ਬਠਿੰਡਾ ’ਚ ਪੰਜਾਬ ਦੀ ਪਹਿਲੀ ਆਇਡੀਆ ਲੈਬ ਸਥਾਪਿਤ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 7 ਜੂਨ
ਇੱਥੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿੱਚ 1.11 ਕਰੋੜ ਰੁਪਏ ਦੀ ਲਾਗਤ ਵਾਲੀ ਆਇਡੀਆ ਲੈਬ ਦੀ ਅੱਜ ਉਦਘਾਟਨੀ ਰਸਮ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਨੇ ਅਦਾ ਕੀਤੀ। ਸਮਾਗਮ ਦੇ ਪ੍ਰਬੰਧਕਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਪੰਜਾਬ ਅੰਦਰ ਇਹ ਨਿਵੇਕਲੀ ਕਿਸਮ ਦੀ ਪਲੇਠੀ ਲੈਬ ਹੈ। ਇਸ ਮੌਕੇ ਆਨਲਾਈਨ ਜੁੜਦੇ ਹੋਏ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਬੀਸੀਐੱਲ-ਏਆਈਸੀਟੀਈਆਈਡੀਈਏ ਲੈਬ ਦੀ ਸਥਾਪਨਾ ਵਿਦਿਆਰਥੀਆਂ ਨੂੰ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਗਣਿਤ ਦੇ ਮੁੱਢਲੇ ਸਿਧਾਂਤਾਂ ਨੂੰ ਸਮਝਣ ਅਤੇ ਇਸ ਦੀ ਵਰਤੋਂ ਕਰ ਕੇ ਵਿਹਾਰਕ ਅਨੁਭਵ ਹਾਸਲ ਕਰਨ ਦੇ ਮੰਤਵ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਲੈਬ ਪੰਜਾਬ ਅਤੇ ਉੱਤਰੀ ਭਾਰਤ ਦੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋਵੇਗੀ। ਡਿਪਟੀ ਸਪੀਕਰ ਜੈ ਕ੍ਰਿਸ਼ਨ ਰੌੜੀ ਨੇ ਕਿਹਾ ਕਿ ਇਹ ਲੈਬ ਨੌਜਵਾਨਾਂ ਵੱਲੋਂ ਲਏ ਗਏ ਸੁਫ਼ਨਿਆਂ ਨੂੰ ਸਾਕਾਰ ਕਰਨ ਲਈ ਸਹਾਈ ਸਿੱਧ ਹੋਵੇਗੀ। ਬਠਿੰਡਾ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਬੀਸੀਐੱਲ ਲਿਮਟਿਡ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਅਨੁਰਾਗ ਠਾਕੁਰ ਨੇ ਸਪੋਰਟਸ ਹਾਲ ਦਾ ਨੀਂਹ ਪੱਥਰ ਰੱਖਿਆ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸਮਾਗਮ ਦੌਰਾਨ ‘ਖੇਲੋ ਇੰਡੀਆ’ ਸਕੀਮ ਤਹਿਤ 4.5 ਕਰੋੜ ਦੀ ਲਾਗਤ ਨਾਲ ‘ਵਰਸਿਟੀ ‘ਚ ਤਿਆਰ ਹੋਣ ਵਾਲੇ ਮਲਟੀਪਰਪਜ਼ ਇੰਡੋਰ ਸਪੋਰਟਸ ਹਾਲ ਦਾ ਆਨਲਾਈਨ ਨੀਂਹ ਪੱਥਰ ਰੱਖਣ ਦੀ ਰਸਮ ਨਿਭਾਈ। ਉਨ੍ਹਾਂ ਇਸ ਮੌਕੇ ਕਿਹਾ ਕਿ ਸਪੋਰਟਸ ਹਾਲ ਬਣਨ ਨਾਲ ਮਾਲਵੇ ਵਿੱਚ ਨੌਜਵਾਨਾਂ ਨੂੰ ਖੇਡਾਂ ਵਿੱਚ ਅੱਗੇ ਵਧਣ ਦੇ ਹੋਰ ਮੌਕੇ ਮਿਲਣਗੇ।