀ ਭਾਵੇਂ ਚਿਰਾਂ ਤੋਂ ਪੰਜਾਬੀਆਂ ਦੇ ਸਿਰਾਂ ’ਤੇ ਰਾਜ ਕਰ ਰਹੀ ਹੈ ਪਰ ਰਾਜ ਭਾਸ਼ਾ ਬਣਨ ਦਾ ਮਾਣ ਇਸ ਨੂੰ 1961 ਵਿੱਚ ਮਿਲਿਆ। ਭਾਵੇਂ ਸਿੱਧਾਂ, ਨਾਥਾਂ ਅਤੇ ਜੋਗੀਆਂ ਦੀ ਬੋਲੀ ਤੋਂ ਪਤਾ ਲੱਗਦਾ ਹੈ ਕਿ ਇਹ ਪੰਜਾਬੀ ਸਨ ਪਰ ਅਸਲ ਵਿੱਚ ਬਾਬਾ ਫ਼ਰੀਦ ਦੀ ਠੁੱਕਦਾਰ ਸ਼ੈਲੀ ਪੰਜਾਬੀ ਸਾਹਿਤ ਦੀ ਪ੍ਰਮਾਣਿਕ ਉਦਾਹਰਨ ਹੈ:
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਉ ਮਾਝਾ ਦੁਧੁ।।
ਸਭੇ ਵਸਤੂ ਮਿਠੀਆ ਰਬ ਨ ਪੁਜਨਿ ਤੁਧੁ।।
ਪ੍ਰਿੰਸੀਪਲ ਤੇਜਾ ਸਿੰਘ ਜਿਹੇ ਵਿਦਵਾਨ ਇਸ ਮੱਤ ਦੇ ਧਾਰਨੀ ਹਨ ਕਿ ਦੁਨੀਆ ਦੀ ਸਭ ਤੋਂ ਪੁਰਾਤਨ ਕਿਤਾਬ ਪੰਜਾਬੀ ਵਿੱਚ ਲਿਖੀ ਗਈ। ਤੇਜਾ ਸਿੰਘ ਮੁਤਾਬਿਕ ਰਿਗਵੇਦ ਪੰਜਾਬ ਦੀ ਧਰਤੀ ’ਤੇ ਰਚਿਆ ਗਿਆ, ਇਸ ਲਈ ਉਸ ਵਿੱਚ ਉਸ ਸਮੇਂ ਦੀ ਪੰਜਾਬੀ ਦੀ ਵਰਤੋਂ ਕੀਤੀ ਗਈ ਹੈ। ਖ਼ੈਰ... ਇਹ ਵੱਖਰਾ ਮਸਲਾ ਹੈ।
ਪੰਜਾਬੀ ਦੇ ਅਜੋਕੇ ਸ਼ਾਇਰਾਂ ਤੱਕ ਪੰਜਾਬੀ ਬੋਲੀ ਨੇ ਲੰਮਾ ਸਫ਼ਰ ਤੈਅ ਕੀਤਾ ਹੈ। ਕਿਤੇ ਗੋਡੇ ਰਗੜੇ ਗਏ, ਕੂਹਣੀਆਂ ਛਿੱਲੀਆਂ ਗਈਆਂ, ਮੂੰਹ ਝਰੀਟਿਆ ਗਿਆ। ਲੱਤਾਂ ਤੋੜ ਦਿੱਤੀਆਂ ਗਈਆਂ। ਜਿਸਮ ਵਲੂੰਧਰਿਆ ਗਿਆ ਪਰ ਇਹ ਸਾਡੇ ਸਾਹਾਂ ’ਚ ਤੁਰਦੀ ਰਹੀ। ਸਾਡੀਆਂ ਨਸਾਂ ’ਚ ਦੌੜਦੀ ਰਹੀ। ਕਾਬਲ, ਕੰਧਾਰ ਤੱਕ ਜਿਸ ਦੀ ਧਾਂਕ ਸੀ, ਉਹ ਅੱਜ ਨਿੱਕੇ ਜਿਹੇ ਸੂਬੇ ’ਚ ਧੱਕ ਦਿੱਤੀ ਗਈ ਅਤੇ ਇੱਥੇ ਵੀ ਰਾਜ ਭਾਸ਼ਾ ਬਣਨ ਦੇ ਬਾਵਜੂਦ ਉਸ ਦੀ ਕੋਈ ਬਹੁਤੀ ਕਦਰ ਨਹੀਂ। ਬੇਗਾਨੇ ਨਹੀਂ, ਉਸ ਦੇ ਆਪਣੇ ਪੁੱਤ ਹੀ ਕਪੁੱਤਾਂ ਵਾਲੇ ਕੰਮ ਕਰ ਰਹੇ ਹਨ।
ਅਜਾਇਬ ਚਿੱਤਰਕਾਰ ਦੇ ਸ਼ਬਦਾਂ ਵਿੱਚ:
ਆਪਣੀ ਮਾਂ ਨੂੰ ਜੋ ਨਹੀਂ ਮਾਂ ਮੰਨਦਾ, ਮੈਂ ਕਿਵੇਂ ਮੰਨਾਂ ਕਿ ਉਹ ਇਨਸਾਨ ਹੈ।
ਮਾਣ ਮਿਲਦੈ ਜਦ ਮਿਰੀ ਦਸਤਾਰ ਨੂੰ, ਸਮਝਦਾਂ ਪੰਜਾਬ ਦਾ ਵਰਦਾਨ ਹੈ।
ਤਰਸ ਦੀ ਪਾਤਰ ਕਦੇ ਬਣਦੀ ਨਹੀਂ, ਕਿੱਡੀ ਇਹ ਪੰਜਾਬੀਅਤ ਦੀ ਸ਼ਾਨ ਹੈ।
ਮੈਨੂੰ ਸਭ ਪਹਿਚਾਣਦੇ ਜਦ ਬੋਲਦਾਂ, ਮੇਰੀ ਮਾਂ ਬੋਲੀ ਮੇਰੀ ਪਹਿਚਾਨ ਹੈ।
ਇਸੇ ਲਈ ਧਨੀ ਰਾਮ ਚਾਤ੍ਰਿਕ ਲਿਖਦਾ ਹੈ:
ਅਸਾਂ ਨਹੀਂ ਭੁਲਾਉਣੀ, ਬੋਲੀ ਹੈ ਪੰਜਾਬੀ ਸਾਡੀ।
ਇਹੋ ਜਿੰਦ ਜਾਨ ਸਾਡੀ, ਮੋਤੀਆਂ ਦੀ ਖਾਨ ਸਾਡੀ।
ਹੱਥੋਂ ਨਹੀਂ ਗੁਆਉਣੀ, ਬੋਲੀ ਹੈ ਪੰਜਾਬੀ ਸਾਡੀ।
ਪਰ ਮਾਂ ਨੂੰ ਭੁਲਾ ਕੌਣ ਰਿਹਾ ਹੈ? ਉਹ ਬੋਲੀ, ਜਿਸ ਨੂੰ ਸਾਰੇ ਪੰਜਾਬੀ ਰਲ਼ ਕੇ ਪਿਆਰਦੇ ਨੇ, ਸਤਿਕਾਰਦੇ ਨੇ। ਕੌਣ ਭੁਲਾ ਰਿਹਾ ਹੈ? ਕੀ ਵਿਸਰ ਜਾਵੇਗੀ ਸਾਡੀ ਬੋਲੀ? ਪੰਜਾਬੀ ਬੋਲੀ ’ਚ ਰਚੇ ਸੁਹਾਗ, ਘੋੜੀਆਂ, ਸਿੱਠਣੀਆਂ, ਵੈਣ, ਕਬਿੱਤ, ਦੋਹੇ, ਬੈਂਤ, ਬਾਤਾਂ, ਅਖਾਣ, ਮੁਹਾਵਰੇ ਅਤੇ ਇਸ ਦੇ ਸੱਭਿਆਚਾਰ ਦਾ ਹਿੱਸਾ ਤੀਆਂ, ਤ੍ਰਿੰਝਣ, ਸੱਥ, ਗਿੱਧੇ, ਭੰਗੜੇ, ਸਾਕ-ਸਕੀਰੀਆਂ, ਮੇਲੇ-ਤਿਉਹਾਰ, ਰਸਮਾਂ-ਰੀਤਾਂ, ਖਾਣ-ਪੀਣ ਅਤੇ ਖੇਡਾਂ ਕੀ ਨਵੀਂ ਪਨੀਰੀ ਨੂੰ ਚੇਤੇ ਰਹਿਣਗੇ? ਕੀ ਉਨ੍ਹਾਂ ਦੀਆਂ ਜੜ੍ਹਾਂ ਆਪਣੀ ਮਿੱਟੀ, ਆਪਣੀ ਬੋਲੀ, ਆਪਣੇ ਲੋਕਾਂ ’ਚ ਹੋਣਗੀਆਂ? ਇਹ ਸਾਡੇ ਪੰਜਾਬੀਆਂ ਲਈ ਸੋਚਣ ਦਾ ਵਿਸ਼ਾ ਹੈ। ਆਪਾਂ ਕਹਿ ਦਿੰਦੇ ਹਾਂ ਕਿ ਪੰਜਾਬੀ ਬੜੀ ਅਮੀਰ ਬੋਲੀ ਹੈ। ਇਹ ਅਮੀਰ ਕਿੱਦਾਂ ਹੈ? ਇਸ ਦੀ ਇੱਕ ਉਦਾਹਰਨ ਪੇਸ਼ ਹੈ:
ਇੱਕ ਵਿਦੇਸ਼ੀ ਪੰਜਾਬੀ ਥੋੜ੍ਹੀ ਬਹੁਤੀ ਜਾਣਦਾ ਸੀ ਪਰ ਉਹ ਜ਼ਿਆਦਾ ਪੰਜਾਬੀ ਸਿੱਖਣ ਲਈ ਪਿੰਡ ਆਇਆ ਤਾਂ ਪਿੰਡ ਦੇ ਇੱਕ ਬੰਦੇ ਨੂੰ ਕਹਿੰਦਾ ਕਿ ਅੱਜ ਮੈਂ ਤੇਰੇ ਨਾਲ ਰਹਿਣਾ ਹੈ ਅਤੇ ਪੰਜਾਬੀ ਦੇ ਨਵੇਂ ਸ਼ਬਦ ਕਾਪੀ ਵਿੱਚ ਨੋਟ ਕਰ ਲਵਾਂਗਾ। ਬੰਦੇ ਨੇ ਸਿਰ ’ਤੇ ਪਰਨਾ ਲਪੇਟਿਆ ਅਤੇ ਦੋਵੇਂ ਘਰੋਂ ਬਾਹਰ ਨਿਕਲੇ ਤਾਂ ਗਲ਼ੀ ਵਿੱਚ ਉਨ੍ਹਾਂ ਦਾ ਗੁਆਂਢੀ ਵਾਣ ਵੱਟ ਰਿਹਾ ਸੀ। ਉਸ ਨੇ ਸੁਭਾਇਕੀ ਕਿਹਾ ਕਿ ਕਿੱਦਾਂ? ਉਹ ਕਹਿੰਦਾ, ‘‘ਠੀਕ ਆਂ ਬਾਈ, ਵਾਣ ਵੱਟੀ ਜਾਨੈਂ, ਤੁਸੀਂ ਕਰੋ ਐਸ਼।’’ ਵਿਦੇਸ਼ੀ ਨੇ ਕਾਪੀ ’ਤੇ ਨੋਟ ਕਰ ਲਿਆ ਕਿ ‘ਵੱਟਣਾ’ ਇਸ ਨੂੰ ਕਹਿੰਦੇ ਹਨ। ਗਰਮੀ ਬਹੁਤ ਸੀ। ਬੰਦਾ ਕਹਿੰਦਾ, ‘‘ਬਾਈ ਇਉਂ ਕਰਦੇ ਆਂ ‘ਵੱਟ’ ਬਹੁਤ ਆ। ਆਪਾਂ ਬੰਬੀ ’ਤੇ ਨ੍ਹਾ ਕੇ ਚੱਲਦੇ ਆਂ।’’ ਵਿਦੇਸ਼ੀ ਕਹਿੰਦਾ ਕਿ ਇਹ ਵੀ ‘ਵੱਟ’ ਹੈ? ਬੰਦਾ ਕਹਿੰਦਾ, ‘‘ਹਾਂ, ਗਰਮੀ ਨੂੰ ਵੀ ਵੱਟ ਹੀ ਕਹਿੰਦੇ ਨੇ।’’ ਅੱਗੇ ਬੰਬੀ ’ਤੇ ਜਾਣ ਲਈ ਪਹਾ ਦੂਰ ਸੀ ਤਾਂ ਬੰਦੇ ਨੇ ਕਿਹਾ, ‘‘ਇਉਂ ਕਰਦੇ ਆਂ ਦੂਰ ਨੂੰ ਕਾਹਨੂੰ ਜਾਣਾ, ਆਪਾਂ ਵੱਟੋ-ਵੱਟ ਚੱਲਦੇ ਆਂ ਪਰ ਆਈਂ ਧਿਆਨ ਨਾਲ।’‘ ਵਿਦੇਸ਼ੀ ਨੇ ਉਹ ਵੱਟ ਵੀ ਨੋਟ ਕਰ ਲਈ। ਨਹਾਉਣ ਤੋਂ ਪਹਿਲਾਂ ਬੰਦਾ ਕਹਿੰਦਾ, ‘‘ਯਾਰ, ਤੂੰ ਰਤਾ ਬੈਠੀਂ। ਮੇਰੇ ਤਾਂ ਢਿੱਡ ’ਚ ਵੱਟ ਜਿਹਾ ਪਈ ਜਾਂਦਾ, ਮੈਂ ਆਉਂਦਾਂ ਛੇਤੀ।’’ ਆ ਕੇ ਉਹਨੇ ਵਿਦੇਸ਼ੀ ਨੂੰ ਕਿਹਾ, ‘‘ਚਲੋ ਆਪਾਂ ਨ੍ਹਾ ਕੇ ਚੱਲਦੇ ਹਾਂ।’’ ਦੋਵੇਂ ਬੰਬੀ ’ਤੇ ਨਹਾਉਣ ਲੱਗੇ। ਜਦੋਂ ਕੱਪੜੇ ਪਾਉਣ ਲੱਗੇ ਤਾਂ ਉਸ ਨੇ ਵਿਦੇਸ਼ੀ ਨੁੂੰ ਕਿਹਾ, ‘‘ਕੱਪੜੇ ਤੂੰ ਟੰਗ ਦੇਣੇ ਸੀ। ਤੇਰੇ ਕੱਪੜਿਆਂ ਵਿੱਚ ਤਾਂ ਬਹੁਤ ਵੱਟ ਪੈ ਗਏ।’’ ਵਿਦੇਸ਼ੀ ਕਹਿਣ ਲੱਗਾ ਕਿ ਕੋਈ ਨਾ, ਤੂੰ ਅੱਗੇ ਚੱਲ। ਉਹ ਨਾਹ ਕੇ ਗਲ਼ੀ ਵਿੱਚੋਂ ਤੁਰੇ ਆਉਣ ਤਾਂ ਸੱਥ ’ਚ ਬੈਠੇ ਪੰਚ ਨੇ ਕਿਹਾ, ‘‘ਤੂੰ ਕੱਲ੍ਹ ਮੱਝ ਲੈ ਕੇ ਮੰਡੀ ਜਾਣਾ ਸੀ। ਕੁਝ ਵੇਚ-ਵੱਟ ਲਿਆਇਆ ਕਿ ਨਹੀਂ?’’ ਉਹਦੇ ਨਾਲ ਹੀ ਇੱਕ ਖੁੰਦਕੀ ਵੀ ਬੈਠਾ ਸੀ। ਕਹਿਣ ਲੱਗਾ, ‘‘ਲੈ ਇਹ ਤਾਂ ਬਾਹਾਂ ਲਮਕਾਉਂਦਾ ਗਿਆ ਅਤੇ ਬਾਹਾਂ ਲਮਕਾਉਂਦਾ ਹੀ ਆ ਗਿਆ। ਵੱਟਣਾ ਕੀ ਸੁੁਆਹ ਸੀ?’’ ਬੰਦੇ ਨੁੂੰ ਗੁੱਸਾ ਆ ਗਿਆ। ਉਹ ਕਹਿੰਦਾ, ‘‘ਤੂੰ ਵਿੱਚੋਂ ਕੀ ਲੈਣਾ, ਚੁੱਪ ਕਰ ਜਾ, ਨਹੀਂ ਤਾਂ ਵੱਟ ਕੇ ਚਪੇੜ ਪੈਣੀ ਏਂ।’’
ਇਹ ਹੈ ਭਾਸ਼ਾ ਦੀ ਅਮੀਰੀ। ਸਾਡੇ ਕੋਲ ਇੱਕ ਹੀ ਸ਼ਬਦ ਦੇ ਕਈ ਅਰਥ ਹਨ। ਫਿਰ ਵੀ ਸਾਨੂੰ ਆਪਣੀ ਬੋਲੀ ’ਤੇ ਮਾਣ ਨਹੀਂ ਹੈ। ਉਂਝ ਦੇਸ਼-ਦੇਸ਼ਾਂਤਰਾਂ ਵਿੱਚ ਪੰਜਾਬੀ ਨੇ ਆਪਣੇ ਝੰਡੇ ਗੱਡੇ ਹੋਏ ਹਨ। ਕੈਨੇਡਾ ਵਿੱਚ ਪੰਜਾਬੀ ਨੂੰ ਤੀਜੀ ਭਾਸ਼ਾ ਦੇ ਤੌਰ ’ਤੇ ਪੜ੍ਹਾਇਆ ਜਾਂਦਾ ਹੈ। ਦੇਸ਼-ਵਿਦੇਸ਼ ’ਚ ਸਾਹਿਤਕ ਸੰਸਥਾਵਾਂ ਅਤੇ ਹੋਰ ਅਦਾਰੇ ਇਸ ਨੂੰ ਪ੍ਰਫੁੱਲਿਤ ਕਰਨ ਲਈ ਕਾਰਜਸ਼ੀਲ ਹਨ। ਪੰਜਾਬ ਦੇ ਵਿੱਚ ਵੀ ਅਦਾਰੇ ਪੰਜਾਬੀ ਨੂੰ ਉਚਿਆਉਣ ਲਈ ਲੱਗੇ ਹੋਏ ਹਨ। ਫਿਰ ਵੀ ਮਸਲਾ ਇਹ ਹੈ ਕਿ ਪੰਜਾਬੀ ਨੁੂੰ ਉਸ ਦਾ ਬਣਦਾ ਰੁਤਬਾ ਕਿੰਝ ਮਿਲੇ। ਪੰਜਾਬੀ ਆਪ ਵੀ ਅਵੇਸਲੇ ਹਨ ਪਰ ਸ਼ਾਇਰ ਜਸਵਿੰਦਰ ਦੇ ਮਨ ਵਿੱਚ ਇਹ ਹੂਕ ਹੈ ਕਿ ਮੇਰੀ ਮਾਂ ਬੋਲੀ ਪੰਜਾਬੀ ਦੀ ਸ਼ਾਨ ਕਿੰਝ ਬਹਾਲ ਹੋਵੇ:
ਇਹ ਤਾਂ ਪੰਜਾਂ ਪਾਣੀਆਂ ਦੀ ਸ਼ਾਨ ਹੈ।
ਮੇਰੀ ਮਾਂ ਬੋਲੀ ਮੇਰੀ ਪਹਿਚਾਨ ਹੈ।
ਮੁੜਕੇ ਇਹ ਪੰਜਾਬ ਦੀ ਰਾਣੀ ਬਣੇ,
ਮੇਰੇ ਦਿਲ ਵਿੱਚ ਧੜਕਦਾ ਅਰਮਾਨ ਹੈ।
ਇਸੇ ਤਰ੍ਹਾਂ ਸਾਡਾ ਪੰਜਾਬੀ ਦਾ ਇੱਕ ਹੋਰ ਅਜ਼ੀਮ ਸ਼ਾਇਰ ਗੁਰਭਜਨ ਗਿੱਲ ਵੀ ਪਤੇ ਦੀ ਗੱਲ ਕਹਿੰਦਾ ਹੈ:
ਮਾਂ ਬੋਲੀ, ਮਾਂ ਜਨਣੀ ਤੇ ਮਾਂ ਧਰਤੀ ਕੋਲ਼ੋਂ,
ਟੁੱਟ ਕੇ ਬੰਦਾ ਮਰਦਾ-ਮਰਦਾ ਮਰ ਜਾਂਦਾ ਹੈ।
