For the best experience, open
https://m.punjabitribuneonline.com
on your mobile browser.
Advertisement

ਪੰਜਾਬ ਛੇਤੀ ਹੀ ਸਿਹਤ, ਸਿੱਖਿਆ, ਬਿਜਲੀ ਤੇ ਰੁਜ਼ਗਾਰ ’ਚ ਮੋਹਰੀ ਹੋਵੇਗਾ: ਮਾਨ

09:44 PM Jun 23, 2023 IST
ਪੰਜਾਬ ਛੇਤੀ ਹੀ ਸਿਹਤ  ਸਿੱਖਿਆ  ਬਿਜਲੀ ਤੇ ਰੁਜ਼ਗਾਰ ’ਚ ਮੋਹਰੀ ਹੋਵੇਗਾ  ਮਾਨ
Advertisement

ਸ਼ਸ਼ੀ ਪਾਲ ਜੈਨ

Advertisement

ਖਰੜ, 7 ਜੂਨ

Advertisement

ਮੁੱਖ ਅੰਸ਼

  • ਸੰਘਰਸ਼ ਕਮੇਟੀ ਦੇ ਆਗੂਆਂ ਨੇ ਮੁੱਖ ਮੰਤਰੀ ਦੇ ਕਾਫਲੇ ਅੱਗੇ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਗਟਾਇਆ

ਮੁਹਾਲੀ ਜ਼ਿਲ੍ਹੇ ਵਿੱਚ ਸਿਹਤ ਸਹੂਲਤਾਂ ਵਿੱਚ ਇਜ਼ਾਫਾ ਕਰਦਿਆਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਖਰੜ ਵਿੱਚ ਜ਼ਚਾ-ਬੱਚਾ ਦੇਖਭਾਲ ਕੇਂਦਰ ਦਾ ਉਦਘਾਟਨ ਕੀਤਾ ਗਿਆ।

ਇਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਮੁੱਖ ਟੀਚਾ ਪੰਜਾਬ ਵਿੱਚ ਸਿਹਤ ਸਹੂਲਤਾਂ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ‘ਆਪ’ ਸਰਕਾਰ ਦੇ ਕਾਰਜਕਾਲ ਦੌਰਾਨ ਇਹ 35ਵਾਂ ਜ਼ਚਾ-ਬੱਚਾ ਕੇਂਦਰ ਖੋਲ੍ਹਿਆ ਗਿਆ ਹੈ। 50 ਬਿਸਤਰਿਆਂ ਵਾਲਾ ਇਹ ਕੇਂਦਰ 8.59 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਹ ਹਸਪਤਾਲ ਆਧੁਨਿਕ ਤਕਨੀਕਾਂ ਨਾਲ ਲੈਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 75 ਤੋਂ 100 ਹੋਰ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ।

