For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਵਿਰਸਾ

10:22 PM Jun 29, 2023 IST
ਪੰਜਾਬੀ ਵਿਰਸਾ
Advertisement

ਜਤਿੰਦਰ ਮੋਹਨ

Advertisement

ਹਰਮਨ ਤੇ ਗੁਰਮਨ ਇੱਕੋ ਸਕੂਲ ਵਿੱਚ ਪੜ੍ਹਦੇ ਹਨ। ਉਨ੍ਹਾਂ ਦੀ ਜਮਾਤ ਵੀ ਇੱਕੋ ਹੀ ਹੈ ਭਾਵ ਨੌਵੀਂ। ਹਰਮਨ ਕਿਤਾਬਾਂ ਦੀ ਦੁਕਾਨ ਤੋਂ ਕੁਝ ਸਾਮਾਨ ਖ਼ਰੀਦ ਰਿਹਾ ਸੀ ਕਿ ਗੁਰਮਨ ਤੇ ਉਸ ਦੇ ਪਿਤਾ ਜੀ ਵੀ ਉਸੇ ਦੁਕਾਨ ‘ਤੇ ਆ ਕੇ ਰੁਕ ਗਏ, ਸ਼ਾਇਦ ਉਨ੍ਹਾਂ ਨੇ ਵੀ ਕੁਝ ਸਾਮਾਨ ਲੈਣਾ ਹੋਵੇ। ਹਰਮਨ, ਗੁਰਮਨ ਨੂੰ ਦੇਖ ਕੇ ਫੁੱਲ ਵਾਂਗ ਖਿੜ ਗਿਆ। ਉਸ ਨੇ ਗੁਰਮਨ ਨੂੰ ਭੱਜ ਕੇ ਜੱਫੀ ਪਾਈ ਤੇ ਉਸ ਦੇ ਪਿਤਾ ਰਣਜੀਤ ਸਿੰਘ ਨੂੰ ਸਤਿ ਸ੍ਰੀ ਆਕਾਲ ਕਹੀ। ਦੋਵੇਂ ਬੱਚੇ ਆਪਣਾ ਆਪਣਾ ਸਾਮਾਨ ਖ਼ਰੀਦ ਰਹੇ ਸਨ। ਹਰਮਨ ਦਾ ਘਰ ਸ਼ਹਿਰ ਵਿੱਚ ਹੈ ਜਦਕਿ ਗੁਰਮਨ ਪਿੰਡ ਵਿੱਚ ਰਹਿੰਦਾ ਹੈ। ਕੁਝ ਦੇਰ ਬਾਅਦ ਉਨ੍ਹਾਂ ਨੇ ਸਾਮਾਨ ਖ਼ਰੀਦ ਲਿਆ ਤੇ ਦੁਕਾਨਦਾਰ ਨੂੰ ਪੈਸੇ ਦੇ ਦਿੱਤੇ। ਦੋਹਾਂ ਨੇ ਰਾਇ ਕੀਤੀ ਤੇ ਗੁਰਮਨ ਆਪਣੇ ਪਿਤਾ ਜੀ ਨੂੰ ਕਹਿਣ ਲੱਗਾ, ”ਡੈਡੀ ਜੀ ਅਸੀਂ ਕੁਝ ਖਾ ਪੀ ਲਈਏ।”

”ਹਾਂ, ਕੀ ਖਾਓਗੇ?”

”ਅਸੀਂ…ਅਸੀਂ…।” ਤੇ ਇੱਕ ਦੂਜੇ ਦੇ ਮੂੰਹ ਵੱਲ ਤੱਕ ਕੇ ਕਹਿਣ ਲੱਗੇ, ”ਨੂਡਲਜ਼।”

