ਪੰਜਾਬੀ ਕਾਨਫਰੰਸ ਯੂਕੇ 2024 ਦਾ ਪੋਸਟਰ ਜਾਰੀ
ਦਲਜਿੰਦਰ ਰਹਿਲ
ਲੰਡਨ : ਇੰਗਲੈਂਡ ਦੇ ਸ਼ਹਿਰ ਲੈਸਟਰ ਵਿੱਚ 27 ਤੇ 28 ਜੁਲਾਈ ਨੂੰ ਕਰਵਾਈ ਜਾਣ ਵਾਲੀ ਪੰਜਾਬੀ ਕਾਨਫਰੰਸ 2024 ਦਾ ਪੋਸਟਰ ਸਿੱਖ ਐਜੂਕੇਸ਼ਨ ਕੌਂਸਲ ਵੱਲੋਂ ਜਾਰੀ ਕੀਤਾ ਗਿਆ।
ਸਿੱਖ ਐਜੂਕੇਸ਼ਨ ਕੌਂਸਲ ਦੇ ਚੇਅਰਪਰਸਨ ਡਾ. ਪਰਗਟ ਸਿੰਘ ਦੀ ਪ੍ਰਧਾਨਗੀ ਵਿੱਚ ਕੀਤੀ ਗਈ ਮੀਟਿੰਗ ਦੌਰਾਨ ਜਿੱਥੇ ਕਾਨਫਰੰਸ ਦੀ ਰੂਪ ਰੇਖਾ ਤਿਆਰ ਕੀਤੀ ਗਈ। ਉੱਥੇ ਇਸ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇਸ ਸਮੇਂ ਡਾ. ਪਰਗਟ ਸਿੰਘ ਨੇ ਦੱਸਿਆ ਕਿ ਪੰਜਾਬੀ ਕਾਨਫਰੰਸ ਕਰਵਾਉਣ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿੱਪੀ ਦੇ ਵਿਕਾਸ ਨੂੰ ਅੱਗੇ ਤੋਰਨਾ ਹੈ।
ਕੰਵਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਦਰਪੇਸ਼ ਚੁਣੌਤੀਆਂ ਨੂੰ ਸੰਭਾਵਨਾਵਾਂ ਵਿੱਚ ਬਦਲਣ ਲਈ ਤੇ ਇਸ ਨੂੰ ਅੱਜ ਦੇ ਤਕਨੀਕੀ ਸਮੇਂ ਦੇ ਸਨਮੁੱਖ ਖੜ੍ਹਾ ਕਰਨ ਲਈ ਸਾਨੂੰ ਅਜਿਹੀਆਂ ਕਾਨਫਰੰਸਾਂ ਕਰਾਉਣੀਆਂ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਤਕਨੀਕ ਉੱਪਰ ਖਾਸ ਜ਼ੋਰ ਦਿੰਦਿਆ ਕਿਹਾ ਕਿ ਮਸਨੂਈ ਬੁੱਧੀ ਨੂੰ ਸਮਝਣਾ ਅਤੇ ਇਸ ਉੱਪਰ ਪੰਜਾਬੀ ਭਾਸ਼ਾ ਨੂੰ ਲੈ ਕੇ ਕੰਮ ਕੀਤਾ ਜਾਣਾ ਬਹੁਤ ਜ਼ਰੂਰੀ ਹੈ।
ਬਲਵਿੰਦਰ ਸਿੰਘ ਚਾਹਲ ਤੇ ਪ੍ਰਧਾਨ ਸਾਹਿਤ ਕਲਾ ਕੇਂਦਰ ਸਾਊਥਾਲ ਕੁਲਵੰਤ ਕੌਰ ਢਿੱਲੋਂ ਨੇ ਕਿਹਾ ਕਿ ਬਰਤਾਨੀਆ ਵਿੱਚ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਵਿੱਚ ਰਚੇ ਗਏ ਪੰਜਾਬੀ ਸਾਹਿਤ ਦੀ ਨਿਸ਼ਾਨਦੇਹੀ ਕਰਨ ਵਿੱਚ ਪੰਜਾਬੀ ਕਾਨਫਰੰਸ ਯੂਕੇ ਨੇ ਪਿਛਲੇ ਸਾਲ ਅਹਿਮ ਭੂਮਿਕਾ ਨਿਭਾਈ ਤੇ ਇਸ ਸਾਲ ਇਸ ਅਹਿਮ ਵਿਸ਼ੇ ਸਬੰਧੀ ਭਰਵੀਂ ਵਿਚਾਰ ਚਰਚਾ ਕੀਤੀ ਜਾਵੇਗੀ।
ਜਨਰਲ ਸਕੱਤਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਹਰਮੀਤ ਸਿੰਘ, ਉਪ ਪ੍ਰਧਾਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਭਾਈ ਕੁਲਵੰਤ ਸਿੰਘ ਭਿੰਡਰ ਨੇ ਦੱਸਿਆ ਕਿ ਯੂਕੇ ਵਿੱਚ ਪੰਜਾਬੀ ਦੀ ਪੜ੍ਹਾਈ ਕਰਵਾਉਣ ਦੇ ਉਪਰਾਲਿਆਂ ਵਿੱਚ ਵੱਖੋ ਵੱਖ ਗੁਰਦੁਆਰਿਆਂ ਦਾ ਹਮੇਸ਼ਾਂ ਅਹਿਮ ਯੋਗਦਾਨ ਰਿਹਾ ਹੈ ਤੇ ਬਹੁਤ ਸਾਰੇ ਗੁਰੂਘਰਾਂ ਵਿੱਚ ਸੈਂਕੜੇ ਤੋਂ ਵੱਧ ਬੱਚਿਆਂ ਨੂੰ ਹਰ ਹਫ਼ਤੇ ਗੁਰਮੁਖੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਊਥਾਲ ਦੇ ਗੁਰੂਘਰ ਤੇ ਗੁਰਦੁਆਰਾ ਗੁਰੂ ਤੇਗ ਬਹਾਦਰ ਲੈਸਟਰ ਵੱਲੋਂ ਪੰਜਾਬੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ। ਇਸ ਸਮੇਂ ਹਰਵਿੰਦਰ ਸਿੰਘ ਨੇ ਸਿੱਖ ਐਜੂਕੇਸ਼ਨ ਕੌਂਸਲ ਵੱਲੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ।