For the best experience, open
https://m.punjabitribuneonline.com
on your mobile browser.
Advertisement

ਪੰਜਾਬ ਦਾ ਚੌਗਿਰਦਾ: ਕੁਝ ਮੁੱਦੇ, ਕੁਝ ਸਵਾਲ

12:36 PM Jun 05, 2023 IST
ਪੰਜਾਬ ਦਾ ਚੌਗਿਰਦਾ  ਕੁਝ ਮੁੱਦੇ  ਕੁਝ ਸਵਾਲ
Advertisement

ਵਿਜੈ ਬੰਬੇਲੀ

Advertisement

ਪੰਜਾਬ ਸਿਰਫ ਪੰਜ ਆਬਾਂ ਦੀ ਧਰਤੀ ਹੀ ਨਹੀਂ, ਪੰਜ ਰੁੱਤਾਂ ਦੀ ਧਰਤੀ ਵੀ ਹੈ/ਸੀ। ਮਿੱਟੀ ਵਜੋਂ ਸਰਸ਼ਾਰ ਅਤੇ ਜੰਗਲਾਂ ਵਲੋਂ ਸਰ-ਸਬਜ਼। ਕੁਦਰਤ ਸਾਡੇ ਉੱਤੇ ਬੜੀ ਮਿਹਰਬਾਨ ਸੀ। ਇਹ ਜੰਗਲਾਂ ਅਤੇ ਦਰਿਆਵਾਂ ਕਾਰਨ ਹੀ ਸੀ ਕਿ ਅਸੀਂ ਉਪਜਾਊ ਮਿੱਟੀ ਵਲੋਂ ਰੱਜੇ-ਪੁੱਜੇ ਸਾਂ ਅਤੇ ਮਿੱਤਰ ਜੀਵਾਂ ਤੇ ਪਸ਼ੂ ਧਨ ਵਲੋਂ ਵੀ ਮਾਲਾਮਾਲ। ਪਹਿਲ ਪਲੱਕੜਿਆਂ ਵਿਚ ਪੰਜਾਬ ਦਾ ਵਾਤਾਵਰਨਕ ਮਿਆਰ ਬੜਾ ਆਹਲਾ ਸੀ, ਆਬੋ-ਹਵਾ ਵਜੋਂ ਉੱਤਮ। ਅੱਜ ਪੰਜਾਬ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਖਤਰੇ ਵਿਚ ਹੈ। ਜੰਗਲਾਂ ਅਤੇ ਜਨੌਰਾਂ ਦਾ ਸਫਾਇਆ; ਜਲ ਤੱਗੀਆਂ ਤੇ ਸੋਮਿਆਂ ਦਾ ਮਰ-ਮੁੱਕ ਜਾਣਾ; ਮਿੱਟੀ, ਪਾਣੀ ਤੇ ਹਵਾ ਦਾ ਦੂਸ਼ਿਤ ਹੋਣਾ ਆਉਣ ਵਾਲੇ ਸੰਕਟਾਂ (ਜਿਹੜੇ ਸੰਭਾਲੇ ਨਹੀਂ ਜਾਣੇ) ਦੀ ਕਨਸੋਅ ਹਨ। ਸਾਡੀਆਂ ਖਾਸ ਕਰ ਕੇ ਹਾਕਮ ਜਮਾਤਾਂ ਦੀਆਂ ਨਲਾਇਕੀਆਂ ਕਾਰਨ ਪੰਜਾਬ ਦੀਆ ਕਦਰਾਂ-ਕੀਮਤਾਂ, ਵਿਰਾਸਤ, ਕੁਦਰਤੀ ਸੋਮੇ ਅਤੇ ਰੁੱਤਾਂ ਮਲੀਆਮੇਟ ਹੋ ਰਹੀਆਂ ਹਨ।

ਪੰਜਾਬ ਵੱਖ ਵੱਖ ਵਾਤਾਵਰਨਕ ਪ੍ਰਬੰਧਾਂ (ਈਕੋ ਸਿਸਟਮ) ਵਾਲਾ ਖਿੱਤਾ ਹੈ/ਸੀ ਜਿਸ ਵਿਚ ਜੰਗਲ, ਪਹਾੜ, ਬਹੁ-ਪਰਤੀ ਕੰਢੀ ਖਿੱਤਾ, ਮੈਦਾਨ, ਜਲ ਵਹਿਣ ਤੇ ਸੋਮੇ ਆਦਿ ਸ਼ੁਮਾਰ ਹਨ। ਲੋੜਾਂ ਅਤੇ ਸੱਭ ਕੁਝ ਇੱਕੋ ਵਾਰ ਹੂੰਝ ਲੈਣ ਦੀ ਬਿਰਤੀ ਅਤੇ ‘ਹਰੀ ਕ੍ਰਾਂਤੀ’ ਨੇ ਕੁਦਰਤੀ ਸਾਵੇਂਪਨ ਨੂੰ ਬੜਾ ਨੁਕਸਾਨ ਪੁੰਹਚਾਇਆ ਹੈ। ਸੱਚ ਹੈ, ਹਰ ਖਿੱਤੇ ਦੀ ਸੱਭਿਅਤਾ ਦਾ ਜਨਮ ਕਿਸੇ ਨਦੀ ਕੰਢੇ ਹੋਇਆ ਹੈ ਪਰ ਇਹ ਵੀ ਝੂਠ ਨਹੀਂ ਕਿ ਹਰ ਸੱਭਿਅਤਾ ਦਾ ਪਤਨ ਵੀ ਬਾਂਝ ਕਰ ਦਿੱਤੀ ਗਈ ਮਿੱਟੀ ਕਾਰਨ ਹੀ ਹੋਇਆ। ਕੁਦਰਤ ਲੋੜਾਂ ਦੀ ਪੂਰਤੀ ਕਰਦੀ ਹੈ, ਲਾਲਸਾਵਾਂ ਦੀ ਨਹੀਂ। ਜਦੋਂ ਪੌਣ ਅਤੇ ਪਾਣੀ ਗੰਧਲੇ ਹੋ ਜਾਣ ਤਾਂ ਸੋਚਾਂ ਅਤੇ ਵਿਹਾਰ ਕੁਰਾਹੇ ਪੈ ਜਾਂਦਾ ਹੈ। ਪੰਜਾਬ ਜਿਸ ਨੇ ਰਵਾਇਤੀ ਖੇਤੀ ਰਾਹੀਂ ਜੈਵਿਕ ਵੰਨ-ਸਵੰਨਤਾ ਦਾ ਸੰਤੁਲਨ, ਕੁਦਰਤੀ ਜ਼ਰਖੇਜ਼ ਹੋਣ ਦਾ ਅਮਲ ਅਪਣਾਇਆ ਹੋਇਆ ਸੀ, ਨੂੰ ਮੁਕੰਮਲ ਮਸ਼ੀਨੀ, ਰਸਾਇਣਕ ਅਤੇ ਹਾਈਬ੍ਰਿਡ ਖੇਤੀ ਦੇ ਕੁਰਾਹੇ ਪਾ ਦਿੱਤਾ ਗਿਆ ਹੈ। ਖੇਤ ਛੋਟੇ ਹੋ ਰਹੇ ਹਨ ਤੇ ਮਸ਼ੀਨਾ ਵੱਡੀਆਂ; ਖੇਤਾਂ ਵਿਚ ਹੁਣ ਮੌਤ ਉੱਗਦੀ ਹੈ।

ਪੰਜਾਬ ਵਿਚ ਗੈਰ-ਕੁਦਰਤੀ, ਅਸਾਵੇਂ ਵਿਕਾਸ ਅਤੇ ਅਖੌਤੀ ਆਧੁਨਿਕਤਾ ਕਾਰਨ ਚੌਗਿਰਦੇ ਵਿਚ ਸਸਪੈਂਡਡ ਪਾਰਟੀਕਲ ਮੈਟਰ (ਐੱਸਪੀਐੱਮ), ਭਾਵ ਉਹ ਗ਼ੈਰ-ਜ਼ਰੂਰੀ ਤੱਤ ਜਿਹੜੇ ਮਿੱਟੀ ਅਤੇ ਪੌਣ-ਪਾਣੀ ਵਿਚੋਂ ਮਨਫੀ ਹੋਣੇ ਚਾਹੀਦੇ ਹਨ ਤੇ ਨਾਈਰਟੋਜਨ ਆਕਸਾਈਡ ਜ਼ਹਿਰ ਵਧ ਰਹੇ ਹਨ ਦੀ ਹਵਾ ਵਿਚ ਮਾਤਰਾ (ਐੱਸਪੀਐੱਮ) ਦੀ ਮਾਤਰਾ 100 ਤੋਂ 200 ਮਾਈਕਰੋਗ੍ਰਾਮ (ਲਘੂ ਗ੍ਰਾਮ) ਹੋਣੀ ਚਾਹੀਦੀ ਹੈ ਪਰ ਇਹ 296 ਤੋਂ 586 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਈ ਹੈ। ਇਸੇ ਤਰ੍ਹਾਂ ਨਾਈਟਰੋਜਨ ਆਕਸਾਈਡ ਦੀ ਮਾਤਰਾ 30 ਮਾਈਕਰੋਗ੍ਰਾਮ ਪ੍ਰਤੀ ਕਿਊਬਕ ਮੀਟਰ ਹੋਣੀ ਚਾਹੀਦੀ ਹੈ ਪਰ ਇਹ 56 ਤੱਕ ਪੁੰਹਚ ਗਈ ਹੈ। ਕਾਰਨ? ਸੰਘਣੀ ਖੇਤੀ, ਵਾਹਨਾਂ ਦੇ ਝੁੰਡ, ਬੇਮੁਹਾਰ ਉਦਯੋਗ ਅਤੇ ਧੂੰਆਂ-ਰਾਲੀ। ਇਸ ਤੋਂ ਬਿਨਾ ਚੈਨ-ਖੋਹੂ ਸ਼ੋਰ ਪ੍ਰਦੂਸ਼ਨ ਨੇ ਵੀ ਜੀਵ-ਸੰਸਾਰ ਦੀ ਜੜ੍ਹੀਂ ਅੱਕ ਦੇ ਦਿੱਤਾ ਹੈ। ਬਨਾਵਟੀ ਖਾਦਾਂ ਅਤੇ ਨਦੀਨ ਤੇ ਕੀਟਨਾਸ਼ਕਾਂ ਨੇ ਵੀ ਘਾਣ ਕੀਤਾ ਹੈ ਅਤੇ ਮਿੱਤਰ ਜੀਵ ਲੁਪਤ ਹੋ ਗਏ ਹਨ।

