ਸਮਕਾਲੀ ਸਮਾਜ ਵਿੱਚ ਪੰਜਾਬੀ
ਮਨਮੋਹਨ
ਇਤਿਹਾਸਕ ਪਰਿਪੇਖ ਤੋਂ ਦੇਖੀਏ ਤਾਂ ਪੰਜਾਬ ਨੂੰ ਰਿਗਵੇਦ ਵਿੱਚ ਸਪਤਸਿੰਧੂ ਭਾਵ ਸੱਤ ਦਰਿਆਵਾਂ ਵਾਲਾ ਕਿਹਾ ਗਿਆ ਹੈ। ਇਹ ਸੱਤ ਦਰਿਆ ਸਿੰਧ, ਵਿਤਸਤਾ (ਜਿਹਲਮ), ਅਸਕਿਨੀ (ਚਨਾਬ), ਪੁਰੁਸ਼ਣੀ ਜਾਂ ਇਰਾਵਤੀ (ਰਾਵੀ), ਵਿਪਾਸਾ (ਬਿਆਸ), ਸ਼ਤਦਰੂ (ਸਤਲੁਜ) ਅਤੇ ਸਰਸਵਤੀ ਹਨ। ਮਹਾਭਾਰਤ ਵਿੱਚ ਪੰਜਾਬ ਨੂੰ ਆਰੱਟ (ਸੰਸਕ੍ਰਿਤ ਵਿੱਚ ਆਰਾਸ਼ਟਰ) ਕਿਹਾ ਹੈ। ਇਸ ਦੇ ਲੋਕਾਂ ਨੂੰ ਬਲਹੀਕ/ਬਾਹਲੀਕ ਕਿਹਾ ਗਿਆ ਹੈ। ਸੰਸਕ੍ਰਿਤ ਦੀ ਵਿਆਕਰਣ ਦੇ ਕਰਤਾ ਪਾਣਿਨੀ ਨੇ ਚੌਥੀ ਸਦੀ ਈਸਾ ਪੂਰਵ ’ਚ ਇਸ ਨੂੰ ਵਾਹੀਕ ਕਿਹਾ ਹੈ। ਪੰਜਾਬ ਦਾ ਇੱਕ ਹੋਰ ਨਾਂ ਮਦਰ ਦੇਸ ਵੀ ਸੀ। ਯੂਨਾਨੀਆਂ ਨੇ ਇਸ ਨੂੰ ਪੰਟਾਪੁਟਾਮੀਆ ਭਾਵ ਪੰਜ ਦਰਿਆ ਕਿਹਾ ਹੈ। ਇਬਨ ਬਤੂਤਾ ਚੌਦਵੀਂ ਸਦੀ ਵਿੱਚ ਇੱਥੇ ਆਇਆ ਸੀ ਤੇ ਉਸ ਨੇ ਪਹਿਲੀ ਵਾਰ ‘ਪੰਜਾਬ’ ਸ਼ਬਦ ਵਰਤਿਆ ਸੀ। ਅੰਗਰੇਜ਼ਾਂ ਨੇ ਪਲਾਸੀ ਦੀ ਲੜਾਈ ਅਤੇ ਬਕਸਰ ਦੀ ਜੰਗ ਜਿੱਤਣ ਤੋਂ ਬਾਅਦ 1839 ਵਿੱਚ ‘ਸਰਕਾਰ-ਏ-ਖ਼ਾਲਸਾ’ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਆਪਣੀਆਂ ਕੂਟਨੀਤਕ ਚਾਲਾਂ ਅਤੇ ਸਿੱਖ-ਅੰਗਰੇਜ਼ ਜੰਗਾਂ ਰਾਹੀਂ 1849 ਵਿੱਚ ਪੰਜਾਬ ’ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ। ਰਾਜਨੀਤਕ ਤੌਰ ’ਤੇ ਪੰਜਾਬ ਨੇ ਉਥਲ-ਪੁਥਲ ਦਾ ਦੌਰ ਦੇਖਿਆ, ਪਰ ਕੁੱਲ ਮਿਲਾ ਕੇ ਪੰਜਾਬ ਦੇ ਖਿੱਤੇ ਦਾ ਜੀਵਨ ਖ਼ੁਸ਼ਹਾਲ ਹੀ ਰਿਹਾ।
ਆਪਣੇ ਇਤਿਹਾਸਕ ਖ਼ੁਸ਼ਹਾਲ ਸੂਬੇ ਦੇ ਬਿੰਬ ਦੀ ਬਜਾਏ ਸਮਕਾਲੀ ਪੰਜਾਬ ਆਪਣੇ ਸਮਾਜਿਕ, ਆਰਥਿਕ, ਰਾਜਨੀਤਕ, ਸਭਿਆਚਾਰਕ, ਵਾਤਾਵਰਣਕ ਸੰਕਟਾਂ ਕਾਰਨ ਬੜੇ ਗੰਭੀਰ ਦੌਰ ’ਚੋਂ ਲੰਘ ਰਿਹਾ ਹੈ। ਇਸ ਨੂੰ ਫਰੈਡਰਿਕ ਜੇਮਸਨ ਦੀ ‘Postmodernism; or, The Cultural Logic of Late Capitalism’ ਤੋਂ ਸਮਝਿਆ ਜਾ ਸਕਦਾ ਹੈ। ਸਮਕਾਲੀ ਸਮਾਜ ਦਾ ਵਿਸ਼ਲੇਸ਼ਣ ਕਰਦਿਆਂ ਉਤਰ-ਆਧੁਨਿਕਤਾ ਦੇ ਮੁੱਖ ਚਿਹਨਾਂ ਤੇ ਨਕਸ਼ਾਂ ਦੀ ਪਛਾਣ ਕਰਦਾ ਹੈ ਜਿਵੇਂ ਪਹਿਲਾ, ਆਤਮ/ਨਿੱਜ ਵਿੱਚੋਂ ਵਿਅਕਤੀਗਤ ਅਨੁਭਵ ਤੇ ਸ਼ੈਲੀ ਅਲੋਪ ਹੋ ਗਏ ਹਨ। ਦੂਜਾ, ਬੰਦੇ ਦੀ ਤਿੜਕੀ ਚੇਤਨਾ ਕਾਰਨ ਭੂਤ ਅਤੇ ਭਵਿੱਖ ਦੇ ਸਮਿਆਂ ਦਾ ਵਰਤਮਾਨ ਦੌਰ ’ਚ ਘੜਮੱਸ ਪਿਆ ਹੋਇਆ ਹੈ। ਤੀਜਾ, ਇਤਿਹਾਸਕਤਾ ਦੇ ਸੰਕਟ ਨੇ ਸਮੂਹਿਕ ਮਾਨਵੀ ਦਸਤਾਵੇਜ਼ ਨੂੰ ਹੇਰਵੇ ਦੇ ਖ਼ਾਲੀ ਅਤੇ ਖੋਖਲੇ ਬਿੰਬ ਤੱਕ ਘਟਾ ਦਿੱਤਾ ਹੈ। ਚੌਥਾ ਰੱਲਗੱਡਤਾ (pastiche) ਦੀ ਸ਼ੈਲੀਗਤ ਜਿੱਤ ਨੇ ਅਤੀਤ ਦੇ ਸਭਿਆਚਾਰਾਂ ਨੂੰ ਏਧਰੋਂ ਓਧਰੋਂ ਖਾ ਲਿਆ ਹੈ ਜਿਸ ਕਾਰਨ ਜੀਵਨ ਦਾ ਵੱਥ ਸਿਰਫ਼ ਉਤੇਜਨਾ ਤੱਕ ਸਿਮਟ ਕੇ ਰਹਿ ਗਿਆ ਹੈ ਅਤੇ ਝੱਲ ਤੇ ਉਨਮਾਦ ਦਾ ਉਦਾਤੀਕਰਨ ਹੋਇਆ ਹੈ। ਇਸ ਨਾਲ ਹੀ ਤਕਨੀਕੀ ਪ੍ਰਬਲਤਾ ਕਾਰਨ ਸਮਝ ਨਾ ਆਉਣ ਅਤੇ ਚਾਰੇ ਪਾਸੇ ਫੈਲ ਕੇ ਸਭ ਕੁਝ ਨੂੰ ਨਿਗਲ ਜਾਣ ਵਾਲੇ ਆਰਥਿਕ ਪ੍ਰਬੰਧਾਂ ਅਤੇ ਪ੍ਰਣਾਲੀਆਂ ਦਾ ਬਿੰਬੀਕਰਨ ਹੋਇਆ ਹੈ। ਬੌਦਰੀਲਾਰਦ ਦੇ ਸੰਕਲਪ ‘ਸਿਮੂਲੇਕਰਾ’ ਨੂੰ ਅਪਣਾਉਂਦਿਆਂ ਜੇਮਸਨ ਵਰਤਮਾਨ ਇਤਿਹਾਸਕ ਪ੍ਰਸਥਿਤੀਆਂ ਦੀ ਸਖ਼ਤ ਆਲੋਚਨਾ ਕਰਦਾ ਹੈ। ਉਹ ਮੌਜੂਦਾ ਦੌਰ ਦੀ ਬੜੀ ਭਿਆਨਕ ਤੇ ਗੰਭੀਰ ਤਸਵੀਰ ਪੇਸ਼ ਕਰਦਾ ਹੈ ਜੋ ਸਾਡੇ ਇਤਿਹਾਸ ਦੇ ਸਬੰਧਾਂ ਦੇ ਖ਼ਤਮ ਹੋ ਜਾਣ ਕਰਕੇ ਪੈਦਾ ਹੋਈ ਹੈ। ਅਸੀਂ ਵਰਤਮਾਨ ਦੇ ਭਰਮਾਂ ’ਚ ਫਸ ਕੇ ਰਹਿ ਗਏ ਹਾਂ। ਉਹ ਅਰਨੈੱਸਟ ਮੈਂਡਲ ਦੀ ਕਿਤਾਬ ‘Long Waves of Capitalist Development’ ਨੂੰ ਆਧਾਰ ਬਣਾਉਂਦਾ ਹੈ ਜੋ ਪੂੰਜੀਵਾਦ ਨੂੰ ਤਿੰਨ ਯੁੱਗਾਂ ’ਚ ਵੰਡਦਾ ਹੈ। ਇਹ ਤਕਨੀਕੀ ਵਿਕਾਸ ਦੇ ਤਿੰਨ ਪੜਾਵਾਂ ਨਾਲ ਸੁਮੇਲ ਰੱਖਦਾ ਹੈ: ਉਨ੍ਹੀਵੀਂ ਸਦੀ ਦੇ ਮੱਧ ਤੋਂ ਭਾਫ਼ ਇੰਜਣ ਨਾਲ ਉਦਯੋਗੀ ਉਤਪਾਦਨ ਦੀ ਸ਼ੁਰੂਆਤ; 1890ਵਿਆਂ ਦੇ ਦਹਾਕੇ ਤੋਂ ਬਿਜਲੀ ਉਤਪਾਦਨ ਅਤੇ ਤੇਲ ਨਾਲ ਚੱਲਣ ਵਾਲੇ ਇੰਜਣ ਨਾਲ ਉਦਯੋਗੀ ਉਤਪਾਦਨ; ਅਤੇ 1940 ਤੋਂ ਲੈ ਕੇ ਅੱਜ ਤੱਕ ਇਲੈਕਟਰੋਨਿਕਸ ਅਤੇ ਪ੍ਰਮਾਣੂ ਜੁਗਤਾਂ ਰਾਹੀਂ ਉਦਯੋਗੀ ਉਤਪਾਦਨ ਦਾ ਪੜਾਅ। ਤਕਨੀਕੀ ਵਿਕਾਸ ਦੇ ਇਹ ਪੜਾਅ ਪੂੰਜੀਵਾਦ ਦੇ ਵਿਕਾਸ ਨਾਲ ਮੇਲ ਖਾਂਦੇ ਹਨ। ਪੂੰਜੀਵਾਦ ਦੇ ਪੜਾਅ ਹਨ: ਨੇਸ਼ਨ-ਸਟੇਟ ਦੀਆਂ ਸੀਮਾਵਾਂ ਅੰਦਰ ਵਿਚਰਦੀ ਬਾਜ਼ਾਰ/ਮੰਡੀ ਆਰਥਿਕਤਾ; ਸਾਮਰਾਜਵਾਦ ਅਤੇ ਏਕਾਧਿਕਾਰ ਦਾ ਪੜਾਅ ਜਿਸ ਵਿੱਚ ਕਈ ਦੇਸ਼ਾਂ ਨੇ ਹੋਰ ਖੇਤਰਾਂ ਵਿੱਚ ਆਪਣੇ ਬਾਜ਼ਾਰ ਨੂੰ ਫੈਲਾਇਆ; ਅਤੇ ਵਰਤਮਾਨ ਦੌਰ ਦਾ ਨਵਪੂੰਜੀਵਾਦ ਜਿਸ ਵਿੱਚ ਦੇਸ਼ਾਂ ਦੀਆਂ ਸੀਮਾਵਾਂ ਅਪ੍ਰਸੰਗਿਕ ਅਤੇ ਅਸੰਗਤ ਹੋ ਗਈਆਂ। ਜੇਮਸਨ ਪੂੰਜੀਵਾਦ ਦੇ ਇਨ੍ਹਾਂ ਤਿੰਨਾਂ ਪੜਾਵਾਂ ਨੂੰ ਸਭਿਆਚਾਰਕ ਉਤਪਾਦਨ ਨਾਲ ਜੋੜ ਕੇ ਦੇਖਦਾ ਹੈ। ਪਹਿਲਾ ਪੜਾਅ ਯਥਾਰਥਵਾਦ, ਦੂਜਾ ਆਧੁਨਿਕਤਾ ਜਾਂ ਆਧੁਨਿਕਵਾਦ ਅਤੇ ਅਜੋਕਾ ਤੇ ਅੰਤਿਮ ਪੜਾਅ ਉਤਰਆਧੁਨਿਕਤਾਵਾਦ ਦਾ ਹੈ।