ਇਸ ਮੌਕੇ ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਵਿਰੋਧੀਆਂ ਕੋਲ ਹੁਣ ਕਹਿਣ-ਕੁਹਾਉਣ ਨੂੰ ਕੁਝ ਨਹੀਂ ਹੈ ਤਾਂ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਵਿੱਚ ਵੀ ਖਾਮੀਆਂ ਕੱਢ ਰਹੇ ਹਨ ਪਰ ਲੋਕਾਂ ਨੇ ਇਸ ਦਾ ਜਵਾਬ ਜਲੰਧਰ ਜ਼ਿਮਨੀ ਚੋਣ ਵਿੱਚ ਦੇ ਦਿੱਤਾ ਹੈ। ਹੁਣ ਸਾਰੀਆਂ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ ਅਤੇ ਇਹੋ ਜਿਹੇ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਜਿਨ੍ਹਾਂ ਦਾ ਕੋਈ ਆਧਾਰ ਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਵਿਰੋਧੀਆਂ ਨੂੰ ਚਾਹੀਦਾ ਹੈ ਕਿ ਉਹ ਮੁੱਦਿਆਂ ਦੀ ਗੱਲ ਕਰਨ ਤਾਂ ਜੋ ਸੂਬੇ ਨੂੰ ਫਿਰ ਤੋਂ ਲੀਹ ‘ਤੇ ਲਿਆ ਕੇ ਰੰਗਲਾ ਪੰਜਾਬ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਨੇ ਪੰਜਾਬ ਦਾ ਖ਼ਜ਼ਾਨਾ ਲੁੱਟਿਆ ਹੈ, ਉਨ੍ਹਾਂ ਕੋਲੋਂ ਹਿਸਾਬ ਲਿਆ ਜਾਵੇਗਾ। ਵਿਰੋਧੀਆਂ ਦੇ ਭ੍ਰਿਸ਼ਟਾਚਾਰ ਵਾਲੇ ਚੁੱਲ੍ਹੇ ਬੁਝ ਚੁੱਕੇ ਹਨ। ਉਨ੍ਹਾਂ ਕਿਹਾ, ”ਜੇਕਰ ਮੈਂ ਗ਼ਲਤ ਹੋਵਾਂਗਾ ਤਾਂ ਲੋਕ ਮੈਨੂੰ 2024 ਜਾਂ 2027 ਵਿੱਚ ਸਜ਼ਾ ਦੇ ਦੇਣਗੇ।” ਇਸ ਮੌਕੇ ਖਰੜ ਦੀ ਵਿਧਾਇਕ ਅਤੇ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਕਿ ਜਲਦੀ ਹੀ ਕੁਰਾਲੀ ਦੇ ਹਸਪਤਾਲ ਦਾ ਉਦਘਾਟਨ ਕੀਤਾ ਜਾਵੇਗਾ, ਜਿਸ ਦੀ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ।

ਉੱਧਰ, ਸੰਯੁਕਤ ਸੰਘਰਸ਼ ਕਮੇਟੀ ਦੇ ਆਗੂਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫਲੇ ਅੱਗੇ ਆ ਕੇ ਨਾਅਰੇਬਾਜ਼ੀ ਕੀਤੀ ਗਈ। ਸੰਘਰਸ਼ ਕਮੇਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਤੇ ਪ੍ਰਗਟ ਸਿੰਘ ਰੋਪੜ ਨੇ ਕਿਹਾ ਕਿ ਉਨ੍ਹਾਂ ਦੇ ਇਸ ਸੰਘਰਸ਼ ਮੋਰਚੇ ਵਿੱਚ ਪੰਜਾਬ ਦੇ ਅੱਠ ਤੋਂ ਲੈ ਕੇ 10 ਮਹਿਕਮਿਆਂ ਦੇ ਕਰਮਚਾਰੀ ਸ਼ਾਮਲ ਹਨ ਜਿਹੜੇ ਕਿ ਪਿਛਲੇ 15-20 ਸਾਲਾਂ ਤੋਂ ਠੇਕੇਦਾਰੀ ਪ੍ਰਣਾਲੀ ਅਧੀਨ ਕੰਮ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨਾਲ 12-13 ਮੀਟਿੰਗਾਂ ਕਰ ਚੁੱਕੇ ਹਨ ਪਰ ਅੱਜ ਤੱਕ ਉਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰਨ ਸਬੰਧੀ ਮੰਗ ਪੂਰੀ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪੰਜਾਬ ਭਰ ਵਿੱਚ ਜਿੱਥੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਾਣਗੇ ਸੰਘਰਸ਼ ਕਮੇਟੀ ਵੱਲੋਂ ਉਨ੍ਹਾਂ ਦਾ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ ਜਾਵੇਗਾ।

