For the best experience, open
https://m.punjabitribuneonline.com
on your mobile browser.
Advertisement

ਕਾਲਜਾਂ ਵਿੱਚ ਨਿਯਮਾਂ ਅਨੁਸਾਰ ਨਹੀਂ ਹੋ ਰਹੀ ਪੰਜਾਬੀ ਦੀ ਪੜ੍ਹਾਈ

09:45 AM Sep 25, 2024 IST
ਕਾਲਜਾਂ ਵਿੱਚ ਨਿਯਮਾਂ ਅਨੁਸਾਰ ਨਹੀਂ ਹੋ ਰਹੀ ਪੰਜਾਬੀ ਦੀ ਪੜ੍ਹਾਈ
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 24 ਸਤੰਬਰ
ਇਸ ਵੇਲੇ ਸ਼ਹਿਰ ਦੇ ਕਾਲਜਾਂ ’ਚ ਪੰਜਾਬੀ ਭਾਸ਼ਾ ਨਾਲ ਬੇਕਦਰੀ ਕੀਤੀ ਜਾ ਰਹੀ ਹੈ। ਇਸ ਵੇਲੇ ਜ਼ਿਆਦਾਤਰ ਪ੍ਰਾਈਵੇਟ ਕਾਲਜਾਂ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਹਫ਼ਤੇ ਵਿਚ ਚਾਰ ਦੀ ਥਾਂ ਸਿਰਫ਼ ਦੋ ਦਿਨ ਹੀ ਕਰਵਾਈ ਜਾ ਰਹੀ ਹੈ। ਭਾਸ਼ਾ ਪ੍ਰੇਮੀਆਂ ਨੇ ਇਹ ਮੁੱਦਾ ਯੂਨੀਵਰਿਸਟੀ ਕੋਲ ਚੁੱਕਿਆ ਸੀ ਜਿਸ ਤੋਂ ਬਾਅਦ ਯੂਨੀਵਰਸਿਟੀ ਨੇ ਹਫ਼ਤੇ ਵਿਚ ਚਾਰ ਦਿਨ ਪੜ੍ਹਾਉਣ ਦੇ ਹੁਕਮ ਜਾਰੀ ਕੀਤੇ ਹਨ ਪਰ ਫਿਰ ਵੀ ਕਾਲਜਾਂ ਨੇ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਿਸ ਕਾਰਨ ਕਾਲਜਾਂ ਵਿੱਚ ਪੰਜਾਬੀ ਪੜ੍ਹਨ ਵਾਲਿਆਂ ਵਿੱਚ ਰੋਸ ਵਧ ਗਿਆ ਹੈ।
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਨੇ ਨਵੀਂ ਸਿੱਖਿਆ ਨੀਤੀ ਪਿਛਲੇ ਸਾਲ ਤੋਂ ਹੀ ਲਾਗੂ ਕੀਤੀ ਹੈ ਤੇ ਕਾਲਜਾਂ ਵਿਚ ਹਫ਼ਤੇ ਵਿਚ ਸਿਰਫ਼ ਦੋ ਦਿਨ ਹੀ ਪੰਜਾਬੀ ਪੜ੍ਹਾਈ ਜਾ ਰਹੀ ਹੈ। ਇਸ ਮਾਮਲੇ ਵਿੱਚ ਪ੍ਰਾਈਵੇਟ ਕਾਲਜ ਟੀਚਰਜ਼ ਯੂਨੀਅਨ ਨੇ ਪੰਜਾਬ ਯੂਨੀਵਰਸਿਟੀ ਤਕ ਪਹੁੰਚ ਕੀਤੀ ਸੀ ਜਿਨ੍ਹਾਂ ਨੇ ਆਪਣੇ ਸਿਲੇਬਸ ਨੂੰ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਹੈ ਜਿਸ ਵਿਚ ਸਪਸ਼ਟ ਦੱਸਿਆ ਗਿਆ ਹੈ ਕਿ ਪੰਜਾਬੀ ਤੇ ਅੰਗਰੇਜ਼ੀ ਦੇ ਲੈਕਚਰ ਦੋ ਦੀ ਥਾਂ ਚਾਰ ਦਿਨ ਪੜ੍ਹਾਏ ਜਾਣ। ਇਸ ਸਬੰਧੀ ਯੂਜੀਸੀ ਨੇ ਵੀ ਹਦਾਇਤ ਕੀਤੀ ਹੈ ਕਿ ਭਾਸ਼ਾ ਸਬੰਧੀ ਲੈਕਚਰ ਨੂੰ ਲੋੜ ਅਨੁਸਾਰ ਵਧਾਇਆ ਜਾ ਸਕਦਾ ਹੈ।