”ਖਾ ਲੋ।” ਕਹਿ ਕੇ ਉਹ ਚੁੱਪ ਕਰ ਗਿਆ। ਉਸ ਨੂੰ ਇਹ ਬਾਜ਼ਾਰੂ ਤਲੀਆਂ ਚੀਜ਼ਾਂ ਤੋਂ ਨਫ਼ਰਤ ਸੀ, ਪਰ ਉਸ ਨੇ ਕੁਝ ਵੀ ਨਾ ਬੋਲਣ ਦਾ ਮਨ ਬਣਾ ਲਿਆ। ਨੂਡਲਜ਼ ਵਾਲੀ ਰੇਹੜੀ ‘ਤੇ ਭੀੜ ਜ਼ਿਆਦਾ ਹੋਣ ਕਾਰਨ ਉਨ੍ਹਾਂ ਨੇ ਟੋਕਨ ਲਿਆ ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਨ ਲੱਗੇ। ਉਹ ਦੂਰ ਖੜ੍ਹੇ ਇੱਕ ਦੂਜੇ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੇ ਸਨ। ਦੂਜੇ ਪਾਸੇ ਗੁਰਮਨ ਦਾ ਡੈਡੀ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਸੀ। ਰਣਜੀਤ ਦੇ ਮਨ ਵਿੱਚ ਤਰ੍ਹਾਂ-ਤਰ੍ਹਾਂ ਦੇ ਖਿਆਲ ਆ ਰਹੇ ਸਨ। ਉਹ ਮਨ ਹੀ ਮਨ ਸੋਚ ਰਿਹਾ ਸੀ ਕਿ ਸਮਾਂ ਕਿੰਨਾ ਬਦਲ ਗਿਆ ਹੈ, ਕੋਈ ਵੇਲਾ ਸੀ ਜਦੋਂ ਮਿੱਠੀਆਂ ਸੇਵੀਆਂ ਬਣਦੀਆਂ ਸਨ, ਪਰ ਅੱਜ ਇਹ ਨਮਕੀਨ ਨੇ। ਉਸ ਨੂੰ ਸਮੇਂ ਦੇ ਬਦਲਣ ਦਾ ਬਹੁਤ ਦੁਖ ਸੀ। ਉਸ ਦਾ ਦਿਲ ਕਰਦਾ ਸੀ ਕਿ ਉਹ ਉਨ੍ਹਾਂ ਨੂੰ ਖਾਣ ਤੋਂ ਰੋਕ ਦੇਵੇ, ਪਰ ਉਹ ਆਪਣੇ ਆਪ ਨੂੰ ਸੰਭਾਲ ਗਿਆ ਕਿਉਂਕਿ ਅਜਿਹਾ ਕਹਿਣ ‘ਤੇ ਬੱਚੇ ਸੋਚਣਗੇ ਕਿ ਉਹ ਅੱਵਲ ਦਰਜੇ ਦਾ ਕੰਜੂਸ ਹੈ। ਕੁਝ ਦੇਰ ਬਾਅਦ ਉਹ ਉਨ੍ਹਾਂ ਦੇ ਨੇੜੇ ਆ ਗਿਆ। ਹਰਮਨ ਨੇ ਪੰਜਾਬੀ ਵਿਰਸੇ ਵਾਲਾ ਚਾਰਟ ਕੱਢਿਆ ਤੇ ਉਸ ਉੱਪਰ ਛਪੀਆਂ ਫੋਟੋਆਂ ਦੇਖ ਕੇ ਕਹਿਣ ਲੱਗਾ, ”ਗੁਰਮਨ ਇਹ ਦੇਖ ਸਾਗ ਤੇ ਮੱਕੀ ਦੀ ਰੋਟੀ ਦਾ ਦ੍ਰਿਸ਼।”

”ਹਾਂ ਹਾਂ।” ਹੱਸਦੇ ਹੋਏ ਗੁਰਮਨ ਬੋਲਿਆ।

”ਖਾਂਦੈ ਕੋਈ? ਐਵੇਂ ਭਕਾਈ ਮਾਰੀ ਜਾਂਦੇ ਨੇ।” ਹਰਮਨ ਬੋਲਿਆ।

”ਆਪਾਂ ਤਾਂ ਭਰਾਵਾ ਖਾਂਦੇ ਨ੍ਹੀਂ ।ਐਵੇਂ ਐਸਿਡ ਬਣ ਜਾਂਦੈ।”

”ਹੋਰ ਹੈ ਕੀ ਇਹਦੇ ਵਿੱਚ।”

”ਇਹਦੀ ਥਾਂ ‘ਤੇ ਕੁਝ ਹੋਰ ਹੋਣਾ ਚਾਹੀਦਾ ਸੀ।” ਗੁਰਮਨ ਬੋਲਿਆ।

”ਹਾਂ-ਹਾਂ, ਨੂਡਲਜ਼, ਬਰਗਰ, ਪੀਜ਼ਾ ਜਾਂ ਕੁਲਚੇ ਛਾਪ ਦਿੰਦੇ ਤਾਂ ਵਧੀਆ ਹੁੰਦਾ।”

”ਕਿਉਂ?” ਗੁਰਮਨ ਨੇ ਪੁੱਛਿਆ।

”ਅੱਜਕੱਲ੍ਹ ਤੂੰ ਆਪ ਹੀ ਦੇਖ ਲੈ ਜਿੰਨੇ ਵੀ ਪੰਜਾਬ ਦੇ ਸ਼ਹਿਰ ਤੇ ਪਿੰਡ ਹਨ ਸਭ ਥਾਵਾਂ ‘ਤੇ ਇਹੀ ਕੁਝ ਵਿਕ ਰਿਹੈ।”

”ਹਾਂ, ਗੱਲ ਤਾਂ ਸੱਚੀ ਐ।”

ਰਣਜੀਤ ਮਨ ਹੀ ਮਨ ਬੱਚਿਆਂ ਦੀਆਂ ਗੱਲਾਂ ਸੁਣ ਕੇ ਦੁਖੀ ਹੋਇਆ, ਪਰ ਕਰ ਵੀ ਕੀ ਸਕਦਾ ਸੀ। ਉਸ ਨੇ ਮਹਿਸੂਸ ਕੀਤਾ ਜਿਵੇਂ ਉਨ੍ਹਾਂ ਦੀਆਂ ਗੱਲਾਂ ਨੂੰ ਅਣਗੌਲਿਆਂ ਕਰਨਾ ਆਪਣੀਆਂ ਅੱਖਾਂ ਮੀਚਣ ਦੇ ਬਰਾਬਰ ਹੈ। ਇਹ ਸਮੇਂ ਦੀ ਸਚਾਈ ਹੈ। ਦੋਵੇਂ ਬੱਚੇ ਖੁਸ਼ ਸਨ। ਨੂਡਲਜ਼ ਵਾਲਾ ਆਪਣਾ ਕੰਮ ਕਰ ਰਿਹਾ ਸੀ। ਗੱਲਾਂ ਕਰਦੇ-ਕਰਦੇ ਦੋਵੇਂ ਬੱਚੇ ਪੰਜਾਬ ਦੀਆਂ ਖੇਡਾਂ ਬਾਰੇ ਗੱਲਬਾਤ ਕਰਨ ਲੱਗ ਪਏ ਕਿਉਂਕਿ ਪੰਜਾਬੀ ਵਿਰਸੇ ਦੇ ਚਾਰਟ ਵਿੱਚ ਇਹ ਵੀ ਛਪਿਆ ਹੋਇਆ ਸੀ।

”ਗੁਰਮਨ, ਭਲਾਂ ਇਹ ਕਬੱਡੀ ਤੇ ਕੁਸ਼ਤੀ ਕੀ ਐ?” ਹਰਮਨ ਨੇ ਪੁੱਛਿਆ।

”ਇਹ ਸਾਡੀ ਰਾਜ ਖੇਡ ਹੈ।”

”ਕਦੇ ਦੇਖੀ ਐ ਕਿਤੇ ਹੁੰਦੀ?”

”ਹਾਂ ਕਦੇ-ਕਦੇ ਟੀਵੀ ‘ਤੇ ਦੇਖ ਲਈ ਦੀ ਐ।”

”ਆਪਾਂ ਇੱਥੋਂ ਚੱਲਦੇ ਆਂ, ਸਾਰਾ ਪੰਜਾਬ ਛਾਣ ਮਾਰਦੇ ਹਾਂ, ਸ਼ਾਇਦ ਕਬੱਡੀ ਤਾਂ ਕਿਤੇ ਮਿਲਜੇ, ਪਰ ਕੁਸ਼ਤੀ ਮਿਲਣੀ ਔਖੀ ਹੈ।”

”ਹਾਂ, ਕ੍ਰਿਕਟ ਥਾਂ-ਥਾਂ ਮਿਲਜੂ।”

”ਹੋਰ, ਇਹਦੀ ਥਾਂ ‘ਤੇ ਵੀ ਕ੍ਰਿਕਟ ਹੀ ਹੋਣੀ ਚਾਹੀਦੀ ਸੀ।” ਹਰਮਨ ਬੋਲਿਆ।

”ਹਾਂ, ਬਿਲਕੁਲ ਠੀਕ ਹੈ। ਮੂਰਖ ਲੋਕ ਐਵੇਂ ਬੱਚਿਆਂ ਨੂੰ ਮੂਰਖ ਬਣਾਈ ਜਾ ਰਹੇ ਨੇ।”

”ਅਸਲੀਅਤ ਤਾਂ ਦਿਖਦੀ ਨਹੀਂ ਇਸ ਚਾਰਟ ਵਿੱਚ।”

ਰਣਜੀਤ ਨੂੰ ਬਹੁਤ ਗੁੱਸਾ ਆਇਆ ਤੇ ਉਸ ਨੇ ਮਨ ਹੀ ਮਨ ਕਿਹਾ, ”ਕਬੱਡੀ, ਕੁਸ਼ਤੀ ਦੇ ਤੁਸੀਂਂ ਕਾਬਲ ਨਹੀਂ। ਖਾਣੇ ਨੂਡਲਜ਼, ਬਰਗਰ, ਪੀਜ਼ੇ ਤੇ ਕੁਲਚੇ ਗੱਲਾਂ ਕਰਨੀਆਂ ਕੁਸ਼ਤੀ ਦੀਆਂ। ਤੁਹਾਡੀ ਤਾਂ ਉਹ ਗੱਲ ਐ ਜਾਤ ਦੀ ਕੋਹੜ ਕਿਰਲੀ ਤੇ ਸ਼ਤੀਰਾਂ ਨੂੰ ਜੱਫੇ।” ਉਸ ਦਾ ਦਿਲ ਕੀਤਾ ਕਿ ਉਹ ਕਹਿ ਦੇਵੇ ਪਰ ਨਹੀਂ, ਅਜਿਹਾ ਕਹਿਣ ਨਾਲ ਗੁਰਮਨ ਤੇ ਹਰਮਨ ਨਾਰਾਜ਼ ਹੋਣਗੇ।

ਨੂਡਲਜ਼ ਵਾਲੇ ਨੇ ਦੋਹਾਂ ਲਈ ਨੂਡਲਜ਼ ਦੀਆਂ ਪਲੇਟਾਂ ਤਿਆਰ ਕਰ ਦਿੱਤੀਆਂ। ਦੋਹੇਂ ਜਣੇ ਪਲੇਟਾਂ ਲੈ ਕੇ ਇੱਕ ਪਾਸੇ ਖੜ੍ਹ ਗਏ। ਗੁਰਮਨ ਨੇ ਆਪਣੇ ਡੈਡੀ ਨੂੰ ਨੂਡਲਜ਼ ਖਾਣ ਦੀ ਸੁਲ੍ਹਾ ਮਾਰੀ, ਪਰ ਉਸ ਨੇ ਨਾਂਹ ਕਰ ਦਿੱਤੀ। ਗੁਰਮਨ, ਹਰਮਨ ਨੂੰ ਕਹਿਣ ਲੱਗਾ, ”ਇਨ੍ਹਾਂ ਨੂੰ ਇਹ ਕੁਝ ਪਸੰਦ ਨਹੀਂ।”

”ਆਪਣੇ ਬਾਪੂ ਪੁਰਾਣੇ ਵਿਚਾਰਾਂ ਦੇ ਨੇ। ਮੇਰਾ ਬਾਪੂ ਵੀ ਕਹਿ ਦਿੰਦੈ ਕੀ ਇਹ ਸੇਵੀਆਂ ਜਿਹੀਆਂ ਖਾਈ ਜਾਨੇ ਐਂ।”

”ਅੱਛਾ?”