ਖੇਤਰਫਲ ਵਜੋਂ ਪੰਜਾਬ ਭਾਰਤ ਦੇ ਮੁਕਾਬਲੇ ਮਹਿਜ਼ ਡੇਢ ਫੀਸਦੀ ਰਕਬੇ ਦਾ ਮਾਲਕ ਹੈ ਪਰ ਇਹ ਭਾਰਤ ਦੀਆਂ ਕੁੱਲ ਖੇਤੀ ਜ਼ਹਿਰਾਂ ਦਾ ਪੰਜਵਾਂ ਹਿੱਸਾ (20%) ਅਤੇ ਕੁੱਲ ਬਨਾਵਟੀ ਖਾਦਾਂ ਦਾ ਤੀਜਾ ਹਿੱਸਾ ਵਰਤਦਾ ਹੈ ਜਿਸ ਨੇ ਸਾਡੇ ਆਬੋ-ਹਵਾ ਅਤੇ ਧਨ ਹੂੰਝ ਲਏ ਹਨ। ਫਲੀਦਾਰ ਫਸਲਾਂ ਅਰਥਾਤ ਤੇਲ ਬੀਜ ਤੇ ਦਾਲਾਂ ਜਿਹੜੇ ਮੋੜਵੇਂ ਰੂਪ ਵਿਚ ਮਿੱਤਰ ਕੀਟਾਂ ਅਤੇ ਮਿੱਟੀ ਨੂੰ ਵਿਗਸਣ ਤੇ ਸਿਹਤਯਾਬ ਹੋਣ ਲਈ ਬੜਾ ਕੁਝ ਦਿੰਦੇ ਸਨ, ਅਸੀਂ ਬੀਜਣ ਤੋਂ ਤਕਰੀਬਨ ਹਟਾ ਦਿੱਤੇ ਗਏ ਹਾਂ। ਇੱਕੋ ਤਰ੍ਹਾਂ ਦੀਆਂ ਫਸਲਾਂ ਨੇ ਮਿੱਟੀ, ਪਾਣੀ, ਮੌਸਮ ਸਮੇਤ ਪੌਦ ਅਤੇ ਜੀਵ ਵੰਨ-ਸਵੰਨਤਾ ਨੂੰ ਲੈ ਬੈਠਣਾ ਹੈ। ਝੋਨਾ-ਕਣਕ ਦੋ ਫਸਲੀ ਜਾਂ ਹਾਈਬ੍ਰਿਡ ਨਰਮਾ ਪ੍ਰਣਾਲੀ ਜਾਂ ਬੇਮੌਸਮੀ ਸਬਜ਼ੀਆਂ ਤਹਿਤ ਵਰਤੀਆਂ ਮਣਾਂ ਮੂੰਹੀਂ ਰਸਾਇਣਕ ਖਾਦਾਂ ਅਤੇ ਨਦੀਨਨਾਸ਼ਕਾਂ, ਉੱਲੀਨਾਸ਼ਕਾਂ ਤੇ ਕੀਟਨਾਸ਼ਕਾਂ ਨਾਲ 1:300 ਦੇ ਅਨੁਪਾਤ ਨਾਲ ਦੁਸ਼ਮਣ ਅਤੇ ਮਿੱਤਰ ਕੀੜਿਆਂ ਦਾ ਸਰਬਨਾਸ਼, ਅਰਥਾਤ ਇੱਕ ਦੁਸ਼ਮਣ ਨੂੰ ਮਾਰਨ ਦੇ ਇਵਜ਼ ਵਿਚ 300 ਮਿੱਤਰ ਕੀੜਿਆ ਦੀ ਬਲੀ ਲੈ ਲਈ ਜਾਂਦੀ ਹੈ। ਇੱਕ ਵੰਨਗੀ ਦੇ ਪੌਦ ਜਾਂ ਜੀਵ ਖਤਮ ਹੋ ਜਾਣ ਨਾਲ ਉਸ ਵੰਨਗੀ ਉੱਤੇ ਨਿਰਭਰ 10 ਤੋਂ 20 ਵੰਨਗੀਆਂ ਦੇ ਜੀਵਾਂ ਦਾ ਜੀਵਨ ਖਤਰੇ ਵਿਚ ਪੈ ਜਾਂਦਾ ਹੈ। ਅਨਾਜ ਦੀ ਹਰ ਤੀਜੀ ਵੰਨਗੀ ਅਤੇ ਫਲਾਂ ਦੀਆਂ ਤਕਰੀਬਨ ਸਾਰੀਆਂ ਵੰਨਗੀਆਂ ਨੂੰ ਪਰਾਗਦਾਨੀ ਅਤੇ ਮਲੜ੍ਹ ਜੀਵਾਂ, ਗੰਡੋਏ ਆਦਿ ਦੀ ਮਦਦ ਦੀ ਲੋੜ ਪੈਂਦੀ ਹੈ। ਇਹਨਾਂ ਦੀ ਅਣਹੋਂਦ ਨਾਲ ਮਿਆਰੀ ਫਲ, ਸਬਜ਼ੀਆਂ ਤੇ ਅਨਾਜ ਪੈਦਾ ਕਰਨਾ ਅਸੰਭਵ ਹੈ ਪਰ ਪੰਜਾਬ ਬਨਾਵਟੀ ਤਕਨੀਕਾਂ ਮਗਰ ਨੱਠਾ ਫਿਰਦਾ ਹੈ। ਪਛਤਾਓਗੇ!

ਮਸ਼ਹੂਰ ਖੇਤੀ ਵਿਗਿਆਨੀ ਐੱਮਐੱਸ ਸਵਾਮੀਨਾਥਨ ਨੇ ਪੰਜਾਬ ਨੂੰ ਖਬਰਦਾਰ ਕੀਤਾ ਸੀ, “ਜੇ ਅਸੀਂ ਮਿੱਟੀ ਦੀ ਰਸਾਇਣ ਆਧਾਰਿਤ ਵਰਤੋਂ ਲਗਾਤਾਰ ਕਰਦੇ ਰਹੇ ਤਾਂ ਸਾਨੂੰ ਤਿੰਨ ਸਿੱਟੇ ਭੁਗਤਣੇ ਪੈਣਗੇ: ਪਹਿਲਾ, ਖੁਰਾਕ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਹੋ ਜਾਵੇਗੀ; ਦੂਜਾ, ਰਸਾਇਣਾਂ ਦੀ ਵਰਤੋਂ ਸਾਡੇ ਹੱਕ ਵਿਚ ਨਹੀਂ ਰਹੇਗੀ; ਤੀਜਾ, ਅਸੀਂ ਮਿੱਟੀ ਦੀ ਉਪਜਾਊ ਸ਼ਕਤੀ ਗੁਆ ਬੈਠਾਂਗੇ।” ਤੇ ਚੌਥਾ, ਅਸੀਂ ਵਾਤਾਵਰਨ ਅਤੇ ਮੌਸਮ ਵੀ ਵਿਗਾੜ ਬੈਠਾਂਗੇ, ਸਿੱਟੇ ਵਜੋਂ ਖੁਦ ਮਧੋਲੇ ਜਾਵਾਂਗੇ। ਪੰਜਾਬ ਦਾ ਖੇਤੀ ਸੰਕਟ ਸਿਰਫ ਸਰੋਤਾਂ ਦੀ ਸੁਚੱਜੀ ਵਰਤੋਂ ਦੀ ਘਾਟ ਦਾ ਹੀ ਸਿੱਟਾ ਨਹੀਂ ਸਗੋਂ ਕੁਦਰਤੀ ਸਹਿ-ਹੋਂਦ ਤੋਂ ਨਾਬਰ ਹੋਣ, ਵਿਗਿਆਨ ਦੀ ਅੰਨ੍ਹੇਵਾਹ, ਕਾਹਲ ਭਰੀ ਅਤੇ ਹੱਦੋਂ ਵੱਧ ਵਰਤੋਂ ਦਾ ਸਿੱਟਾ ਹੈ। ਅਸੀਂ ਅਗਲੀ, ਬੰਪਰ ਫਸਲ ਬੀਜਣ ਅਤੇ ਤੀਲੀ ਲਾਉਣ ਲਈ ਬੜੇ ਕਾਹਲੇ ਹਾਂ। ਖੁਰਾਕ ਤੇ ਆਰਥਿਕ ਯੋਜਨਾਵਾਂ ਬਾਰੇ ਇਹ ਸੋਚ ਕਿ “ਉਤਪਾਦਨ ਕਿਸੇ ਵੀ ਕੀਮਤ ‘ਤੇ ਮਹਿੰਗਾ ਨਹੀਂ” ਨੇ ਹੀ ਕੁਦਰਤੀ ਸਰੋਤਾਂ ਦੀ ਤਬਾਹੀ ਕੀਤੀ ਹੈ। ਇਹਨਾਂ ‘ਚ ਮਿੱਟੀ, ਪਾਣੀ ਅਤੇ ਹਵਾ ਅਹਿਮ ਹਨ। ਅਸੀਂ ਇਹਨਾਂ ਨੂੰ ਜ਼ਹਿਰਾਂ ਵਾਲੇ ਬਣਾਉਣ, ਮੁਕਾਉਣ ਅਤੇ ਗੰਧਲਾਉਣ ਲੱਗੇ ਹੋਏ ਹਾਂ।