ਮੁੱਖ ਮਸਲਾ ਇਹ ਹੈ ਕਿ ਸਾਡੀ ਨਵੀਂ ਪੀੜ੍ਹੀ ਪੰਜਾਬੀ ਬੋਲੀ ਨਾਲ ਕਿੰਨੀ ਕੁ ਜੁੜੀ ਰਹੇਗੀ? ਵਿਦੇਸ਼ਾਂ ’ਚ ਤੀਜੀ ਪੀੜ੍ਹੀ ਦੀ ਮਾਤ ਭਾਸ਼ਾ ਸਥਾਨਕ ਭਾਸ਼ਾ ਹੋ ਗਈ ਹੈ। ਜਿੱਥੇ ਮਾਪੇ ਚੇਤੰਨ ਹਨ, ਉਹ ਕੁਝ ਹੰਭਲ਼ੇ ਮਾਰ ਰਹੇ ਹਨ ਪਰ ਇਸ ਲਈ ਸਮੂਹਿਕ ਯਤਨਾਂ ਦੀ ਲੋੜ ਹੈ। ਪੰਜਾਬੀ ਦੇ ਵੱਡੇ-ਵੱਡੇ ਵਿਦਵਾਨ, ਅਦਾਰੇ ਅਤੇ ਸੰਸਥਾਵਾਂ ਪੰਜਾਬੀ ਬੋਲੀ ਲਈ ਜਾਗਰੂਕ ਕਰਨ। ਪਿੰਡ ਪੱਧਰ ’ਤੇ ਸੰਸਥਾਵਾਂ ਸੰਗਠਿਤ ਹੋਣ। ਲਗਾਤਾਰਤਾ ਨਾਲ ਪੰਜਾਬੀ ਬੋਲੀ ਲਈ ਕਾਰਜ ਕੀਤੇ ਜਾਣ ਤਾਂ ਸਾਡੀ ਬੋਲੀ ਪੰਜਾਬੀ ਅਜੋਕੇ ਦੌਰ ਵਿੱਚ ਬਾਕੀ ਬੋਲੀਆਂ ਨਾਲ ਖੜ੍ਹਨ ਦੇ ਸਮਰੱਥ ਹੋਵੇਗੀ। ਆਪਾਂ ਕਿਸੇ ਵੀ ਬੋਲੀ ਦੇ ਵਿਰੁੱਧ ਨਹੀਂ ਪਰ ਆਪਣੀ ਬੋਲੀ ਸਾਡੀ ਮੱਥੇ ਦਾ ਤਾਜ ਹੈ। ਫ਼ਿਰੋਜ਼ਦੀਨ ਸ਼ਰਫ਼ ਦੀ ਕਵਿਤਾ ’ਚ ਪੰਜਾਬੀਅਤ ਦੀ ਮਹਿਕ ਦੇਖੋ:
ਮੈਂ ਪੰਜਾਬੀ, ਪੰਜਾਬ ਦੇ ਰਹਿਣ ਵਾਲਾ
ਹਾਂ ਮੈਂ ਪੇਂਡੂ ਪਰ ਸ਼ਹਿਰੀਏ ਢੰਗ ਦਾ ਹਾਂ।
ਸਮਝਾਂ ਫ਼ਾਰਸੀ, ਉਰਦੂ ਵੀ ਖ਼ੂਬ ਬੋਲਾਂ,
ਥੋੜ੍ਹੀ ਬਹੁਤੀ ਅੰਗਰੇਜ਼ੀ ਵੀ ਅੰਗਦਾ ਹਾਂ।
ਬੋਲੀ ਆਪਣੀ ਨਾਲ ਪਿਆਰ ਰੱਖਾਂ,
ਇਹ ਗੱਲ ਆਖਣੋਂ ਕਦੀ ਨਾ ਸੰਗਦਾ ਹਾਂ।
ਮਿਲੇ ਮਾਣ ਪੰਜਾਬੀ ਨੂੰ ਦੇਸ ਅੰਦਰ,
ਆਸ਼ਕ ਮੁੱਢੋਂ ਮੈਂ ਏਸ ਉਮੰਗ ਦਾ ਹਾਂ।
ਵਾਰਸ ਸ਼ਾਹ ਤੇ ਬੁੱਲ੍ਹੇ ਦੇ ਰੰਗ ਅੰਦਰ
ਡੋਬ-ਡੋਬ ਕੇ ਜ਼ਿੰਦਗੀ ਰੰਗਦਾ ਹਾਂ।
ਰਵਾਂ ਇੱਥੇ ਤੇ ਯੂ.ਪੀ. ’ਚ ਕਰਾਂ ਗੱਲਾਂ,
ਐਸੀ ਅਕਲ ਨੂੰ ਛਿੱਕੇ ’ਤੇ ਟੰਗਦਾ ਹਾਂ।
ਮੈਂ ਪੰਜਾਬੀ, ਪੰਜਾਬੀ ਦਾ ਸ਼ਰਫ਼ ਸੇਵਕ,
ਸਦਾ ਖ਼ੈਰ ਪੰਜਾਬੀ ਦੀ ਮੰਗਦਾ ਹਾਂ।