ਫਿਰ ਦੋਵੇਂ ਹੱਸੇ। ਰਣਜੀਤ ਨੂੰ ਉਨ੍ਹਾਂ ‘ਤੇ ਗੁੱਸਾ ਵੀ ਆਇਆ ਤੇ ਹਾਸਾ ਵੀ ਕਿਉਂਕਿ ਉਨ੍ਹਾਂ ਨੇ ਬੜੀ ਜਲਦੀ ਹੀ ਡੈਡੀ ਨੂੰ ਬਾਪੂ ਵਿੱਚ ਬਦਲ ਲਿਆ ਸੀ। ਉਸ ਨੂੰ ਇੱਕ ਪੁਰਾਣੀ ਘਟਨਾ ਯਾਦ ਆਈ ਜਿਸ ਵਿੱਚ ਕਿਸੇ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਆਈ ਭੋਲ਼ੀ ਜਿਹੀ ਲੜਕੀ ਦੂਜੀ ਲੜਕੀ ਨੂੰ ਪੁੱਛਦੀ ਹੈ, ”ਤੁਹਾਡੇ ਪਿੰਡ ‘ਚ ਬਾਪੂ ਨੂੰ ਕੀ ਕਹਿੰਦੇ ਨੇ?”

”ਸਾਲਾ।” ਉਹ ਬੋਲੀ। ਇਹ ਕੁਝ ਸੁਣ ਕੇ ਭੋਲ਼ੀ ਲੜਕੀ ਚੁੱਪ ਕਰ ਗਈ, ਪਰ ਕੁਝ ਦੇਰ ਬਾਅਦ ਉਹੀ ਲੜਕੀ ਖਿੱਝ ਕੇ ਬੋਲੀ, ”ਮੂਰਖੇ ਅਸੀਂ ਵੀ ਬਾਪੂ ਹੀ ਕਹਿੰਦੇ ਹਾਂ।” ਇਸ ਤਰ੍ਹਾਂ ਉਸ ਨੂੰ ਲੱਗਿਆ ਜਿਵੇਂ ਅੱਜਕੱਲ੍ਹ ਦੇ ਬੱਚੇ ਡੈਡੀ ਵੀ ਦਿਖਾਵੇ ਲਈ ਹੀ ਕਹਿ ਰਹੇ ਹੋਣ। ਚਲੋ ਦਿਖਾਵਾ ਹੀ ਸਹੀ ਬਾਪੂ ਸ਼ਬਦ ਦੇ ਜਿਉਂਦੇ ਰਹਿਣ ‘ਤੇ ਉਹ ਖੁਸ਼ ਸੀ। ਉਸ ਨੂੰ ਲੱਗਿਆ ਕਿਤੇ ਇਹ ਵੀ ਪੰਜਾਬੀ ਵਿਰਸੇ ਦੇ ਚਾਰਟ ਵਾਂਗ ਹੀ ਲੁਪਤ ਨਾ ਹੋ ਜਾਵੇ। ਦੋਵੇਂ ਬੱਚੇ ਨੂਡਲਜ਼ ਖਾਣ ਦੇ ਨਾਲ -ਨਾਲ ਆਪਸ ਵਿੱਚ ਗੱਲਾਂ ਵੀ ਕਰ ਰਹੇ ਸਨ। ਹੁਣ ਪੰਜਾਬੀ ਵਿਰਸੇ ਵਾਲਾ ਚਾਰਟ ਖੁੱਲ੍ਹਾ ਪਿਆ ਸੀ, ਚਾਰਟ ਦੇ ਇੱਕ ਪਾਸੇ ਭੰਗੜੇ ਤੇ ਗਿੱਧੇ ਦੀ ਛਾਪੀ ਹੋਈ ਤਸਵੀਰ ਨੂੰ ਰਣਜੀਤ ਨਿਹਾਰਨ ਲੱਗਾ। ਉਸ ਦੇ ਮਨ ਵਿੱਚ ਤੌਖਲਾ ਪੈਦਾ ਹੋ ਗਿਆ ਕਿਤੇ ਸਮੇਂ ਦੇ ਫੇਰ ਨਾਲ ਇਹ ਵੀ ਖ਼ਤਮ ਨਾ ਹੋ ਜਾਣ। ਅਚਾਨਕ ਦੋਹਾਂ ਬੱਚਿਆਂ ਦੀ ਨਜ਼ਰ ਉਸ ਭੰਗੜੇ ਤੇ ਗਿੱਧੇ ਵਾਲੇ ਚਿੱਤਰ ‘ਤੇ ਪਈ ਤੇ ਗੁਰਮਨ ਕਹਿਣ ਲੱਗਾ, ”ਇਹ ਭੰਗੜੇ ਤੇ ਗਿੱਧੇ ਵਾਲੇ ਸੀਨ ਦੀ ਵੀ ਜ਼ਰੂਰਤ ਨਹੀਂ।”