ਸਮਕਾਲੀ ਪੰਜਾਬ ਦੀ ਆਰਥਿਕਤਾ ਦੀ ਸਭ ਤੋਂ ਵੱਡੀ ਅਹਿਮ ਸਮੱਸਿਆ ਨਾਬਰਾਬਰੀ ਅਤੇ ਆਰਥਿਕ ਪਾੜਾ ਹੈ। ਪੰਜਾਬ ’ਚ ਆਰਥਿਕ ਵਿਕਾਸ ਦਰ ਬੁਰੀ ਤਰ੍ਹਾਂ ਘਟ ਗਈ ਜਿਸ ਕਾਰਨ ਰੁਜ਼ਗਾਰ ਸੰਭਾਵਨਾਵਾਂ ’ਚ ਵੱਡੀ ਕਮੀ ਆਈ ਹੈ। ਬੇਰੁਜ਼ਗਾਰੀ ਦੇ ਨਾਲ ਨਾਲ ਨਿਮਨ/ਊਣੀ ਰੁਜ਼ਗਾਰੀ ਦਾ ਵੀ ਬੜਾ ਵੱਡਾ ਸੰਕਟ ਹੈ। ਫਰੈਡਰਿਕ ਜੇਮਸਨ ਆਪਣੀ ਕਿਤਾਬ ‘The Political Unconscious’ ਵਿਚ ਯੁਟੋਪੀਆ/ਆਸ ਅਤੇ ਡਿਸਟੋਪੀਆ/ਨਿਰਾਸ਼ਾ ਦਾ ਸੰਕਲਪ ਦਿੰਦਾ ਹੈ। ਪੰਜਾਬ ਦੇ ਸਮਕਾਲੀ ਸਮਾਜ ਦਾ ਬਿੰਬ ਨਿਰਾਸ਼ਾਮਈ ਹੈ। ਹਰੀ ਕ੍ਰਾਂਤੀ ਦੀ ਤਿੱਖੀ ਆਰਥਿਕ ਚੜ੍ਹਾਈ ਤੋਂ ਬਾਅਦ ਵਰਤਮਾਨ ਖੇਤੀ ਖੇਤਰ ਖੜੋਤ ਦਾ ਸ਼ਿਕਾਰ ਹੈ। ਕਿਸਾਨੀ ਕਰਜ਼ੇ ਦੇ ਗਧੀ ਗੇੜ ’ਚ ਫਸ ਕੇ ਰਹਿ ਗਈ। ਖੇਤ ਮਜ਼ਦੂਰਾਂ ਦੀ ਆਰਥਿਕ, ਸਮਾਜਿਕ ਹਾਲਤ ਤਾਂ ਹੋਰ ਵੀ ਵੱਧ ਨਿੱਘਰੀ ਅਤੇ ਉਹ ਵੀ ਆਤਮ-ਹੱਤਿਆਵਾਂ ਕਰਨ ਲਈ ਮਜਬੂਰ ਹੋਏ। ਆਰਥਿਕ ਵਿਕਾਸ ਦਰ ਘਟ ਗਈ। ਨਵੀਆਂ ਨੌਕਰੀਆਂ ਨਾ ਮਿਲਣ ਕਾਰਨ ਨੌਜਵਾਨ ਨਿਰਾਸ਼ ਹੋ ਕੇ ਨਸ਼ਿਆਂ ਦਾ ਸ਼ਿਕਾਰ ਹੋਣ ਲੱਗੇ। ਪੰਜਾਬ ਦੀ ਭੂਗੋਲਿਕਤਾ ਅਤੇ ਸਰਹੱਦੀ ਰਾਜ ਹੋਣ ਕਾਰਨ ਵੀ ਇੱਥੇ ਨਸ਼ਿਆਂ ਦਾ ਸੇਵਨ ਵਧਿਆ ਹੈ। ਹਰੀ ਕ੍ਰਾਂਤੀ ਕਾਰਨ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਘਟ ਗਿਆ। ਝੋਨੇ ਦੀ ਖੇਤੀ ਪੰਜਾਬ ਦੇ ਈਕੋ ਸਿਸਟਮ ਅਤੇ ਜਲਵਾਯੂ ਦੇ ਅਨੁਕੂਲ ਨਹੀਂ। ਇਸ ਕਾਰਨ ਪੰਜਾਬ ਦੇ ਮਾਰੂਥਲ ਬਣਨ ਦੀ ਸੰਭਾਵਨਾਵਾਂ ਤੀਬਰ ਹੋ ਗਈਆਂ ਹਨ। ਪਰਾਲੀ ਸੰਕਟ ਵਾਤਾਵਰਣ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਹੈ।
ਹਰੀ ਕ੍ਰਾਂਤੀ ਨੂੰ ਹੁਣ ਵਿਡੰਬਨਾ ਦੀ ਭਾਸ਼ਾ ’ਚ ਭ੍ਰਾਂਤੀ ਵੀ ਕਿਹਾ ਜਾ ਰਿਹਾ ਹੈ। ਇਸ ਕਾਰਨ ਹੀ ਪੰਜਾਬ ਨੂੰ ਅਤਿਵਾਦ ਦਾ ਦੌਰ ਦੇਖਣਾ ਪਿਆ। ਹਰੀ ਕ੍ਰਾਂਤੀ ਕਾਰਨ ਹੀ ਪੰਜਾਬ ਨੂੰ ਅਤਿਵਾਦ ਤੋਂ ਬਾਅਦ ਚਾਰ ਪੱਖਾਂ ਤੋਂ ਹੋਰ ਸੰਤਾਪ ਝੱਲਣੇ ਪੈ ਰਹੇ ਹਨ। ਹਰੀ ਕ੍ਰਾਂਤੀ ਮਗਰੋਂ ਇਕਦਮ ਬਹੁਤਾ ਪੈਸਾ ਆਉਣ ਕਾਰਨ ਪੰਜਾਬੀ ਬੰਦਾ ਦੇਖਾ-ਦੇਖੀ ਦਿਖਾਵੇ ਦੀ ਜ਼ਿੰਦਗੀ ਜਿਉਣ ਲੱਗਾ। ਨਤੀਜਨ ਕਰਜ਼ਿਆਂ ਦੇ ਕੁਚੱਕਰ ’ਚ ਫਸ ਗਿਆ।
1992 ਤੋਂ ਬਾਅਦ ਨਵਉਦਾਰਵਾਦੀ ਨੀਤੀਆਂ ਕਾਰਨ ਪੰਜਾਬ ਦਾ ਉਦਯੋਗੀਕਰਨ ਦਾ ਵਿਕਾਸ ਵੀ ਪੱਛੜ ਗਿਆ ਹੈ। ਪੂਰੇ ਸਮਾਜ ਵਿੱਚ ਕੋਈ ਵੱਡਾ ਉਦਯੋਗ ਨਹੀਂ। ਛੋਟਾ, ਲਘੂ ਅਤੇ ਮੱਧਮ ਉਦਯੋਗ ਉਤਪਾਦਨ ਸਪੱਰਥਾ ਵਿੱਚ ਪੱਛੜ ਗਿਆ ਹੈ।
ਪੰਜਾਬ ’ਚ ਸਿੱਖਿਆ ਦੇ ਖੇਤਰ ’ਚ ਆਈ ਗਿਰਾਵਟ ਦਾ ਇੱਕ ਕਾਰਨ ਸਿੱਖਿਆ ਦਾ ਨਿੱਜੀਕਰਨ ਹੋਣਾ ਹੈ। ਇਸ ਕਾਰਨ ਨਿੱਜੀ ਅਦਾਰਿਆਂ ਤੇ ਯੂਨੀਵਰਸਿਟੀਆਂ ’ਚ ਸਿੱਖਿਆ ਦਾ ਮਿਆਰ ਕਾਇਮ ਨਾ ਰੱਖਣ ਕਰਕੇ ਇਨ੍ਹਾਂ ’ਚੋਂ ਪੜ੍ਹਿਆ ਪੰਜਾਬੀ ਵਿਦਿਆਰਥੀ ਸਰਕਾਰੀ ਨੌਕਰੀ ਦੇ ਇਮਤਿਹਾਨ ’ਚ ਅਸਫ਼ਲ ਹੋਣ ਲੱਗਾ। ਨੀਮ-ਪੜ੍ਹਿਆ ਲਿਖਿਆ ਹੋਣ ਕਾਰਨ ਹੱਥੀਂ ਕੰਮ ਕਰਨ ਤੋਂ ਵੀ ਪ੍ਰਹੇਜ਼ ਕਰਨ ਲੱਗਾ। ਇਸ ਸਥਿਤੀ ’ਚੋਂ ਬਾਹਰ ਨਿਕਲਣ ਦਾ ਹੱਲ ਉਸ ਨੂੰ ਵਿਦੇਸ਼ ਪਲਾਇਣ ’ਚ ਲੱਭਾ। ਇਸ ਕਾਰਨ ਪੰਜਾਬੀ ਨੌਜਵਾਨ ਪੱਛਮੀ ਦੇਸ਼ਾਂ ’ਚ ਕਾਨੂੰਨੀ ਗ਼ੈਰਕਾਨੂੰਨੀ ਢੰਗ ਨਾਲ ਜਾਣ ਦੀ ਮ੍ਰਿਗ ਤਿਸ਼ਨਾ ’ਚ ਫਸ ਕੇ ਰਹਿ ਗਿਆ। ਇਸ ਨੂੰ ਰੋਕਣ ਦਾ ਇੱਕੋ ਇੱਕ ਹੱਲ ਪੰਜਾਬ ਦੇ ਸਿੱਖਿਆ ਖੇਤਰ ਨੂੰ ਮੁੜ ਮਜ਼ਬੂਤ ਬਣਾਉਣਾ ਹੈ। ਇਸ ਨਾਲ ਹੀ ਪੰਜਾਬ ’ਚ ਬੇਰੁਜ਼ਗਾਰੀ, ਨਿਮਨ-ਊਣੀ ਰੁਜ਼ਗਾਰੀ ਦਾ ਅੰਤ ਹੋਵੇਗਾ। ਪੰਜਾਬੀ ਬੱਚੇ ਦੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ’ਚ ਦੋ-ਭਾਸ਼ਾਈ ਰਹੀ ਹੈ। ਪਹਿਲੀਆਂ ਪੰਜ ਜਮਾਤਾਂ ’ਚ ਪੰਜਾਬੀ ਅਤੇ ਛੇਵੀਂ ਜਮਾਤ ਤੋਂ ਅੰਗਰੇਜ਼ੀ ਤੇ ਹਿੰਦੀ ਪੜ੍ਹਾਈ ਜਾਂਦੀ ਸੀ। ਮੁੱਢਲੀ ਸਿੱਖਿਆ ਮਾਂ ਬੋਲੀ ’ਚ ਹੀ ਦੇਣ ਦਾ ਮਾਡਲ ਪੂਰੀ ਦੁਨੀਆ ’ਚ ਸਰਬਪ੍ਰਵਾਨਿਤ ਹੈ।
ਪੰਜਾਬੀ ਨੂੰ ਬਚਾਉਣ ਬਾਰੇ ਅੱਜ ਇੱਕੀਵੀਂ ਸਦੀ ਵਿੱਚ ਵੀ ਕਈ ਭਾਵੁਕ ਪ੍ਰਤੀਕਰਮ ਅੱਜਕੱਲ੍ਹ ਕਈ ਮਾਧਿਅਮਾਂ ਰਾਹੀਂ ਮਿਲਦੇ ਹਨ। ਪੰਜਾਬੀ ਮਿੱਠੀ ਬੋਲੀ ਹੈ। ਇਹ ਬਾਬਾ ਨਾਨਕ, ਬੁੱਲ੍ਹੇ ਤੇ ਵਾਰਿਸ ਦੀ ਬੋਲੀ ਹੈ। ਇਸ ਨੂੰ ਬਚਾਉਣ ਲਈ ਘਰਾਂ ’ਚ ਮਾਪੇ, ਦਾਦਕੇ ਨਾਨਕੇ ਬੱਚਿਆਂ ਨਾਲ ਮਾਂ ਬੋਲੀ ਪੰਜਾਬੀ ਬੋਲਣ। ਵੀਹਵੀਂ ਸਦੀ ਵਿੱਚ ਵੀ ਲਾਲਾ ਬਿਹਾਰੀ ਲਾਲ ਨੂਰ ਜਿਹੇ ਬੁੱਧੀਜੀਵੀਆਂ ਦਾ ਕਹਿਣਾ ਸੀ ਕਿ ਸਿੱਖਿਆ ਦਾ ਮਾਧਿਅਮ ਪੰਜਾਬੀ ਹੀ ਹੋਣਾ ਚਾਹੀਦਾ ਹੈ। ਦਰਅਸਲ, ਪੰਜਾਬੀ ਬੋਲੀ ਦੇ ਇਤਿਹਾਸ ਅਤੇ ਭੂਗੋਲ ’ਚ ਆਏ ਬਦਲਾਵਾਂ ਕਾਰਨ ਇਸ ਦਾ ਖਿੱਤਾ ਸੁੰਗੜਿਆ ਹੈ ਅਤੇ ਪੰਜਾਬੀ ਬੋਲਣ ਤੇ ਪੰਜਾਬੀ ਨੂੰ ਗੁਰਮੁਖੀ ’ਚ ਪੜ੍ਹ ਲਿਖ ਸਕਣ ਵਾਲਿਆਂ ਦੀ ਗਿਣਤੀ ਘਟੀ ਹੈ। ਇਸ ਨਾਲ ਪੰਜਾਬੀ ਦਾ ਬੋਲ-ਚਾਲ ਦੀ ਭਾਸ਼ਾ ਤੱਕ ਹੀ ਰਹਿ ਜਾਣ ਦਾ ਖ਼ਤਰਾ ਹੀ ਨਹੀਂ ਵਧਿਆ ਹੈ ਸਗੋਂ ਇਹ ਤਰਕ ਦੇਣ ਵਾਲਿਆਂ ਕੋਲ ਕੋਈ ਠੋਸ ਆਧਾਰ ਨਹੀਂ ਬਚਦਾ ਕਿ ਜਿੰਨੀ ਦੇਰ ਤੱਕ ਗੁਰੂ ਗ੍ਰੰਥ ਸਾਹਿਬ ਹਨ ਪੰਜਾਬੀ ਭਾਸ਼ਾ ਨਹੀਂ ਮਰਦੀ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬ ’ਚ ਪੰਜਾਬੀ ਭਾਸ਼ਾ ਨੂੰ ਅਹਿਮੀਅਤ ਨਹੀਂ ਮਿਲੀ। ਪੈਪਸੂ ’ਚ ਪੰਜਾਬੀ ਦੀ ਕਦਰ ਬਰਕਰਾਰ ਰਹੀ, ਪਰ ਪੰਜਾਬ ’ਚ ਦੋ-ਭਾਸ਼ਾਈ ਫਾਰਮੂਲੇ ਨੇ ਪੰਜਾਬੀ ਨੂੰ ਵੱਡੀ ਢਾਹ ਲਾਈ। ਪੰਜਾਬੀ ਸੂਬੇ ਦੇ ਮੋਰਚੇ ਤੋਂ ਬਾਅਦ ਪੰਜਾਬ ਤਿੰਨ ਭਾਗਾਂ ’ਚ ਵੰਡਿਆ ਗਿਆ ਤਾਂ 1966 ’ਚ ਪੰਜਾਬ ਰਾਜ ਭਾਸ਼ਾ ਕਾਨੂੰਨ ਅਧੀਨ ਪੰਜਾਬੀ ਲਾਗੂ ਹੋਈ। ਇਸ ਦੇ ਬਾਵਜੂਦ ਅੱਜ ਵੀ ਰਾਜ ਕਾਜ ਤੇ ਪ੍ਰਬੰਧਕੀ ਕਾਰਜਾਂ ’ਚ ਇਸ ਦੇ ਲਾਗੂ ਹੋਣ ਦੀ ਸਥਿਤੀ ਬੜੀ ਨਾਜ਼ੁਕ ਤੇ ਗੰਭੀਰ ਹੈ। ਸੂਬੇ ਦੇ ਵੀਹ ਹਜ਼ਾਰ ਸਕੂਲਾਂ ’ਚ ਪੰਜਾਬੀ ਦੀ ਪੜ੍ਹਾਈ ਦਾ ਮਿਆਰ ਬਹੁਤ ਨੀਵਾਂ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਕੂਲਾਂ ’ਚ ਇਹ ਸਿੱਖਿਆ ਦਾ ਮਾਧਿਅਮ ਹੈ, ਪਰ ਪ੍ਰਾਈਵੇਟ ਸਕੂਲਾਂ ਦੁਆਰਾ ਅੰਗਰੇਜ਼ੀ ਮਾਧਿਅਮ ’ਚ ਬੱਚਿਆਂ ਨੂੰ ਪੜ੍ਹਾਉਣ ਕਾਰਨ ਪੰਜਾਬੀ ਨੂੰ ਪੇਡੂਆਂ ਦੀ ਭਾਸ਼ਾ ਗਰਦਾਨ ਦਿੱਤਾ ਗਿਆ। ਇਨ੍ਹਾਂ ਸਕੂਲਾਂ ’ਚ ਮਾਂ ਬੋਲੀ ਬੋਲਣ ਦੀ ਮਨਾਹੀ ਹੈ। ਅਜਿਹੀ ਸੋਚ ਕਾਰਨ ਪੰਜਾਬੀ ਹੁਣ ਗ਼ਰੀਬਾਂ ਦੀ ਭਾਸ਼ਾ ਬਣ ਕੇ ਰਹਿ ਗਈ ਹੈ। ਪੰਜਵੀਂ ਜਮਾਤ ਤੱਕ ਦੀ ਸਿੱਖਿਆ ਮਾਂ ਬੋਲੀ ’ਚ ਅਤੇ ਬਾਕੀ ਭਾਸ਼ਾਵਾਂ ਦੀ ਪੜ੍ਹਾਈ ਛੇਵੀਂ ਜਮਾਤ ’ਚ ਹੋਣ ਦਾ ਫਾਰਮੂਲਾ ਵਿਸ਼ਵ ਪੱਧਰ ’ਤੇ ਭਾਸ਼ਾ ਵਿਗਿਆਨੀਆਂ ਅਤੇ ਸਿੱਖਿਆ ਮਾਹਿਰਾਂ ਵੱਲੋਂ ਸਰਬ-ਪ੍ਰਵਾਨਿਤ ਹੈ।
ਅੱਜ ਪੰਜਾਬ ਦੇ ਵੀਹ ਹਜ਼ਾਰ ਸਕੂਲਾਂ ’ਚ 32 ਲੱਖ ਬੱਚੇ ਪੜ੍ਹਦੇ ਹਨ, ਪਰ ਬਹੁਤੇ ਬੱਚੇ ਗਿਆਨ ਦੀਆਂ ਮੂਲ ਨਿਪੁੰਨਤਾਵਾਂ ’ਚ ਊਣੇ ਹਨ। ਇਸ ਦੇ ਕਈ ਕਾਰਨ ਹਨ: ਸਰਕਾਰੀ ਸਕੂਲਾਂ ’ਚ ਮੁੱਢਲੀਆਂ ਸਹੂਲਤਾਂ ਨਦਾਰਦ ਹਨ; ਅਧਿਆਪਕਾਂ ਦੀ ਭਰਤੀ ਨਿਰੰਤਰ ਨਹੀਂ ਹੁੰਦੀ; ਇੱਕ ਹੀ ਅਧਿਆਪਕ ਨੂੰ ਕਈ ਜਮਾਤਾਂ ਨੂੰ ਕਈ ਵਿਸ਼ੇ ਪੜ੍ਹਾਉਣੇ ਅਤੇ ਕਈ ਗ਼ੈਰਵਿਦਿਅਕ ਕੰਮ ਕਰਨੇ ਪੈਂਦੇ ਹਨ; ਲੰਮੇ ਸਮੇਂ ਤੋਂ ਪਾਠ ਪੁਸਤਕਾਂ ਤੇ ਪਾਠਕ੍ਰਮ ’ਚ ਲੋੜੀਦੀਆਂ ਤਬਦੀਲੀਆਂ ਨਹੀਂ ਕੀਤੀਆਂ ਗਈਆਂ ਅਤੇ ਇਨ੍ਹਾਂ ਦਾ ਮਿਆਰ ਬਹੁਤ ਨੀਵਾਂ ਹੈ।
ਪੰਜਾਬੀ ਦੀ ਭਵਿੱਖਮੁਖੀ ਸਥਿਤੀ ਪ੍ਰਤੀ ਵਿਚਾਰ ਕਰਦਿਆਂ ਇਹ ਜਾਨਣਾ ਜ਼ਰੂਰੀ ਹੈ ਕਿ ਸਰਕਾਰ ਦਾ ਪਿਛਲੇ ਸਮਿਆਂ ’ਚ ਪੰਜਾਬੀ ਭਾਸ਼ਾ ਪ੍ਰਤੀ ਕੀ ਵਤੀਰਾ ਰਿਹਾ ਹੈ? ਭਵਿੱਖ ਲਈ ਸਰਕਾਰ ਦੀ ਭਾਸ਼ਾ ਨੀਤੀ ਕੀ ਹੋਵੇਗੀ? ਪੰਜਾਬੀ ਭਾਸ਼ਾ ਪ੍ਰਤੀ ਇਸ ਨੂੰ ਬੋਲਣ ਅਤੇ ਲਿਖਣ ਪੜ੍ਹਨ ਵਾਲਿਆਂ ਦਾ ਵਿਹਾਰ ਅਤੇ ਅਮਲ ਕੀ ਹੈ ਭਾਵ ਸਿੱਖਿਆ ’ਚ ਪੰਜਾਬੀ ਦੀ ਮਾਧਿਅਮ ਅਤੇ ਵਿਸ਼ੇ ਵਜੋਂ ਭਾਵ ਪੰਜਾਬੀ ਸਾਹਿਤ, ਭਾਸ਼ਾ ਤੇ ਚਿੰਤਨ ’ਚ ਇਸ ਦੀ ਵਸਤੂ ਸਥਿਤੀ ਕੀ ਹੈ? ਰਾਜ ਪ੍ਰਬੰਧ, ਸਾਸ਼ਨ ਅਤੇ ਨਿਆਂ ਪ੍ਰਬੰਧ ’ਚ ਪੰਜਾਬੀ ਭਾਸ਼ਾ ਦੀ ਸਥਿਤੀ ਕੀ ਹੈ? ਆਮ ਸਾਧਾਰਨ ਜੀਵਨ ਜਿਵੇਂ ਬਾਜ਼ਾਰ, ਵਪਾਰ, ਇਸ਼ਤਿਹਾਰ, ਅਖ਼ਬਾਰ, ਰੁਜ਼ਗਾਰ ਅਤੇ ਪਰਿਵਾਰ ’ਚ ਪੰਜਾਬੀ ਭਾਸ਼ਾ ਦੀ ਕਿੰਨੀ ਕੁ ਵਰਤੋਂ ਹੋ ਰਹੀ ਹੈ? ਭਾਸ਼ਾ ਨੂੰ ਵਿਕਸਿਤ ਕਰਨ ਦੀ ਵਿਉਂਤਬੰਦੀ ਕੀ ਹੈ? ਇਸ ਵਿਉਂਤਬੰਦੀ ’ਚ ਪੰਜਾਬੀ ਨੂੰ ਸਾਹਿਤ ਤੇ ਸੱਭਿਆਚਾਰ ’ਚ ਵਿਕਸਿਤ ਕਰਨ ਦੇ ਨਾਲ ਨਾਲ ਗਿਆਨ ਵਿਗਿਆਨ ਦੀ ਭਾਸ਼ਾ ਬਣਾਉਣ ਦੇ ਯਤਨ ਸ਼ਾਮਿਲ ਹੁੰਦੇ ਹਨ। ਇਸ ਵਿੱਚ ਆਮ ਸਾਧਾਰਨ ਭਾਸ਼ਾਹਾਰੀਆਂ, ਬੁੱਧੀਜੀਵੀਆਂ, ਸਾਹਿਤਕਾਰਾਂ, ਭਾਸ਼ਾਵਿਦਾਂ, ਸਿੱਖਿਆ ਸ਼ਾਸਤਰੀਆਂ ਅਤੇ ਵਿਗਿਆਨੀਆਂ, ਅਨੁਵਾਦਕਾਂ ਆਦਿ ਦੀ ਨਿੱਜੀ ਭਾਗੀਦਾਰੀ ਤਾਂ ਹੁੰਦੀ ਹੀ ਹੈ, ਪਰ ਵੱਡੀ ਜ਼ਿੰਮੇਵਾਰੀ ਵੇਲੇ ਦੀ ਸਰਕਾਰ ਅਤੇ ਰਾਜਨੀਤਕ ਸੱਤਾ ਦੀ ਹੁੰਦੀ ਹੈ ਕਿ ਉਸ ਨੇ ਕੀ ਭਾਸ਼ਾ ਨੀਤੀ ਘੜੀ ਹੈ? ਭਾਸ਼ਾ ਨੂੰ ਰਾਜ ਅਤੇ ਸਾਸ਼ਨ ਤੰਤਰ ’ਚ ਲਾਗੂ ਕਰਨ ਦੇ ਕੀ ਕਾਨੂੰਨੀ ਪ੍ਰਾਵਧਾਨ ਅਤੇ ਪ੍ਰਬੰਧ ਨਿਸ਼ਚਿਤ ਕੀਤੇ ਹਨ। ਜੇ ਕੋਈ ਇਨ੍ਹਾਂ ਦਾ ਪਾਲਣ ਨਹੀਂ ਕਰਦਾ ਤਾਂ ਸਜ਼ਾ ਦੀਆਂ ਕੀ ਮਦਾਂ ਹਨ? ਪੰਜਾਬੀ ਰਾਜ ਭਾਸ਼ਾ ਕਾਨੂੰਨ ਸਰਕਾਰੀ ਦਫ਼ਤਰਾਂ ਅਤੇ ਅਦਾਲਤਾਂ ’ਚ ਲਾਗੂ ਕਰਨ ਦੇ ਹੁਕਮ ਹਨ, ਪਰ ਇਸ ਦੀ ਉਲੰਘਣਾ ਕਰਨ ਦੀ ਸਜ਼ਾ ਕੀ ਹੈ?
ਪੰਜਾਬੀ ਦੀ ਸਿੱਖਿਆ ਨੀਤੀ ਜਾਂ ਵਿਉਂਤਬੰਦੀ ਤਹਿਤ ਸਰਕਾਰੀ ਅਤੇ ਨਿੱਜੀ/ਕਾਨਵੈਂਟ ਸਕੂਲਾਂ ਵਿੱਚ ਮੁੱਢਲੀ ਸਿੱਖਿਆ ਪੰਜਾਬੀ ’ਚ ਕਰਵਾਉਣੀ ਲਾਜ਼ਮੀ ਹੋਣੀ ਚਾਹੀਦੀ ਹੈ। ਜ਼ਮੀਨੀ ਹਕੀਕਤ ਤੋਂ ਸਾਰੇ ਜਾਣੂੰ ਹਨ। ਜੇਕਰ ਪੰਜਾਬੀ ਨੂੰ ਮਾਧਿਅਮ ਅਤੇ ਵਿਸ਼ੇ ਦੋਵਾਂ ਵਜੋਂ ਸੂਬੇ ਦੇ ਹਰ ਸਕੂਲ ’ਚ ਲਾਗੂ ਕਰ ਦਿੱਤਾ ਜਾਵੇ ਤਾਂ ਕਿੰਨੇ ਹਜ਼ਾਰ ਪੰਜਾਬੀ ਅਧਿਆਪਕਾਂ ਨੂੰ ਰੁਜ਼ਗਾਰ ਮਿਲੇਗਾ?
ਪੰਜਾਬ ’ਚ ਇਸ਼ਤਿਹਾਰਾਂ ਦੀ ਸਥਿਤੀ ਦੇਖੀਏ ਤਾਂ ਬਹੁਤੇ ਇਸ਼ਤਿਹਾਰ ਅੰਗਰੇਜ਼ੀ ਜਾਂ ਹਿੰਦੀ ’ਚ ਲਿਖੇ ਜਾਂਦੇ ਹਨ। ਜੇਕਰ ਇਸ਼ਤਿਹਾਰਾਂ ਨੂੰ ਪੰਜਾਬੀ ’ਚ ਲਿਖਣਾ ਲਾਜ਼ਮੀ ਕਰ ਦਿੱਤਾ ਜਾਵੇ ਤਾਂ ਭਾਸ਼ਾ ਦੇ ਪ੍ਰਚਾਰ ਪਸਾਰ ’ਚ ਕਿੰਨਾ ਵਾਧਾ ਹੋਵੇਗਾ? ਅਖ਼ਬਾਰਾਂ ’ਚ ਪੰਜਾਬੀ ਭਾਸ਼ਾ ਦੀ ਵਰਤੋਂ ਨੂੰ ਵੀ ਲਿਆਉਣਾ ਚਾਹੀਦਾ ਹੈ। ਪੰਜਾਬੀ ਦੀ ਆਪਣੀ ਕੋਈ ਖ਼ਬਰ ਏਜੰਸੀ ਨਹੀਂ ਹੈ। ਪੰਜਾਬੀ ਦੇ ਸਾਹਿਤਕ ਅਤੇ ਰਾਜਨੀਤਕ ਰਸਾਲੇ ਵੀ ਮਾਂ ਬੋਲੀ ਨੂੰ ਰੁਜ਼ਗਾਰ ਨਾਲ ਜੋੜਨ ’ਚ ਵੱਡੀ ਭੂਮਿਕਾ ਨਿਭਾਅ ਸਕਦੇ ਹਨ। ਦੂਰਦਰਸ਼ਨ ਅਤੇ ਆਲ ਇੰਡੀਆ ਰੇਡੀਓ ’ਤੇ ਪੰਜਾਬੀ ਦੇ ਪ੍ਰੋਗਰਾਮਾਂ ਦੀ ਹੋਂਦ ਦਿਨੋ-ਦਿਨ ਘਟ ਰਹੀ ਹੈ। ਟੀਵੀ ਚੈਨਲਾਂ ਅਤੇ ਇੰਟਰਨੈੱਟ ’ਤੇ ਯੂ-ਟਿਊਬ ਚੈਨਲਾਂ ਨਾਲ ਵੀ ਪੰਜਾਬੀ ਭਾਸ਼ਾ ਨਾਲ ਜੁੜੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਵਧਾਇਆ ਜਾ ਸਕਦਾ ਹੈ।
ਰੁਜ਼ਗਾਰ ਦੇ ਬਾਜ਼ਾਰ ’ਚ ਪੰਜਾਬੀ ਨੂੰ ਕੇਂਦਰੀ ਬਣਾਉਣ ਨਾਲ ਅਨੁਵਾਦ ਦੀ ਵੱਡੀ ਭੂਮਿਕਾ ਦੀ ਸੰਭਾਵਨਾ ਬਣ ਸਕਦੀ ਹੈ। ਚੰਗਾ ਅਨੁਵਾਦਕ ਹੋਣ ਲਈ ਪੰਜਾਬੀ ਦੇ ਨਾਲ ਨਾਲ ਦੂਜੀਆਂ ਭਾਸ਼ਾਵਾਂ ’ਚ ਮੁਹਾਰਤ ਹੋਣਾ ਜ਼ਰੂਰੀ ਹੈ। ਅਨੁਵਾਦ ਸਿਰਫ਼ ਸਾਹਿਤਕ ਕਿਤਾਬਾਂ ਤੱਕ ਹੀ ਸੀਮਤ ਨਾ ਰਹੇ ਸਗੋਂ ਹੋਰ ਅਨੁਸ਼ਾਸਨਾਂ ਜਿਵੇਂ ਸਮਾਜ ਤੇ ਮਾਨਵ ਵਿਗਿਆਨਾਂ ਅਤੇ ਸ਼ੁੱਧ ਵਿਗਿਆਨਾਂ ਦੀਆਂ ਪੁਸਤਕਾਂ ਦੇ ਅਨੁਵਾਦ ਵੀ ਹੋਣੇ ਚਾਹੀਦੇ ਹਨ। ਨਵੇਂ ਦੌਰ ’ਚ ਰਵਾਇਤੀ ਕਿੱਤੇ ਖ਼ਤਮ ਹੁੰਦੇ ਜਾ ਰਹੇ ਹਨ। ਇਨ੍ਹਾਂ ਨਾਲ ਜੁੜੀ ਸ਼ਬਦਾਵਲੀ ਵੀ ਹੌਲੀ-ਹੌਲੀ ਮਰਦੀ ਜਾ ਰਹੀ ਹੈ। ਇਸ ਵਿਰਾਸਤ ਨੂੰ ਸਾਂਭਣ ਹਿੱਤ ਪੰਜਾਬੀ ਭਾਸ਼ਾ ਨਾਲ ਜੁੜੀਆਂ ਅਸਾਮੀਆਂ ਪੈਦਾ ਕੀਤੀਆਂ ਜਾ ਸਕਦੀਆਂ ਹਨ। ਆਧੁਨਿਕਤਾ ਨਾਲ ਪੁਰਾਤਨ ਖ਼ਤਮ ਹੋ ਰਿਹਾ ਹੈ ਤਾਂ ਨਵਾਂ ਵੀ ਬਹੁਤ ਕੁਝ ਆ ਰਿਹਾ ਜਿਸ ਨਾਲ ਭਾਸ਼ਾ ਦਾ ਨਵੀਨੀਕਰਣ ਨਵੀਂ ਸ਼ਬਦਾਵਲੀ ਦੀ ਆਮਦ ਨਾਲ ਹੁੰਦਾ ਹੈ। ਭਾਸ਼ਾ ਦੇ ਆਤਮਸਾਤੀਕਰਣ ਦੀ ਪ੍ਰਕਿਰਿਆ ਸੱਭਿਆਚਾਰਕ ਸਮਾਜਿਕ ਵਿਕਾਸ ਦਾ ਸਹਿਜ ਕਰਮ ਹੈ। ਗਿਆਨ ਵਿਗਿਆਨ ਦੀ ਭਾਸ਼ਾ ਨੂੰ ਸਮ੍ਰਿਧ ਬਣਾਉਣ ਲਈ ਸਮਾਜ, ਮਨੋ, ਭੌਤਿਕ ਤੇ ਰਸਾਇਣ ਵਿਗਿਆਨਾਂ ਦੇ ਪਾਠਾਂ ਦਾ ਪੰਜਾਬੀ ’ਚ ਅਨੁਵਾਦ ਜ਼ਰੂਰੀ ਹੈ। ਇਨ੍ਹਾਂ ਅਨੁਸ਼ਾਸਨਾਂ ਦੀ ਪੜ੍ਹਾਈ ਦਾ ਮਾਧਿਅਮ ਪੰਜਾਬੀ ’ਚ ਲਾਜ਼ਮੀ ਬਣਾਉਣ ਨਾਲ ਹੀ ਅਨੁਵਾਦ ਦੀ ਮੰਗ ਪੈਦਾ ਹੋਵੇਗੀ ਅਤੇ ਇਸ ਦੀ ਪੂਰਤੀ ਲਈ ਅਨੁਵਾਦ ਦਾ ਅਨੁਸ਼ਾਸਨ ਸੰਸਥਾਮੂਲਕ ਸੰਰਚਨਾ ਵਜੋਂ ਸਥਾਪਿਤ ਹੋਵੇਗਾ। ਅਨੁਵਾਦ ਰਾਹੀਂ ਗਿਆਨ ਨੂੰ ਬਾਹਰੋਂ ਲੈ ਕੇ ਆਪਣੇ ’ਚ ਸਮਾਇਆ ਜਾ ਸਕਦਾ ਹੈ। ਭਾਰਤ ਸਰਕਾਰ ਦੀ ਤਰਜ਼ ’ਤੇ ਪੰਜਾਬ ਸਰਕਾਰ ਨੂੰ ‘ਟ੍ਰਾਂਸਲੇਸ਼ਨ ਮਿਸ਼ਨ’ ਸਥਾਪਿਤ ਕਰਨਾ ਚਾਹੀਦਾ ਹੈ। ਪੰਜਾਬੀ ਉਦੋਂ ਹੀ ਅਮੀਰ ਹੋ ਸਕਦੀ ਹੈ ਜਦੋਂ ਸਮਾਜਿਕ-ਮਾਨਵ ਵਿਗਿਆਨਾਂ ਅਤੇ ਸ਼ੁੱਧ ਵਿਗਿਆਨਾਂ ਦੇ ਅਨੁਵਾਦ ਹੋਣਗੇ।
ਪੰਜਾਬੀ ਬੋਲੀ ਦਾ ਅਜੇ ਤੱਕ ਕੋਈ ਪ੍ਰਮਾਣਿਕ ਇਤਿਹਾਸ ਨਹੀਂ ਲਿਖਿਆ ਗਿਆ। ਪੰਜਾਬੀ ਵਿਆਕਰਣ ਅਧਿਐਨ ਵਿੱਚ ਹਰਜੀਤ ਸਿੰਘ ਗਿੱਲ ਅਤੇ ਐਚ.ਏ. ਗਲੀਸਨ ਤੋਂ ਬਾਅਦ ਪੰਜਾਬੀ ਦੀ ਵਿਆਕਰਣ ’ਤੇ ਕੋਈ ਹੋਰ ਵਿਸ਼ੇਸ਼ ਕੰਮ ਨਹੀਂ ਹੋਇਆ। ਇਹੋ ਹਾਲ ਗੁਰਮੁਖੀ ਲਿਪੀ ਦੀ ਖੋਜ ਅਤੇ ਅਧਿਐਨ ਬਾਰੇ ਹੈ। ਲਿਪੀ ਦੇ ਮਸਲੇ ਬੜੇ ਅਹਿਮ ਤੇ ਉਲਝੇ ਹੋਏ ਹਨ ਕਿਉਂਕਿ ਇਸ ਨਾਲ ਸ਼ਬਦਜੋੜਾਂ ਅਤੇ ਸ਼ਬਦ ਰੂਪਾਂ ਦੀਆਂ ਸਮੱਸਿਆਵਾਂ ਜੁੜੀਆਂ ਹੁੰਦੀਆਂ ਹਨ। ਪੰਜਾਬੀ ਭਾਸ਼ਾ ਦੀ ਵਿਉਂਤਬੰਦੀ ਲਈ ਸਭ ਤੋਂ ਵੱਧ ਜ਼ਰੂਰੀ ਹੈ ਸਰੋਤ ਸਮੱਗਰੀ ਅਤੇ ਹਵਾਲਾ ਸਮੱਗਰੀ ਪੈਦਾ ਕਰਨਾ। ਹਵਾਲਾ ਗ੍ਰੰਥ, ਮਹਾਨ ਕੋਸ਼ ਅਤੇ ਤੁਕ ਤਤਕਰੇੇ, ਲੋਕਧਾਰਾ ਵਿਸ਼ਵ ਕੋਸ਼ ਵਰਗੇ ਹੋਰ ਕਾਰਜਾਂ ਦੀ ਬੜੀ ਵੱਡੀ ਸੰਭਾਵਨਾ ਮੌਜੂਦ ਹੈ। ਇਸ ਲਈ ਪੰਜਾਬੀ ਦੇ ਨਾਲ ਦੂਜੇ ਵਿਸ਼ਿਆਂ ਅਤੇ ਅਨੁਸ਼ਾਸਨਾਂ ਦੇ ਮਾਹਿਰਾਂ ਦੀ ਬੜੀ ਵੱਡੀ ਲੋੜ ਹੈ।
