ਸੁਨਹਿਰੇ ਭਵਿੱਖ ਲਈ ਵਿਦੇਸ਼ ਗਈ ਪੰਜਾਬੀ ਕੁੜੀ ਜਿਮਸ ਵੇਚਣ ਲਈ ਮਜਬੂਰ
ਭਾਰਤ ਭੂਸ਼ਨ ਆਜ਼ਾਦ
ਕੋਟਕਪੂਰਾ, 19 ਜੁਲਾਈ
ਫ਼ਰੀਦਕੋਟ ਜ਼ਿਲ੍ਹੇ ਦੇ ਇੱਕ ਪਿੰਡ ਦੀ ਰਹਿਣ ਵਾਲੀ ਇਕ ਲੜਕੀ ਜੋ ਕਿ ਆਪਣੇ ਸੁਨਹਿਰੇ ਭਵਿੱਖ ਲਈ ਵਿਦੇਸ਼ ਗਈ ਸੀ, ਨੂੰ ਉੱਥੇ ਜਿਸਮਫਰੋਸ਼ੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਕਸਬਾ ਬਾਜਾਖਾਨਾ ਦੀ ਪੁਲੀਸ ਨੇ ਇਸ ਮਾਮਲੇ ਵਿੱਚ ਪੀੜਤ ਦੀ ਮਾਂ ਦੀ ਸ਼ਿਕਾਇਤ ’ਤੇ ਮੁਲਜ਼ਮ ਅੰਜੂ ਬਾਲਾ ਵਾਸੀ ਪਿੰਡ ਡੋਹਕ, ਸ੍ਰੀ ਮੁਕਤਸਰ ਸਾਹਬਿ ਹਾਲ ਵਾਸੀ ਇਰਾਕ, ਉਸ ਦੀ ਮਾਂ ਪਰਮਜੀਤ ਕੌਰ ਅਤੇ ਉਸ ਦੇ ਭਰਾ ਗੁਰਲਾਲ ਸਿੰਘ ਵਾਸੀ ਪਿੰਡ ਡੋਹਕ, ਸ੍ਰੀ ਮੁਕਤਸਰ ਸਾਹਬਿ ਵਿਰੁੱਧ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।
ਪੀੜਤ ਲੜਕੀ ਦੀ ਮਾਂ ਨੇ ਪਰਮਜੀਤ ਕੌਰ ਨਾਲ ਗੱਲ ਆਪਣੀ ਧੀ ਦੇ ਰੁਜ਼ਗਾਰ ਬਾਰੇ ਗੱਲ ਕੀਤੀ। ਇਸ ’ਤੇ ਪਰਮਜੀਤ ਨੇ ਆਖਿਆ ਕਿ ਉਸ ਦੀ ਧੀ ਇਰਾਕ ਵਿੱਚ ਰਹਿ ਰਹੀ ਹੈ ਤੇ ਉਹ ਉੱਥੇ ਉਸ ਦੀ ਲੜਕੀ ਨੂੰ ਵੀ ਨੌਕਰੀ ਲਗਵਾ ਦੇਵੇਗੀ। ਉਸ ਨੇ ਸ਼ਿਕਾਇਤਕਰਤਾ ਦੀ ਲੜਕੀ ਨੂੰ ਇਰਾਕ ਭੇਜਣ ਦਾ ਪ੍ਰਬੰਧ ਕਰਨ ਵਾਸਤੇ ਇੱਕ ਲੱਖ ਰੁਪਏ ਦਾ ਖਰਚਾ ਦੱਸਿਆ। ਘੋਰ ਆਰਥਿਕ ਗਰੀਬੀ ਦੇ ਬਾਵਜੂਦ ਸ਼ਿਕਾਇਤਕਰਤਾ ਨੇ ਇਕ ਲੱਖ ਰੁਪਏ ਦਾ ਪ੍ਰਬੰਧ ਕਰ ਕੇ ਪਰਮਜੀਤ ਕੌਰ ਅਤੇ ਉਸ ਦੇ ਲੜਕੇ ਗੁਰਲਾਲ ਸਿੰੰਘ ਨੂੰ ਸੌਂਪ ਦਿੱਤੀ।
