For the best experience, open
https://m.punjabitribuneonline.com
on your mobile browser.
Advertisement

ਪੰਜਾਬੀਆਂ ਦਾ ਐਕਸ਼ਨ ਹੀਰੋ ਦੇਵ ਖਰੌੜ

10:09 AM Sep 14, 2024 IST
ਪੰਜਾਬੀਆਂ ਦਾ ਐਕਸ਼ਨ ਹੀਰੋ ਦੇਵ ਖਰੌੜ
Advertisement

ਰਜਨੀ ਭਗਾਣੀਆ

Advertisement

ਦੇਵ ਖਰੌੜ ਨੇ ਪੰਜਾਬੀ ਫਿਲਮ ਇੰਡਸਟਰੀ ਵਿੱਚ ਬਤੌਰ ਐਕਸ਼ਨ ਹੀਰੋ ਅਤੇ ਵਿਸ਼ਾ ਵਸਤੂਆਂ ’ਤੇ ਆਧਾਰਿਤ ਫਿਲਮਾਂ ਨਾਲ ਆਪਣੀ ਵੱਖਰੀ ਪਛਾਣ ਬਣਾਈ ਹੈ। ਬਚਪਨ ਤੋਂ ਹੀ ਉਸ ਦੇ ਅੰਦਰ ਅਦਾਕਾਰੀ ਦਾ ਹੁਨਰ ਅੰਗੜਾਈਆਂ ਲੈ ਰਿਹਾ ਸੀ ਪਰ ਕੋਈ ਰਸਤਾ ਨਹੀਂ ਮਿਲ ਰਿਹਾ ਸੀ। ਥੱਕ ਹਾਰ ਕੇ ਪਰਿਵਾਰ ਨੇ ਉਸ ਨੂੰ ਪੰਜਾਬ ਪੁਲੀਸ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਅਤੇ ਉਹ ਭਰਤੀ ਹੋ ਵੀ ਗਿਆ। ਅਦਾਕਾਰੀ ਪ੍ਰਤੀ ਉਸ ਦੇ ਜਨੂੰਨ ਨੂੰ ਪੰਜਾਬ ਪੁਲੀਸ ਦੀ ਨੌਕਰੀ ਵੀ ਜ਼ਿਆਦਾ ਦੇਰ ਰੋਕ ਨਾ ਸਕੀ। ਕੁਝ ਮਹੀਨੇ ਬਾਅਦ ਹੀ ਉਸ ਨੇ ਨੌਕਰੀ ਛੱਡ ਦਿੱਤੀ ਤੇ ਅਦਾਕਾਰੀ ਦੀ ਰਾਹ ’ਤੇ ਚੱਲ ਪਿਆ। ਇਸ ਕਾਰਨ ਉਸ ਨੂੰ ਰਿਸ਼ਤੇਦਾਰਾਂ ਤੇ ਆਂਢ-ਗੁਆਂਢ ਦੀਆਂ ਗੱਲਾਂ ਦਾ ਸਾਹਮਣਾ ਵੀ ਕਰਨਾ ਪਿਆ, ਪਰ ਉਸ ਨੇ ਹਿੰਮਤ ਨਾ ਹਾਰੀ ਤੇ ਆਪਣੇ ਹੁਨਰ ਦੇ ਜਨੂੰਨ ਨੂੰ ਜਾਰੀ ਰੱਖਿਆ। ਦੇਵ ਖਰੌੜ ਉਰਫ਼ ਦਵਿੰਦਰ ਸਿੰਘ ਖਰੌੜ ਦਾ ਜਨਮ 22 ਅਪਰੈਲ 1986 ਨੂੰ ਪਿੰਡ ਖੇੜਾ ਜੱਟਾਂ, ਜ਼ਿਲ੍ਹਾ ਪਟਿਆਲਾ ਦੇ ਜੱਟ ਸਿੱਖ ਪਰਿਵਾਰ ਵਿੱਚ ਹੋਇਆ। ਉਸ ਨੇ ਮੁੱਢਲੀ ਸਿੱਖਿਆ ਤੋਂ ਬਾਅਦ ਗ੍ਰੈਜੂਏਸ਼ਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੂਰੀ ਕੀਤੀ।