ਉਂਝ, ਸਾਰਾ ਉਲਾਂਭਾ ‘ਆਧੁਨਿਕ’ ਖੇਤੀ ਨੂੰ ਨਹੀਂ ਦਿੱਤਾ ਜਾ ਸਕਦਾ। ਇੱਕ ਸੌਫਟ ਡਰਿੰਕ ਬਣਾਉਣ ਲਈ 15 ਲਿਟਰ ਪਾਣੀ ਦੀ ਖਪਤ, ਲਿਟਰ ਕੁ ਬੀਅਰ/ਵਾਇਨ ਹਿੱਤ 25 ਲਿਟਰ ਅਤੇ ਇੱਕ ਯੂਨਿਟ ਮੋਟਰ/ਕਾਰ ਲਈ 4 ਲੱਖ ਲਿਟਰ ਪਾਣੀ ਹੂੰਝ-ਵਰਤ ਜਾਂ ਗੰਧਲਾ ਦਿੱਤਾ ਜਾਂਦਾ ਹੈ। ਹੋਰ ਤਾਂ ਹੋਰ ਚਾਰ-ਪੰਜ ਸੌ ਕਮਰਿਆਂ ਵਾਲਾ ‘ਸਟਾਰ ਹੋਟਲ’ ਰੋਜ਼ਾਨਾ 6 ਲੱਖ ਲਿਟਰ ਪਾਣੀ ਨਾਲੀਆਂ ਵਿਚ ਰੋੜ੍ਹ ਦਿੰਦਾ ਹੈ। ਸਾਧਾਰਨ ਜਿਹੀ ਡਿਸਟਿਲਰੀ ਜਿਹੜੀ ਪ੍ਰਤੀ ਦਿਨ 40 ਹਜ਼ਾਰ ਲਿਟਰ ਸ਼ਰਾਬ ਬਣਾਉਂਦੀ ਹੈ, ਰੋਜ਼ਾਨਾ 5 ਲੱਖ ਲਿਟਰ ਵਿਹੁਲੀ ਰਹਿੰਦ-ਖੂੰਹਦ ਪੈਦਾ ਕਰ ਕੇ ਜਲ-ਵਹਿਣਾਂ ਜਾਂ ਧਰਤੀ ਵਿਚ ਪਾ ਦਿੰਦੀ ਹੈ। ਇਹੀ ਹਾਲ ਉਨੀ/ਸੂਤੀ ਕੱਪੜਾ, ਡਾਇੰਗ, ਨਿਕਲ ਅਤੇ ਰੰਗਾਈ ਕਾਰਖਾਨਿਆਂ ਦਾ ਹੈ। ਵਾਤਾਵਰਨਕ ਸੁਰੱਖਿਆ ਨਿਯਮ ਇਸ ਨਿਕਾਸ ਨੂੰ ਜਲ-ਵਹਿਣ ਵਿਚ ਰੋੜ੍ਹਨ ਲਈ 30 ਤੋਂ 100 ਮਿਲੀਗ੍ਰਾਮ ਪ੍ਰਤੀ ਲਿਟਰ ਦੀ ਆਗਿਆ ਦਿੰਦੇ ਹਨ ਪਰ ਸਾਡੇ ਕਰਖਾਨੇ 50 ਹਜ਼ਾਰ ਮਿਲੀਗ੍ਰਾਮ ਪ੍ਰਤੀ ਲਿਟਰ, ਭਾਵ ਭਿਆਨਕ ਦਰ ਨਾਲ ਡੋਲ੍ਹ ਰਹੇ ਹਨ। ਸਿੱਟੇ ਵਜੋਂ ਪੰਜ ਆਬਾਂ ਦੀ ਧਰਤੀ ਸ਼ੁੱਧ ਘੁੱਟ ਨੂੰ ਤਰਸਣ ਲੱਗ ਪਈ ਹੈ।