”ਹਾਂ।” ਕਹਿ ਕੇ ਹਰਮਨ ਨੇ ਕੇਵਲ ਸਿਰ ਹੀ ਹਿਲਾਇਆ ਕਿਉਂਕਿ ਉਸ ਦੇ ਮੂੰਹ ਵਿੱਚ ਬੁਰਕੀ ਸੀ। ਬੁਰਕੀ ਖਾ ਕੇ ਉਹ ਕਹਿਣ ਲੱਗਾ, ”ਇਹਦੀ ਥਾਂ ‘ਤੇ ਆਰਕੈਸਟਰਾ ਵਾਲੀਆਂ ਦੀ ਫੋਟੋ ਲਾ ਦੇਣ ਤਾਂ ਜ਼ਿਆਦਾ ਵਧੀਐ।” ਗੁਰਮਨ ਬੋਲਿਆ।

”ਕਿਉਂ?” ਹਰਮਨ ਨੇ ਪੁੱਛਿਆ।

”ਅੱਜ-ਕੱਲ੍ਹ ਇਹੀ ਚੱਲਦੈ।” ਇਹ ਕਹਿ ਕੇ ਗੁਰਮਨ ਹੱਸਿਆ। ਹਰਮਨ ਵੀ ਹੱਸਣ ਲੱਗ ਪਿਆ। ਰਣਜੀਤ ਨੂੰ ਉਨ੍ਹਾਂ ਦੀਆਂ ਗੱਲਾਂ ਸੱਚੀਆਂ ਲੱਗਣ ਲੱਗੀਆਂ।

ਨੂਡਲਜ਼ ਖਾਣ ਤੋਂ ਬਾਅਦ ਦੋਹਾਂ ਨੇ ਪੰਜਾਬੀ ਵਿਰਸੇ ਵਾਲਾ ਚਾਰਟ ਇੱਕ ਵਾਰ ਫੇਰ ਦੇਖਿਆ ਤੇ ਦੋਵੇਂ ਹੱਸੇ। ਸ਼ਾਇਦ ਕੋਈ ਨਵੀਂ ਗੱਲ ਉਨ੍ਹਾਂ ਦੇ ਦਿਮਾਗ਼ ਵਿੱਚ ਆਈ ਹੋਵੇ। ਹਰਮਨ ਗੁਰਮਨ ਨੂੰ ਕਹਿਣ ਲੱਗਾ, ”ਚੱਲ ਆਈਸਕਰੀਮ ਵੀ ਖਾ ਈ ਲਈਏ।”

”ਨਹੀਂ ਯਾਰ ਲੇਟ ਹੋ ਜਾਵਾਂਗੇ। ਮੇਰੇ ਡੈਡੀ ਨੇ ਖੇਤ ਜਾਣਾ ਹੋਊ।”

”ਇਹਦੇ ‘ਤੇ ਕੀ ਟਾਈਮ ਲੱਗੂ।”