ਇਹ ਹੈ ਪੰਜਾਬੀ ਨਾਲ ਪਿਆਰ। ਉਸ ਜ਼ਮੀਨ ਨਾਲ, ਮਿੱਟੀ ਨਾਲ, ਧਰਤੀ ਨਾਲ ਪਿਆਰ ਜਿੱਥੇ ਅਸੀਂ ਸਾਹ ਲਿਆ। ਬੋਲੀ ਦਾ ਰਿਸ਼ਤਾ ਮਾਂ ਦਾ ਰਿਸ਼ਤਾ ਹੈ। ਮਾਂ ਨਾਲ ਅਪਣੱਤ ਹੈ, ਮੋਹ ਹੈ ਪਰ ਕਈਆਂ ਨੂੰ ਇਹ ਗੱਲਾਂ ਵਿਹਾਰੀ ਨਹੀਂ ਭਾਸਦੀਆਂ। ਉਹ ਇਸ ਦਾ ਸਬੰਧ ਆਰਥਿਕਤਾ ਨਾਲ ਜੋੜਦੇ ਹਨ। ਪੰਜਾਬੀ ਨੂੰ ਭੁਲਾਉਣ ਲਈ ਆਖਦੇ ਹਨ। ਉਸਤਾਦ ਦਾਮਨ ਬੇਪ੍ਰਵਾਹ ਹੋ ਕੇ ਲਿਖਦਾ ਹੈ:
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ
ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ।
ਗੋਦੀ ਜਿਸਦੀ ’ਚ ਪਲ਼ ਕੇ ਜੁਆਨ ਹੋਇਓਂ,
ਉਹ ਮਾਂ ਛੱਡ ਦੇ ਅਤੇ ਗਰਾਂ ਛੱਡ ਦੇ।
ਜੇ ਪੰਜਾਬੀ ਪੰਜਾਬੀ ਕੂਕਣਾਂ ਈਂ,
ਜਿੱਥੇ ਖਲਾ ਖਲੋਤਾ ਉਹ ਥਾਂ ਛੱਡ ਦੇ।
ਮੈਨੂੰ ਇੰਝ ਲੱਗਦਾ ਲੋਕੀਂ ਆਖਦੇ ਨੇ,
ਤੂੰ ਪੁੱਤਰਾ ਆਪਣੀ ਮਾਂ ਛੱਡ ਦੇ।
ਉਹ ਬੋਲੀ, ਜਿਸ ’ਚ ਬਾਬਾ ਫ਼ਰੀਦ ਦੇ ਸਲੋਕ, ਗੁਰੂ ਸਾਹਿਬਾਨ ਦੀ ਬਾਣੀ, ਸੂਫ਼ੀ ਭਗਤਾਂ ਦੀ ਰੰਗਤ, ਵਾਰਿਸ ਦੀ ਹੀਰ, ਬੁੱਲ੍ਹੇ ਸ਼ਾਹ ਦੀਆਂ ਕਾਫ਼ੀਆਂ, ਸ਼ਾਹ ਮੁਹੰਮਦ ਦਾ ਜੰਗਨਾਮਾ, ਭਾਈ ਗੁਰਦਾਸ ਦੀਆਂ ਵਾਰਾਂ, ਕਾਦਰਯਾਰ ਦਾ ਪੂਰਨ ਭਗਤ, ਹਾਸ਼ਮ ਦੀ ਸੱਸੀ ਅਤੇ ਬੇਅੰਤ ਕੀਮਤੀ ਸਰਮਾਇਆ ਹੋਵੇ, ਉਸ ਨੂੰ ਕਦੇ ਵੀ ਕਿਸੇ ਵੀ ਹਾਲਤ ਵਿੱਚ ਭੁੱਲਿਆ ਜਾ ਸਕਦਾ ਹੈ? ਪੈਂਤੀ ਅੱਖਰੀ ਸਾਡੇ ਮਨਾਂ ’ਚ ਹੈ। ਸਾਡੇ ਚੇਤਿਆਂ ’ਚ ਹੈ। ਰਸੂਲ ਹਮਜ਼ਾਤੋਵ ਲਿਖਦਾ ਹੈ ਕਿ ਜੇਕਰ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਆਖ ਦਿਓ ਕਿ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ। ਅਸੀਂ ਲੋਕ ਆਪਣੇ ਆਪ ਨੂੰ ਅਜਿਹੀਆਂ ਬਦਅਸੀਸਾਂ ਦੇ ਕੇ ਮਾਣਮੱਤੇ ਮਹਿਸੂਸ ਕਰ ਰਹੇ ਹਾਂ। ਇਸ ਲਈ ਮਾਂ ਬੋਲੀ ਦੇ ਆਸ਼ਕੋ, ਆਪਣਾ ਸਿਦਕ ਕਾਇਮ ਰੱਖੋ ਅਤੇ ਮਾਂ ਬੋਲੀ ਨੂੰ ਕਦੇ ਵੀ ਛੁਟਿਆਉਣ ਦਾ ਮੌਕਾ ਨਾ ਦਿਓ। ਸੋਚੋ, ਕੀ ਤੁਸੀਂ ਆਪਣੇ ਦਸਤਖ਼ਤ ਪੰਜਾਬੀ ’ਚ ਕਰਦੇ ਹੋ? ਸਿਰਨਾਵਾਂ ਪੰਜਾਬੀ ’ਚ ਲਿਖਦੇ ਹੋ? ਤੁਹਾਡੇ ਘਰ ਦੇ ਸਮਾਗਮਾਂ ਦੇ ਛਪਦੇ ਕਾਰਡ ਪੰਜਾਬੀ ’ਚ ਹੁੰਦੇ ਹਨ? ਕੀ ਤੁਸੀਂ ਪੰਜਾਬੀ ਅਖ਼ਬਾਰ, ਮੈਗਜ਼ੀਨ ਪੜ੍ਹਦੇ ਹੋ? ਕੀ ਤੁਸੀਂ ਏਟੀਐਮ, ਵੱਟਸਐਪ, ਫੇਸਬੁੱਕ ਜਾਂ ਹੋਰ ਵੀ ਆਧੁਨਿਕ ਸਾਧਨ ਦੀ ਵਰਤੋਂ ਸਮੇਂ ਪੰਜਾਬੀ ਨੂੰ ਅੱਗੇ ਰੱਖਦੇ ਹੋ? ਕੀ ਤੁਹਾਡੇ ਘਰ ਦੇ ਬਾਹਰ ਤੁਹਾਡੇ ਨਾਂ ਦੀ ਤਖ਼ਤੀ ਪੰਜਾਬੀ ’ਚ ਲੱਗੀ ਹੋਈ ਹੈ? ਇਹ ਗੱਲਾਂ ਬੜੀਆਂ ਸਾਧਾਰਨ ਹਨ ਪਰ ਇਹ ਸਾਡੇ ਪੰਜਾਬੀ ਪਿਆਰ ਨੂੰ ਦਰਸਾਉਂਦੀਆਂ ਹਨ। ਹਾਂ, ਇਹ ਗੱਲ ਫਿਰ ਧਿਆਨ ਦੇਣ ਯੋਗ ਹੈ ਕਿ ਕੋਈ ਵੀ ਭਾਸ਼ਾ ਮਾੜੀ ਨਹੀਂ ਹੁੰਦੀ, ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਆਉਣੀਆਂ ਚਾਹੀਦੀਆਂ ਹਨ। ਵੱਧ ਤੋਂ ਵੱਧ ਸਿੱਖੋ ਤੇ ਬੋਲੋ, ਪਰ ਆਪਣੀ ਮਾਂ ਬੋਲੀ ਨਾ ਭੁੱਲੋ। ਸਾਡਾ ਪੰਜਾਬੀ ਦਾ ਮਾਣਮੱਤਾ ਸ਼ਾਇਰ ਸੰਤ ਰਾਮ ਉਦਾਸੀ ਬੁਲੰਦ ਆਵਾਜ਼ ਵਿੱਚ ਇਹ ਸਤਰਾਂ ਬੋਲਦਾ ਸੀ ਤਾਂ ਜਾਂਦੇ ਪੰਛੀ ਖੜ੍ਹ ਜਾਂਦੇ ਸਨ:
ਤੂੰ ਲੋਰੀ ਦੀ ਉਂਗਲ਼ੀ ਲਾਇਆ, ਬਣ ਕੇ ਮੇਰੀ ਗੋਲੀ,
ਵਿੱਚ ਜੁਆਨੀ ਪਿਆਰ ਸਿਖਾਇਆ, ਬਣ ਮੇਰੀ ਹਮਜੋਲੀ।
ਅੱਜ ਮੈਂ ਤੇਰੇ ਗਲ਼ ਦੇ ਵਿੱਚੋਂ ਮਸਾਂ ਲੁਹਾਈਆਂ ਲੀਰਾਂ,
ਪਹਿਨ ਮੇਰੇ ਗੀਤਾਂ ਦਾ ਰੇਸ਼ਮ, ਤੂੰ ਮੇਰੀ ਮਾਂ-ਬੋਲੀ।
ਇੱਥੇ ਮੈਂ ਹਿੰਦੀ ਫਿਲਮਾਂ ਦੇ ਵਧੀਆ ਕਲਾਕਾਰ ਬਲਰਾਜ ਸਾਹਨੀ ਦੀ ਉਦਾਹਰਨ ਦੇਣੀ ਚਾਹਾਂਗਾ। ਬਲਰਾਜ ਸਾਹਨੀ ਉਸ ਵੇਲ਼ੇ ਕਾਫ਼ੀ ਮਕਬੂਲ ਹੋ ਚੁੱਕਾ ਸੀ। ਉਸ ਨੇ ਆਪਣੀਆਂ ਲਿਖਤਾਂ ਬੰਗਾਲੀ ਕਵੀ ਰਾਬਿੰਦਰਨਾਥ ਟੈਗੋਰ ਨੂੰ ਪੜ੍ਹਾ ਕੇ ਸਲਾਹ ਜਾਣਨੀ ਚਾਹੀ। ਸ੍ਰੀ ਟੈਗੋਰ ਨੇ ਸੁਭਾਵਿਕ ਪੁੱਛਿਆ, ‘‘ਸਾਹਨੀ, ਤੇਰੀ ਮਾਂ ਬੋਲੀ ਕਿਹੜੀ ਹੈ?’’ ਸਾਹਨੀ ਨੇ ਕਿਹਾ, ‘‘ਜੀ ਪੰਜਾਬੀ।’’ ਫਿਰ ਟੈਗੋਰ ਨੇ ਹੈਰਾਨੀ ’ਚ ਕਿਹਾ ਕਿ ਤੂੰ ਪੰਜਾਬੀ ’ਚ ਕਿਉਂ ਨਹੀਂ ਲਿਖਿਆ। ਬਲਰਾਜ ਸਾਹਨੀ ਨੇ ਸੁਭਾਵਿਕ ਹੀ ਕਿਹਾ ਕਿ ਮੇਰੇ ਪਾਠਕਾਂ ਦਾ ਦਾਇਰਾ ਵਿਸ਼ਾਲ ਹੈ। ਮੈਨੂੰ ਸਾਰੇ ਦੇਸ਼ ’ਚ ਪਸੰਦ ਕੀਤਾ ਜਾਂਦਾ ਹੈ ਅਤੇ ਇਸ ਨਾਲ ਮੇਰੀ ਕਿਤਾਬ ਵੱਧ ਪਾਠਕ ਵਰਗ ਤੱਕ ਪੁੱਜੇਗੀ ਪਰ ਟੈਗੋਰ ਨੇ ਮੁਸਕਰਾਉਂਦਿਆਂ ਉਸ ਦੇ ਤਰਕ ਨੂੰ ਰੱਦ ਕਰਦਿਆਂ ਕਿਹਾ, ‘‘ਜੋ ਕੁਝ ਤੁਸੀਂ ਆਪਣੀ ਮਾਂ ਬੋਲੀ ਵਿੱਚ ਲਿਖ ਸਕਦੇ ਹੋ, ਉਹ ਹੋਰ ਕਿਸੇ ਬੋਲੀ ਵਿੱਚ ਨਹੀਂ।’’ ਉਸ ਤੋਂ ਬਾਅਦ ਹੀ ਸਾਨੂੰ ਬਲਰਾਜ ਸਾਹਨੀ ਦੇ ‘ਮੇਰਾ ਪਾਕਿਸਤਾਨੀ ਸਫਰਨਾਮਾ’ ਜਿਹੇ ਸ਼ਾਹਕਾਰ ਪੰਜਾਬੀ ਸਾਹਿਤ ’ਚ ਪੜ੍ਹਨ ਨੂੰ ਮਿਲੇ। ਇਸ ਲਈ ਪੰਜਾਬੀ ਬੋਲੀ ਲਈ (ਸਿਰਫ਼ ਪੰਜਾਬੀ ਗੀਤਾਂ ਲਈ ਹੀ ਨਹੀਂ) ਤੁਹਾਡਾ ਪਿਆਰ, ਸਤਿਕਾਰ ਤੁਹਾਡੇ ਵਤੀਰੇ ਵਿੱਚ ਝਲਕਣਾ ਚਾਹੀਦਾ ਹੈ ਤਾਂ ਹੀ ਅਸੀਂ ਸਾਰੇ ਪੰਜਾਬੀ ਲਈ ਕੋਈ ਹਾਅ ਦਾ ਨਾਹਰਾ ਮਾਰ ਸਕਾਂਗੇ। ਇਹ ਵੀ ਯਤਨ ਹੋਣੇ ਚਾਹੀਦੇ ਹਨ ਕਿ ਦਫਤਰੀ ਭਾਸ਼ਾ, ਅਦਾਲਤੀ ਭਾਸ਼ਾ ਅਤੇ ਉਚੇਰੀ ਪੜ੍ਹਾਈ ਦਾ ਮਾਧਿਅਮ ਵੀ ਪੰਜਾਬੀ ਵਿੱਚ ਕਰਵਾਏ ਜਾਣ ਤਾਂ ਜੋ ਇੱਛੁਕ ਵਿਅਕਤੀ ਪੰਜਾਬੀ ਵਿੱਚ ਵੀ ਆਪਣਾ ਬੌਧਿਕ ਵਿਕਾਸ ਉਚਿਆ ਸਕਣ। ਅੰਤ ਵਿੱਚ ਵਿਸ਼ਵਨਾਥ ਤਿਵਾੜੀ ਦੀਆਂ ਸਤਰਾਂ ਪੜ੍ਹੋ:
ਸਾਡੀ ਮਾਂ ਪੰਜਾਬੀ ਬੋਲੀ, ਸਿੱਧੀ ਸਾਧੀ ਆਲ਼ੀ-ਭੋਲ਼ੀ।
ਮਿੱਠੀ ਜਿਉਂ ਦੁੱਧ ਮਿਸਰੀ ਘੋਲ਼ੀ।
ਸਾਨੂੰ ਚੰਗੀ-ਮੰਦੀ ਚੰਗੀ। ਮਾਂ ਨੂੰ ਮਾਂ ਕਹਿਣੋਂ ਨਾ ਸੰਗੀਂ।

Advertisement

Advertisement
Author Image

Advertisement