ਉਨ੍ਹਾਂ ਅੰਮ੍ਰਿਤਸਰ ਦੇ ਇਕ ਟਰੈਵਲ ਏਜੰਟ ਤੋਂ ਲੜਕੀ ਦੇ ਕਾਗ਼ਜ਼ ਤਿਆਰ ਕਰਵਾ ਕੇ ਲੰਘੀ 23 ਜਨਵਰੀ ਨੂੰ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਸ ਨੂੰ ਇਰਾਕ ਲਈ ਰਵਾਨਾ ਕਰ ਦਿੱਤਾ। ਸ਼ਿਕਾਇਤਕਰਤਾ ਅਨੁਸਾਰ ਦੁਬਈ ਪਹੁੰਚ ਕੇ ਲੜਕੀ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਉਹ ਪਹੁੰਚ ਗਈ ਹੈ। ਮਗਰੋਂ ਪਤਾ ਲੱਗਿਆ ਕਿ ਲੜਕੀ ਨੂੰ ਇਰਾਕ ਦੇ ਕੁੱਝ ਲੋਕਾਂ ਕੋਲ ਵੇਚ ਦਿੱਤਾ ਗਿਆ ਹੈ। ਉਹ ਲੋਕ ਉਸ ਨੂੰ ਇਰਾਕ ਦੇ ਇਕ ਘਰ ਵਿੱਚ ਲੈ ਗਏ ਹਨ ਜਿੱਥੇ ਉਸ ਨੂੰ ਕੈਦ ਕੀਤਾ ਹੋਇਆ ਹੈ। ਉਹ ਲੋਕ ਲੜਕੀ ਨੂੰ ਆਪਣਾ ਜਿਸਮ ਵੇਚਣ ਲਈ ਮਜਬੂਰ ਕਰ ਰਹੇ ਸਨ। ਲੜਕੀ ਲਗਾਤਾਰ ਇਸ ਦਾ ਵਿਰੋਧ ਕਰਦੀ ਰਹੀ ਜਿਸ ਕਰ ਕੇ ਉਹ ਉਸ ਦੀ ਕੁੱਟਮਾਰ ਕਰਦੇ ਸਨ। ਅਖੀਰ ਲੜਕੀ ਨੂੰ ਹਾਲਾਤ ਨਾਲ ਸਮਝੌਤਾ ਕਰਨਾ ਹੀ ਪਿਆ।
ਪੀੜਤਾ ਦੀ ਮਾਂ ਦੇ ਦੱਸਣ ਮੁਤਾਬਕ ਇੱਕ ਦਨਿ ਲੜਕੀ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਆਪਣੇ ਨਾਲ ਹੁੰਦੇ ਵਰਤਾਰੇ ਬਾਰੇ ਦੱਸਿਆ। ਅੰਜੂ ਬਾਲਾ ਨੇ ਪੀੜਤਾ ਦੀ ਮਾਂ ਤੋਂ 3.50 ਲੱਖ ਰੁਪਏ ਦੀ ਮੰਗ ਕੀਤੀ। ਫ਼ਰੀਦਕੋਟ ਪੁਲੀਸ ਦੇ ਐੱਸਪੀ (ਸਥਾਨਕ) ਅਨੁਸਾਰ ਪੀੜਤ ਦੀ ਮਾਂ ਨੇ ਪੁਲੀਸ ਕੋਲ ਆਪਣੀ ਸ਼ਿਕਾਇਤ ਸਮੇਤ ਇਕ ਪੈੱਨਡਰਾਈਵ ਜਮ੍ਹਾਂ ਕਰਵਾਈ ਹੈ ਜਿਸ ਨੂੰ ਵਾਚਣ ਮਗਰੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ। ਪੜਤਾਲ ਦੌਰਾਨ ਜੁਰਮ ਸਾਬਿਤ ਹੋਣ ’ਤੇ ਇਸ ਸਬੰਧੀ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।