ਦੋਵੇਂ ਬੱਚੇ ਨਾਲ ਦੀ ਰੇਹੜੀ ਤੋਂ ਆਈਸਕਰੀਮ ਲੈ ਕੇ ਖਾਣ ਲੱਗੇ। ਹਰਮਨ ਨੇ ਗੁਰਮਨ ਨੂੰ ਪੁੱਛਿਆ ਕਿ ਜੇਕਰ ਤੈਂ ਪੰਜਾਬੀ ਵਿਰਸੇ ਦਾ ਚਾਰਟ ਬਣਾਉਣਾ ਹੋਵੇ ਤਾਂ ਹੋਰ ਕੀ ਸ਼ਾਮਲ ਕਰੇਂਗਾ?”

”ਮੈਂ?”

”ਹਾਂ।”

”ਮੈਂ, ਮੇਲੇ ਵਾਲਾ ਸੀਨ ਕੱਟਾਂਗਾ ਤੇ ਉਸ ਦੀ ਥਾਂ ‘ਤੇ ਹਵਾਈ ਅੱਡੇ ਦਾ ਸੀਨ ਪਾਵਾਂਗਾ।”

”ਕਿਉਂ?”

”ਕਿਉਂਕਿ ਪੰਜਾਬੀ ਬੱਚੇ ਆਈਲੈਟਸ ਕਰਕੇ ਹੁਣ ਮੇਲਿਆਂ ਵਿੱਚ ਨਹੀਂ, ਮੇਲਿਆਂ ਦੇ ਪੰਜਾਬ ਤੋਂ ਬਾਹਰ ਜਾ ਰਹੇ ਹਨ।”

”ਗੱਲ ਭਰਾਵਾ ਸੱਚੀ ਐ। ਕਿਸੇ ਦਾ ਵਟਸਐਪ, ਕਿਸੇ ਦੀ ਫੇਸਬੁੱਕ ਦੇਖ ਲਓ, ਬਸ ਇਨ੍ਹਾਂ ਹੀ ਦ੍ਰਿਸ਼ਾ ਦੀ ਭਰਮਾਰ ਹੈ।”

”ਤੇ ਆਪਾਂ?”

ਇਹ ਸੁਣ ਕੇ ਰਣਜੀਤ ਕੋਲ ਆ ਗਿਆ। ਉਸ ਦੇ ਚਿਹਰੇ ‘ਤੇ ਅੰਤਾਂ ਦੀ ਉਦਾਸੀ ਸੀ। ਬੱਚੇ ਉਸ ਦੀ ਹਾਲਤ ਦੇਖ ਕੇ ਉਦਾਸ ਹੋ ਗਏ। ਉਹ ਡਰ ਗਏ ਤੇ ਗੁਰਮਨ ਨੇ ਆਪਣੇ ਡੈਡੀ ਨੂੰ ਪੁੱਛਿਆ, ”ਡੈਡੀ, ਕੀ ਹੋ ਗਿਆ?”

”ਮੇਰਾ ਪੰਜਾਬ ਉੱਜੜ ਰਿਹੈ।” ਕਹਿ ਕੇ ਰਣਜੀਤ ਰੋਣ ਲੱਗ ਪਿਆ। ਆਸਪਾਸ ਖੜ੍ਹੇ ਲੋਕ ਹਮਦਰਦੀ ਪ੍ਰਗਟ ਕਰਨ ਲੱਗੇ। ਬੱਚੇ ਵੀ ਉਦਾਸ ਹੋ ਗਏ। ਉਨ੍ਹਾਂ ਨੂੰ ਲੱਗਿਆ ਜਿਵੇਂ ਉਨ੍ਹਾਂ ਦੀਆਂ ਪੰਜਾਬੀ ਵਿਰਸੇ ਬਾਰੇ ਕਹੀਆਂ ਗੱਲਾਂ ਹੀ ਰਣਜੀਤ ਸਿੰਘ ਦੀ ਉਦਾਸੀ ਦਾ ਮੁੱਖ ਕਾਰਨ ਹੋਣ।
ਸੰਪਰਕ: 94630-20766

Advertisement
Tags :
Advertisement
Advertisement
×