ਇਹੀ ਕਾਰਨ ਹੈ ਕਿ ਸਾਡੇ ਜਲ ਸੋਮਿਆ ‘ਤੇ ਕਬਜ਼ਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਬੋਤਲ ਬੰਦ ਪਾਣੀ ਦੇ ਨਾਂ ਉੱਤੇ ਸਾਡਾ ਬਹੁ-ਪਰਤੀ ਸ਼ੋਸ਼ਣ ਸ਼ੁਰੂ ਹੋ ਗਿਆ ਹੈ। ਇਕੱਲੀ ਕੋਕਾ ਕੋਲਾ ਕੰਪਨੀ ਸਾਲਾਨਾ 355 ਕਰੋੜ ਲਿਟਰ ਪਾਣੀ ਖਪਤ ਕਰਦੀ ਹੈ ਜਿਸ ਨਾਲ 24 ਹਜ਼ਾਰ ਏਕੜ ਜ਼ਮੀਨ ਦੀ ਸਿੰਜਾਈ ਕੀਤੀ ਜਾ ਸਕਦੀ ਹੈ। ਇਹ ਸਾਡਾ ਸਾਲਾਨਾ 8 ਹਜ਼ਾਰ ਕਰੋੜ ਰੁਪਇਆ ਹੀ ਨਹੀਂ ਲੁੱਟਦੀ ਸਗੋਂ ਕਈ ਹੋਰ ਅਲਾਮਤਾਂ ਵੀ ਖੜ੍ਹੀਆਂ ਕਰ ਰਹੀ ਹੈ। ਪੰਜਾਬ ਦੇ ਪ੍ਰਦੂਸ਼ਣ ਭਾਵੇਂ ਉਹ ਜਲ ਪ੍ਰਦੂਸ਼ਣ ਹੈ, ਥਲ ਪ੍ਰਦੂਸ਼ਣ ਹੈ ਜਾਂ ਹਵਾ ਤੇ ਸ਼ੋਰ ਪ੍ਰਦੂਸ਼ਣ, ਦਾ ਵੱਡਾ ਹਿੱਸਾ ਉਦਯੋਗਾਂ ਆਦਿ ਦੁਆਰਾ ਫੈਲਾਇਆ ਜਾਂਦਾ ਹੈ। ਸ਼ੋਰ ਪ੍ਰਦੂਸ਼ਣ ਦੇ ਮੁੱਖ ਕਾਰਨ ਭਾਵੇਂ ਸਪੀਕਰ ਅਤੇ ਵਾਹਨ ਹਨ ਪਰ ਇਸ ਨੂੰ ਜ਼ਜਬ ਕਰਨ ਵਾਲੇ ਜੰਗਲ-ਬੇਲੇ ਵੀ ਅਸੀਂ ਵੱਢ-ਟੁੱਕ ਦਿੱਤੇ ਹਨ। ਪੰਜਾਬ ਸ਼ੁਧ ਹਵਾ ਦੇ ਭੰਡਾਰ ਅਤੇ ਖੁਸ਼ਗਵਾਰ ਮੌਸਮਾਂ ਦੇ ਪੂਰਕ ਜੰਗਲਾਂ ਜਿਹੜੇ ਜ਼ਹਿਰਾਂ ਸਮੇਟਣ ਵਾਲੇ ਨੀਲ ਕੰਠ ਸਨ, ਵਲੋਂ ਵੀ ਹੱਥ ਧੋ ਬੈਠਾ ਹੈ। ਕੁਦਰਤੀ ਸਾਵੇਂਪਨ ਲਈ ਕੁੱਲ ਰਕਬੇ ‘ਤੇ 33% ਰੁੱਖ ਹੋਣੇ ਚਾਹੀਦੇ ਹਨ। ਇਸ ਪੱਖੋਂ ਪੰਜਾਬ ਦੀ ਦਸ਼ਾ ਬੜੀ ਤਰਸਯੋਗ ਹੈ, ਮਹਿਜ਼ 6% ਦਰੱਖਤ। ਬਿਰਖਾਂ ਦੀ ਅਣਹੋਂਦ ਕਾਰਨ ਹਵਾ ਵਿਚ ਜ਼ਹਿਰਾਂ ਖਾਸ ਕਰ ਕੇ ਕਾਰਬਨ-ਡਾਇਆਕਸਾਈਡ ਵਧ ਰਹੀ ਹੈ ਜਿਸ ਨੂੰ ਸਿਰਫ ਪ੍ਰਕਾਸ਼ ਸੰਸਲੇਸ਼ਣ ਰਾਹੀਂ ਰੁੱਖ ਹੀ ਆਕਸੀਜਨ ‘ਚ ਤਬਦੀਲ ਕਰਨ ਦੇ ਸਮਰੱਥ ਹਨ। ਪੰਜਾਬ ਵਿਚ ਘਟਦੀ ਬਰਸਾਤ ਪਰ ਅਲਜਰੀ ਤੇ ਸਾਹ ਰੋਗਾਂ ਦੀ ਵਧਦੀ ਮਿਕਦਾਰ ਦਾ ਵੱਡਾ ਕਾਰਨ ਦਰੱਖਤਾਂ ਦੀ ਕਮੀ ਹੈ।