Advertisement

ਸ਼ਿਕਾਇਤਾਂ ’ਤੇ ਕਾਰਵਾਈ ਕੀਤੀ ਜਾਵੇਗੀ: ਡੀਨ

ਡੀਨ ਕਾਲਜ ਡਿਵੈਲਪਮੈਂਟ ਕਾਊਂਸਲ ਸੰਜੈ ਕੌਸ਼ਿਕ ਨੇ ਦੱਸਿਆ ਕਿ ਇਸ ਮਾਮਲੇ ’ਤੇ ਹਾਲੇ ਕੋਈ ਸ਼ਿਕਾਇਤ ਨਹੀਂ ਆਈ ਪਰ ਜੇ ਕੋਈ ਸ਼ਿਕਾਇਤ ਆਵੇਗੀ ਤਾਂ ਉਹ ਪੰਜਾਬੀ ਤੇ ਅੰਗਰੇਜ਼ੀ ਦੇ ਯੂਨੀਵਰਸਿਟੀ ਅਨੁਸਾਰ ਤੈਅ ਲੈਕਚਰ ਨਾ ਲਾਉਣ ’ਤੇ ਕਾਲਜਾਂ ਦੀ ਜਵਾਬਤਲਬੀ ਕਰਨਗੇ। ਉਨ੍ਹਾਂ ਕਿਹਾ ਕਿ ਕੋਈ ਵੀ ਕਾਲਜ ਯੂਨੀਵਰਸਿਟੀ ਦੇ ਕੈਲੰਡਰ ਨਾਲ ਛੇੜਛਾੜ ਨਹੀਂ ਕਰ ਸਕਦਾ ਕਿਉਂਕਿ ਯੂਨੀਵਰਸਿਟੀ ਵੱਲੋਂ ਵਿਦਿਆਰਥੀ ਨਿਯਮਾਂ ਅਨੁਸਾਰ ਹੀ ਕੈਲੰਡਰ ਤੈਅ ਕੀਤਾ ਜਾਂਦਾ ਹੈ।

Advertisement

ਕਾਲਜਾਂ ਦੇ ਮਸਲੇ ਹੱਲ ਨਾ ਕਰਨ ’ਤੇ ਪੀਯੂ ਨੂੰ ਚਿਤਾਵਨੀ

ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀਸੀਸੀਟੀਯੂ) ਦੀ ਚੰਡੀਗੜ੍ਹ ਇਕਾਈ ਨੇ ਚੰਡੀਗੜ੍ਹ ਦੇ ਗ਼ੈਰ-ਸਰਕਾਰੀ ਮਾਨਤਾ ਪ੍ਰਾਪਤ ਕਾਲਜਾਂ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ (ਪੀਯੂ) ਨੂੰ ਅਲਟੀਮੇਟਮ ਦਿੱਤਾ ਹੈ। ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਸੇਵਾਮੁਕਤ ਅਧਿਆਪਕਾਂ ਨੂੰ ’ਵਰਸਿਟੀ ਕੈਲੰਡਰ ਅਤੇ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਅਨੁਸਾਰ 300 ਦਿਨਾਂ ਦੀ ਕਮਾਈ ਛੁੱਟੀ ਦਾ ਲਾਭ ਨਹੀਂ ਦਿੱਤਾ ਜਾ ਰਿਹਾ। ਜ਼ਿਆਦਾਤਰ ਕਾਲਜ ਤਿੰਨ ਸੌ ਦਿਨ ਦੀ ਥਾਂ ਸਿਰਫ਼ 180 ਦਿਨ ਦੀ ਛੁੱਟੀ ਦਾ ਲਾਭ ਦੇ ਰਹੇ ਹਨ। ਇਨ੍ਹਾਂ ਕਾਲਜਾਂ ਵਿੱਚ ਕੰਮ ਕਰ ਰਹੇ ਐਡਹਾਕ ਅਧਿਆਪਕਾਂ ਨੂੰ ਯੂਜੀਸੀ ਦੇ ਨਿਯਮਾਂ ਅਨੁਸਾਰ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਯੂਨੀਵਰਸਿਟੀ ਵੱਲੋਂ ਆਪਣੇ ਮਾਨਤਾ ਪ੍ਰਾਪਤ ਕਾਲਜਾਂ ਵਿੱਚ ਲਾਗੂ ਕੀਤੀ ਗਈ ਐਨਈਪੀ ਸਕੀਮ ਤਹਿਤ ਪੰਜਾਬੀ ਅਤੇ ਅੰਗਰੇਜ਼ੀ ਦੇ ਵਿਸ਼ਿਆਂ ਨੂੰ ਇਕ ਹਫ਼ਤੇ ਵਿੱਚ 4 ਘੰਟੇ ਪੜ੍ਹਾਉਣ ਸਬੰਧੀ ਯੂਨੀਵਰਸਿਟੀ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਪੀਸੀਸੀਟੀਯੂ ਜ਼ਿਲ੍ਹਾ ਪਰਿਸ਼ਦ ਚੰਡੀਗੜ੍ਹ ਦੇ ਅਹੁਦੇਦਾਰਾਂ ਅਨੁਸਾਰ ਇਸ ਮਾਮਲੇ ਨੂੰ ਲੈ ਕੇ ਅਧਿਆਪਕ ਪਹਿਲਾਂ ਵੀ ਕਈ ਵਾਰ ਯੂਨੀਵਰਸਿਟੀ ਕੋਲ ਪਹੁੰਚ ਕਰ ਚੁੱਕੇ ਹਨ, ਜਿਨ੍ਹਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਇਸ ਨੂੰ ਲੈ ਕੇ ਅਧਿਆਪਕਾਂ ਵਿੱਚ ਰੋਸ ਹੈ। ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇ ਯੂਨੀਵਰਸਿਟੀ ਸ਼ਹਿਰ ਦੇ ਗ਼ੈਰ-ਸਰਕਾਰੀ ਮਾਨਤਾ ਪ੍ਰਾਪਤ ਕਾਲਜਾਂ ਵਿਚ ਆਪਣੇ ਕੈਲੰਡਰ ਨਿਯਮਾਂ ਅਤੇ ਨਿਰਦੇਸ਼ਾਂ ਨੂੰ ਲਾਗੂ ਕਰਨ ਅਤੇ ਯਕੀਨੀ ਬਣਾਉਣ ਵਿੱਚ ਅਸਫ਼ਲ ਰਹਿੰਦੀ ਹੈ ਤਾਂ ਉਹ ਸੰਘਰਸ਼ ਕਰਨਗੇ।

Advertisement
Author Image

joginder kumar

View all posts

Advertisement