ਟਰੈਕ ਤੇ ਫੀਲਡ ਈਵੈਂਟਾਂ ’ਚ ਛਾ ਜਾਣ ਵਾਲੇ ਪੰਜਾਬੀ ਅਥਲੀਟ
ਚੀਨ ਦੇ ਸ਼ਹਿਰ ਹਾਂਗਜ਼ੂ ਵਿਖੇ 23 ਸਤੰਬਰ ਤੋਂ 8 ਅਕਤੂਬਰ, 2023 ਤੱਕ 19ਵੀਆਂ ਏਸ਼ਿਆਈ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਏਸ਼ਿਆਈ ਖੇਡਾਂ ਦੇ ਅਥਲੈਟਿਕਸ ਮੁਕਾਬਲਿਆਂ ਦੇ ਇਤਿਹਾਸ ਉਤੇ ਝਾਤੀ ਮਾਰੀਏ ਤਾਂ ਭਾਰਤੀ ਅਥਲੈਟਿਕਸ ਦਲ ਦੀਆਂ ਪ੍ਰਾਪਤੀਆਂ ਵਿੱਚ ਸਭ ਤੋਂ ਵੱਧ ਹਿੱਸਾ ਪੰਜਾਬੀ ਅਥਲੀਟਾਂ ਨੇ ਪਾਇਆ ਹੈ। ਟਰੈਕ ਤੇ ਫੀਲਡ ਦੇ ਸਾਰੇ ਈਵੈਂਟਾਂ ਦਾ ਲੇਖਾ-ਜੋਖਾ ਕਰੀਏ ਤਾਂ ਦੌੜਾਂ, ਥਰੋਆਂ, ਛਾਲਾਂ ਇੱਥੋਂ ਤੱਕ ਕਿ ਰਿਲੇਅ ਦੌੜਾਂ, ਡਿਕੈਥਲੀਨ, ਪੈਦਲ ਤੋਰ ਸਭਨਾਂ ਵਿੱਚ ਪੰਜਾਬੀ ਅਥਲੀਟਾਂ ਨੇ ਆਪਣਾ ਲੋਹਾ ਮਨਵਾਇਆ ਹੈ। ਏਸ਼ਿਆਈ ਖੇਡਾਂ ਦੇ ਸ਼ੁਰੂਆਤੀ ਦੌਰ ਯਾਨੀ ਪੰਜਾਹਵੇਂ ਤੇ ਸੱਠਵਿਆਂ ਦੇ ਦੌਰ ਵਿੱਚ ਤਾਂ ਪੰਜਾਬੀ ਅਥਲੀਟਾਂ ਦਾ ਪੂਰਾ ਬੋਲਬਾਲਾ ਸੀ, ਖਾਸ ਕਰਕੇ ਥਰੋਅ ਈਵੈਂਟਾਂ ਵਿੱਚ ਕੋਈ ਨਾ ਕੋਈ ਪੰਜਾਬੀ ਜੇਤੂ ਮੰਚ ਉਤੇ ਚੜ੍ਹਦਾ ਰਿਹਾ। ਅੱਸੀਵਿਆਂ ਤੇ ਨੱਬੇਵਿਆਂ ਵਿੱਚ ਥੋੜ੍ਹੀ ਚਮਕ ਘੱਟ ਪੈਣ ਤੋਂ ਬਾਅਦ ਫੇਰ ਪੰਜਾਬੀ ਅਥਲੀਟਾਂ ਨੇ ਆਪਣਾ ਝੰਡਾ ਬੁਲੰਦ ਕੀਤਾ ਅਤੇ ਪੰਜਾਬਣ ਅਥਲੀਟਾਂ ਨੇ ਇਸ ਦੀ ਅਗਵਾਈ ਕੀਤੀ।
ਪੰਜਾਬੀ ਅਥਲੀਟਾਂ ਵਿੱਚ ਸਭ ਤੋਂ ਮੋਹਰੀ ਨਾਮ ਉੱਡਣਾ ਸਿੱਖ ਮਿਲਖਾ ਸਿੰਘ ਦਾ ਆਉਂਦਾ ਹੈ ਜਿਨ੍ਹਾਂ ਇਕੱਲਿਆਂ ਚਾਰ ਸੋਨ ਤਗ਼ਮੇ ਜਿੱਤੇ ਹਨ। ਮਿਲਖਾ ਸਿੰਘ ਨੇ 1958 ਵਿੱਚ ਟੋਕੀਓ ਵਿਖੇ 200 ਤੇ 400 ਮੀਟਰ ਦੌੜ ਅਤੇ 1962 ਵਿੱਚ ਜਕਾਰਤਾ ਵਿਖੇ 400 ਮੀਟਰ ਤੇ 4 ਗੁਣਾਂ 400 ਮੀਟਰ ਦੌੜ ਵਿੱਚ ਸੋਨ ਤਗ਼ਮੇ ਜਿੱਤੇ। 1958 ਵਿੱਚ 200 ਮੀਟਰ ਦੌੜ ਵਿੱਚ ਪਾਕਿਸਤਾਨੀ ਫਰਾਟਾ ਦੌੜਾਕ ਅਬਦੁਲ ਖਾਲਿਕ ਨਾਲ ਮੁਕਾਬਲਾ ਇਤਿਹਾਸਕ ਹੋ ਨਿੱਬੜਿਆ। ਭਗਤਾ ਦੇ ਜੰਮਪਲ ਪ੍ਰਦੁੱਮਣ ਸਿੰਘ ਨੇ ਆਪਣੇ ਜ਼ੋਰ ਦਾ ਲੋਹਾ ਮਨਵਾਉਂਦਿਆਂ ਤਿੰਨ ਸੋਨੇ, ਇੱਕ ਚਾਂਦੀ ਤੇ ਇੱਕ ਕਾਂਸੀ ਦਾ ਤਗ਼ਮਾ ਜਿੱਤਿਆ। ਪ੍ਰਦੁੱਮਣ ਸਿੰਘ ਨੇ 1954 ਵਿੱਚ ਮਨੀਲਾ ਵਿਖੇ ਸ਼ਾਟਪੁੱਟ ਤੇ ਡਿਸਕਸ ਅਤੇ 1958 ਵਿੱਚ ਸ਼ਾਟਪੁੱਟ ਵਿੱਚ ਸੋਨ ਤਗ਼ਮੇ ਜਿੱਤਣ ਤੋਂ ਇਲਾਵਾ ਡਿਸਕਸ ਥਰੋਅ ਵਿੱਚ 1962 ਵਿੱਚ ਚਾਂਦੀ ਤੇ 1958 ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਸਰਹਾਲੀ ਦੇ ਇੱਕ ਹੋਰ ਅਥਲੀਟ ਪਰਵੀਨ ਕੁਮਾਰ ਨੇ ਵੀ ਆਪਣੀਆਂ ਥਰੋਆਂ ਨਾਲ ਏਸ਼ੀਆ ਵਿੱਚ ਸਰਦਾਰੀ ਕਾਇਮ ਕੀਤੀ। ਪਰਵੀਨ ਕੁਮਾਰ ਨੇ ਬੈਂਕਾਕ ਵਿਖੇ 1966 ਤੇ 1970 ਵਿੱਚ ਡਿਸਕਸ ਵਿੱਚ ਦੋ ਵਾਰ ਸੋਨੇ ਦਾ ਤਗ਼ਮਾ, 1974 ਵਿੱਚ ਤਹਿਰਾਨ ਵਿਖੇ ਡਿਸਕਸ ਵਿੱਚ ਚਾਂਦੀ ਤੇ 1966 ਵਿੱਚ ਹੈਮਰ ਥਰੋਅ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
ਭਾਰਤੀ ਅਥਲੈਟਿਕਸ ਫੀਲਡ ਵਿੱਚ ਬਾਜ਼ ਉਡਾਰੀ ਮਾਰਨ ਵਾਲੇ ਹਰਫਨਮੌਲਾ ਅਥਲੀਟ ਨੰਗਲੀ ਮਹਿਤਾ ਦੇ ਗੁਰਬਚਨ ਸਿੰਘ ਰੰਧਾਵਾ ਨੇ 1962 ਵਿੱਚ ਜਕਾਰਤਾ ਵਿਖੇ ਡਿਕੈਥਲੀਨ ਦਾ ਸੋਨੇ ਦਾ ਤਗ਼ਮਾ ਜਿੱਤ ਕੇ ਏਸ਼ੀਆ ਦੇ ਬੈਸਟ ਅਥਲੀਟ ਦਾ ਮਾਣ ਹਾਸਲ ਕੀਤਾ। ਇੱਕ ਹੋਰ ਧੱਕੜ ਅਥਲੀਟ ਜੋਗਿੰਦਰ ਸਿੰਘ ਨੇ 1966 ਤੇ 1970 ਵਿੱਚ ਸ਼ਾਟਪੁੱਟ ਵਿੱਚ ਦੋ ਸੋਨੇ ਦੇ ਤਗ਼ਮੇ ਜਿੱਤੇ। ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰੀਚੰਦ ਨੇ 1978 ਵਿੱਚ ਬੈਂਕਾਕ ਵਿਖੇ 5000 ਤੇ 10,000 ਮੀਟਰ ਦੌੜਾਂ ਵਿੱਚ ਦੋ ਸੋਨ ਤਗ਼ਮੇ ਜਿੱਤ ਕੇ ਦੱਸਿਆ ਕਿ ਦਮ-ਖ਼ਮ ਵਿੱਚ ਉਸ ਦਾ ਕੋਈ ਸਾਨੀ ਨਹੀਂ। ਕੁੱਪ ਦੇ ਪੜ੍ਹੇ ਲਿਖੇ ਅਥਲੀਟ ਅਜਮੇਰ ਸਿੰਘ ਨੇ 1966 ਵਿੱਚ 400 ਮੀਟਰ ਦੌੜ ਵਿੱਚ ਸੋਨੇ ਤੇ 200 ਮੀਟਰ ਦੌੜ ਵਿੱਚ ਚਾਂਦੀ ਅਤੇ 1970 ਵਿੱਚ 4 ਗੁਣਾਂ 400 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਕਲਹਿਰੀ ਮੋਰ ਵਜੋਂ ਮਕਬੂਲ ਹੋਏ ਮਹਿੰਦਰ ਸਿੰਘ ਗਿੱਲ ਨੇ ਤੀਹਰੀ ਛਾਲ ਵਿੱਚ 1970 ਵਿੱਚ ਸੋਨੇ ਅਤੇ 1974 ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਉਸੇ ਦੇ ਸਮਕਾਲੀ ਤੇ ਮੁਕਾਬਲੇ ਵਿੱਚ ਰਹਿਣ ਵਾਲੇ ਅਥਲੀਟ ਲਾਭ ਸਿੰਘ ਨੇ ਤੀਹਰੀ ਛਾਲ ਵਿੱਚ 1970 ਵਿੱਚ ਚਾਂਦੀ ਤੇ 1966 ਵਿੱਚ ਕਾਂਸੀ ਅਤੇ 1970 ਵਿੱਚ ਲੰਬੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਮਿਲਖਾ ਸਿੰਘ ਨੂੰ ਇੱਕ ਵਾਰ ਕੌਮੀ ਮੁਕਾਬਲੇ ਵਿੱਚ ਸੁਰਖੀਆਂ ਵਿੱਚ ਆਏ ਮੱਖਣ ਸਿੰਘ ਨੇ 1962 ਵਿੱਚ 4 ਗੁਣਾਂ 400 ਮੀਟਰ ਰਿਲੇਅ ਦੌੜ ਵਿੱਚ ਸੋਨੇ ਅਤੇ 400 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਤਰਲੋਕ ਸਿੰਘ ਨੇ 1962 ਵਿੱਚ ਜਕਾਰਤਾ ਵਿਖੇ 10000 ਮੀਟਰ ਦੌੜ ਵਿੱਚ ਸੋਨੇ ਤੇ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।
1951 ਵਿੱਚ ਨਵੀਂ ਦਿੱਲੀ ਵਿਖੇ ਹੋਈਆਂ ਪਹਿਲੀਆਂ ਏਸ਼ਿਆਈ ਖੇਡਾਂ ਦੀ ਗੱਲ ਕਰੀਏ ਤਾਂ ਨਿੱਕਾ ਸਿੰਘ ਨੇ 1500 ਮੀਟਰ, ਰਣਜੀਤ ਸਿੰਘ ਨੇ 800 ਮੀਟਰ, ਛੋਟਾ ਸਿੰਘ ਨੇ ਮੈਰਾਥਨ, ਮਦਨ ਲਾਲ ਨੇ ਸ਼ਾਟਪੁੱਟ, ਮੱਖਣ ਸਿੰਘ ਨੇ ਡਿਸਕਸ ਥਰੋਅ ਅਤੇ ਬਲਵੰਤ ਸਿੰਘ ਨੇ 4 ਗੁਣਾਂ 400 ਮੀਟਰ ਰਿਲੇਅ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। 1954 ਵਿੱਚ ਮਨੀਲਾ ਵਿਖੇ ਅਜੀਤ ਸਿੰਘ ਨੇ ਉੱਚੀ ਛਾਲ ਅਤੇ ਸਰਵਨ ਸਿੰਘ ਨੇ 110 ਮੀਟਰ ਹਰਡਲਜ਼ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। 1958 ਵਿੱਚ ਬਲਕਾਰ ਸਿੰਘ ਨੇ ਡਿਸਕਸ ਤੇ ਮਹਿੰਦਰ ਸਿੰਘ ਨੇ ਲੰਬੀ ਛਾਲ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। 1962 ਵਿੱਚ ਗੁਰਬਚਨ ਸਿੰਘ ਰੰਧਾਵਾ, ਮਿਲਖਾ ਸਿੰਘ, ਮੱਖਣ ਸਿੰਘ, ਪ੍ਰਦੁੱਮਣ ਸਿੰਘ ਤੇ ਤਰਲੋਕ ਸਿੰਘ ਦੀ ਚੜ੍ਹਤ ਤੋਂ ਇਲਾਵਾ ਜੋਗਿੰਦਰ ਸਿੰਘ ਨੇ ਸ਼ਾਟਪੁੱਟ ਵਿੱਚ ਚਾਂਦੀ, ਦਲਜੀਤ ਸਿੰਘ ਨੇ 800 ਮੀਟਰ ਵਿੱਚ ਚਾਂਦੀ ਤੇ ਅੰਮ੍ਰਿਤਪਾਲ ਸਿੰਘ ਨੇ 800 ਮੀਟਰ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਬਲਕਾਰ ਸਿੰਘ ਨੇ 1966 ਵਿੱਚ ਡਿਸਕਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। 