ਸਿਰਫ ਦਰੱਖਤਾਂ ਦੀ ਕਮੀ ਹੀ ਨਹੀਂ, ਵਧ ਰਿਹਾ ਕੰਕਰੀਟ, ਪਲਾਸਟਿਕ, ਬੇਤਹਾਸ਼ਾ ਵਾਹਨ ਤੇ ਹੁਣ ਮੋਬਾਈਲ ਫੋਨ, ਕੂੜਾ-ਕਰਕਟ, ਪੈਟਰੋਲੀਅਮ ਪਦਾਰਥਾਂ ਤੇ ਏਅਰਕੰਡੀਸ਼ਨਰ-ਰੈਫਰੀਜਰੇਸ਼ਨ ਦੀ ਗ਼ੈਰ-ਜ਼ਰੂਰੀ ਵਰਤੋਂ, ਫੈਸ਼ਨ-ਇਸ਼ਤਿਹਾਰ-ਮੰਡੀਵਾਦ ਅਤੇ ‘ਭੌਤਿਕ ਸਹੂਲਤਾਂ’ ਲਈ ਦੌੜ; ਖਪਤਵਾਦ ਵੀ ਪੰਜਾਬ ਦੀ ਫਿਜ਼ਾ ਵਿਗਾੜਨ ਵਿਚ ਕੁੱਢਰ ਹਿੱਸਾ ਪਾ ਰਿਹਾ ਹੈ। ਵਾਤਾਵਰਨ ਦੀ ਸਮੱਸਿਆ ਅੱਜ ਪੂਰੇ ਸੰਸਾਰ ਦੀ ਚਿੰਤਾ ਹੈ। ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ 1976 ਵਿਚ 42ਵੀਂ ਸੰਵਿਧਾਨਕ ਸੋਧ ਦੇ ਭਾਗ-4 ਦੀ ਧਾਰਾ 48 ਏ ਤਹਿਤ ਵਾਤਾਵਰਨ, ਜੰਗਲਾਂ, ਜੰਗਲੀ ਜੀਵਾਂ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਸੁਰੱਖਿਆ ਸੰਵਿਧਾਨਕ ਜਿ਼ੰਮੇਵਾਰੀ ਬਣਾਈ ਸੀ। ਫਿਰ ਪ੍ਰਦੂਸ਼ਣ ਰੋਕਥਾਮ ਐਕਟ-1974, ਹਵਾ ਪ੍ਰਦੂਸ਼ਣ ਰੋਕਥਾਮ ਐਕਟ-1981 ਅਤੇ ਸ਼ੋਰ ਪ੍ਰਦੂਸ਼ਣ ਐਕਟ-1986 ਹੋਂਦ ਵਿਚ ਆਇਆ। ਮਗਰੋਂ ਕਈ ਸੋਧਾਂ ਅਤੇ ਹੋਰ ਨਿਯਮਾਂ/ਕਾਨੂੰਨਾਂ ਤਹਿਤ ਵਾਤਾਵਰਨਕ ਫਰਜ਼ਾਂ ਅਤੇ ਅਮਲ ਯਕੀਨੀ ਬਣਾਉਣ ਹਿੱਤ ਸਬੰਧਿਤ ਕਾਨੂੰਨਾਂ ਨੂੰ ਹੋਰ ਪੱਕੇ ਪੈਰੀਂ ਕੀਤਾ ਪਰ ਸਿਆਸੀ ਇੱਛਾ ਸ਼ਕਤੀ ਦੀ ਘਾਟ, ਬਦਨੀਤੀ ਅਤੇ ਰਿਸ਼ਵਤਾਂ ਦੇ ਝੱਸ, ‘ਸਿਆਸੀ ਫੰਡਾਂ’ ਤੇ ਵੋਟਾਂ ਦੀ ਹਿਰਸ ਕਾਰਨ ਸਭ ਵਿਅਰਥ ਗਿਆ।

ਕੀ ਇਸ ਸਭ ਕਾਸੇ ਲਈ ਸਿਰਫ ਸਰਕਾਰਾਂ ਹੀ ਜ਼ਿੰਮੇਵਾਰ ਹਨ? ਨਹੀਂ, ਕਸੂਰ ਸਾਡਾ ਵੀ ਹੈ। ਹੋਰ ਤਾਂ ਹੋਰ ਅਸੀਂ ਵਾਤਾਵਰਨ ਸਬੰਧੀ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹੁਕਮਾਂ ਨੂੰ ਵੀ ਟਿੱਚ ਜਾਣਿਆ ਹੈ। ਚੌਗਿਰਦਾ ਵਿਗਾੜਾਂ ਨੂੰ ਜ਼ਰਬਾਂ ਦੇਣ ਵਿਚ ‘ਸਿਆਸੀ ਬੁਰਜ’, ‘ਨਿੱਜ ਤੇ ਹਾਕਮ-ਪ੍ਰਸਤ ਅਧਿਆਤਮਵਾਦੀ’ ਅਤੇ ‘ਧੜਵੈਲ ਧਨ-ਕੁਬੇਰ’ ਮੋਹਰੀ ਹਨ ਪਰ ਪੈਰੀਂ ਕੁਹਾੜਾ ਮਾਰਨ ਵਿਚ ਪਿੱਛੇ ਅਸੀਂ-ਤੁਸੀਂ ਵੀ ਨਹੀਂ।

ਸੰਪਰਕ: 94634-39075

Advertisement
Author Image

Courtney Milan writes books about carriages, corsets, and smartwatches. Her books have received starred reviews in Publishers Weekly, Library Journal, and Booklist. She is a New York Times and a USA Today Bestseller.

Advertisement
Advertisement
×