ਪੜ੍ਹਾਈ ਦੇ ਨਾਲ ਉਹ ਵਾਲੀਬਾਲ ਤੇ ਕ੍ਰਿਕਟ ਦਾ ਵੀ ਕਾਫ਼ੀ ਵਧੀਆ ਖਿਡਾਰੀ ਰਿਹਾ ਹੈ। ਵਾਲੀਬਾਲ ਉਸ ਨੇ ਰਾਸ਼ਟਰੀ ਪੱਧਰ ’ਤੇ ਵੀ ਖੇਡੀ ਹੈ। ਇਸ ਦੇ ਨਾਲ ਹੀ ਉਸ ਨੂੰ ਅਦਾਕਾਰੀ ਦਾ ਸ਼ੌਕ ਸੀ। ਉਹ ਸਕੂਲ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦਾ ਤੇ ਜੇਤੂ ਰਹਿੰਦਾ। ਕਾਲਜ ਦੀ ਪੜ੍ਹਾਈ ਦੌਰਾਨ ਥੀਏਟਰ ਕਰਨਾ ਸ਼ੁਰੂ ਕੀਤਾ, ਜਿੱਥੇ ਉਸ ਨੇ ਰੰਗਮੰਚ ਦੇ ਪ੍ਰਸਿੱਧ ਨਿਰਦੇਸ਼ਕ ਬਲਰਾਜ ਪੰਡਿਤ, ਰਾਜੇਸ਼ ਸ਼ਰਮਾ, ਸੈਮੂਅਲ ਜੌਹਨ ਵਰਗੇ ਕਲਾਕਾਰਾਂ ਦੇ ਨਿਰਦੇਸ਼ਨ ਹੇਠ ਸਟੇਜ ’ਤੇ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਉਸ ਨੇ ਬਹੁਤ ਸਾਰੇ ਨਾਟਕ ਖੇਡੇ, ਜਿਨ੍ਹਾਂ ਵਿੱਚ ‘ਕੋਰਟ ਮਾਰਸ਼ਲ’ ਅਤੇ ‘ਰਾਣੀ ਕੋਕਿਲਾ’ ਵਰਗੇ ਨਾਟਕ ਸ਼ਾਮਲ ਹਨ।
ਇਹ ਸਭ ਕਰਦਿਆਂ ਵੀ ਉਸ ਨੂੰ ਨਾ ਤਸੱਲੀ ਹੋ ਰਹੀ ਸੀ ਅਤੇ ਨਾ ਹੀ ਸਹੀ ਪਛਾਣ ਬਣੀ ਸੀ, ਪਰ ਕੁਝ ਕਰ ਗੁਜ਼ਰਨ ਦੀ ਤਮੰਨਾ ਨਾਲ ਉਸ ਨੇ ਆਪਣੀ ਕੋਸ਼ਿਸ਼ ਜਾਰੀ ਰੱਖੀ। ਇਸ ਦੌਰਾਨ ਉਸ ਦੀ ਮੁਲਾਕਾਤ ਮਸ਼ਹੂਰ ਕਾਮੇਡੀਅਨ ਤੇ ਅਦਾਕਾਰ ਰਹੇ ਭਗਵੰਤ ਮਾਨ ਨਾਲ ਹੋਈ। ਜਿਸ ਨੇ ਦੇਵ ਨੂੰ ਪਹਿਲੀ ਵਾਰ ‘ਜੁਗਨੂੰ ਮਸਤ ਮਸਤ’ ਸ਼ੋਅ ਵਿੱਚ ਕੰਮ ਕਰਨ ਦੀ ਪੇਸ਼ਕਸ਼ ਦਿੱਤੀ। ਇਸ ਤਰ੍ਹਾਂ ਉਸ ਨੂੰ ਇੱਕ ਵਧੀਆ ਪਲੈਟਫਾਰਮ ਮਿਲ ਗਿਆ। ਇਸ ਤੋਂ ਬਾਅਦ ਉਹ ਮੁੰਬਈ ਚਲਾ ਗਿਆ ਅਤੇ ਕੁਝ ਲੜੀਵਾਰਾਂ ਜਿਵੇਂ ‘ਆਲ੍ਹਣਾ’, ‘ਅੱਗ ਦੇ ਕਲੀਰੇ’, ‘ਕੋਈ ਪੱਥਰ ਸੇ ਨਾ ਮਾਰੇ’, ‘ਰੂਪ ਬਸੰਤ’, ‘ਅਸਾਂ ਹੁਣ ਤੁਰ ਜਾਣਾ’, ‘ਜੂਨ 85’, ‘ਜੁਗਨੂੰ ਮਸਤ ਮਸਤ’, ‘ਖਾਧਾ ਪੀਤਾ ਬਰਬਾਦ ਕੀਤਾ’ ਵਰਗੇ ਲੜੀਵਾਰਾਂ ਦੇ ਨਾਲ ਉਸ ਨੇ ਕੁਝ ਗੀਤਾਂ ਵਿੱਚ ਕੰਮ ਕੀਤਾ।
ਉਸ ਦੇ ਫਿਲਮੀ ਸਫ਼ਰ ਦੀ ਸ਼ੁਰੂਆਤ ‘ਹਸ਼ਰ- ਏ ਲਵ ਸਟੋਰੀ’ ਫਿਲਮ ਤੋਂ ਹੋਈ ਜਿਸ ਵਿੱਚ ਉਹ ਗਾਇਕ ਤੇ ਅਦਾਕਾਰ ਬੱਬੂ ਮਾਨ ਨਾਲ ਨਜ਼ਰ ਆਇਆ। ਇਸ ਫਿਲਮ ਤੋਂ ਕੁਝ ਖ਼ਾਸ ਸਫਲਤਾ ਨਾ ਮਿਲਣ ’ਤੇ ਉਸ ਨੇ ਬਤੌਰ ਨਿਰਮਾਤਾ ‘ਕਬੱਡੀ ਇੱਕ ਮੁਹੱਬਤ’ ਫਿਲਮ ਪੇਸ਼ ਕੀਤੀ ਜਿਸ ਵਿੱਚ ਕਬੱਡੀ ਪ੍ਰਤੀ ਨੌਜਵਾਨਾਂ ਨੂੰ ਅਹਿਮ ਸੰਦੇਸ਼ ਦਿੱਤਾ ਗਿਆ। ਇਸ ਨਾਲ ਵੀ ਉਸ ਦੇ ਪੱਲੇ ਨਿਰਾਸ਼ਾ ਹੀ ਪਈ। ਫਿਰ ਲੰਬੀ ਕਸ਼ਮਕਸ਼ ਦੇ ਬਾਅਦ ਦੇਵ ਬਤੌਰ ਅਦਾਕਾਰ ‘ਸਾਡਾ ਹੱਕ’ ਵਿੱਚ ਇੱਕ ਵੱਖਰੇ ਕਿਰਦਾਰ ਵਿੱਚ ਨਜ਼ਰ ਆਇਆ। ਫਿਰ ‘ਰੁਪਿੰਦਰ ਗਾਂਧੀ’ (ਦਿ ਗੈਂਗਸਟਰ) ਫਿਲਮ ਤੋਂ ਉਸ ਨੂੰ ਪਛਾਣ ਮਿਲਣੀ ਸ਼ੁਰੂ ਹੋਈ। ਦੇਵ ਦਾ ਕਹਿਣਾ ਹੈ, ‘‘ਮੈਨੂੰ ਇਸ ਫਿਲਮ ਤੋਂ ਲੋਕ ਗਾਂਧੀ ਦੇ ਨਾਮ ਨਾਲ ਜਾਣਨ ਲੱਗ ਪਏ ਸੀ। ਇਸ ਫਿਲਮ ਨੇ ਮੈਨੂੰ ਅਲੱਗ ਪਛਾਣ ਦਿੱਤੀ ਤੇ ਮੈਨੂੰ ਹੋਰ ਫਿਲਮਾਂ ਵੀ ਮਿਲਣ ਲੱਗੀਆਂ ਜਿਵੇਂ ‘ਸਾਕਾ’, ‘ਦੁੱਲਾ ਭੱਟੀ ਵਾਲਾ’, ‘ਰੁਪਿੰਦਰ ਗਾਂਧੀ 2 - ਦਿ ਰੌਬਿਨ ਹੁੱਡ’ ਅਤੇ ‘ਬਾਈਲਾਰਸ’। ਇਨ੍ਹਾਂ ਫਿਲਮਾਂ ਨੂੰ ਦਰਸ਼ਕਾਂ ਨੇ ਕਾਫ਼ੀ ਪਸੰਦ ਕੀਤਾ।
ਫਿਰ ਕੁਝ ਖ਼ਾਸ ਤੇ ਅਲੱਗ ਕਰਨ ਦੀ ਇੱਛਾ ਨਾਲ ਦੇਵ ਨੇ ਗੈਂਗਸਟਰ ਤੋਂ ਲੇਖਕ ਬਣੇ ਮਿੰਟੂ ਗੁਰੂਸਰੀਆ ਦੀ ਆਤਮ ਕਥਾ ’ਤੇ ਆਧਾਰਿਤ ਫਿਲਮ ‘ਡਾਕੂਆਂ ਦਾ ਮੁੰਡਾ’ ਵਿੱਚ ਮੁੱਖ ਭੂਮਿਕਾ ਨਿਭਾਈ। ਇਸ ਵਿੱਚ ਇੱਕ ਨਸ਼ੇੜੀ ਨੌਜਵਾਨ ਕਿਵੇਂ ਨਸ਼ੇ ਛੱਡ ਕੇ ਲੇਖਕ ਬਣਦਾ ਹੈ, ਦੀ ਕਹਾਣੀ ਨੂੰ ਦਿਖਾਇਆ ਗਿਆ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਪੂਰ ਪਸੰਦ ਕੀਤਾ ਗਿਆ। ਉਸ ਦਾ ਕਹਿਣਾ ਹੈ, ‘‘ਇਸ ਫਿਲਮ ਨੂੰ ਦੇਖ ਕੇ ਕਈ ਮਾਂ-ਪਿਉ ਨੇ ਮੇਰਾ ਸ਼ੁਕਰੀਆ ਅਦਾ ਕੀਤਾ ਸੀ ਕਿ ਇਸ ਨਾਲ ਉਨ੍ਹਾਂ ਦੇ ਬੱਚਿਆਂ ਵਿੱਚ ਵੀ ਸੁਧਾਰ ਹੋਇਆ ਹੈ। ਇਹ ਮੇਰੀ ਕੋਸ਼ਿਸ਼ ਦੀ ਪਹਿਲੀ ਕਾਮਯਾਬੀ ਸੀ। ਇਸ ਤੋਂ ਬਾਅਦ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।’’ ਉਸ ਨੇ ‘ਜਿੰਦੜੀ’, ‘ਯਾਰ ਬੇਲੀ’, ‘ਕਾਕਾ ਜੀ’, ‘ਬਲੈਕੀਆ’, ‘ਡੀ.ਐੱਸ.ਪੀ ਦੇਵ’, ‘ਨੌਕਰ ਵਹੁਟੀ ਦਾ’ (ਸਪੈਸ਼ਲ), ‘ਜ਼ਖ਼ਮੀ’, ‘ਡਾਕੂਆਂ ਦਾ ਮੁੰਡਾ 2’, ‘ਸ਼ਰੀਕ 2’, ‘ਅਰਜਨ ਵੈੱਲੀ’, ‘ਮੌੜ’, ‘ਬਲੈਕੀਆ 2’, ‘ਉੱਚਾ ਦਰ ਬਾਬੇ ਨਾਨਕ ਦਾ’, ‘ਰੁਪਿੰਦਰ ਗਾਂਧੀ 3’ ਵਰਗੀਆਂ ਸੁਪਰ ਹਿੱਟ ਫਿਲਮਾਂ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਹਨ।’’
ਦੇਵ ਨੇ ਕਿਹਾ, ‘‘ਮੈਂ ਹਮੇਸ਼ਾ ਅਸਲ ਚੀਜ਼ ’ਤੇ ਕੰਮ ਕਰਨਾ ਪਸੰਦ ਕਰਦਾ ਹਾਂ। ਮੇਰੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜੋ ਕੁਝ ਵੀ ਮੈਂ ਦਰਸ਼ਕਾਂ ਦੇ ਸਾਹਮਣੇ ਲੈ ਕੇ ਆਵਾਂ ਉਸ ਵਿੱਚ ਕੋਈ ਨਾ ਕੋਈ ਸੰਦੇਸ਼ ਜ਼ਰੂਰ ਹੋਵੇ। ਜੇ ਮੇਰੀ ਇਸ ਕੋਸ਼ਿਸ਼ ਨਾਲ ਕਿਸੇ ਇੱਕ ਨੂੰ ਵੀ ਫਾਇਦਾ ਹੁੰਦਾ ਹੈ ਤਾਂ ਮੈਂ ਆਪਣੇ ਆਪ ਨੂੰ ਸਫਲ ਸਮਝਦਾ ਹਾਂ।’’ ਸ਼ਾਲਾ! ਦੇਵ ਖਰੌੜ ਪੰਜਾਬੀ ਸਿਨੇਮਾ ਨੂੰ ਆਪਣੀ ਮਿਹਨਤ ਸਦਕਾ ਮਿਆਰੀ ਫਿਲਮਾਂ ਦਿੰਦਾ ਰਹੇ ਤੇ ਹੋਰ ਸਫਲਤਾਵਾਂ ਪ੍ਰਾਪਤ ਕਰੇ।
ਸੰਪਰਕ: 79736-67793

Advertisement

Advertisement
Author Image

joginder kumar

View all posts

Advertisement