ਦੁਕਾਨਾਂ ਬੰਦ ਕਰਵਾਉਣ ਖ਼ਿਲਾਫ਼ ਰੋਸ ਪ੍ਰਗਟਾਇਆ

ਮੁੱਖ ਮੰਤਰੀ ਦੀ ਹਸਪਤਾਲ ਫੇਰੀ ਦੌਰਾਨ ਪ੍ਰਸ਼ਾਸਨ ਵੱਲੋਂ ਹਸਪਤਾਲ ਰੋਡ ‘ਤੇ ਸਥਿਤ ਦੁਕਾਨਾਂ ਬੰਦ ਕਰਵਾਉਣ ਨੂੰ ਧੱਕਾ ਕਰਾਰ ਦਿੰਦਿਆਂ ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਇਸ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਹੁਣ ਆਮ ਦੁਕਾਨਦਾਰਾਂ ਤੋਂ ਮੁੱਖ ਮੰਤਰੀ ਸਾਹਿਬ ਨੂੰ ਕੀ ਖਤਰਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਤੋਂ ਪਹਿਲਾਂ ਭਗਵੰਤ ਮਾਨ ਸਕਿਓਰਟੀ ਨਾ ਲੈਣ ਦੀ ਗੱਲ ਕਰਦੇ ਸਨ ਪਰ ਹੁਣ ਮਾਨ ਸਾਹਿਬ ਦੇ ਆਉਣ ‘ਤੇ ਦੁਕਾਨਾਂ ਬੰਦ ਕਰਵਾ ਕੇ ਦੁਕਾਨਦਾਰਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਲਦੀ ਹੀ ਵਪਾਰ ਮੰਡਲ ਵੱਲੋਂ ਮੀਟਿੰਗ ਕੀਤੀ ਜਾਵੇਗੀ।

ਹਰੇਕ ਹਸਪਤਾਲ ‘ਚ ਬਣੇਗਾ ਫੈਸੀਲਿਟੇਸ਼ਨ ਸੈਂਟਰ: ਡਾ. ਬਲਬੀਰ ਸਿੰਘ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰੇਕ ਹਸਪਤਾਲ ਵਿੱਚ ਫੈਸੀਲਿਟੇਸ਼ਨ ਸੈਂਟਰ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਮਰੀਜ਼ ਪਹਿਲੀ ਵਾਰ ਹਸਪਤਾਲ ਆਉਂਦਾ ਹੈ ਤਾਂ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਸ ਨੇ ਕਿਸ ਡਾਕਟਰ ਕੋਲ ਜਾਣਾ ਹੈ ਅਤੇ ਕਿਹੜਾ ਟੈਸਟ ਕਿੱਥੋਂ ਹੋਣਾ ਹੈ। ਹਸਪਤਾਲਾਂ ‘ਚ ਮਰੀਜ਼ਾਂ ਦੀ ਮਦਦ ਕਰਨ ਲਈ ਨਰਸਿੰਗ ਸਟਾਫ ਹੋਵੇਗਾ ਜੋ ਕਿ ਉਨ੍ਹਾਂ ਨੂੰ ਸਾਰੀ ਜਾਣਕਾਰੀ ਦੇਵੇਗਾ। ਇੱਥੋਂ ਹੀ ਪਤਾ ਲੱਗੇਗਾ ਕਿ ਕਿਹੜਾ ਡਾਕਟਰ ਡਿਊਟੀ ‘ਤੇ ਹੈ ਅਤੇ ਕਿਹੜਾ ਛੁੱਟੀ ‘ਤੇੇ। ਡਾਕਟਰਾਂ ਵੱਲੋਂ ਹਸਪਤਾਲ ਵਿੱਚ ਉਪਲਬਧ ਦਵਾਈਆਂ ਹੀ ਦਿੱਤੀਆਂ ਜਾਣਗੀਆਂ ਤੇ ਕੋਈ ਵੀ ਦਵਾਈ ਬਾਹਰੋਂ ਨਹੀਂ ਲਿਖੀ ਜਾਵੇਗੀ। ਮਰੀਜ਼ ਸਹੂਲਤਾਂ ਬਾਰੇ ਆਪਣਾ ਫੀਡਬੈਕ ਵੀ ਦੇ ਕੇ ਜਾਵੇਗਾ।

Advertisement
Advertisement