ਪੰਜਾਬ ’ਚ ਹਰ ਸਾਲ ਮਾਂ ਬੋਲੀ ਹਫ਼ਤਾ (1 ਤੋਂ ਨਵੰਬਰ) ਨੂੰ ਮਨਾਇਆ ਜਾਂਦਾ ਹੈ ਅਤੇ ਇੱਕੀ ਫਰਵਰੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਿਵਸ ਵੀ, ਪਰ ਇਹ ਵੀ ਹੁਣ ਰਸਮੀ ਹੋ ਕੇ ਰਹਿ ਗਿਆ ਹੈ। ਭਾਸ਼ਾ ਦਾ ਆਰਥਿਕਤਾ ਅਤੇ ਰਾਜ ਸੱਤਾ ਨਾਲ ਸਿੱਧਾ ਸਬੰਧ ਹੁੰਦਾ ਹੈ। ਅਜਿਹੇ ਆਯੋਜਨਾਂ ਦਾ ਉਦੇਸ਼ ਹੋਣਾ ਚਾਹੀਦਾ ਹੈ ‘ਗਿਆਨ ਨਿਵੇਸ਼ ਅਤੇ ਉਤਪਾਦਨ’। ਜਿੱਥੋਂ ਸ਼ਬਦ ਅਤੇ ਗਿਆਨ ਮਿਲੇ ਅਪਣਾਓ ਅਤੇ ਆਪਣੇ ਭਾਸ਼ਾ ਵਿਹਾਰ ’ਚ ਆਤਮਸਾਤ ਕਰੋ। ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅੱਜ ਦੇ ਇੰਟਰਨੈੱਟ ਅਤੇ ਡਿਜੀਟਾਈਜੇਸ਼ਨ ਦੇ ਦੌਰ ’ਚ ਵਿਕੀਪੀਡੀਆ ਵਾਂਗ ਪੰਜਾਬੀਪੀਡੀਆ, ਏਕ ਤੇਰਾ ਡੌਟ ਕਾਮ ਰਾਹੀਂ ਪੰਜਾਬੀ ਦੇ ਗਿਆਨ ਸਰੋਤਾਂ ਅਤੇ ਸਮੱਗਰੀਆਂ ਨੂੰ ਨੈੱਟ ’ਤੇ ਪਾਉਣਾ ਜ਼ਰੂਰੀ ਹੈ। ਪੰਜਾਬੀ ਭਾਸ਼ਾ ਤੱਕ ਪਹੁੰਚ ਨੂੰ ਹੋਰ ਸੁਵਿਧਾਜਨਕ ਬਣਾਉਣ ਲਈ ਸ਼ਾਹਮੁਖੀ ਤੋਂ ਗੁਰਮੁਖੀ, ਗੁਰਮੁਖੀ ਤੋਂ ਸ਼ਾਹਮੁਖੀ ਜਾਂ ਹੋਰ ਲਿਪੀਆਂ ਲਈ ਵੀ ਫੋਂਟ ਕਨਵਰਟਰਜ਼ ਦੀ ਜ਼ਰੂਰਤ ਹੈ।
ਸਿਰਫ਼ ਸਾਹਿਤ, ਸੱਭਿਆਚਾਰ ਦੇ ਖੇਤਰ ’ਚ ਪ੍ਰਫੁਲਿਤ ਹੋਣ ਨਾਲ ਪੰਜਾਬੀ ਰੁਜ਼ਗਾਰ ਦੀ ਭਾਸ਼ਾ ਨਹੀਂ ਬਣ ਸਕਦੀ। ਜਿੰਨੀ ਦੇਰ ਤੱਕ ਇਸ ਨੂੰ ਗਿਆਨ ਦੀ ਭਾਸ਼ਾ ਬਣਾ ਕੇ ਵਿਗਿਆਨ ਅਤੇ ਹੋਰ ਗਿਆਨ ਅਨੁਸ਼ਾਸ਼ਾਨਾਂ ਦੀ ਭਾਸ਼ਾ ਨਹੀਂ ਬਣਾਇਆ ਜਾਵੇਗਾ ਓਨੀ ਦੇਰ ਤੱਕ ਇਹ ਰੁਜ਼ਗਾਰ ਦੀ ਭਾਸ਼ਾ ਨਹੀਂ ਬਣ ਸਕਦੀ। ਇਸ ਰਾਹੀਂ ਚਿੰਤਨੀ ਸਿੱਖਿਆ ਪ੍ਰਾਪਤੀ/ਦੇਣੀ ਅੱਜ ਸੰਭਵ ਨਹੀਂ ਹੈ। ਸਿੱਖਿਆ ਦਾ ਰਾਜਨੀਤੀ ਤੇ ਆਰਥਿਕਤਾ ਨਾਲ ਪਰਸਪਰ ਸੰਬੰਧ ਹੁੰਦਾ ਹੈ। ਇਸ ਲਈ ਪੰਜਾਬੀ ਨੂੰ ਭਾਸ਼ਾ ਅਕਾਦਮਿਕ ਤੇ ਪੇਸ਼ੇਵਾਰ ਗਿਆਨ/ਚਿੰਤਨ ਦੀ ਭਾਸ਼ਾ ਬਣਾਉਣਾ ਲਾਜ਼ਮੀ ਹੈ। ਚਿੰਤਨ ਦੇ ਨਾਲ ਨਾਲ ਕਿੱਤਾਮੂਲਕ ਸਿੱਖਿਆਵਾਂ ਨਾਲ ਜੁੜੀ ਭਾਸ਼ਾ ਸਿੱਖਿਆ ਦਾ ਮਾਧਿਅਮ ਬਣ ਸਕੇ। ਪੰਜਾਬੀ ਤਾਂ ਹੀ ਬਾਖ਼ੂਬੀ ਤੇ ਪ੍ਰਭਾਵੀ ਢੰਗ ਨਾਲ ਸਰਅੰਜਾਮ ਦੇ ਸਕੇਗੀ ਜਦੋਂ ਇਹ ਗਿਆਨ ਦੀ ਭਾਸ਼ਾ ਬਣੇਗੀ। ਸਮਕਾਲੀ ਪੰਜਾਬੀ ਸਮਾਜ ਨੂੰ ਪੰਜਾਬੀ ਦੇ ਭਵਿੱਖ ਨੂੰ ਬਚਾਉਣ ਲਈ ਪੰਜਾਬ ’ਚ ਵਿਕਲਪੀ ਗਿਆਨਾਂ ਦੇ ਪ੍ਰੋਜੈਕਟਾਂ ’ਚ ਨਿਵੇਸ਼ ਰਾਹੀਂ ‘Education, Information, Knowledge and Wisdom’ ਰਾਹੀਂ ਪੰਜਾਬੀ ਭਾਸ਼ਾ ਪ੍ਰਫੁਲਿਤ ਕਰਨ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸੰਪਰਕ: 82839-48811