1974 ਵਿੱਚ ਤਹਿਰਾਨ ਵਿਖੇ ਨਿਰਮਲ ਸਿੰਘ ਗਰੇਵਾਲ ਨੇ ਹੈਮਰ ਥਰੋਅ ਵਿੱਚ ਸੋਨੇ ਅਤੇ ਜੁਗਰਾਜ ਸਿੰਘ ਨੇ ਸ਼ਾਟਪੁੱਟ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। 1982 ਵਿੱਚ ਨਵੀਂ ਦਿੱਲੀ ਵਿਖੇ ਕੁਲਦੀਪ ਸਿੰਘ ਭੁੱਲਰ ਨੇ ਡਿਸਕਸ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਮਿਲਖਾ ਸਿੰਘ ਦਾ ਰਿਕਾਰਡ ਤੋੜ ਕੇ ਸੁਰਖੀਆਂ ਵਿੱਚ ਆਏ ਪਰਮਜੀਤ ਸਿੰਘ ਨੇ 1998 ਵਿੱਚ ਬੈਂਕਾਕ ਵਿਖੇ 4 ਗੁਣਾਂ 400 ਮੀਟਰ ਰਿਲੇਅ ਦੌੜ ਵਿੱਚ ਚਾਂਦੀ ਤੇ 400 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। 2002 ਵਿੱਚ ਬਹਾਦਰ ਸਿੰਘ ਨੇ ਸ਼ਾਟਪੁੱਟ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। 2018 ਵਿੱਚ ਜਕਾਰਤਾ ਵਿਖੇ ਪਿਛਲੀਆਂ ਏਸ਼ਿਆਈ ਖੇਡਾਂ ਵਿੱਚ ਮੋਗਾ ਦੇ ਤੇਜਿੰਦਰ ਪਾਲ ਸਿੰਘ ਤੂਰ ਨੇ ਨਵੇਂ ਏਸ਼ੀਅਨ ਰਿਕਾਰਡ ਨਾਲ ਸ਼ਾਟਪੁੱਟ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਜਦੋਂ ਕਿ ਮਾਝੇ ਦੇ ਇੱਕ ਹੋਰ ਅਥਲੀਟ ਅਰਪਿੰਦਰ ਸਿੰਘ ਨੇ ਤੀਹਰੀ ਛਾਲ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ।
ਮਹਿਲਾ ਅਥਲੀਟਾਂ ਦੀ ਝੰਡਾਬਰਦਾਰ ਵੀ ਪੰਜਾਬਣ ਅਥਲੀਟ ਕਮਲਜੀਤ ਕੌਰ ਸੰਧੂ ਹੈ ਜਿਸ ਨੇ 1970 ਵਿੱਚ ਬੈਂਕਾਕ ਵਿਖੇ 400 ਮੀਟਰ ਦੌੜ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ। ਉਹ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਵੀ ਹੈ। ਕਮਲਜੀਤ ਦੇ ਪਾਏ ਪੂਰਨਿਆਂ ਉਤੇ ਚੱਲਦਿਆਂ ਅਗਾਂਹ ਮਨਜੀਤ ਕੌਰ ਤੇ ਮਨਦੀਪ ਕੌਰ ਨੇ ਏਸ਼ਿਆਈ ਖੇਡਾਂ ਦੀ ਗੋਲਡਨ ਹੈਟ੍ਰਿਕ ਲਗਾਈ। ਟਰੈਕ ਦੀ ਮਲਿਕਾ ਵਜੋਂ ਜਾਣੀ ਜਾਂਦੀ ਮਨਜੀਤ ਕੌਰ ਨੇ 2002 ਵਿੱਚ ਬੁਸਾਨ, 2006 ਵਿੱਚ ਦੋਹਾ ਤੇ 2010 ਵਿੱਚ ਗੁਆਂਗਜ਼ੂ ਵਿਖੇ 4 ਗੁਣਾਂ 400 ਮੀਟਰ ਦੌੜ ਵਿੱਚ ਤਿੰਨ ਵਾਰ ਸੋਨੇ ਦਾ ਤਗ਼ਮਾ ਜਿੱਤਿਆ। ਮਨਜੀਤ ਨੇ ਦੋਹਾ ਵਿਖੇ 2006 ਵਿੱਚ 400 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਵੀ ਜਿੱਤਿਆ। ਮਨਦੀਪ ਕੌਰ ਨੇ 2006 ਵਿੱਚ ਦੋਹਾ, 2010 ਵਿੱਚ ਗੁਆਂਗਜ਼ੂ ਤੇ 2014 ਵਿੱਚ ਇੰਚੇਓਨ ਵਿਖੇ ਇਸੇ 4 ਗੁਣਾਂ 400 ਮੀਟਰ ਦੌੜ ਵਿੱਚ ਤਿੰਨ ਸੋਨ ਤਗ਼ਮੇ ਜਿੱਤੇ। ਇੱਕ ਹੋਰ ਪੰਜਾਬਣ ਅਥਲੀਟ ਸੁਨੀਤਾ ਰਾਣੀ ਨੇ ਵੀ ਆਪਣੇ ਦਮ-ਖ਼ਮ ਦਾ ਲੋਹਾ ਮਨਵਾਉਂਦਿਆਂ 2002 ਵਿੱਚ ਬੁਸਾਨ ਵਿਖੇ ਨਵੇਂ ਏਸ਼ੀਅਨ ਰਿਕਾਰਡ ਨਾਲ 1500 ਮੀਟਰ ਦੌੜ ਵਿੱਚ ਸੋਨੇ ਤੇ 5000 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਅਤੇ 1998 ਵਿੱਚ ਬੈਂਕਾਕ ਵਿਖੇ 5000 ਮੀਟਰ ਦੌੜ ਵਿੱਚ ਚਾਂਦੀ ਤੇ 1500 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। 2002 ਵਿੱਚ ਨੀਲਮ ਜਸਵੰਤ ਸਿੰਘ ਨੇ ਡਿਸਕਸ ਵਿੱਚ ਸੋਨੇ ਦਾ ਤਗ਼ਮਾ ਅਤੇ ਮਾਧੁਰੀ ਅਮਨਦੀਪ ਸਿੰਘ ਨੇ 800 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। 1998 ਵਿੱਚ ਗੁਰਮੀਤ ਕੌਰ ਨੇ ਜੈਵਲਿਨ ਥਰੋਅ ਵਿੱਚ ਕਾਂਸੀ ਅਤੇ 2014 ਵਿੱਚ ਖੁਸ਼ਬੀਰ ਕੌਰ ਨੇ 20 ਕਿਲੋਮੀਟਰ ਪੈਦਲ ਤੋਰ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ।
ਹੁਣ ਹਾਂਗਜ਼ੂ ਵਿਖੇ ਹੋਣ ਜਾ ਰਹੀਆਂ ਏਸ਼ਿਆਈ
ਖੇਡਾਂ ਵਿੱਚ ਭਾਰਤੀ ਅਥਲੈਟਿਕਸ ਦਲ ਵਿੱਚ ਪੰਜਾਬ ਦੀ ਅਗਵਾਈ ਕਰ ਰਹੇ ਤੇਜਿੰਦਰ ਪਾਲ ਸਿੰਘ ਤੂਰ ਸ਼ਾਟਪੁੱਟ ਅਤੇ ਅਕਸ਼ਦੀਪ ਸਿੰਘ ਤੇ ਮੰਜੂ ਰਾਣੀ ਪੈਦਲ ਤੋਰ ਵਿੱਚ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪੂਰੀ ਵਾਹ ਲਾਉਣਗੇ।
ਸੰਪਰਕ: 97800-36216